ਬਰੈਂਪਟਨ/ਬਿਊਰੋ ਨਿਊਜ਼
ਲਿੰਡਾ ਜੈਫਰੀ ਨੇ ਆਖਿਆ ਕਿ ਬਰੈੰਪਟਨ ਵਿੱਚ ਅੱਜ 70, 000 ਤੋਂ ਵਧੇਰੇ ਸੀਨੀਅਰ ਰਹਿੰਦੇ ਹਨ। ਮੈਂ ਸਮਝਦੀ ਹਾਂ ਕਿ ਸੀਨੀਅਰਾਂ ਦੀ ਅਮੁੱਲੀ ਸਿਆਣਪ ਅਤੇ ਅਨੁਭਵ ਦਾ ਪੂਰਾ ਲਾਭ ਲੈਣ ਲਈ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹਾ ਢਾਂਚਾ ਉਸਾਰਿਆ ਜਾਵੇ ਕਿ ਸੀਨੀਅਰਾਂ ਦੀ ਵਸੋਂ ਸਦਾ ਚੰਗੇਰੀ ਹਾਲਤ, ਚੜ੍ਹਦੀ ਕਲਾ ਅਤੇ ਚੁਸਤ-ਦਰੁਸਤ ਸਰੀਰ ਵਾਲ਼ੀ ਬਣੀ ਰਹੇ। ਮੇਰਾ ਯਕੀਨ ਹੈ ਕਿ ਲੋਕ ਜਿਵੇਂ-ਜਿਵੇਂ ਵਡੇਰੀ ਉਮਰ ਦੇ ਹੋਈ ਜਾਂਦੇ ਹਨ ਉਨ੍ਹਾਂ ਅਨੁਸਾਰ ਹੀ ਉਨ੍ਹਾਂ ਦੇ ਰਹਿਣ ਵਾਲ਼ੇ ਚਾਰ ਚੁਫੇਰੇ ਵਿੱਚ ਵੀ ਢੁੱਕਵੀਆਂ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ। ਇੱਕ ਮੇਅਰ ਵਜੋਂ ਮੇਰੀ ਹਾਰਦਿਕ ਇੱਛਾ ਹੈ ਕਿ ਉਨਟਾਰੀਓ ਦੇ ਸਾਰੇ ਸ਼ਹਿਰਾਂ ਵਿੱਚੋਂ ਬਰੈੰਪਟਨ ਸਿਟੀ ਸੀਨੀਅਰਾਂ ਲਈ ਸਭ ਤੋਂ ਵੱਧ ਦੋਸਤਾਨਾ ਹੋਵੇ।
ਕਈਆਂ ਕੋਲ਼ ਆਪਣਾ ਘਰ, ਚੰਗੀ ਸਿਹਤ-ਸੰਭਾਲ਼ ਅਤੇ ਆਰਥਕ ਸਹਾਇਤਾ ਹੈ ਅਤੇ ਉਹ ਸਿਹਤਮੰਦ ਅਤੇ ਚੁਸਤ ਜੀਵਨ ਜੀਅ ਰਹੇ ਹਨ ਪਰ ਸਾਰਿਆਂ ਕੋਲ਼ ਇਹ ਕੁੱਝ ਨਹੀਂ ਹੈ। ਕਈਆਂ ਨੂੰ ਪੁਰਾਣੇ ਰੋਗ ਚਿੰਬੜੇ ਹੋਏ ਹਨ, ਕਈ ਘਟੀਆ ਰਿਹਾਇਸ਼ ਜਾਂ ਗਰੀਬੀ ਨੇੜੇ ਦੀ ਹਾਲਤ ਵਿੱਚ ਰਹਿ ਰਹੇ ਹਨ। ਸਾਨੂੰ ਸਾਰਿਆਂ ਨੂੰ ਸਾਡੇ ਸੀਨੀਅਰਾਂ ਦੀ ਲੋੜ ਹੈ। ਮੈਂ ਆਪਣੇ ਬਰੈੰਪਟਨ ਦੇ ਸੀਨੀਅਰਾਂ ਦੀ ਸਹਾਇਤਾ ਇਸ ਤਰ੍ਹਾਂ ਕਰਦੀ ਰਹਾਂਗੀ :
ਮੈਂ ਲਾਲ ਫੀਤਾ ਸ਼ਾਹੀ ਨੂੰ ਖਤਮ ਕਰਾਂਗੀ ਅਤੇ ਸੀਨੀਅਰਾਂ ਦੀ ਰਿਹਾਇਸ਼ੀ ਅਤੇ ਸਹੂਲਤਾਂ ਦੇ ਪ੍ਰਸਤਾਵਾਂ ਦੀ ਯੋਜਨਾਬੰਦੀ ਨੂੰ ਤੇਜ਼ ਕਰਾਂਗੀ। ਜਿਹੜੀ ਕਿ ਸੀਨੀਅਰਾਂ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਪੂਰਿਆਂ ਕਰ ਸਕੇ। ਮੈਂ ਆਪਣੇ ਸਾਰੇ ਭਾਈਵਾਲਾਂ, ਭਾਈਚਾਰਕ ਗਰੁੱਪਾਂ, ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਇਸ ਪਾਸੇ ਜੁੜਨ ਲਈ ਕਹਾਂਗੀ ਕਿ ਆਉ ਰਲ਼ ਕੇ ਘਰਾਂ ਦੀ ਇਸ ਸਮੱਸਿਆ ਨੂੰ ਦੂਰ ਕਰੀਏ। ਤਾਂ ਕਿ ਸਾਡਾ ਸਿਟੀ ਸਾਡੇ ਸੀਨੀਅਰਾਂ ਲਈ ਵੱਧ ਸੁਖਾਵਾਂ ਅਤੇ ਢੁਕਵਾਂ ਬਣ ਸਕੇ।
ਮੈਂ ਇੱਕ ‘ਸੀਨੀਅਰ ਸਿਟੀਜ਼ਨ ਸਲਾਹਕਾਰ ਕਮੇਟੀ’ ਬਣਾਵਾਂਗੀ। ਉਹ ਸੀਨੀਅਰਾਂ ਦੀ ਮੁੱਖ ਸਮੱਸਿਆਵਾਂ ਦੀ ਪੜਤਾਲ ਕਰੇਗੀ ਅਤੇ ਉਨ੍ਹਾਂ ਦੇ ਹੱਲ ਕਾਊਂਸਲ ਨੂੰ ਸੁਝਾਇਗੀ। ਤਾਂ ਕਿ ਕਾਊਂਸਲ ਆਪਣੀਆਂ ਨੀਤੀਆਂ ਉਨ੍ਹਾਂ ਅਨੁਸਾਰ ਬਦਲ ਅਤੇ ਵਿਓਂਤ ਸਕੇ।
ਮੈਂ ਯਕੀਨੀ ਬਣਾਵਾਂਗੀ ਕਿ ਸਿਟੀ ਸਟਾਫ ਬਰੈੰਪਟਨ ਦੀਆਂ ਮਨੋਰੰਜਨ ਦੀਆਂ ਸਹੂਲਤਾਂ ਦੀ ਸੀਨੀਅਰਾਂ ਦੇ ਲਾਭ ਲਈ ਵੱਧ ਤੋਂ ਵੱਧ ਵਰਤੋਂ ਕਰੇ। ਉਹ ਹੋਰ ਸਥਾਨਕ ਪ੍ਰੋਗਰਾਮ ਤੇ ਸੇਵਾਵਾਂ ਤਿਆਰ ਕਰੇ, ਜਿਹੜੀਆਂ ਪਹਿਲੋਂ ਹੀ ਹਨ ਉਨ੍ਹਾਂ ਨੂੰ ਵੱਧ ਉਤਸ਼ਾਹਿਤ ਕਰੇ ਤੇ ਯਕੀਨ ਕਰੇ ਕਿ ਉਹ ਸੀਨੀਅਰਾਂ ਦੀ ਸੌਖੀ ਹੀ ਪਹੁੰਚ ਵਿੱਚ ਹੋਣ। ਸੀਨੀਅਰਾਂ ਲਈ ਸਵਿਮਿੰਗ ਅਤੇ ਫਿਟਨੈੱਸ ਦੀ ਸੇਵਾ ਲੈਣ ਲਈ ਮੁਫਤ ਉਮਰ ਸੀਮਾ ਮੈਂ 70 ਤੋਂ ਘਟਾ ਕੇ 65 ਸਾਲ ਕਰਾਂਗੀ।
ਮੈਂ ਵਚਨਬੱਧ ਹਾਂ ਕਿ ਕੌਮੀ ਸੀਨੀਅਰਜ ਮਹੀਨਾ ‘ਨੈਸ਼ਨਲ ਸੀਨੀਅਰਜ ਮੰਥ’ ਮੁੜ ਬਹਾਲ ਕੀਤਾ ਜਾਏਗਾ ਅਤੇ ਸੀਨੀਅਰ ਵਾਲੰਟੀਅਰਾਂ ਲਈ ਪ੍ਰਸ਼ੰਸਾਯੋਗ ਇਨਾਮ ‘ਮੈਰੀਟੋਰੀਅਸ ਐਵਾਰਡ’ ਸਥਾਪਤ ਕੀਤਾ ਜਾਏਗਾ।
ਕਾਊਂਸਲ ਦੀ ਆਉਂਦੀ ਮਿਆਦ ਵਿੱਚ, ਮੈਂ ਕਾਊਂਸਲ ਨਾਲ਼ ਕੰਮ ਕਰਨ ਦੀ ਇੱਕ ਇਹ ਵੀ ਪਹਿਲ ਰੱਖਾਂਗੀ। ਕਿ ਬਰੈਂਪਟਨ ਅੰਦਰ ਉਸਰ ਰਹੇ ਨਵੇਂ ਗੁਆਂਢ ਵਿੱਚ ਸੀਨੀਅਰਾਂ ਦੀ ਵਧ ਰਹੀ ਗਿਣਤੀ ਦਾ ਕਿਵੇਂ ਵੱਧ ਤੋਂ ਵੱਧ ਧਿਆਨ ਰੱਖਣਾ ਹੈ। ਜਿੱਥੇ ਕਿ ਉਨ੍ਹਾਂ ਕੋਲ਼ ਲੋੜ ਅਨੁਸਾਰ ਪਾਰਕਾਂ, ਕਮਿਉਨਿਟੀ ਸੈੰਟਰ, ਬਸ ਸਰਵਿਸ ਆਦਿ ਅਜੇ ਵੀ ਨਹੀਂ ਹੈ।
ਮੈਂ ਬਰੈੰਪਟਨ ਟ੍ਰਾਂਜ਼ਿੱਟ ਵਿੱਚ ਸੀਨੀਅਰਾਂ ਲਈ ਕਰਾਇਆ 1 ਡਾਲਰ ਦਾ ਹੀ ਰੱਖਾਂਗੀ ਅਤੇ ਸਨੋਅ ਹਟਾਉਣ ਦਾ ਸਹਾਇਤਾ-ਪ੍ਰੋਗਰਾਮ ਵੀ ਵਧ ਰਹੀ ਉਮਰ ਦੇ ਨਾਲ਼-ਨਾਲ਼ ਚਾਲੂ ਰੱਖਾਂਗੀ।
ਘੱਟ-ਕਮਾਈ ਵਾਲ਼ੇ ਸੀਨੀਅਰਾਂ ਅਤੇ ਘੱਟ-ਕਮਾਈ ਵਾਲ਼ੇ ਅਯੋਗ ਵਿਅਕਤੀਆਂ ਦੀ ਟੈਕਸ ਛੋਟ ਮੈਂ 500 ਡਾਲਰ ਤੀਕਰ ਵਧਾ ਦੇਵਾਂਗੀ। ਮੈਂ ਨਵੀਂ ਬਣਾਈ ‘ਸੀਨੀਅਰਜ ਐਡਵਾਈਜ਼ਰੀ ਕਮੇਟੀ ਆਫ ਕਾਊਂਸਲ’ ਨੂੰ ਪ੍ਰਾਪਰਟੀ ਟੈਕਸ ਅੱਗੇ ਪਾਉਣ ਦੀ ਸਕੀਮ ਦੀ ਪੜਤਾਲ ਕਰਨ ਲਈ ਕਹਾਂਗੀ। ਤਾਂ ਜੋ ਸੀਨੀਅਰਾਂ ਅਤੇ ਅਯੋਗ ਵਿਅਕਤੀਆਂ ਦੇ ਟੈਕਸਾਂ ਦੀ ਅਦਾਇਗੀ ਨੂੰ ਉਦੋਂ ਤੀਕਰ ਰੋਕ ਦਿੱਤਾ ਜਾਵੇ ਜਦੋਂ ਤੀਕਰ ਉਨ੍ਹਾਂ ਦੀ ਪ੍ਰਾਪਰਟੀ ਦੀ ਵਿੱਕਰੀ ਨਹੀਂ ਹੋ ਜਾਂਦੀ। ઠ
ਸੀਨੀਅਰਾਂ ਦੀਆਂ ਸੰਸਥਾਵਾਂ, ਸਿਟੀ ਲਈ ਜੋ ਮਹੱਤਵਪੂਰਨ ਯੋਗਦਾਨ, ਹਰ ਦਿਨ ਪਾ ਰਹੀਆਂ ਹਨ ਉਹ ਅਸੀਂ ਭੁੱਲੇ ਨਹੀਂ ਹਾਂ। ਸੁਧਾਰਾਂ ਲਈ ਤੁਹਾਡੇ ਵੱਲੋਂ ਕੀਤੇ ਗਏ ਅਥੱਕ ਯਤਨ ਕੱਲ੍ਹ ਦੇ ਸੀਨੀਅਰਾਂ ਦੇ ਜੀਵਨ ਮਾਨਣ ਵਿੱਚ ਕੰਮ ਆਉਣਗੇ ਅਤੇ ਇਹ ਇਸ ਸ਼ਹਿਰ ਲਈ ਮਾਣ ਵਾਲ਼ੀ ਗੱਲ ਹੋਵੇਗੀ।
ਕੈਨੇਡਾ ਦਾ ਨੌਵਾਂ ਸਭ ਤੋਂ ਵੱਡਾ ਸ਼ਹਿਰ ਹੋਣ ਵਜੋਂ, ਸਾਨੂੰ ਇਸ ਨੂੰ ਅਜਿਹਾ ਸ਼ਹਿਰ ਉਸਾਰਨਾ ਚਾਹੀਦਾ ਹੈ ਜੋ ਵਿਲੱਖਣ ਅਤੇ ਆਪਣੀ ਮਿਸ਼ਾਲ ਆਪ ਹੋਵੇ, ਸਤਿਕਾਰਯੋਗ ਹੋਵੇ ਅਤੇ ਹਰ ਉਮਰ ਤੇ ਹਰ ਯੋਗਤਾ ਦੇ ਸੀਨੀਅਰਾਂ ਲਈ ਅਤੀ ਢੁਕਵਾਂ ਹੋਵੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …