Breaking News
Home / ਨਜ਼ਰੀਆ / ਅਪ੍ਰੇਸ਼ਨ ਬਲਿਊ ਸਟਾਰ ਤੇ ਉਹਦੇ ਪਿੱਛੋਂ

ਅਪ੍ਰੇਸ਼ਨ ਬਲਿਊ ਸਟਾਰ ਤੇ ਉਹਦੇ ਪਿੱਛੋਂ

ਪ੍ਰਿੰ. ਸਰਵਣ ਸਿੰਘ
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਕਿਸੇ ਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ ਕਿ ਸਾਰੇ ਪੰਜਾਬ ‘ਚ ਕਰਫਿਊ ਲੱਗ ਜਾਵੇਗਾ। ਫਿਰ ਬੀ.ਬੀ. ਸੀ. ਤੋਂ ਖ਼ਬਰ ਆਈ ਕਿ ਫੌਜ ਨੇ ਦਰਬਾਰ ਸਾਹਿਬ ‘ਤੇ ਹੱਲਾ ਬੋਲ ਦਿੱਤੈ। ਅਸੀਂ ਰੇਡੀਓ ਨਾਲ ਕੰਨ ਲਾਈ ਖ਼ਬਰਾਂ ਸੁਣਦੇ। ਖ਼ਬਰਾਂ ਸਨ ਕਿ ਦਰਬਾਰ ਸਾਹਿਬ ਟੈਂਕ ਚਾੜ੍ਹ ਦਿੱਤੇ ਗਏ, ਅਕਾਲ ਤਖਤ ਢਾਹ ਦਿੱਤਾ ਗਿਐ। ਮੈਂ ਪਿੰਡ ਪਹੁੰਚਾ। ਸਵੇਰੇ ਸਾਹਜਰੇ ਉਠਿਆ ਤਾਂ ਸਾਡੇ ਘਰ ਤੋਂ ਗੁਰਦੁਆਰੇ ਤਕ ਖਾਲੀ ਥਾਂ ਫੌਜੀ ਮੋਰਚੇ ਮੱਲੀ ਬੈਠੇ ਸਨ। ਮੈਂ ਜੰਗਲ ਪਾਣੀ ਜਾਂਦਾ ਰੁਕ ਗਿਆ। ਏਨੀ ਫੌਜ ਤਾਂ ਮੈਂ ਹਿੰਦ-ਪਾਕਿ ਦੀਆਂ ਲੜਾਈਆਂ ਸਮੇਂ ਵੀ ਨਹੀਂ ਸੀ ਵੇਖੀ।
ਇਕ ਰਾਤ ਲਾਊਡ ਸਪੀਕਰ ਤੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਪਈ ਕੋਈ ਬੰਦਾ ਘਰੋਂ ਬਾਹਰ ਨਾ ਨਿਕਲੇ। ਫੌਜ ਨੇ ਪਿੰਡ ਨੂੰ ਘੇਰਾ ਪਾਇਆ ਹੋਇਐ। ਫਿਰ ਲਾਊਡ ਸਪੀਕਰ ਤੋਂ ਆਵਾਜ਼ਾਂ ਦੇ ਕੇ ਲਸੰਸੀਏ ਬੁਲਾਏ ਗਏ। ਉਨ੍ਹਾਂ ਦਾ ਅਸਲਾ ਲੈ ਲਿਆ ਗਿਆ। ਕੁਝ ਇਕਨਾਂ ਨੂੰ ਫੌਜੀ ਗੱਡੀਆਂ ‘ਚ ਬਿਠਾ ਕੇ ਜਗਰਾਓਂ ਲੈ ਗਏ। ਕਈਆਂ ਦੀ ਕੁੱਟ ਮਾਰ ਹੋਈ। ਲੋਕ ਹੈਰਾਨ ਪਰੇਸ਼ਾਨ ਸਨ ਕਿ ਇਹ ਜੱਗੋਂ ਤੇਰ੍ਹਵੀਂ ਕਾਹਦੇ ਲਈ? ਮੇਰੇ ਮਨ ‘ਚ ਰੋਹ ਉੱਠ ਰਿਹਾ ਸੀ ਕਿ ਫੌਜੀ ਅਫਸਰਾਂ ਤੋਂ ਪੁੱਛਾਂ ਪਈ ਇਹ ਹਨ੍ਹੇਰਗਰਦੀ ਕਿਉਂ? ਘਰ ਦਿਆਂ ਮੈਨੂੰ ਰੋਕ ਲਿਆ ਕਿ ਉਹ ਤੈਨੂੰ ਵੀ ਬੰਨ੍ਹ ਲੈਣਗੇ।
ਬਲਿਊ ਸਟਾਰ ਅਪ੍ਰੇਸ਼ਨ ਅਤੇ ਪਿੱਛੋਂ ਜੋ ਕੁਛ ਹੋਇਆ ਉਹਦੇ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕੈ। 2 ਜੂਨ ਨੂੰ ਸਾਡੇ ਪਿੰਡ ਚਕਰ ਦੇ ਚਾਰ ਬਜ਼ੁਰਗ, ਬਿਸ਼ਨ ਸਿੰਘ, ਬਾਬਾ ਚੰਨਣ ਸਿੰਘ, ਬਚਿੱਤਰ ਸਿੰਘ ਤੇ ਮਿਸਤਰੀ ਦਲੀਪ ਸਿੰਘ ਗੁਰਦੁਆਰੇ ਦੀ ਜ਼ਮੀਨ ਦੇ ਸੰਬੰਧ ਵਿਚ ਅੰਮ੍ਰਿਤਸਰ ਗਏ। ਦਰਬਾਰ ਸਾਹਿਬ ਦੁਆਲੇ ਕਰਫਿਊ ਸੀ ਜਿਸ ਕਰਕੇ ਰਾਤ ਗੁਰਦੁਆਰਾ ਸ਼ਹੀਦਾਂ ਵਿਚ ਕੱਟਣੀ ਪਈ। ਤਿੰਨ ਤਾਰੀਖ਼ ਨੂੰ ਉਹ ਟੌਹੜਾ ਸਾਹਿਬ ਨੂੰ ਮਿਲੇ। ਜ਼ਮੀਨ ਦਾ ਕੇਸ ਸੁਣ ਕੇ ਉਸ ਨੇ ਸਲਾਹ ਦਿੱਤੀ ਕਿ ਅੱਜ ਏਥੇ ਸਰਾਂ ਵਿਚ ਈ ਰੁਕ ਜਾਵੋ। ਭਲਕੇ ਮੁਖਤਿਆਰਨਾਮਾ ਬਣਾਵਾਂਗੇ ਤੇ ਤੁਸੀਂ ਜਗਰਾਓਂ ਵਕੀਲ ਰਾਹੀਂ ਕੇਸ ਦਰਜ ਕਰਾ ਦੇਣਾ। ਇਹ ਗੱਲਾਂ ਮੈਨੂੰ ਦਲੀਪ ਸਿੰਘ ਨੇ ਖ਼ੁਦ ਦੱਸੀਆਂ ਜਦੋਂ ਉਹ ਮਹੀਨੇ ਮਗਰੋਂ ਪਿੰਡ ਮੁੜਿਆ।
ਉਸ ਨੇ ਦੱਸਿਆ, ”ਅਸੀਂ ਫੇਰ ਓਥੇ ਈ ਰਹਿ-ਪੇ। ਗੁਰੂ ਰਾਮ ਦਾਸ ਸਰਾਂ ਪਹਿਲਾਂ ਈ ਸ਼ਰਧਾਲੂਆਂ ਨਾਲ ਭਰੀ ਹੋਈ ਸੀ। ਅਸੀਂ ਖਾਲੀ ਜਗ੍ਹਾ ਪਰਨੇ ਵਿਛਾ ਕੇ ਪੈ-ਗੇ। ਤੜਕਸਾਰ ਮੈਂ ਸਰੋਵਰ ‘ਚ ਇਸ਼ਨਾਨ ਕਰਨ ਚਲਾ ਗਿਆ। ਫੇਰ ਨਾਲ ਦਿਆਂ ਨੂੰ ਆ ਜਗਾਇਆ। ਓਦੋਂ ਚਾਰ ਸਵਾ ਚਾਰ ਦਾ ਟੈਮ ਹੋਊ ਜਦੋਂ ਠਾਹ ਠਾਹ ਗੋਲੀਆਂ ਚੱਲਣ ਲੱਗੀਆਂ। ਅਸੀਂ ਕੋਡੇ ਕੋਡੇ ਭੱਜ ਕੇ ਸਰਾਂ ‘ਚ ਜਾ ਵੜੇ।”
ਮੈਂ ਪੁੱਛਿਆ, ”ਕਿਸੇ ਨੇ ਐਲਾਨ ਨੀ ਕੀਤਾ ਕਿ ਸ਼ਰਧਾਲੂ ਬਾਹਰ ਆ ਜਾਣ?”
ਦਲੀਪ ਸਿੰਘ ਨੇ ਦੱਸਿਆ, ”ਬਿਨਾਂ ਐਲਾਨ ਦੇ ਫਾਇਰਿੰਗ ਹੋਈ। ਸਾਨੂੰ ਬਾਹਰ ਨਿਕਲਣ ਦਾ ਮੌਕਾ ਨੀ ਦਿੱਤਾ। ਜੇ ਸਾਨੂੰ ਬਾਹਰ ਨਿਕਲਣ ਨੂੰ ਕਹਿੰਦੇ ਤਾਂ ਅਸੀਂ ਅੰਦਰ ਕੀ ਕਰਨਾ ਸੀ? ਚਾਰ ਜੂਨ ਦਾ ਸਾਰਾ ਦਿਨ ਤੇ ਸਾਰੀ ਰਾਤ ਅਸੀਂ ਭੁੱਖੇ ਤਿਹਾਇਆਂ ਕੱਟੀ। ਅਗਲਾ ਦਿਨ ਵੀ ਓਵੇਂ ਈ ਨੰਘਿਆ। ਤੇਹ ਨਾਲ ਸਾਡੀ ਜਾਨ ਨਿਕਲੀ ਜਾਂਦੀ ਸੀ। ਜੁਆਕਾਂ ਦਾ ਹਾਲ ਦੇਖ ਕੇ ਜਰਿਆ ਨੀ ਸੀ ਜਾਂਦਾ। ਬਾਹਰ ਗੋਲੀਆਂ ਚੱਲੀ ਜਾਂਦੀਆਂ ਸੀ। ਅਗਲੀ ਰਾਤ ਸਰਾਂ ‘ਚ ਵੀ ਫੌਜੀਆਂ ਨੇ ਗਰਨੇਡ ਸਿੱਟੇ। ਬੱਸ ਫੇਰ ਕੀ ਸੀ ਰੋਣ ਕਰਲਾਉਣ ਤੇ ਮਰਗੇ ਮਾਰਤੇ ਦੀ ਕੁਰਲਾਹਟ ਮੱਚ-ਗੀ। ਦਿਨ ਦੇ ਚੜ੍ਹਾਅ ਨਾਲ ਉਹਨਾਂ ਨੇ ਲਾਊਡ ਸਪੀਕਰ ਤੋਂ ਆਖਿਆ ਬਈ ਜਿਹੜੇ ਜਿਊਂਦੇ ਆ ਉਹ ਹੱਥ ਖੜ੍ਹੇ ਕਰ ਕੇ ਬਾਹਰ ਆ ਜਾਣ। ਅਸੀਂ ਬਾਹਰ ਆਉਣ ਲੱਗੇ ਤਾਂ ਬਾਹਰੋਂ ਛੇ ਸੱਤ ਬੰਦੇ ਭੱਜੇ ਭੱਜੇ ਅੰਦਰ ਆਏ। ਉਹਨਾਂ ਨੇ ਰੌਲਾ ਪਾਇਆ ਬਈ ਕੋਈ ਬਾਹਰ ਨਾ ਨਿਕਲੇ, ਬਾਹਰ ਚੌਂਕ ‘ਚ ਬੰਦੇ ਮਾਰੀ ਜਾਂਦੇ ਆ। ਅਸੀਂ ਵੀ ਅੰਦਰੇ ਈ ਦੜ ਵੱਟ-ਗੇ।
”ਏਨੇ ਨੂੰ ਫੌਜੀ ਸਰਾਂ ‘ਚ ਆ ਵੜੇ। ਉਹਨਾਂ ਨੇ ਲਾਊਡ ਸਪੀਕਰ ਤੋਂ ਆਖਿਆ, ਸਾਰੇ ਜਣੇ ਕਪੜੇ ਉਤਾਰ ਕੇ, ਹੱਥ ਖੜ੍ਹੇ ਕਰ ਕੇ, ਬਾਹਰ ਨਿਕਲ ਆਉਣ, ਨਹੀਂ ਤਾਂ ਬੰਬ ਮਾਰ ਕੇ ਸਾਰਿਆਂ ਨੂੰ ਅੰਦਰ ਈ ਭੁੰਨ ਦਿਆਂਗੇ। ਅਸੀਂ ਬਾਹਰ ਆਈ ਗਏ ਤੇ ਉਹ ਸਾਨੂੰ ਪਾਣੀ ਦੀਆਂ ਟੂਟੀਆਂ ਕੋਲ ਵਿਹੜੇ ‘ਚ ਬਿਠਾਈ ਗਏ। ਬਰਾਂਡਿਆਂ ਵਿਚ ਲਾਸ਼ਾਂ ਈ ਲਾਸ਼ਾਂ ਪਈਆਂ ਸੀ। ਤੇਹ ਏਨੀ ਲੱਗੀ ਸੀ ਕਿ ਅਸੀਂ ਨਾਲੀ ‘ਚੋਂ ਲਹੂ-ਪਾਣੀ ਦੀਆਂ ਘੁੱਟਾਂ ਭਰੀਆਂ। ਫੇਰ ਛੱਤ ਤੋਂ ਗਰਨੇਡ ਡਿੱਗਿਆ ਤੇ ਨਾਲ ਈ ਮਸ਼ੀਨ ਗੰਨ ਚੱਲ-ਪੀ। ਬਿਸ਼ਨ ਸਿਓਂ ਦੀ ਪੁੜਪੁੜੀ ‘ਚ ਗੋਲੀ ਵੱਜੀ ਤੇ ਉਹ ਮੇਰੇ ‘ਤੇ ਡਿੱਗ ਪਿਆ। ਬਚਿੱਤਰ ਸਿਓਂ ਦਾ ਮੈਨੂੰ ਪਤਾ ਨਾ ਲੱਗਾ। ਬਾਬੇ ਦਾ ਵੀ ਪਤਾ ਨੀ। ਮੇਰੇ ਉਤੇ ਹੋਰ ਲਾਸ਼ਾਂ ਵੀ ਆ ਡਿੱਗੀਆਂ। ਫੇਰ ਮੈਨੂੰ ਕੋਈ ਸੁਰਤ ਨੀ ਬਈ ਕਿੰਨਾ ਚਿਰ ਗੋਲੀ ਚੱਲੀ। ਲਾਸ਼ਾਂ ਚੱਕੀਆਂ ਤਾਂ ਮੈਨੂੰ ਸੁਰਤ ਆਈ। ਮੈਂ ਅੱਖਾਂ ਖੋਲ੍ਹੀਆਂ ਤਾਂ ਫੌਜੀ ਖੜ੍ਹੇ ਦੇਖ ਕੇ ਫੇਰ ਬੰਦ ਕਰ ਲਈਆਂ। ਫੇਰ ਮੈਂ ‘ਵਾਜ ਸੁਣੀ ਬਈ ਜਿਹੜੇ ਜਿਉਂਦੇ ਆ ਉਹ ਉਠ ਖੜ੍ਹੇ ਹੋਣ ਨਹੀਂ ਤਾਂ ਲਾਸ਼ਾਂ ਦੇ ਨਾਲ ਈ ਸਾੜ ਦਿੱਤੇ ਜਾਣਗੇ। ਅਸੀਂ ਸੱਤ ਜਣੇ ਜਿਉਂਦੇ ਖੜ੍ਹੇ ਹੋਏ। ਛੇ ਬੰਦੇ ਸੀ, ਸੱਤਵੀਂ ਬੁੜ੍ਹੀ ਸੀ। ਸਾਨੂੰ ਮਿਲਟਰੀ ਦੀ ਗੱਡੀ ‘ਚ ਬਿਠਾ ਲਿਆ। ਬਾਹਰ ਇਕ ਨਿਆਣਾ ਮਾਂ ਦੀ ਲਾਸ਼ ਕੋਲ ਖੜ੍ਹਾ ਰੋਈ ਜਾਵੇ। ਸਾਡੇ ਦੇਖਦਿਆਂ ਇਕ ਫੌਜੀ ਨੇ ਉਹਦੇ ਸਿਰ ‘ਚ ਬੱਟ ਮਾਰਿਆ, ਉਹ ਡਿੱਗ ਪਿਆ ਤੇ ਰੋਣੋਂ ਹਟ ਗਿਆ!
”ਫੇਰ ਸਾਨੂੰ ਇਕ ਹਾਤੇ ‘ਚ ਲੈ-ਗੇ। ਓਥੇ ਉਹਨਾਂ ਨੇ ਕਾਲੀਆਂ ਦਾੜ੍ਹੀਆਂ ਆਲੇ ਅੱਡ ਕੱਢ-ਲੇ ਤੇ ਸਾਨੂੰ ਬੁੜ੍ਹਿਆਂ ਨੂੰ ਕਮਰਿਆਂ ‘ਚ ਤਾੜ-‘ਤਾ। ਸਾਡੇ ਤੇੜ ਬੱਸ ਕਛਹਿਰੇ ਈ ਸੀ। ਇਕ ਵੇਲੇ ਸਾਨੂੰ ਦਾਲ ਤੇ ਚੌਲ ਦਿੰਦੇ, ਦੂਜੇ ਵੇਲੇ ਸੁੱਕੀਆਂ ਰੋਟੀਆਂ। ਦੋ ਵਾਰ ਸਾਨੂੰ ਟੂਟੀਆਂ ਤੋਂ ਪਾਣੀ ਪਿਆਉਂਦੇ। ਓਥੇ ਉਹਨਾਂ ਨੇ ਸਾਡੇ ਪੰਜਿਆਂ ਦੇ ਨਿਸ਼ਾਨ ਲਏ ਤੇ ਮੁੜ-ਮੁੜ ਪੁੱਛਦੇ ਰਹੇ ਬਈ ਅੰਬਰਸਰ ਕਿਉਂ ਆਏ ਸੀ?”
ਮੈਂ ਦਲੀਪ ਸਿੰਘ ਤੋਂ ਪੁੱਛਿਆ, ”ਨਾਲ ਦੇ ਸਾਥੀਆਂ ਦਾ ਪਤਾ ਲੱਗਾ ਕੁਝ?”
ਉਸ ਨੇ ਦੱਸਿਆ, ”ਬਿਸ਼ਨ ਸਿੰਘ ਤਾਂ ਮੇਰੇ ਸਾਹਮਣੇ ਈ ਸ਼ਹੀਦੀ ਪਾ ਗਿਆ ਸੀ। ਬਚਿੱਤਰ ਸਿੰਘ ਤੇ ਬਾਬੇ ਦਾ ਕੋਈ ਪਤਾ ਨੀ ਲੱਗਾ।”
ਉਹਦੀ ਰਿਹਾਈ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ, ”ਪੰਦਰਾਂ ਵੀਹ ਦਿਨਾਂ ਪਿੱਛੋਂ ਉਹਨਾਂ ਨੇ ਸਾਨੂੰ ਜੇਲ੍ਹ ਭੇਜ-‘ਤਾ ਸੀ। ਦਸ ਬਾਰਾਂ ਦਿਨ ਜੇਲ੍ਹ ‘ਚ ਰੱਖਿਆ। ਪੁੱਛਦੇ ਰਹੇ ਬਈ ਪਿੰਡ ‘ਚ ਕੀਹਨੇ ਕੀਹਨੇ ਅੰਮ੍ਰਿਤ ਛਕਿਐ ਤੇ ਕੀਹਦੇ ਕੀਹਦੇ ਕੋਲ ਹਥਿਆਰ ਐ?ਮੈਥੋਂ ਪੁੱਛਦੇ ਬਈ ਤੂੰ ਸੰਤ ਜਰਨੈਲ ਸਿੰਘ ਦਾ ਚੇਲਾ ਤਾਂ ਨੀ? ਜਦੋਂ ਉਹਨਾਂ ਦੀ ਤਸੱਲੀ ਹੋ-ਗੀ ਤਾਂ ਉਹਨਾਂ ਨੇ ਮੈਨੂੰ ਰਿਹਾਅ ਕਰ-‘ਤਾ।”
”ਤੈਨੂੰ ਰਿਹਾਅ ਕਰਨ ਵੇਲੇ ਪੁਲਿਸ ਨੇ ਕੋਈ ਤਾਕੀਦ ਨੀ ਕੀਤੀ?” ਮੈਂ ਆਖ਼ਰੀ ਗੱਲ ਪੁੱਛੀ। ਉਸ ਨੇ ਦੁਖੀ ਦਿਲ ਨਾਲ ਦੱਸਿਆ, ”ਕੀਤੀ ਸੀ ਬਈ ‘ਗਾਹਾਂ ਕੋਈ ਗੱਲ ਨਾ ਕਰੀਂ। ਪਰ ਹੱਡੀਂ ਬੀਤੀਆਂ ਕਦੋਂ ਭੁੱਲਦੀਐਂ?”
ੲੲੲ
ਦਹਿਸ਼ਤੀ ਦਿਨ ਸਨ। ਪੁਲਿਸ ਮੁੰਡੇ ਚੁੱਕ ਰਹੀ ਸੀ ਤੇ ਦਹਿਸ਼ਤੀ ਫਿਰੌਤੀ ਦੀਆਂ ਚਿੱਠੀਆਂ ਲਿਖ ਰਹੇ ਸਨ। ਠਾਣੇਦਾਰ ਸੁਨੇਹਾ ਭੇਜਦਾ, ”ਮੁੰਡਾ ਤੁਹਾਡਾ ਕਤਲ ਮੰਨੀ ਬੈਠੈ। ਐਨੇ ਪੈਸੇ ਲੈ ਆਓ, ਨਹੀਂ ਤਾਂ ਮੁਕਾਬਲਾ ਤਿਆਰ ਐ!” ਦਹਿਸ਼ਤੀਆਂ ਦਾ ਲਿਖਿਆ ਹੁੰਦਾ ਸੀ, ”ਐਨੇ ਪੈਸੇ ਫਲਾਣੀ ਥਾਂ ਧਰ ਦਿਓ, ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ!”
ਮੈਨੂੰ ਜਰਨੈਲ ਸਿੰਘ ਹਲਵਾਰਾ ਦੇ ਨਾਂ ਦੀ ਬਰੰਗ ਚਿੱਠੀ ਮਿਲੀ ਕਿ ਸੈਂਤੀ ਹਜ਼ਾਰ ਰੁਪਏ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਚੜ੍ਹਦੇ ਪਾਸੇ ਜਿਥੇ ਜਗਰਾਓਂ ਨੂੰ ਜਾਣ ਵਾਲੇ ਬਾਬਾ ਨੰਦ ਸਿੰਘ ਮਾਰਗ ਦਾ ਬੋਰਡ ਲੱਗਾ ਹੈ, ਡੂਢ ਫੁੱਟ ਟੋਆ ਪੁੱਟ ਕੇ ਰੱਖ ਦੇਣੇ ਤੇ ਬੋਰਡ ‘ਤੇ ਖਾਲਿਸਤਾਨ ਜਿੰਦਾਬਾਦ ਲਿਖ ਦੇਣਾ। ਜੇ ਕਿਸੇ ਨੂੰ ਦੱਸਿਆ ਤਾਂ ਸਾਰੇ ਪਰਿਵਾਰ ਨੂੰ ਸੋਧ ਦਿੱਤਾ ਜਾਊ। ਪੱਕੀ ਤਾਰੀਖ ਤਾਂ ਯਾਦ ਨਹੀਂ ਪਰ ਮਹੀਨਾ ਮਈ 1986 ਦਾ ਸੀ।
ਮੈਂ ਚਿੱਠੀ ਲੈ ਕੇ ਠਾਣੇ ਮਹਿਣੇ ਗਿਆ। ਠਾਣੇਦਾਰ ਨੇ ਚਿੱਠੀ ਪੜ੍ਹ ਕੇ ਉਪਰਲੇ ਅਫਸਰਾਂ ਨੂੰ ਮਿਲਣ ਨੂੰ ਕਿਹਾ। ਫਿਰ ਮੈਂ ਫਰੀਦਕੋਟ ਦੇ ਐੱਸ. ਐੱਸ. ਪੀ. ਨੂੰ ਮਿਲਣ ਗਿਆ। ਉਹ ਉਥੇ ਹੈ ਨਹੀਂ ਸੀ ਪਰ ਮੈਨੂੰ ਡਿਪਟੀ ਕਮਿਸ਼ਨਰ ਭੂਪਿੰਦਰ ਸਿੰਘ ਸਿੱਧੂ ਮਿਲ ਗਿਆ। ਚਿੱਠੀ ਨੂੰ ਨੀਝ ਨਾਲ ਪੜ੍ਹਦਿਆਂ ਉਸ ਨੇ ਕਿਹਾ ਇਹ ਜਾਅ੍ਹਲੀ ਲੱਗਦੀ ਐ।
ਮੈਂ ਵੀ ਚਿੱਠੀ ਨੀਝ ਨਾਲ ਵੇਖੀ। ਮੇਰੇ ਨਾਂ ਦਾ ਸੱਸਾ ਘੁੰਡੀ ਪਾ ਕੇ ਲਿਖਿਆ ਸੀ ਤੇ ਸਿੰਘ ਦਾ ਸੱਸਾ ਦੋ ਸਿੱਧੀਆਂ ਲਕੀਰਾਂ ਨੂੰ ਸਿੱਧੀ ਲਕੀਰ ਨਾਲ ਮਿਲਾ ਕੇ ਲਿਖਿਆ ਸੀ। ਜਰਨੈਲ ਦਾ ਲੱਲਾ ਹੋਰ ਤਰ੍ਹਾਂ ਪਾਇਆ ਹੋਇਆ ਸੀ ਤੇ ਹਲਵਾਰੇ ਦਾ ਹੋਰ ਤਰ੍ਹਾਂ। ਸਾਫ ਜ਼ਾਹਰ ਸੀ ਕਿ ਲਿਖਣ ਵਾਲੇ ਨੇ ਲਿਖਾਈ ਪਛਾਣੀ ਜਾਣ ਦੇ ਡਰੋਂ ਅਜਿਹਾ ਕੀਤਾ ਸੀ। ਹੋਰ ਵੀ ਕਈ ਅੱਖਰ ਕਿਤੇ ਕਿਵੇਂ ਲਿਖੇ ਸਨ ਤੇ ਕਿਤੇ ਕਿਵੇਂ। ਚਿੱਠੀ ਨੇ ਹੋਰ ਕੁਛ ਤਾਂ ਨਾ ਕੀਤਾ ਪਰ ਮੇਰਾ ਰਿਵਾਲਵਰ ਦਾ ਲਸੰਸ ਬਣਵਾ ਦਿੱਤਾ। ਰਿਵਾਲਵਰ ਖਰੀਦਣ ਬਾਰੇ ਮੈਂ ਜਸਵੰਤ ਸਿੰਘ ਕੰਵਲ ਦੀ ਸਲਾਹ ਲੈ ਬੈਠਾ। ਉਹ ਕਹਿਣ ਲੱਗਾ, ”ਮੇਰਾ ਵੈਬਲੇ ਸਕਾਟ ਵਿਕਾਊ ਐ। ਤੂੰ ਹੋਰਨਾਂ ਤੋਂ ਹਜ਼ਾਰ ਘੱਟ ਦੇ ਦੇਈਂ।”
ਅੱਧੀ ਰਾਤ ਤਕ ਮੈਂ ਸੋਚਦਾ ਰਿਹਾ ਕਿ ਜਿਸ ਬਲਾਅ ਤੋਂ ਕੰਵਲ ਖਹਿੜਾ ਛੁਡਾ ਰਿਹੈ ਉਹਨੂੰ ਮੈਂ ਆਪਣੇ ਗਲ ਕਿਉਂ ਪੁਆਵਾਂ? ਸੋਚ ਵਿਚਾਰ ਕੇ ਮੈਂ ਲਸੰਸ ਹੀ ਰੱਦ ਕਰਵਾ ਦਿੱਤਾ। ਕੰਵਲ ਦਾ ਰਿਵਾਲਵਰ ਪਤਾ ਨਹੀਂ ਵਿਕਿਆ ਜਾਂ ਨਹੀਂ ਪਰ ਮੈਂ ਉਸ ਬਿਪਤਾ ਤੋਂ ਜ਼ਰੂਰ ਬਚ ਗਿਆ ਜਿਹੜੀ ਮੇਰੇ ਦੋਸਤ ਮਹਿੰਦਰ ਦੀ ਜਾਨ ਲੈ ਬੈਠੀ!
ੲੲੲ
ਉਹਨਾਂ ਉਤੇ ਅਕਾਲ ਪੁਰਖ ਦੀ ਕਿਰਪਾ ਹੀ ਕਹੋ ਜਿਹੜੇ ਪੰਜਾਬ ਦੇ ਦਹਿਸ਼ਤੀ ਦੌਰ ‘ਚ ਬਚੇ ਰਹੇ! ਕਿਸੇ ਨੂੰ ਬੱਸ ‘ਚੋਂ ਲਾਹ ਕੇ ਮਾਰ ਦਿੱਤਾ ਜਾਂਦਾ, ਕਿਸੇ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ। ਮੈਨੂੰ ਮਿਲੀ ਚਿੱਠੀ ਸੱਚਮੁੱਚ ਹੀ ਇਨਾਮੀ ਖਾੜਕੂ ਜਰਨੈਲ ਸਿੰਘ ਹਲਵਾਰਾ ਦੀ ਹੁੰਦੀ ਤਾਂ ਮੇਰਾ ਵੀ ਕੀ ਭਰੋਸਾ ਸੀ? ਹੋ ਸਕਦੈ ਮੇਰੇ ਨਾਲ ਸਾਰਾ ਪਰਿਵਾਰ ਹੀ ਸੋਧ ਦਿੱਤਾ ਜਾਂਦਾ। ਮੈਂ ਆਪਣੇ ਬੱਚਿਆਂ ਦੇ ਮਾਰੇ ਜਾਣ ਬਾਰੇ ਸੋਚ ਕੇ ਕੰਬ ਗਿਆ ਸਾਂ। ਬੱਚਿਆਂ ਨੂੰ ਪਤਾ ਵੀ ਨਹੀਂ ਸੀ ਲੱਗਣਾ ਕਿ ਉਨ੍ਹਾਂ ਨੂੰ ਕਾਹਦੀ ਸਜ਼ਾ ਮਿਲੀ?
ਖ਼ੈਰ ਚਿੱਠੀ ਵਾਲੀ ਬਿਪਤਾ ਟਲ ਗਈ। ਇਕ ਦਿਨ ਖਾੜਕੂਆਂ ਦੇ ਸੱਦੇ ‘ਤੇ ਸਕੂਲਾਂ ਕਾਲਜਾਂ ਵਿਚ ਹੜਤਾਲ ਸੀ। ਮੈਂ ਹਲਵਾਰੇ ਦੀ ਫੌਜੀ ਕੰਟੀਨ ਤੋਂ ਰੰਮ ਲੈਣ ਚਲਾ ਗਿਆ। ਬੋਤਲਾਂ ਸਕੂਟਰ ਦੀ ਡਿੱਕੀ ‘ਚ ਰੱਖ ਕੇ ਸਧਾਰ ਪੁਲ ਤੋਂ ਨਹਿਰ ਦੀ ਪਟੜੀ ਮੁੜ ਪਿਆ। ਉਦੋਂ ਈ ਪਤਾ ਲੱਗਾ ਜਦੋਂ ਕਾਹਾਂ ਦੇ ਬੂਝਿਆਂ ਉਹਲਿਓਂ ਦੋ ਬੰਦੇ ਨਿਕਲੇ ਜਿਨ੍ਹਾਂ ਸਕੂਟਰ ਰੋਕਣ ਲਈ ਹੱਥ ਖੜ੍ਹਾ ਕਰ ਦਿੱਤਾ। ਨਹਿਰ ਦੇ ਦੂਜੇ ਪਾਸੇ ਹਲਵਾਰਾ ਹੈ। ਮੈਨੂੰ ਜਰਨੈਲ ਸਿੰਘ ਹਲਵਾਰਾ ਯਾਦ ਆ ਗਿਆ। ਜੇ ਸਕੂਟਰ ਰੋਕਦਾ ਤਾਂ ਵੀ ਮੌਤ ਸੀ, ਜੇ ਨਹੀਂ ਸੀ ਰੋਕਦਾ ਤਾਂ ਪਿੱਛੋਂ ਗੋਲੀ ਆ ਸਕਦੀ ਸੀ। ਸਹਿਮੇ ਹੋਏ ਨੇ ਸਕੂਟਰ ਰੋਕ ਲਿਆ। ਦੋਵੇਂ ਜਣੇ ਮੇਰੇ ਪਿੱਛੇ ਬਹਿ ਗਏ ਤੇ ਕਹਿੰਦੇ, ”ਚੱਲ।”
ਮੈਂ ਚੱਲ ਪਿਆ। ਉਹ ਹਿਲਦੇ ਤਾਂ ਅਏਂ ਲੱਗਦਾ ਜਿਵੇਂ ਹਥਿਆਰ ਸਿੱਧਾ ਕਰਦੇ ਹੋਣ। ਮੈਂ ਸੋਚਾਂ ਕਿ ਰਿਵਾਲਵਰ ਗਿੱਚੀ ਨਾਲ ਲਾਉਣਗੇ। ਇਕ ਵਾਰ ਲੱਗਾ ਵੀ ਜਿਵੇਂ ਉਹਨਾਂ ਨੇ ਮੇਰੀ ਗਿੱਚੀ ਨਾਲ ਕੁਛ ਲਾਇਆ ਹੋਵੇ। ਇਹ ਅੰਤਲਾ ਸਮਾਂ ਸੀ। ਬੱਸ ਇਕ ਮਿੰਟ ਤੇ ਖੇਡ ਖ਼ਤਮ! ਸਧਾਰ ਪਹੁੰਚ ਕੇ ਮੇਰੇ ਮੂੰਹੋਂ ਮਸਾਂ ਬੋਲ ਨਿਕਲੇ, ”ਬਾਬਿਓ, ਮੈਂ ਤਾਂ ਐਥੇ ਤਕ ਈ ਆਉਣਾ ਸੀ। ਤੁਹਾਨੂੰ ਲੋੜ ਐ ਤਾਂ ਸਕੂਟਰ ਲੈ-ਜੋ।”
ਉਹ ਚੁੱਪ ਚਾਪ ਸਕੂਟਰ ਤੋਂ ਉੱਤਰੇ ਤੇ ਬਿਨਾਂ ਕੁਝ ਕਹੇ ਪੁਲ ਉਤੋਂ ਦੀ ਹਲਵਾਰੇ ਵੱਲ ਚਲੇ ਗਏ। ਮੇਰੀ ਜਾਨ ‘ਚ ਜਾਨ ਆਈ। ਮੈਂ ਸੋਚਿਆ, ਜੇ ਉਹ ਸੱਚੀਂ ਜਰਨੈਲ ਸਿੰਘ ਹਲਵਾਰਾ ਹੁੰਦਾ ਤੇ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ ਉਹੀ ਪ੍ਰੋਫੈਸਰ ਸਾਂ ਜੀਹਨੇ ਚਿੱਠੀ ਮਿਲਣ ਦੇ ਬਾਵਜੂਦ ਪੈਸੇ ਨਹੀਂ ਸੀ ਰੱਖੇ, ਫਿਰ ਕੀ ਹੁੰਦਾ? ਮੇਰਾ ਏਥੇ ਹੀ ਦਾਣਾ ਪਾਣੀ ਮੁੱਕ ਜਾਂਦਾ ਤੇ ਮੇਰੀ ਲਾਸ਼ ਨਹਿਰ ‘ਚ ਰੋੜ੍ਹ ਦਿੱਤੀ ਜਾਂਦੀ।
ੲੲੲ
ਢੁੱਡੀਕੇ ਤੋਂ ਚਕਰ ਪਹੁੰਚਣ ਨੂੰ ਅੱਧਾ ਘੰਟਾ ਲੱਗਦੈ। ਜਿੱਦਣ ਮੇਰਾ ਮੂਡ ਹੁੰਦਾ ਮੈਂ ਚਾਰ ਕੁ ਵਜੇ ਚੱਲਦਾ, ਘਰ ਦਿਆਂ ਨੂੰ ਮਿਲ ਕੇ ਆਪਣੇ ਆੜੀ ਕਾਮਰੇਡ ਮਹਿੰਦਰ ਸੈਕਟਰੀ ਕੋਲ ਚਲਾ ਜਾਂਦਾ। ਉਹ ਪੀਣ ਖਾਣ ਦਾ ਜੁਗਾੜ ਕਰ ਲੈਂਦਾ ਤੇ ਅਸੀਂ ਤਰਾਰੇ ‘ਚ ਇਨਕਲਾਬ ਲਿਆਉਣ ਲੱਗਦੇ। ਉਹਦੇ ਘਰ ਲੈਨਿਨ ਦੀ ਆਦਮਕੱਦ ਤਸਵੀਰ ਲੱਗੀ ਹੋਈ ਸੀ ਤੇ ਪ੍ਰਗਤੀ ਪ੍ਰਕਾਸ਼ਨ ਦੀਆਂ ਪੁਸਤਕਾਂ ਸਨ। ਮਾਓ ਤੇ ਸਟਾਲਿਨ ਦੇ ਫੋਟੋ ਵੀ ਸਨ। ਉਹਦੇ ਕੋਲ ਅਠੱਤੀ ਬੋਰ ਦਾ ਰਿਵਾਲਵਰ ਤੇ ਬੁਲਿਟ ਮੋਟਰ ਸਾਈਕਲ ਵੀ ਸੀ।
ਇਕ ਸ਼ਾਮ ਮੈਂ ਢੁੱਡੀਕੇ ਤੋਂ ਪਿੰਡ ਪਹੁੰਚਾ ਤਾਂ ਅਮਰੀਕਾ ਤੋਂ ਮੇਰਾ ਭਰਾ ਭਜਨ ਆਇਆ ਹੋਇਆ ਸੀ। ਅਸੀਂ ਗੱਲੀਂ ਲੱਗੇ ਰਹੇ। ਆਮ ਕਰ ਕੇ ਮੈਂ ਅੱਧਾ ਕੁ ਘੰਟਾ ਘਰ ਠਹਿਰ ਕੇ ਮਹਿੰਦਰ ਵੱਲ ਚਲਾ ਜਾਂਦਾ ਸਾਂ। ਉੱਦਣ ਨਹੀਂ ਜਾ ਸਕਿਆ। ਦਿਨ ਅਜੇ ਛਿਪਿਆ ਈ ਸੀ ਕਿ ਏ. ਕੇ. ਸੰਤਾਲੀ ਦੇ ਕੰਨ ਪਾੜਵੇਂ ਫਾਇਰ ਗੂੰਜੇ। ਇਓਂ ਲੱਗਾ ਜਿਵੇਂ ਬਾਹਰ ਬੀਹੀ ਵਿਚ ਈ ਗੋਲੀਆਂ ਚੱਲੀਆਂ ਹੋਣ। ਤੁਰਤ ਕੁੰਡੇ ਜਿੰਦੇ ਲੱਗ ਗਏ। ਸਾਨੂੰ ਸ਼ੱਕ ਪਿਆ ਕਿਤੇ ਅਮਰੀਕਾ ਤੋਂ ਆਏ ਭਜਨ ਦੀ ਲੁੱਟ ਖੋਹ ਨਾ ਕਰਨੀ ਹੋਵੇ। ਸਾਰਾ ਪਿੰਡ ਛਾਪਲ ਗਿਆ। ਕੁੱਤੇ ਵੀ ਨਹੀਂ ਸੀ ਭੌਂਕ ਰਹੇ। ਭਜਨ ਵੀ ਭੈਭੀਤ ਸੀ ਕਿ ਉਹਦੇ ਆਉਣ ਸਾਰ ਇਹ ਕੀ ਹੋ ਗਿਆ ਸੀ? ਮੇਰੇ ਮਨ ‘ਚ ਉਹੀ ਚਿੱਠੀ ਵਾਲਾ ਡਰ ਜਾਗ ਪਿਆ ਸੀ। ਮਨਾਂ ਕੀ ਪਤਾ ਉਹ ਚਿੱਠੀ ਜਾਅ੍ਹਲੀ ਨਾ ਹੀ ਹੋਵੇ? ਕੀ ਪਤਾ ਉਹਦੇ ‘ਤੇ ਅਮਲ ਅੱਜ ਭਜਨ ਦੇ ਆਏ ਤੋਂ ਹੀ ਹੋਣਾ ਹੋਵੇ? ਸਾਰੇ ਪਰਿਵਾਰ ਨੂੰ ਜੁ ਸੋਧਣਾ ਸੀ।
ਸਵੇਰੇ ਮਹਿੰਦਰ ਦਾ ਲੜਕਾ ਸਾਡੇ ਘਰ ਆਇਆ। ਉਸ ਨੇ ਡੁਸਕਦਿਆਂ ਦੱਸਿਆ ਕਿ ਅੱਤਵਾਦੀ ਉਹਦੇ ਪਾਪੇ ਨੂੰ ਮਾਰ ਗਏ। ਦਿਨ ਛਿਪੇ ਜਿਹੜੀਆਂ ਗੋਲੀਆਂ ਚੱਲੀਆਂ ਉਹ ਉਹਦੇ ‘ਤੇ ਈ ਚੱਲੀਆਂ ਸੀ। ਉਹ ਰਿਵਾਲਵਰ ਮੰਗਦੇ ਸੀ। ਪਾਪਾ ਭੱਜ ਪਿਆ ਸੀ। ਭੱਜੇ ਜਾਂਦੇ ਦੇ ਏ. ਕੇ. ਸੰਤਾਲੀ ਦਾ ਬ੍ਰੱਸਟ ਮਾਰ ਗਏ। ਲਾਸ਼ ਅਜੇ ਓਥੇ ਈ ਪਈ ਐ। ਮੈਨੂੰ ਵੈਬਲੇ ਸਕਾਟ ਯਾਦ ਆ ਗਿਆ। ਮਹਿੰਦਰ ਵਾਂਗ ਉਹਨੇ ਵੀ ਮੈਨੂੰ ਲੈ ਬਹਿਣਾ ਸੀ!
ਮਰਨ ਮਾਰਨ ਦੀਆਂ ਖ਼ਬਰਾਂ ਰੋਜ਼ ਪੜ੍ਹਦੇ ਸੁਣਦੇ ਹੋਣ ਕਾਰਨ ਇਹ ਖ਼ਬਰ ਕੋਈ ਅਸਚਰਜ ਨਹੀਂ ਸੀ ਪਰ ਮੇਰੇ ਲਈ ਇਸ ਦੇ ਕੁਝ ਹੋਰ ਅਰਥ ਸਨ। ਮੈਂ ਸੋਚਣ ਲੱਗਾ, ”ਜੇ ਭਜਨ ਨਾ ਆਇਆ ਹੁੰਦਾ ਤਾਂ ਮੈਂ ਘਰ ਦਿਆਂ ਨੂੰ ਮਿਲ ਕੇ ਮਹਿੰਦਰ ਵੱਲ ਚਲੇ ਜਾਣਾ ਸੀ। ਗੱਲਾਂ ਕਰਦਿਆਂ ਓਥੇ ਦਿਨ ਛਿਪ ਜਾਣਾ ਸੀ। ਉਹ ਜਿਹੜੇ ਉਹਨੂੰ ਮਾਰਨ ਆਏ ਸਨ ਉਨ੍ਹਾਂ ਨੇ ਮੈਨੂੰ ਕਿਹੜਾ ਬਖਸ਼ਣਾ ਸੀ? ਆਹ ਮਹਿੰਦਰ ਕੱਲ੍ਹ ਚੰਗਾ ਭਲਾ ਸੀ, ਅੱਜ ਖ਼ਤਮ ਐਂ! ਇਹੋ ਕੁਝ ਮੇਰੇ ਨਾਲ ਹੋਣਾ ਸੀ।”
ਮੈਂ ਮੁੰਡੇ ਨੂੰ ਦਿਲਾਸਾ ਦਿੱਤਾ ਤੇ ਸਕੂਟਰ ਉਤੇ ਬਿਠਾ ਕੇ ਉਨ੍ਹਾਂ ਦੇ ਘਰ ਵੱਲ ਚੱਲ ਪਿਆ। ਪਿੰਡ ਦਾ ਕੋਈ ਬੰਦਾ ਅਜੇ ਬਾਹਰ ਨਹੀਂ ਸੀ ਨਿਕਲਿਆ। ਉਂਜ ਅੰਦਰੋ ਅੰਦਰ ਖ਼ਬਰ ਹੋ ਗਈ ਸੀ ਕਿ ਮਹਿੰਦਰ ਸੈਕਟਰੀ ਮਾਰਿਆ ਗਿਆ। ਸਿਆਲੂ ਠੰਢ ਨਾਲ ਆਕੜੀ ਉਹਦੀ ਲਾਸ਼ ਬਾਹਰਲੀ ਕੰਧ ਕੋਲ ਪਈ ਸੀ। ਜਿਥੇ ਗੋਲੀਆਂ ਵੱਜੀਆਂ ਉਥੇ ਖੂਨ ਜੰਮਿਆ ਹੋਇਆ ਸੀ। ਅੱਤਵਾਦੀਆਂ ਦੀ ਏਨੀ ਦਹਿਸ਼ਤ ਸੀ ਕਿ ਆਂਢੀਆਂ ਗੁਆਂਢੀਆਂ ਨੇ ਮਹਿੰਦਰ ਦੇ ਘਰ ਜਾਣ ਦਾ ਹੀਆ ਨਹੀਂ ਸੀ ਕੀਤਾ। ਆਪਣੇ ਹੀ ਪਿੰਡ ਤੇ ਆਪਣੇ ਹੀ ਘਰ ਦੀ ਕੰਧ ਕੋਲ, ਲੋਕਾਂ ਦੇ ਕੰਮ ਆਉਣ ਵਾਲੇ ਇਸ ਲੋਕ-ਹਿਤੈਸ਼ੀ ਦਾ ਇਹ ਕੈਸਾ ਮਰਨ ਸੀ! ਬਹਾਦਰ ਕਹੇ ਜਾਂਦੇ ਪੰਜਾਬੀ ਕਿੰਨੇ ਡਰਪੋਕ ਹੋ ਗਏ ਸਨ?
ਮੈਂ ਪੰਚ ਦਲਜੀਤ ਸਿੰਘ ਕੋਲ ਗਿਆ ਬਈ ਚੱਲੀਏ ਪੁਲਿਸ ਨੂੰ ਇਤਲਾਹ ਦੇਈਏ। ਬਾਹਰ ਖੇਤਾਂ ‘ਚ ਰਹਿੰਦੇ ਸਰਪੰਚ ਸੁਰਜੀਤ ਸਿੰਘ ਨੂੰ ਵੀ ਉਠਾਲ ਲਿਆ। ਹਠੂਰ ਚੌਕੀ ‘ਚ ਇਤਲਾਹ ਦਿੱਤੀ ਤਾਂ ਪੁਲਸੀਆਂ ਨੇ ਤੁਰਦਿਆਂ ਹੀ ਘੰਟਾ ਲਾ ਦਿੱਤਾ। ਉਨ੍ਹਾਂ ਨੇ ਲਿਖਾ ਪੜ੍ਹੀ ਕੀਤੀ ਤੇ ਲਾਸ਼ ਪੋਸਟ ਮਾਰਟਮ ਲਈ ਜਗਰਾਓਂ ਭੇਜ ਦਿੱਤੀ। ਪਿੱਛੋਂ ਚੁੱਪ ਕਰ ਕੇ ਭੋਗ ਪਾ ਦਿੱਤਾ ਗਿਆ।
ਪੰਜਾਬ ਦਾ ਸ਼ਾਇਦ ਹੀ ਕੋਈ ਘਰ ਹੋਵੇ ਜੀਹਦਾ ਕੋਈ ਰਿਸ਼ਤੇਦਾਰ ਜਾਂ ਨੇੜ ਤੇੜ ਦਾ ਦਹਿਸ਼ਤੀ ਦੌਰ ‘ਚ ਅਣਿਆਈ ਮੌਤੇ ਨਾ ਮਾਰਿਆ ਗਿਆ ਹੋਵੇ। ਮੇਰੇ ਸਾਂਢੂ ਦਾ ਪ੍ਰੀ ਮੈਡੀਕਲ ‘ਚ ਪੜ੍ਹਦਾ ਮੁੰਡਾ ਪੁਲਿਸ ਨੇ ਘਰੋਂ ਭਜਾ ਦਿੱਤਾ। ਅਸੀਂ ਲੱਭ ਕੇ ਲਿਆਉਂਦੇ, ਪੁਲਿਸ ਫੇਰ ਕਿਸੇ ਵਾਰਦਾਤ ਦੇ ਬਹਾਨੇ ਬੰਨ੍ਹ ਲੈਂਦੀ ਤੇ ਪੈਸੇ ਲੈਂਦੀ ਰਹਿੰਦੀ। ਸਾਂਢੂ ਬੈਂਕ ਮੈਨੇਜਰ ਸੀ। ਉਹ ਸਮਝਦਾ, ਮੁੰਡਾ ਬਚ ਜਾਏ, ਪੈਸਿਆਂ ਦਾ ਕੀ ਐ? ਪਰ ਅਸੀਂ ਹਰ ਹੀਲਾ ਵਰਤ ਕੇ ਵੀ ਉਸ ਹੋਣਹਾਰ ਮੁੰਡੇ ਨੂੰ ਬਚਾ ਨਾ ਸਕੇ ਤੇ ਉਸ ਨੂੰ ਇਕ ਦਿਨ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ।
ਮੇਰੇ ਭਰਾ ਦਾ ਸਾਲਾ ਕਬੱਡੀ ਦਾ ਖਿਡਾਰੀ ਸੀ। ਉਸ ਦਾ ਪਿਤਾ ਪਿੰਡ ਦਾ ਸਰਪੰਚ ਸੀ। ਪਹਿਲਾਂ ‘ਬਾਬੇ’ ਸਰਪੰਚ ਨੂੰ ਪਏ ਫਿਰ ਉਸ ਦੇ ਨੌਜੁਆਨ ਪੁੱਤਰ ਨੂੰ ਚੁੱਕ ਲਿਆ। ਇਕ ਰਾਤ ਕਹਿੰਦੇ, ਚੱਲ ਤੈਨੂੰ ਘਰ ਛੱਡ ਆਈਏ। ਘਰ ਕੋਲ ਲਿਆ ਕੇ ਗੋਲੀਆਂ ਮਾਰ ਦਿੱਤੀਆਂ ਤਾਂ ਜੋ ਘਰ ਦਿਆਂ ਨੂੰ ਪਤਾ ਲੱਗ ਜਾਵੇ ਤੇ ਉਹ ਆਪਣੇ ਖਿਡਾਰੀ ਪੁੱਤਰ ਦਾ ਮੂੰਹ ਵੇਖ ਲੈਣ। ਪਿੰਡ ‘ਚ ਦਹਿਸ਼ਤ ਪਾ ਦਿੱਤੀ ਕਿ ‘ਬਾਬੇ’ ਇਹ ਕੁਛ ਵੀ ਕਰ ਸਕਦੇ ਨੇ!
ਇਕ ਦਿਨ ਬਾਬੇ ਢੁੱਡੀਕੇ ਸਕੂਲ ਵਿਚ ਆ ਗਏ। ਉਹ ਇਕ ਘੋਨੇ ਮਾਸਟਰ ਨੂੰ ਲੱਭ ਰਹੇ ਸਨ ਜਿਸ ਨੂੰ ਟਾਇਲਟਾਂ ਵਿਚ ਲੁਕੋ ਕੇ ਬਚਾ ਲਿਆ ਗਿਆ। ਦੌਧਰ ਦੇ ਸਕੂਲ ਵਿਚ ਇਕ ਘੋਨਾ ਮਾਸਟਰ ਬੱਚਿਆਂ ਦੀ ਹਾਜ਼ਰੀ ਲਾਉਂਦਾ ਮਾਰਿਆ ਗਿਆ। ਸਾਡੇ ਕਾਲਜ ਵਿਚ ਕੋਈ ਅਨੋਭੜ ਬੰਦਾ ਆਉਂਦਾ ਤਾਂ ਅਸੀਂ ਆਸੇ ਪਾਸੇ ਹੋ ਜਾਣ ‘ਚ ਬਚਾਅ ਸਮਝਦੇ। ਇਕ ਦਿਨ ਪੁਲਿਸ ਆਈ ਕਿ ਕਾਲਜ ਵਿਚ ਜਰਨੈਲ ਸਿੰਘ ਨਾਂ ਦੇ ਜਿਹੜੇ ਵਿਦਿਆਰਥੀ ਪੜ੍ਹਦੇ ਆ ਉਨ੍ਹਾਂ ਦੇ ਨਾਂ ਪਤੇ ਦੇਵੋ, ਸਾਥੋਂ ਉਤਲਿਆਂ ਨੇ ਮੰਗੇ ਆ। ਉਨ੍ਹਾਂ ਲਈ ਜਰਨੈਲ ਸਿੰਘ ਨਾਂ ਦਾ ਹਰੇਕ ਵਿਦਿਆਰਥੀ ਹੀ ਅੱਤਵਾਦੀ ਸੀ!
ਇਕ ਦਿਨ ਮੈਂ ਮਹਿਣੇ ਠਾਣੇ ਮੂਹਰ ਦੀ ਲੰਘਿਆ ਤਾਂ ਉਥੇ ਨਿਰੇ ਇੰਟਰਨੈਸ਼ਨਲ ਟ੍ਰੈਕਟਰ ਖੜ੍ਹੇ। ਪਤਾ ਲੱਗਾ ਕਿ ਕਿਸੇ ਵਾਰਦਾਤ ‘ਚ ਇੰਟਰਨੈਸ਼ਨਲ ਟ੍ਰੈਕਟਰ ਵਰਤਿਆ ਗਿਆ ਸੀ ਜਿਸ ਕਰਕੇ ਸਾਰੇ ਇੰਟਰਨੈਸ਼ਨਲ ਟ੍ਰੈਕਟਰ ਫੜ ਲਏ! ਪੁਲਿਸ ਕੋਲ ਚੋਰੀ ਦਾ ਫੜਿਆ ਇਕ ਰੋਡਾ ਸਕੂਟਰ ਵੀ ਸੀ। ਮੁਖ਼ਬਰ ਸਕੂਟਰ ‘ਤੇ ਚੜ੍ਹਦਾ ਤੇ ਵਿਗੜ ਗਿਆ ਕਹਿ ਕੇ ਕਿਸੇ ਦੇ ਘਰ ਖੜ੍ਹਾਅ ਆਉਂਦਾ ਬਈ ਸਵੇਰੇ ਮਕੈਨਿਕ ਲਿਆ ਕੇ ਲੈ ਜਾਵਾਂਗਾ। ਸਵੇਰੇ ਮਕੈਨਿਕ ਦੀ ਥਾਂ ਪੁਲਿਸ ਆਉਂਦੀ ਤੇ ਸਕੂਟਰ ਕਿਸੇ ਅੱਤਵਾਦੀ ਦਾ ਦੱਸ ਕੇ ਘਰ ਦੇ ਨੌਜੁਆਨ ਮੁੰਡੇ ਨੂੰ ਲੈ ਜਾਂਦੀ। ਠਾਣਿਓਂ ਖ਼ਬਰ ਆਉਂਦੀ ਕਿ ਮੁੰਡਾ ਥੋਡਾ ਅੱਤਵਾਦੀਆਂ ਨਾਲ ਰਲਿਆ ਹੋਇਐ ਤੇ ਕਤਲ ਵੀ ਮੰਨੀ ਬੈਠੈ। ਘਰ ਦੇ ਕਿੱਲਾ ਖੰਡ ਗਹਿਣੇ ਧਰ ਕੇ ਮੁੰਡਾ ਛਡਾਉਂਦੇ। ਅਗਲੀ ਰਾਤ ਉਹੀ ਰੋਡਾ ਸਕੂਟਰ ਕਿਸੇ ਹੋਰ ਦਾ ਘਰ ਜਾ ਪੁੱਟਦਾ।
ਲਾਈਆਂ ਬੁਝਾਈਆਂ ਨੇ ਪੰਜਾਬ ਪੰਜਾਹ ਸਾਲ ਪਿੱਛੇ ਪਾ ਦਿੱਤੈ। ਲਾਉਣ ਬੁਝਾਉਣ ਵਾਲੇ ਅਜੇ ਵੀ ਨਹੀਂ ਹਟ ਰਹੇ। ਸਿਆਣੇ ਕਹਿੰਦੇ ਹਨ, ਅੱਗ ਲੱਗਦਿਆਂ ਬੁਝਾ ਲਈ ਜਾਵੇ ਤਾਂ ਬੁਝ ਜਾਂਦੀ ਹੈ। ਜੇ ਭਾਂਬੜ ਬਣ ਜਾਵੇ ਤਾਂ ਬੁਝਾਉਣ ਵਾਲਿਆਂ ਨੂੰ ਵੀ ਲੈ ਬਹਿੰਦੀ ਹੈ! ਵੇਖਣਾ ਕਿਤੇ ਨਵੀਆਂ ਬਾਲੀਆਂ ਜਾ ਰਹੀਆਂ ਸੀਖਾਂ ਫਿਰ ਭਾਂਬੜ ਨਾ ਬਣ ਜਾਣ?

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …