ਸੰਗਰੂਰ ਤੋਂ ਬਾਅਦ ਨਕੋਦਰ ’ਚ 12 ਸਕੂਲੀ ਬੱਚੇ ਆਰ.ਓ. ਦਾ ਪਾਣੀ ਪੀਣ ਤੋਂ ਬਾਅਦ ਹੋਏ ਬਿਮਾਰ December 5, 2023 ਸੰਗਰੂਰ ਤੋਂ ਬਾਅਦ ਨਕੋਦਰ ’ਚ 12 ਸਕੂਲੀ ਬੱਚੇ ਆਰ.ਓ. ਦਾ ਪਾਣੀ ਪੀਣ ਤੋਂ ਬਾਅਦ ਹੋਏ ਬਿਮਾਰ ਪੰਜਾਬ ਦਾ ਸਿੱਖਿਆ ਵਿਭਾਗ ਹੋਇਆ ਸਖਤ ਜਲੰਧਰ/ਬਿਊਰੋ ਨਿਊਜ਼ ਜਲੰਧਰ ਜ਼ਿਲ੍ਹੇ ਦੇ ਕਸਬਾ ਨਕੋਦਰ ਵਿਚ ਸੇਂਟ ਜੂਡਜ਼ ਕਾਨਵੈਂਟ ਸਕੂਲ ਵਿਚ ਆਰ.ਓ. ਦਾ ਪਾਣੀ ਪੀਣ ਤੋਂ ਬਾਅਦ 12 ਬੱਚੇ ਬਿਮਾਰ ਹੋ ਗਏ ਹਨ। ਇਨ੍ਹਾਂ ਬੱਚਿਆਂ ਦੇ ਬਿਮਾਰ ਹੋਣ ਤੋਂ ਬਾਅਦ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ। ਇਨ੍ਹਾਂ ਸਾਰੇ ਬਿਮਾਰ ਬੱਚਿਆਂ ਨੂੰ ਨਕੋਦਰ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਨੇ ਜ਼ਹਿਰੀਲਾ ਖਾਣਾ ਜਾਂ ਗੰਦਾ ਪਾਣੀ ਪੀ ਲਿਆ ਹੈ, ਜਿਸ ਕਰਕੇ ਇਨ੍ਹਾਂ ਬੱਚਿਆਂ ਨੂੰ ਫੂਡ ਪੁਆਇਜਨਿੰਗ ਹੋਈ ਹੈ। ਜਿਹੜੇ ਬੱਚੇ ਆਰ.ਓ. ਦਾ ਪਾਣੀ ਪੀਣ ਤੋਂ ਬਾਅਦ ਬਿਮਾਰ ਹੋਏ ਹਨ, ਉਹ ਸਾਰੇ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਹਨ। ਸਕੂਲ ਦੇ ਡਾਇਰੈਕਟਰ ਫਾਦਰ ਡੇਵਿਸ ਨੇ ਕਿਹਾ ਕਿ 12 ਬੱਚਿਆਂ ਦਾ ਸਕੂਲ ਵਿਚ ਬਿਮਾਰ ਹੋ ਜਾਣਾ, ਬੇਹੱਦ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਕੂਲ ਆਪਣੇ ਤੌਰ ’ਤੇ ਜਾਂਚ ਕਮੇਟੀ ਬਣਾ ਰਿਹਾ ਹੈ ਅਤੇ ਜਿਹੜਾ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਬਣਦੀ ਕਾਰਵਾਈ ਜ਼ਰੂਰ ਹੋਵੇਗੀ। ਇਸ ਤੋਂ ਪਹਿਲਾਂ ਸੰਗਰੂਰ ਦੇ ਮੈਰੀਟੋਰੀਅਸ ਸਕੂਲ ’ਚ ਵੀ ਫੂਡ ਪੁਆਇਜ਼ਨਿੰਗ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਖਤੀ ਕਰਦਿਆਂ ਨਿਰਦੇਸ਼ ਜਾਰੀ ਕੀਤੇ ਹਨ ਕਿ ਸਕੂਲਾਂ ’ਚ ਵਿਦਿਆਰਥੀਆਂ ਨੂੰ ਖਾਣਾ ਪਰੋਸਣ ਤੋਂ ਪਹਿਲਾਂ ਮਿਡ-ਡੇ ਮੀਲ ਸਕੀਮ ਇੰਚਾਰਜ ਤੇ ਸਕੂਲ ਮੁਖੀ ਖ਼ੁਦ ਖਾਣਾ ਖਾ ਕੇ ਚੈੱਕ ਕਰਨਗੇ। ਇਸਦੇ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਜੇਕਰ ਇਸਦੇ ਬਾਵਜੂਦ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਲਈ ਸਕੂਲ ਮੁਖੀ ਤੇ ਮਿਡ-ਡੇ ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। 2023-12-05 Parvasi Chandigarh Share Facebook Twitter Google + Stumbleupon LinkedIn Pinterest