Breaking News
Home / ਪੰਜਾਬ / ਕਿਤਾਬ ਘਰ ਬਣਿਆ ਖਿੱਚ ਦਾ ਕੇਂਦਰ

ਕਿਤਾਬ ਘਰ ਬਣਿਆ ਖਿੱਚ ਦਾ ਕੇਂਦਰ

ਨਵੀਂ ਦਿੱਲੀ : ਕਿਸਾਨ ਅੰਦੋਲਨ ਦੌਰਾਨ ਜੋਸ਼, ਜਜ਼ਬੇ, ਜਨੂੰਨ ਅਤੇ ਸਬਰ ਸੰਤੋਖ ਤੋਂ ਇਲਾਵਾ ਇਕ ਅਜਿਹਾ ਰੰਗ ਹੋਰ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸਨੇ ਖ਼ਾਸ ਕਰਕੇ ਕਿਸਾਨੀ ਘੋਲ ਲਈ ਪ੍ਰਚਾਰੀ ਜਾ ਰਹੀ ਧਾਰਨਾ ‘ਤੇ ਕਰਾਰੀ ਚੋਟ ਕੀਤੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਵਿੱਢੇ ਗਏ ਸੰਘਰਸ਼ ਲਈ ਇਹ ਧਾਰਨਾ ਮੁਹਿੰਮ ਵਜੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸਾਨੀ ਖਿੱਤੇ ਨਾਲ ਸਬੰਧਿਤ ਲੋਕ ਘੱਟ ਪੜ੍ਹੇ-ਲਿਖੇ ਅਤੇ ਸਿੱਧ ਪੱਧਰੇ ਹਨ, ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਵਰਗਲਾ ਰਹੀਆਂ ਹਨ ਪਰ ਸਿੰਘੂ ਸਰਹੱਦ ਦਿੱਲੀ ਵਿਖੇ ਜਿੱਥੇ ਕਰੀਬ 36 ਪ੍ਰਕਾਰ ਦੇ ਲੰਗਰ ਚੱਲ ਰਹੇ ਹਨ ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਮੋਗੇ ਨਾਲ ਸਬੰਧਿਤ ਪੜ੍ਹੇ-ਲਿਖੇ ਨੌਜਵਾਨਾਂ ਵਲੋਂ ਕਿਤਾਬਾਂ ਦਾ ਲੰਗਰ ਲਗਾ ਕੇ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਭਾਵੇਂ ਸਾਡੇ ਦਾਦੇ-ਬਾਬੇ ਅਣਭੋਲ ਅਤੇ ਪੜ੍ਹੇ-ਲਿਖੇ ਘੱਟ ਸਨ ਪਰ ਅਜੋਕੇ ਸਮੇਂ ਦੌਰਾਨ ਕਿਸਾਨੀ ਨਾਲ ਸਬੰਧਿਤ ਹਰੇਕ ਪਰਿਵਾਰ ਦੇ ਬੱਚੇ ਉੱਚ ਵਿੱਦਿਆ ਹਾਸਲ ਕਰਕੇ ਵਿਸ਼ਵ ਭਰ ਦੀ ਜਾਣਕਾਰੀ ਰੱਖਦੇ ਹਨ, ਜਿਨ੍ਹਾਂ ਨੂੰ ਵਰਗਲਾਉਣਾ ਹੁਣ ਕਿਸੇ ਦੇ ਵਸ ਦੀ ਗੱਲ ਨਹੀਂ ਰਹੀ ਹੈ। ਕਾਨਿਆਂ ਦੀਆਂ ਸੋਟੀਆਂ ਉੱਪਰ ਸ਼ਤੂਤ ਦੀ ਬਣੀ ਹੋਈ ਟੋਕਰੀ ਵਿਚ ਸਿੱਖ ਇਤਿਹਾਸ, ਇਨਕਲਾਬੀ ਯੋਧਿਆਂ ਦੀਆਂ ਜੀਵਨੀਆਂ, ਖੇਤੀ ਨਾਲ ਸਬੰਧਿਤ ਤੋਂ ਇਲਾਵਾ ਵਿਸ਼ਵ ਪੱਧਰੀ ਲੇਖਕਾਂ ਦੀਆਂ ਲਿਖਤਾਂ ਨੂੰ ‘ਕਿਤਾਬ ਘਰ’ ਦਾ ਸ਼ਿੰਗਾਰ ਬਣਾਇਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡਬਲ ਐੱਮ.ਏ.ਬੀ.ਐੱਡ. ਤੋਂ ਬਾਅਦ ਪੀ.ਐੱਚ.ਡੀ ਕਰ ਰਹੇ ਪਿੰਡ ਮਹੇਸ਼ਰੀ ਜ਼ਿਲ੍ਹਾ ਮੋਗਾ ਦੇ ਨੌਜਵਾਨ ਵਿੱਕੀ ਮਹੇਸ਼ਰੀ ਨੇ ਕਿਹਾ ਕਿ ਸੰਘਰਸ਼ ਜਿੱਤਣ ਲਈ ਤੰਦਰੁਸਤ ਸਿਹਤ ਤੋਂ ਇਲਾਵਾ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਜਿਸ ਲਈ ਸਾਡੇ ਵੱਡ-ਵਡੇਰਿਆਂ ਦੀਆਂ ਕਹਾਣੀਆਂ ਅਤੇ ਇਤਿਹਾਸ ਤੋਂ ਜਾਣੂ ਹੋਣ ਲਈ ਕਿਤਾਬਾਂ ਨਾਲ ਮੋਹ ਪਾਉਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਕਿਤਾਬ ਘਰ ਵਿਚ ਸਿੱਖ ਇਤਿਹਾਸ, ਪੰਜਾਬ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਇਨਕਲਾਬੀ ਯੋਧਿਆਂ, ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਸ: ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ, ਸ਼ਹੀਦ ਊਧਮ ਸਿੰਘ ਦੀਆਂ ਜੀਵਨੀਆਂ ਤੋਂ ਇਲਾਵਾ ਲੇਖਕ ਨਿਕੋਲਾਈਉਸਤਰੇਵਸਕੀ ਦੀ ‘ਕਬਹੂੰ ਨਾ ਛਾਡੇ ਖੇਤ’, ਰੂਸ ਦੇ ਲੇਖਕ ਮੈਕਸੀਮ ਗੋਰਕੀ ਸਮੇਤ ਹੋਰ ਬਹੁਤ ਸਾਰੀਆਂ ਕਿਤਾਬਾਂ ਹਨ। ਉਨ੍ਹਾਂ ਦੱਸਿਆ ਕਿ ਕਿਤਾਬਾਂ ਪੜ੍ਹਨ ਦੀ ਘੱਟ ਰੁਚੀ ਨੂੰ ਵਧਾਉਣਾ ਵੀ ਉਨ੍ਹਾਂ ਦਾ ਮਕਸਦ ਹੈ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …