1.7 C
Toronto
Wednesday, January 7, 2026
spot_img
Homeਪੰਜਾਬਸਿੱਖ ਰੈਫਰੈਂਸ ਲਾਇਬਰੇਰੀ ਦੇ ਮਾਮਲੇ ਦੀ ਜਾਂਚ ਦਾ ਥਲ ਸੈਨਾ ਮੁਖੀ ਵੱਲੋਂ...

ਸਿੱਖ ਰੈਫਰੈਂਸ ਲਾਇਬਰੇਰੀ ਦੇ ਮਾਮਲੇ ਦੀ ਜਾਂਚ ਦਾ ਥਲ ਸੈਨਾ ਮੁਖੀ ਵੱਲੋਂ ਭਰੋਸਾ

logo-2-1-300x105ਪਰਿਵਾਰ ਸਮੇਤ ਦਰਬਾਰ ਸਾਹਿਬ ਹੋਏ ਨਤਮਸਤਕ; ਸਮੱਗਰੀ ਦੀ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਪਿਛਲੇ ਤਿੰਨ ਦਹਾਕਿਆਂ ਤੋਂ ਯਤਨਸ਼ੀਲ
ਅੰਮ੍ਰਿਤਸਰ/ਬਿਊਰੋ ਨਿਊਜ਼
ਜੂਨ 1984 ਵਿੱਚ ਦਰਬਾਰ ਸਾਹਿਬ ਸਮੂਹ ‘ਤੇ ਹੋਏ ਫ਼ੌਜੀ ਹਮਲੇ ਦੌਰਾਨ ਗਾਇਬ ਹੋਈ ਸਿੱਖ ਰੈਫਰੈਂਸ ਲਾਇਬਰੇਰੀ ਦੀ ਸਮੱਗਰੀ ਦੀ ਵਾਪਸੀ ਲਈ ਲੰਬੇ ਸਮੇਂ ਤੋ ਜੱਦੋ ਜਹਿਦ ਕਰ ਰਹੀ ਸ਼੍ਰੋਮਣੀ ਕਮੇਟੀ ਨੂੰ ਉਸ ਵੇਲੇ ਆਸ ਬੱਝੀ, ਜਦੋਂ ਭਾਰਤੀ ਫ਼ੌਜ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦੀ ਘੋਖ ਕਰਨਗੇ।
ਫ਼ੌਜ ਮੁਖੀ ਇੱਥੇ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਫ਼ੌਜ ਮੁਖੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਖ਼ੁਦ ਮਾਮਲੇ ਵਿੱਚ ਦਖ਼ਲ ਦੇ ਕੇ ਪਤਾ ਕਰਨ ਕਿ ਸਿੱਖ ਕੌਮ ਦਾ ਅਣਮੁੱਲਾ ਖ਼ਜ਼ਾਨਾ ਕਿੱਥੇ ਗਿਆ।
ਉਨ੍ਹਾਂ ਕਿਹਾ ਕਿ ਇਸ ਸਮੱਗਰੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਧਾਰਮਿਕ ਪੁਸਤਕਾਂ, ਹੱਥ ਲਿਖਤ ਖਰੜੇ, ਪੁਰਾਤਨ ਸਰੂਪ ਅਤੇ ਹੋਰ ਦਸਤਾਵੇਜ਼ ਸ਼ਾਮਲ ਸਨ ਤੇ ਫ਼ੌਜ ਇਨ੍ਹਾਂ ਨੂੰ ਆਪਣੇ ਨਾਲ ਲੈ ਗਈ ਸੀ। ਉਨ੍ਹਾਂ ਆਖਿਆ ਕਿ ਕੁਝ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲੇ ਹਨ ਪਰ ਸਾਰੀ ਸਮੱਗਰੀ ਵਾਪਸ ਨਹੀਂ ਮਿਲੀ। ਉਨ੍ਹਾਂ ਦਾਅਵਾ ਕੀਤਾ ਕਿ ਫ਼ੌਜ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਇਸ ਸਮੱਗਰੀ ਦਾ ਵੱਡਾ ਹਿੱਸਾ ਸੀਬੀਆਈ ਜਾਂ ਆਈਬੀ ਲੈ ਗਈ ਸੀ, ਇਸ ਦੇ ਬਾਵਜੂਦ ਉਹ ਮਾਮਲੇ ਦੀ ਘੋਖ ઠਕਰਨਗੇ।
ਮੁੱਖ ਸਕੱਤਰ ਨੇ ਆਖਿਆ ਕਿ ਉਹ ਇਸ ਮਾਮਲੇ ਨੂੰ ਅਗਾਂਹ ਤੋਰਨ ਲਈ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਗੇ। ਉਹ ਖ਼ੁਦ ਵੀ ਇਸ ਸਬੰਧੀ ਫ਼ੌਜੀ ਮੁਖੀ ਨੂੰ ਪੱਤਰ ਭੇਜਣਗੇ, ਜਿਸ ਰਾਹੀਂ ਮੁੜ ਅਪੀਲ ਕੀਤੀ ਜਾਵੇਗੀ ਕਿ ਸਾਰੀ ਸਮੱਗਰੀ ਸਿੱਖ ਕੌਮ ਨੂੰ ਵਾਪਸ ਕੀਤੀ ਜਾਵੇ।
ਦੱਸਣਯੋਗ ਹੈ ਕਿ ਇਸ ਸਮੱਗਰੀ ਦੀ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਪਿਛਲੇ ਤਿੰਨ ਦਹਾਕਿਆਂ ਤੋਂ ਯਤਨਸ਼ੀਲ ਹੈ। ਇਸ ਤੋਂ ਪਹਿਲਾਂ ਸਾਬਕਾ ਰੱਖਿਆ ਮੰਤਰੀਆਂ ਨੂੰ ਵੀ ਵਾਰ ਅਪੀਲ ਕੀਤੀ ਜਾ ਚੁੱਕੀ ਹੈ। ਸਾਬਕਾ ਰੱਖਿਆ ਮੰਤਰੀ ਜੌਰਜ ਫਰਨਾਂਡੇਜ਼ ਵੱਲੋਂ ਵੀ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਨੂੰ ਕੁਝ ਸਮੱਗਰੀ ਪ੍ਰਾਪਤ ਹੋਈ ਪਰ ਉਸ ਵਿੱਚ ਵਧੇਰੇ ਅਖ਼ਬਾਰ ਹੀ ਸਨ।
ਸ਼੍ਰੋਮਣੀ ਕਮੇਟੀ ਦੇ ਰਿਕਾਰਡ ਮੁਤਾਬਕ ਉਸ ਵੇਲੇ ਫ਼ੌਜ ਵੱਲੋਂ ਲਗਪਗ 23 ਹਜ਼ਾਰ ਧਾਰਮਿਕ ਪੁਸਤਕਾਂ ਸਮੇਤ ਇਹ ਅਮੁੱਲਾ ਖਜ਼ਾਨਾ ਚੁੱਕਿਆ ਗਿਆ ਸੀ। ਉਸ ਵੇਲੇ ਦੇ ਇੱਕ ਪੰਜਾਬ ਪੁਲਿਸ ਦੇ ਇੰਸਪੈਕਟਰ, ਜੋ ਆਈਬੀ ਵਿੱਚ ਡੈਪੂਟੇਸ਼ਨ ‘ਤੇ ਸਨ, ਨੇ ਖ਼ੁਲਾਸਾ ਕੀਤਾ ਸੀ ਕਿ ਫ਼ੌਜੀ ਕਾਰਵਾਈ ਦੌਰਾਨ ਸਿੱਖ ਰੈਫਰੈਂਸ ਲਾਇਬਰੇਰੀ ਸੜ ਗਈ ਸੀ, ਪਰ ਇਸ ਨੂੰ ਅੱਗ ਲੱਗਣ ਤੋਂ ਪਹਿਲਾਂ ਹੀ ਇਸ ਵਿਚਲੀ ਸਮੱਗਰੀ ਨੂੰ ਕੱਢ ਲਿਆ ਸੀ, ਜਿਸ ਨੂੰ ਫ਼ੌਜ ਆਪਣੇ ਨਾਲ ਲੈ ਗਈ ਸੀ।

RELATED ARTICLES
POPULAR POSTS