ਸਿੱਖ ਭਾਈਚਾਰੇ ਵਲੋਂ ਵਿਰੋਧ
ਅੰਮ੍ਰਿਤਸਰ : ਸਿੱਖ ਕਕਾਰਾਂ ਵਿਚ ਸ਼ਾਮਲ 6 ਅਤੇ 9 ਇੰਚ ਦੀ ਸ੍ਰੀ ਸਾਹਿਬ ਉੱਤੇ ‘ਜੈ ਮਾਤਾ ਦੀ’ ਲਿਖ ਕੇ ਬਾਜ਼ਾਰ ਵਿਚ ਭੇਜਿਆ ਗਿਆ ਹੈ, ਜਿਸਦਾ ਸਿੱਖ ਭਾਈਚਾਰੇ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਪੜਤਾਲ ਜ਼ਰੂਰ ਕਰਵਾਏਗੀ ਅਤੇ ਉਨ੍ਹਾਂ ਅਜਿਹੀ ਕਾਰਵਾਈ ਨੂੰ ਸਿੱਖਾਂ ਖਿਲਾਫ ਇਕ ਸਾਜਿਸ਼ ਦੱਸਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਕ ਵਾਰ ਇਹ ਮਾਮਲਾ ਸਾਹਮਣੇ ਆਇਆ ਸੀ। ਖ਼ਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਲਿਖਤਾਂ ਵਾਲੀਆਂ ਕਿਰਪਾਨਾਂ ਦੀ ਵਿਕਰੀ ਬੰਦ ਹੋ ਗਈ ਸੀ ਤੇ ਦੁਕਾਨਦਾਰਾਂ ਵਲੋਂ ਕਿਰਪਾਨਾਂ ਵਾਪਸ ਭੇਜ ਦਿੱਤੀਆਂ ਗਈਆਂ ਸਨ। ਕਿਰਪਾਨਾਂ ਦੇ ਮਿਆਨਾਂ ਉਪਰ ‘ਜੈ ਮਾਤਾ ਦੀ’ ਲਿਖ ਕੇ ਗੁਰੂ ਨਗਰੀ ਅੰਮ੍ਰਿਤਸਰ ਵਿਚ ਕੜਿਆਂ ਤੇ ਕਿਰਪਾਨਾਂ ਵਾਲੀਆਂ ਦੁਕਾਨਾਂ ‘ਤੇ ਵੇਚਿਆ ਜਾ ਰਿਹਾ ਹੈ। ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਮਿਆਨਾਂ ਉਤੇ ‘ਜੈ ਮਾਤਾ ਦੀ’ ਲਿਖੀਆਂ ਹੋਈਆਂ ਕਿਰਪਾਨਾਂ ਦੀ ਵਿੱਕਰੀ ‘ਤੇ ਇਤਰਾਜ਼ ਕੀਤਾ ਹੈ। ਖਾਲਸਾ ਨੇ ਕਿਹਾ ਕਿ ਇਹ ਸਿੱਖ ਧਰਮ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ‘ਤੇ ਗੰਭੀਰ ਨੋਟਿਸ ਲੈਣ। ਖਾਲਸਾ ਨੇ ਦੱਸਿਆ ਕਿ ਇਨ੍ਹਾਂ ਸ੍ਰੀ ਸਾਹਿਬ ਦੀ ਵਿਕਰੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਦੀਆਂ ਦੁਕਾਨਾਂ ‘ਤੇ ਕੀਤੀ ਜਾ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਸਿੱਖਾਂ ਦੇ ਧਾਰਮਿਕ ਕੱਕਾਰਾਂ ਦਾ ਭਗਵਾਂਕਰਣ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਇਸ ਨੂੰ ਪੰਥ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਖਾਲਸਾ ਇਕ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ, ਜਿਸਦਾ ਕਿਸੇ ਵੀ ਦੇਵੀ ਦੇਵਤੇ ਨਾਲ ਕੋਈ ਵੀ ਸਬੰਧ ਨਹੀਂ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …