Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਸੰਸਦੀ ਚੋਣਾਂ : ਲਿਬਰਲ ਪਾਰਟੀ ਬਹੁਮਤ ਤੋਂ ਫਿਰ ਖੁੰਝੀ

ਕੈਨੇਡਾ ਸੰਸਦੀ ਚੋਣਾਂ : ਲਿਬਰਲ ਪਾਰਟੀ ਬਹੁਮਤ ਤੋਂ ਫਿਰ ਖੁੰਝੀ

ਟਰੂਡੋ ਤੀਜੀ ਵਾਰ ਬਣਨਗੇ ਪ੍ਰਧਾਨ ਮੰਤਰੀ
ਜਗਮੀਤ ਸਿੰਘ ਬਣੇ ‘ਕਿੰਗ ਮੇਕਰ’
ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ ਘਟੀ
ਟੋਰਾਂਟੋ/ ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਜਸਟਿਨ ਟਰੂਡੋ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ, ਪਰ ਟਰੂਡੋ ਦੀ ਲਿਬਰਲ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲ ਸਕਿਆ। ਵੋਟਰਾਂ ਵਲੋਂ ਕੀਤੀ ਗਈ 44ਵੀਂ ਸੰਸਦ ਦੀ ਚੋਣ ਲੰਘੀ 15 ਅਗਸਤ ਨੂੰ ਭੰਗ ਕੀਤੀ ਗਈ 43ਵੀਂ ਸੰਸਦ ਤੋਂ ਬਹੁਤੀ ਵੱਖਰੀ ਨਹੀਂ ਹੈ। 18 ਅਕਤੂਬਰ, 2019 ਦੇ ਚੋਣ ਨਤੀਜੇ ਵਾਂਗ, ਇਕ ਵਾਰੀ ਫਿਰ ਲਿਬਰਲ ਪਾਰਟੀ ਨੂੰ ਘੱਟ-ਗਿਣਤੀ ਸਰਕਾਰ ਦਾ ਫ਼ਤਵਾ ਮਿਲਿਆ ਹੈ, ਪਰ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ ਕੁਝ ਘਟ ਗਈ ਹੈ। ਕੁਲ ਮਿਲਾ ਕੇ ਭਾਰਤੀ ਮੂਲ ਦੇ ਡੇਢ ਦਰਜਨ ਦੇ ਕਰੀਬ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਹਨ। ਕੁਝ ਸੀਟਾਂ ਦੀਆਂ ਡਾਕ ਰਾਹੀਂ ਮਿਲੀਆਂ ਵੋਟਾਂ ਦੀ ਗਿਣਤੀ ਅਜੇ ਕੀਤੀ ਜਾ ਰਹੀ ਹੈ ਪਰ ਇਸ ਨਾਲ ਸੀਟਾਂ ਵਿਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਨਹੀਂ ਹੈ। ਲਿਬਰਲ ਪਾਰਟੀ ਨੂੰ 158 (2019 ਤੋਂ ਇਕ ਸੀਟ ਵੱਧ), ਕੰਸਰਵੇਟਿਵ ਪਾਰਟੀ ਨੂੰ 119 (2019 ਤੋਂ ਦੋ ਸੀਟਾਂ ਘੱਟ), ਬਲਾਕ ਕਿਊਬਕ ਨੂੰ 34 (ਪਿਛਲੀ ਵਾਰੀ ਤੋਂ ਦੋ ਵੱਧ), ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ 25 (2019 ਤੋਂ ਇਕ ਸੀਟ ਵੱਧ) ਅਤੇ ਗਰੀਨ ਪਾਰਟੀ ਨੂੰ ਦੋ ਸੀਟਾਂ (2019 ਤੋਂ ਇਕ ਸੀਟ ਘੱਟ) ਮਿਲੀਆਂ ਹਨ। ਪਰ ਡਾਕ ਰਾਹੀ ਮਿਲੀਆਂ ਵੋਟਾਂ ਦੀ ਗਿਣਤੀ ਜਾਰੀ ਹੋਣ ਕਰਕੇ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਨੇ ਅਜੇ ਸਾਰੇ ਨਤੀਜੇ ਤਸਦੀਕ ਨਹੀਂ ਕੀਤੇ। 2019 ਵਿਚ ਇਕ ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਸੀ ਪਰ ਇਸ ਵਾਰੀ ਆਜ਼ਾਦ ਉਮੀਦਵਾਰਾਂ ਨੂੰ ਕੋਈ ਸੀਟ ਨਹੀਂ ਮਿਲੀ। ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਚੱਲਦੀ ਰੱਖਣ ਲਈ ਐਨ.ਡੀ.ਪੀ ਇਕ ਵਾਰ ਫਿਰ ‘ਕਿੰਗ ਮੇਕਰ’ ਪਾਰਟੀ ਵਜੋਂ ਉੱਭਰੀ ਹੈ। ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਮਾਂਟਰੀਅਲ ਨੇੜੇ ਪਾਪੀਨੋ ਹਲਕੇ ਤੋਂ (9 ਉਮੀਦਵਾਰਾਂ ਨੂੰ ਹਰਾ ਕੇ) 5ਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ। ਕੰਸਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਉਨਟਾਰੀਓ ‘ਚ ਦਰਹਮ ਹਲਕੇ ਤੋਂ ਆਪਣੀ ਚੋਣ ਜਿੱਤੇ ਹਨ ਅਤੇ ਐਨ.ਡੀ.ਪੀ ਦੇ ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਵਿਚ ਬਰਨਬੀ ਦੱਖਣੀ ਹਲਕੇ ਤੋਂ ਲਗਾਤਾਰ ਤੀਸਰੀ ਵਾਰੀ ਚੋਣ ਜਿੱਤ ਗਏ ਹਨ। ਬਲਾਕ ਕਿਊਬਕ ਦੇ ਆਗੂ ਫਰਾਂਸੁਆ ਬਲਾਂਸ਼ੇ ਵੀ ਆਪਣੀ ਸੀਟ ਜਿੱਤ ਗਏ ਹਨ ਪਰ ਗਰੀਨ ਪਾਰਟੀ ਦੀ ਆਗੂ ਐਮਨੀ ਪਾਲ ਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਚਰਚਿਤ ਆਗੂ ਮੈਕਸੀਮ ਬਰਨੀਏ ਚੋਣਾਂ ਹਾਰ ਗਏ ਹਨ। ਲਿਬਰਲ ਪਾਰਟੀ ਨੂੰ ਸ਼ਹਿਰੀ ਹਲਕਿਆਂ ਅਤੇ ਕੰਸਰਵੇਟਿਵ ਪਾਰਟੀ ਨੂੰ ਮੁੱਖ ਤੌਰ ‘ਤੇ ਪੇਂਡੂ ਹਲਕਿਆਂ ‘ਚੋਂ ਵੋਟਰਾਂ ਦਾ ਭਰਵਾਂ ਸਮਰਥਨ ਮਿਲਿਆ ਹੈ। ਚੋਣ ਪ੍ਰਚਾਰ ਦੌਰਾਨ ਵਿਵਾਦਾਂ ਵਿਚ ਘਿਰਨ ਕਰਕੇ ਚੋਣ ਮੈਦਾਨ ‘ਚੋਂ ਹਟਾਇਆ ਗਿਆ (ਪਰ ਬੈਲਟ ਪੇਪਰ ਉਪਰ ਨਾਂਅ ਲਿਖਿਆ ਰਿਹਾ) ਲਿਬਰਲ ਉਮੀਦਵਾਰ ਕੈਵਿਨ ਵੁਆਂਗ ਟੋਰਾਂਟੋ ਦੇ ਹਲਕੇ ਤੋਂ ਚੋਣ ਜਿੱਤ ਗਿਆ ਹੈ ਜੋ ਹੁਣ ਆਜ਼ਾਦ ਸੰਸਦ ਮੈਂਬਰ ਹੋਵੇਗਾ। ਚੋਣ ਪ੍ਰਚਾਰ ਦੌਰਾਨ ਹੀ ਚੋਣ ਮੈਦਾਨ ‘ਚੋਂ ਹਟਾਏ ਗਏ ਸਾਬਕਾ ਸੰਸਦ ਮੈਂਬਰ ਰਾਜ ਸੈਣੀ ਦੀ ਕਿਚਨਰ-ਸੈਂਟਰ ਹਲਕੇ ਤੋਂ ਹਾਰ ਹੋਈ ਹੈ ਉਹ ਸੀਟ ਗਰੀਨ ਪਾਰਟੀ ਨੂੰ ਮਿਲ ਗਈ ਹੈ। ਲਿਬਰਲ ਪਾਰਟੀ ਦੀ ਅਫ਼ਗਾਨ ਮੂਲ ਦੀ ਇਕੋ ਇਕ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ (ਚੋਣ ਪ੍ਰਚਾਰ ਦੌਰਾਨ ਤਾਲਿਬਾਨਾਂ ਨੂੰ ਭਰਾ ਕਹਿਣ ਕਾਰਨ ਵਿਵਾਦ ‘ਚ ਘਿਰੀ) ਮਰੀਅਮ ਮੁਨਸੇਫ ਉਨਟਾਰੀਓ ‘ਚ ਆਪਣੇ ਪੀਟਰਬੋਰੋ-ਕਵਾਰਥਾ ਹਲਕੇ ਤੋਂ ਚੋਣ ਹਾਰ ਗਈ ਹੈ। ਪਹਿਲਾਂ ਦੀ ਤਰ੍ਹਾਂ ਉਨਟਾਰੀਓ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਪੰਜਾਬੀ ਉਮੀਦਵਾਰਾਂ ਨੂੰ ਵੀ ਚੰਗਾ ਹੁੰਗਾਰਾ ਮਿਲਿਆ। ਕੈਬਨਿਟ ਮੰਤਰੀ ਬਰਦੀਸ਼ ਚੱਗਰ ਉਨਟਾਰੀਓ ‘ਚ ਵਾਟਰਲੂ ਤੋਂ (ਤੀਸਰੀ ਵਾਰੀ) ਚੋਣ ਜਿੱਤ ਗਈ ਹੈ। ਹਰਜੀਤ ਸਿੰਘ ਸੱਜਣ ਵੈਨਕੂਵਰ-ਸਾਊਥ ਹਲਕੇ ਤੋਂ ਜੇਤੂ ਰਹੇ ਹਨ। ਓਕਵਿੱਲ ਹਲਕੇ ਤੋਂ ਮੰਤਰੀ ਅਨੀਤਾ ਆਨੰਦ ਨੇ ਜਿੱਤ ਦਰਜ ਕਰਵਾਈ ਹੈ। ਬਰੈਂਪਟਨ ਦੇ ਸਾਰੇ ਪੰਜ ਹਲਕਿਆਂ ਤੋਂ ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਮਨਿੰਦਰ ਸਿੱਧੂ ਤੇ ਸ਼ਫਕਤ ਅਲੀ (ਲਹਿੰਦੇ ਪੰਜਾਬ ਮੂਲ ਦੇ) ਜੇਤੂ ਰਹੇ ਹਨ।
ਸਰੀ ਨਿਊਟਨ ਹਲਕੇ ਤੋਂ ਸੁੱਖ ਧਾਲੀਵਾਲ, ਸਰੀ-ਸੈਂਟਰ ਤੋਂ ਰਣਦੀਪ ਸਰਾਏ, ਐਡਮਿੰਟਨ-ਮਿਲਵੁੱਡਜ਼ ਤੋਂ ਟਿਮ ਉੱਪਲ ਜੇਤੂ ਰਹੇ ਹਨ। ਮਿਸੀਸਾਗਾ-ਮਾਲਟਨ (ਸਿਆਸਤ ਛੱਡ ਚੁੱਕੇ ਨਵਦੀਪ ਸਿੰਘ ਬੈਂਸ ਦੇ ਹਲਕੇ) ਤੋਂ ਨੌਜਵਾਨ ਇਕਵਿੰਦਰ ਗਹੀਰ ਪਹਿਲੀ ਵਾਰ ਚੋਣ ਜਿੱਤੇ ਹਨ ਅਤੇ ਕਿਊਬਕ ‘ਚ ਡੌਰਵਲ-ਲਾਚੀਨ-ਲਾਸਾਲ ਹਲਕੇ ਤੋਂ ਤੀਸਰੀ ਵਾਰੀ ਅੰਜੂ ਢਿੱਲੋਂ ਨੂੰ ਜਿੱਤ ਮਿਲੀ ਹੈ। ਮਾਰਖਮ-ਯੂਨੀਅਨਵਿੱਲ ਤੋਂ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਬੌਬ ਸਰੋਆ ਇਸ ਵਾਰੀ ਚੋਣ ਹਾਰ ਗਏ ਹਨ ਤੇ ਉਹ ਸੀਟ ਲਿਬਰਲ ਪਾਰਟੀ ਦੇ ਉਮੀਦਵਾਰ ਚਿਆਂਗ ਪਾਲ ਨੇ ਜਿੱਤ ਲਈ ਹੈ। ਅਲਬਰਟਾ ‘ਚ ਜਿੱਥੇ ਕੰਸਰਵੇਟਿਵ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਈ ਹੈ ਉਥੇ ਕੈਲਗਰੀ ਦੇ ਹਲਕੇ ਕੈਲਗਰੀ-ਸਕਾਈਵਿਊ ਤੋਂ ਜਿਓਰਜ ਚਾਹਲ ਜੇਤੂ ਰਹੇ ਹਨ। ਕੈਲਗਰੀ-ਫਾਰੈਸਟ ਲਾਅਨ ਤੋਂ ਜਸਰਾਜ ਸਿੰਘ ਹੱਲਣ ਜਿੱਤੇ ਹਨ। ਇਸ ਵਾਰੀ ਸਿੰਘ ਨਾਂਅ ਦੇ ਕੁਲ 11 ਉਮੀਦਵਾਰ ਚੋਣ ਮੈਦਾਨ ‘ਚ ਸਨ ਜਿਨ੍ਹਾਂ ਵਿਚੋਂ 2 ਨੂੰ ਜਿੱਤ ਮਿਲੀ ਹੈ। ਉਨਟਾਰੀਓ ‘ਚ ਨਿਪੀਅਨ ਹਲਕੇ ਤੋਂ ਲਿਬਰਲ ਉਮੀਦਵਾਰ ਚੰਦਰਕਾਂਤ ਆਰੀਆ ਨੂੰ ਲਗਾਤਾਰ (2015 ਤੋਂ) ਤੀਸਰੀ ਵਾਰ ਜਿੱਤ ਮਿਲੀ ਹੈ। 2019 ਦੀ ਸੰਸਦੀ ਚੋਣ ਦੀ ਤਰ੍ਹਾਂ 2021 ਵਿਚ ਵੀ ਕੰਸਰਵੇਟਿਵ ਪਾਰਟੀ ਨੂੰ ਕੁਲ ਵੋਟਾਂ ਵੱਧ ਮਿਲੀਆਂ ਹਨ ਪਰ ਲਿਬਰਲ ਪਾਰਟੀ ਨੂੰ ਵੋਟਾਂ ਘੱਟ ਮਿਲਣ ਬਾਵਜੂਦ ਵੱਧ ਉਮੀਦਵਾਰ ਜਿੱਤੇ ਹਨ। ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਲਿਬਰਲ ਪਾਰਟੀ ਦੇ ਦਰਜਨ ਕੁ ਉਮੀਦਵਾਰਾਂ ਦੀ ਜਿੱਤ ਪੀ.ਪੀ.ਸੀ ਦੇ ਉਮੀਦਵਾਰਾਂ ਵਲੋਂ ਕੰਸਰਵੇਟਿਵ ਪਾਰਟੀ ਦੀਆਂ ਵੋਟਾਂ ਤੋੜਨ ਕਰਕੇ ਹੋਈ ਹੈ। ਚੋਣ ਨਤੀਜੇ ਤੋਂ ਬਾਅਦ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੇ ਹੋਏ ਆਪਣਾ ਕੰਮ ਜਾਰੀ ਰੱਖਣਗੇ।
ਮੋਦੀ ਨੇ ਟਰੂਡੋ ਨੂੰ ਦਿੱਤੀ ਵਧਾਈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨੂੰ ਚੋਣਾਂ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਟਰੂਡੋ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਟਰੂਡੋ ਦੀ ਲਿਬਰਲ ਪਾਰਟੀ ਸੰਸਦੀ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਉਹ ਬਹੁਮਤ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੀ। ਮੋਦੀ ਨੇ ਕਿਹਾ ਕਿ ਆਲਮੀ ਅਤੇ ਹੋਰ ਮੁੱਦਿਆਂ ‘ਤੇ ਉਨ੍ਹਾਂ ਵੱਲੋਂ ਸਹਿਯੋਗ ਜਾਰੀ ਰਹੇਗਾ।

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …