Breaking News
Home / ਨਜ਼ਰੀਆ / ਧਰਤੀ-ਅੰਮਾਂ ਬੀਮਾਰ ਹੈ

ਧਰਤੀ-ਅੰਮਾਂ ਬੀਮਾਰ ਹੈ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
ਪਾਤਰ :
ਅਸਲਮ (ਇਕ ਪੰਦਰਾਂ ਕੁ ਸਾਲ ਦਾ ਮੁੰਡਾ),
ਧਰਤੀ  (ਪੀਲੇ ਕਾਲੇ ਧੱਬਿਆਂ ਵਾਲੇ ਫਟੇ ਪੁਰਾਣੇ ਕੱਪੜੇ ਪਾਈ ਇਕ ਅਧਖੜ੍ਹ ਔਰਤ) ,
ਲੇਡੀ ਡਾਕਟਰ
ਪਟਕਥਾ:
ਕਾਂਡ ਪਹਿਲਾ
ਸਥਾਨ – ਕਿਸੇ ਮਹਾਂਨਗਰ ਦੀ ਸੜਕ ਉੱਤੇ
(ਅਸਲਮ ਸੜਕ ਉੱਤੇ ਜਾ ਰਿਹਾ ਹੈ। ਸਾਹਮਣੇ ਤੋਂ ਧਰਤੀ ਔਖੇ ਔਖੇ ਸਾਹ ਲੈਂਦੀ, ਬਹੁਤ ਹੀ ਦੁਖੀ ਹਾਲਤ ਵਿਚ, ਉਸ ਵਲ ਹੌਲੇ ਹੌਲੇ ਆ ਰਹੀ ਨਜ਼ਰ ਆਉਂਦੀ ਹੈ। )
ਅਸਲਮ : ਧਰਤੀ ਅੰਮਾਂ ! ਕੀ ਹੋਇਆ? ਤੇਰਾ ਇਹ ਹਾਲ ਕਿਵੇਂ ਹੋ ਗਿਆ?
ਧਰਤੀ (ਕੰਨਾਂ ਨੂੰ ਹੱਥ ਲਾ, ਹੱਥਾਂ ਨੂੰ ਨਾਂਹ ਦੀ ਸੈਨਤ ਵਿਚ ਹਿਲਾਉਂਦੇ ਹੋਏ, ਚੀਖਵੀਂ ਆਵਾਜ਼ ਵਿਚ ਬੋਲਦੀ ਹੈ) : ਕੀ ਕਿਹਾ?….. ਕੁਝ ਸੁਣਾਈ ਨਹੀਂ ਦੇ ਰਿਹਾ । ਉੱਚੀ ਬੋਲ ….ਉੱਚੀ ।
ਅਸਲਮ : ਅੰਮਾਂ ਕੀ ਗੱਲ ਹੈ? ਤੇਰੀ ਅਜਿਹੀ ਮਾੜੀ ਹਾਲਤ ਕਿਵੇਂ ਹੋ ਗਈ ?…….ਤੈਥੋਂ ਤਾਂ ਚਲਿਆ ਵੀ ਨਹੀਂ ਜਾ ਰਿਹਾ ਤੇ ਸਾਹ ਵੀ ਔਖਾ ਔਖਾ ਆ ਰਿਹਾ ਹੈ। ਚੁੰਨੀ ਵੀ ਫੱਟੀ ਹੋਈ ਹੈ ਤੇ ਲੀੜੇ ਵੀ ਦਾਗੋ ਦਾਗ ਨੇ।
ਧਰਤੀ (ਭਰੀਆਂ ਅੱਖਾਂ ਨਾਲ ਰੌਣਹਾਕੀ ਹਾਲਤ ਵਿਚ) : ਹਾਂ….ਹਾਂ!  ਮੈਂ ਬਹੁਤ ਬੀਮਾਰ  ਹਾਂ । ਮੇਰਾ ਸਾਰਾ ਬਦਨ  ਟਸ ਟਸ ਕਰ ਰਿਹਾ ਹੈ । ਮੈਂ ਬਹੁਤ ਦੁਖੀ ਹਾਂ । ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ।
ਅਸਲਮ : (ਆਪਣੇ ਮਫਲਰ ਨੂੰ ਹੱਥ ਵਿਚ ਫੜ ਅੱਗੇ ਕਰਦਾ ਹੋਇਆ): ਅੰਮਾਂ ਆ ਮੈਂ ਤੇਰੇ ਹੰਝੂ ਪੂੰਝ ਦਿਆਂ।
ਧਰਤੀ : ਜਿਉਂਦਾ ਰਹਿ ਪੁੱਤਰਾ । ਸ਼ੁਕਰ ਹੈ ਕਿਸੇ ਨੂੰ ਤਾਂ ਮੇਰੀ ਹਾਲਤ ਉੱਤੇ ਤਰਸ ਆਇਆ ।
ਅਸਲਮ : ਅੰਮਾਂ ! ਆ ਮੈਂ ਤੈਨੂੰ ਡਾਕਟਰ ਕੋਲ ਲੈ ਚਲਾਂ? ਚਿੰਤਾ ਨਾ ਕਰ ….. ਤੂੰ ਜਲਦੀ ਠੀਕ ਹੋ ਜਾਏਗੀ। (ਆਪਣਾ ਹੱਥ ਅੱਗੇ ਕਰਦੇ ਹੋਏ…..) ਆ ਫੜ ਮੇਰਾ ਹੱਥ ….. ਚਲ ਚਲੀਏ।
(ਧਰਤੀ ਅੰਮਾਂ, ਅਸਲਮ ਦਾ ਹੱਥ ਫੜ ਲੈਂਦੀ ਹੈ ਅਤੇ ਉਹ ਦੋਨੋਂ ਚਲੇ ਜਾਂਦੇ ਹਨ।)
ਕਾਂਡ ਦੂਜਾ
ਸਥਾਨ – ਡਾਕਟਰ ਦੇ ਕਲੀਨਿਕ ਵਿਚ
(ਲੇਡੀ ਡਾਕਟਰ ਆਪਣੇ ਕਲੀਨਿਕ ਵਿਚ ਕੁਰਸੀ ਉੱਤੇ ਬੈਠੀ ਹੈ ਅਤੇ ਧਰਤੀ-ਅੰਮਾਂ ਤੇ ਅਸਲਮ ਉਸ ਦੇ ਸਾਹਮਣੇ ਬੈਂਚ ਉੱਤੇ)
ਡਾਕਟਰ : ਆਉ ! ਕਿਵੇਂ ਆਉਣਾ ਹੋਇਆ?
ਅਸਲਮ : ਸਲਾਮ ! ਡਾਕਟਰ  ਸਾਹਿਬਾ । ਮੇਰਾ ਨਾਮ ਅਸਲਮ ਹੈ ਅਤੇ ਇਹ ਹੈ ਧਰਤੀ ਅੰਮਾਂ !
ਡਾਕਟਰ : ਸਲਾਮ ਅਸਲਮ ! ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ?
ਅਸਲਮ : ਡਾਕਟਰ ਸਾਹਿਬਾ ! ਅੱਜ ਮੈਨੂੰ ਰਾਹ ਜਾਂਦਿਆ ਧਰਤੀ-ਅੰਮਾਂ ਮਿਲ ਗਈ ।
ਡਾਕਟਰ : (ਧਰਤੀ ਅੰਮਾਂ ਵੱਲ ਦੇਖਦੇ ਹੋਏ) ਇਹ ਤਾਂ ਕਾਫੀ ਖਸਤਾ ਹਾਲਤ ਵਿਚ ਹੈ । ਕੀ ਬੀਮਾਰੀ ਹੈ ਇਸ ਨੂੰ?
ਅਸਲਮ : ਇਹ ਬਹੁਤ ਹੀ ਗਮਗੀਨ ਹੈ ਤੇ ਗੰਭੀਰ ਰੋਗੀ ਵੀ।
ਡਾਕਟਰ : (ਧਰਤੀ ਅੰਮਾਂ ਨੂੰ) ਕੀ ਗੱਲ ਹੈ ? ਤੈਨੂੰ ਕਿਸ ਗੱਲ ਦਾ ਗਮ ਖਾ ਰਿਹਾ ਹੈ?
ਅਸਲਮ : ਇਸ ਨੂੰ ਸੁਣਾਈ ਨਹੀਂ ਦਿੰਦਾ। ….. ਬਹੁਤ ਉੱਚਾ ਬੋਲਣਾ ਪੈਂਦਾ ਹੈ ਇਸ ਨਾਲ ਗਲ ਕਰਨ ਲਈ।
ਡਾਕਟਰ : ਤਾਂ ਫਿਰ ਸੱਭ ਤੋਂ ਪਹਿਲਾਂ ਮੈਂ ਇਸ ਦੇ ਕੰਨ ਹੀ ਚੈੱਕ  ਕਰਦੀ ਹਾਂ ।
(ਡਾਕਟਰ ਉੱਠ ਕੇ ਧਰਤੀ ਕੋਲ ਪੁੱਜਦੀ ਹੈ।)
ਡਾਕਟਰ: ਅੰਮਾਂ! ਆਪਣੇ ਸੱਜਾ ਕੰਨ ਇਧਰ ਕਰ, ਚੈੱਕ ਕਰੀਏ।
ਧਰਤੀ : ਕੀ ਕਿਹਾ?  ….. ਉੱਚੀ ਬੋਲ ਖਾਂ, ਕੁਝ ਸੁਣਾਈ ਦੇਂਦਾ … ਕੀ ਬੋਲ ਰਹੀ ਹੈ ਤੂੰ ?
ਡਾਕਟਰ (ਉੱਚੀ ਆਵਾਜ਼ ਵਿਚ): ਤੇਰੇ ਕੰਨ ਚੈੱਕ ਕਰਨੇ ਨੇ । ਅਸਲਮ ਕਹਿੰਦੈ ਤੈਨੂੰ ਸੁਣਦਾ  ਨਹੀੰਂ।
(ਡਾਕਟਰ, ਧਰਤੀ ਦੇ ਕੰਨ ਚੈੱਕ ਕਰਦੀ ਹੈ।)
ਧਰਤੀ (ਉੱਚੀ ਆਵਾਜ਼ ਵਿਚ): ਬਹੁਤ ਹੀ ਘੱਟ ਸੁਣਦਾ ਹੈ। ਹਰ ਪਾਸੇ ਫੈਲੇ ਚੀਖ਼-ਚਿਹਾੜੇ ਨੇ ਤਾਂ ਬੋਲ਼ੀ ਹੀ ਕਰ ਦਿੱਤਾ ਹੈ। ਹੁਣ ਤਾਂ ਰਾਤਾਂ ਨੂੰ ਵੀ ਚੈਨ ਨਹੀਂ ਮਿਲਦਾ। ਦਿਨ ਰਾਤ ਕਾਵਾਂ ਰੋਲੀ ਪਾਈ ਜਾਂਦੇ ਨੇ ਸਾਰੇ ਜੀਆ ਜੰਤ। ਕਿਧਰੇ ਵਿਆਹਾਂ ਕਾਰਣ ਬੈਂਡ ਵਾਜੇ ਤੇ ਡਿਸਕੋ ਦਾ ਰੌਲਾ ਰੱਪਾ ਹੈ ਤੇ ਕਿਧਰੇ ਜਗਰਾਤਿਆਂ ਤੇ ਪ੍ਰਭਾਤ ਫੇਰੀਆਂ ਦਾ। ਕਿਧਰੇ ਲੀਡਰਾਂ ਦੀਆਂ ਰੈਲੀਆ ਦਾ ਸ਼ੋਰ-ਸ਼ਰਾਬਾ ਹੈ ਤੇ ਕਿਧਰੇ ਤਿਉਹਾਰਾਂ । ਪਟਾਖਿਆਂ ਤੇ ਬੰਬਾਂ ਦੀ ਠਾਹ ਠਾਹ ਨੇ ਤਾਂ ਜਾਨ ਹੀ ਕੱਢ ਰੱਖੀ ਹੈ।
ਡਾਕਟਰ: ਤੇਰੇ ਕੰਨ ਤਾਂ ਬਹੁਤ ਹੀ ਗਰਮ ਨੇ । ਲੱਗਦਾ ਹੈ ਤੈਨੂੰ ਬੁਖਾਰ ਵੀ ਹੈ। ਠਹਿਰ ਜ਼ਰਾ ਤੇਰਾ ਤਾਪਮਾਨ ਵੀ ਚੈੱਕ ਕਰ ਲਵਾਂ।  (ਡਾਕਟਰ ਧਰਤੀ ਦੇ ਮੂੰਹ ਵਿਚ ਥਰਮਾਮੀਟਰ ਲਗਾਉਂਦੀ ਹੈ।….. ਕੁਝ ਦੇਰ ਬਾਅਦ ਥਰਮਾਮੀਟਰ ਚੈੱਕ ਕਰਦੀ ਹੋਈ) ਓਹ ਮੇਰਿਆ ਰੱਬਾ! ਤੈਨੂੰ ਤਾਂ ਕਹਿਰਾਂ ਦਾ ਬੁਖਾਰ ਚੜ੍ਹਿਆ ਹੋਇਆ ਹੈ। ….. ਇਨ੍ਹਾਂ ਵਧੇਰੇ ਬੁਖਾਰ!
ਧਰਤੀ : ਹਾਂ ਤਾਂ…..ਫੈਕਟਰੀਆਂ ਦੀਆਂ ਚਿਮਨੀਆਂ ਵਿਚੋਂ ਨਿਕਲਦੇ ਕਾਲੇ ਪੀਲੇ ਧੂੰਏ, ਕਾਰਾਂ ਤੇ ਟਰੱਕਾਂ ‘ਚੋਂ ਨਿਕਲਦੇ ਭੈੜੇ ਗੈਸੀ ਨਿਕਾਸ ਨੇ ਤਾਂ ਜਿਵੇਂ ਸੂਰਜ ਦੀ ਤਪਸ਼ ਨੂੰ ਕੈਦ ਹੀ ਕਰ ਲਿਆ ਹੈ। ਮੇਰੀਆਂ  ਹਵਾਵਾਂ ਹੁਣ ਇਸ ਤਪਸ਼ ਦਾ ਸ਼ਿਕਾਰ ਹੋ ਗਈਆ ਨੇ। ਜਿਸ ਕਾਰਣ ਮੈਂ ਹਰ ਸਮੇਂ ਬਹੁਤ ਹੀ ਤਲਖ਼ੀ ਮਹਿਸੂਸ ਕਰ ਰਹੀ ਹਾਂ । ਤਦੇ ਹੀ ਤਾਂ ਇਸ ਤਪਸ਼ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿਚ  ਮੈਂ ਕਦੇ ਹੜ੍ਹਾਂ ਦਾ ਸ਼ਿਕਾਰ ਬਣਦੀ ਹਾਂ ਤੇ ਕਦੇ ਔੜ੍ਹਾਂ ਦਾ।
ਡਾਕਟਰ: ਤੂੰ ਤਾਂ ਸਾਹ ਵੀ ਔਖੇ ਔਖੇ ਲੈ ਰਹੀ ਹੈ। ਅਜਿਹਾ ਕਿਉਂ?
ਧਰਤੀ: ਹਾਂ ਡਾਕਟਰ! ਮੇਰੇ ਹੀ ਜਾਇਆ ਨੇ ਆਪਣੇ ਸੁੱਖ ਤੇ ਧੰਨ ਪ੍ਰਾਪਤੀ ਦੇ ਲਾਲਚ ਵੱਸ, ਮੇਰੀਆਂ ਹਵਾਵਾਂ ਵਿਚ ਜ਼ਹਿਰੀਲੀਆ ਗੈਸਾਂ ਰਲਾ ਦਿੱਤੀਆਂ ਨੇ। ਪਰਾਲੀਆਂ ਦੀ ਅੱਗ ਨੇ ਤਾਂ ਮੇਰਾ ਸਾਹ ਲੈਣਾ ਵੀ ਦੁੱਭਰ ਕੀਤਾ ਹੋਇਆ ਹੈ। ਇੰਝ ਲੱਗ ਰਿਹਾ ਹੈ ਕਿ ਮੈਂ ਹੁਣ ਹੋਰ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਾਂਗੀ।
ਡਾਕਟਰ: ਠਹਿਰ ਜ਼ਰਾ! ਮੈਂ ਤੇਰੀ ਛਾਤੀ ਵੀ ਚੈੱਕ ਕਰ ਲਵਾਂ।
(ਡਾਕਟਰ ਸਟੈਥੋਸਕੋਪ ਨਾਲ ਧਰਤੀ ਦੀ ਛਾਤੀ ਚੈੱਕ ਕਰਦੀ ਹੈ।)
ਡਾਕਟਰ: ਤੇਰੀ ਛਾਤੀ ਤਾਂ, ਰਾਖ ਤੇ ਕਚਰੇ ਨਾਲ, ਅੱਟੀ ਪਈ ਨੇ। ….. ਤੇਰੀ ਤਾਂ ਧੜਕਣ ਵੀ ਬਹੁਤ ਕਮਜ਼ੋਰ ਹੈ।
ਧਰਤੀ: ਹਾਂ ਡਾਕਟਰ ਜੀ। ਮੇਰੀ ਹਾਲਤ ਸੱਚ ਹੀ ਬਹੁਤ ਖਸਤਾ ਹੋ ਚੁੱਕੀ ਹੈ । ਲਗਦਾ ਹੈ, ਮੈਂ ਹੁਣ ਬਚਣਾ ਨਹੀਂ।
ਡਾਕਟਰ: ਜ਼ਰਾ ਆਪਣੇ ਹੱਥ ਅੱਗੇ ਕਰ …..(ਡਾਕਟਰ ਧਰਤੀ ਦੇ ਹੱਥ , ਬਾਹਾਂ ਤੇ ਪੈਰ ਚੈੱਕ ਕਰਦੀ ਹੈ।) …..ਇਹ ਕੀ ਤੇਰੇ ਤਾਂ ਹੱਥਾਂ, ਬਾਹਾਂ ਤੇ ਪੈਰਾਂ ਉੱਤੇ ਚਮੜੀ ਰੋਗ ਦੇ ਨਿਸ਼ਾਨ ਨੇ।
ਧਰਤੀ: ਹੁਣ ਤਾ ਇਹ ਰੋਗ ਸਾਰੇ ਸਰੀਰ ਉੱਤੇ ਫੈਲ ਗਿਆ ਲਗਦਾ ਹੈ। ਮੇਰੇ ਆਪਣੇ ਬੱਚਿਆ ਨੇ ਸੱਭ ਪਾਸੇ ਗੰਦ ਖਿਲਾਰ ਰੱਖਿਆ ਹੈ । ਕਿਧਰੇ ਕੂੜੇ ਕਰਕਟ ਦੇ ਢੇਰ ਬਿਖਰੇ ਪਏ ਨੇ । ਕਿਧਰੇ ਪਲਾਸਟਿਕਾਂ ਦੇ ਕਚਰੇ ਨੇ ਮੇਰੇ ਨਦੀਆਂ ਨਾਲਿਆਂ ਦਾ ਰਾਹ ਰੋਕ ਦਿੱਤਾ ਹੈ। ਹੋਰ ਤਾਂ ਹੋਰ ਰਸਾਇਣਾਂ ਤੇ ਕੀਟ ਨਾਸ਼ਕਾਂ ਨੇ ਤਾਂ ਮੇਰੀ  ਸਤਹਿ ਦਾ ਨਾਸ਼ ਹੀ ਵੱਢ ਦਿੱਤਾ ਹੈ। ਮੇਰੀ ਮਿੱਟੀ ਤੇ ਪਾਣੀਆਂ ਦੀ ਤਾਸੀਰ ਜ਼ਹਿਰੀਲੀ ਕਰ ਦਿੱਤੀ ਹੈ। ਜਿਸ ਵਿਚ ਹੁਣ ਤਾਂ ਫਸਲਾਂ ਵੀ ਜ਼ਹਿਰੀਲੀਆਂ ਹੀ ਜੰਮਦੀਆਂ ਨੇ।
ਅਸਲਮ: ਡਾਕਟਰ ਸਾਹਿਬਾ ! ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਧਰਤੀ ਅੰਮਾਂ ਬਹੁਤ ਬੀਮਾਰ ਹੈ। ਵਿਚਾਰੀ ਧਰਤੀ ਅੰਮਾਂ!
(ਡਾਕਟਰ ਆਪਣੀ ਸੀਟ ਉੱਤੇ ਬੈਠ ਜਾਂਦੀ ਹੈ।)
ਡਾਕਟਰ : (ਧਰਤੀ ਨੂੰ) ਦੇਖੋ ! ਹਾਲਤ  ਤਾਂ ਗੰਭੀਰ ਹੈ….. ਪਰ ਚਿੰਤਾ ਨਾ ਕਰੋ। ਅਜੇ ਸਮਾਂ ਹੈ । ਤੇਰਾ ਇਲਾਜ ਸੰਭਵ ਹੈ । ਸੱਭ ਤੋਂ ਪਹਿਲਾਂ ਤਾਂ ਤੇਰੇ ਆਲਾ ਦੁਆਲੇ (ਵਾਤਾਵਰਣ) ‘ਚੋਂ ਜ਼ਹਿਰੀਲੇ ਰਸਾਇਣਾਂ ਨੂੰ ਖਤਮ ਕਰਨਾ ਹੋਵੇਗਾ । ਜਿਸ ਨਾਲ ਤੈਨੂੰ ਸਾਹ ਸੌਖਾ ਆਵੇਗਾ। ਤੇਰੀ ਸਿਹਤ ਵਿਚ ਸੁਧਾਰ ਹੋਵੇਗਾ ਤੇ ਤੇਰੇ ਵਿਚ ਪਹਿਲੇ ਜਿਹੀ ਤਾਕਤ ਮੁੜ ਪੈਦਾ ਹੋ ਜਾਵੇਗੀ।
ਧਰਤੀ : ਸੱਚੀ! ….. ਅਜਿਹਾ ਹੋ ਸਕੇਗਾ? …..  ਕੀ ਮੈਂ ਦੁਬਾਰਾ ਚੰਗੀ ਭਲੀ ਹੋ ਜਾਵਾਂਗੀ? ਡਾਕਟਰ!
ਡਾਕਟਰ: ਤੇਰੇ ਆਲੇ ਦੁਆਲੇ ਵਿਚੋਂ ਜ਼ਹਿਰੀਲੇ ਰਸਾਇਣਾਂ ਨੂੰ ਖਤਮ ਕਰਨ ਲਈ ਰੁੱਖ ਲਗਾਉਣੇ ਪੈਣਗੇ, ਪਲਾਸਟਿਕ ਦੀ ਵਰਤੋਂ ਨੂੰ ਖਤਮ ਕਰਨਾ ਪੈਣਾ ਹੈ। ਫੈਕਟਰੀਆਂ ਤੇ ਗੱਡੀਆਂ ਵਿਚੋਂ ਨਿਕਲਦੀਆਂ ਕਾਲੀਆਂ ਪੀਲੀਆਂ ਗੈਸਾਂ ਦੀ ਮਿਕਦਾਰ ਨੂੰ ਘੱਟ ਕਰਦੇ ਹੋਏ ਹੋਲੇ ਹੋਲੇ ਖਤਮ ਕਰਨਾ ਹੋਵੇਗਾ । ਥਾਂ ਥਾਂ ਖਿਲਰੇ ਕਚਰੇ ਦੇ ਢੇਰਾਂ ਨੂੰ ਸਹੀ ਢੰਗ ਨਾਲ ਨਜਿੱਠਣਾ ਹੋਵੇਗਾ ਤਾਂ ਜੋ ਬਿਮਾਰੀਆਂ ਦੇ ਫੈਲਣ ਤੋਂ ਬਚਾ ਹੋ ਸਕੇ। ਕੂੜੇ ਕਚਰੇ ਨਾਲ ਲੱਥ ਪਥ ਹੋਏ ਨਦੀਆਂ ਨਾਲਿਆਂ ਨੂੰ ਸਾਫ਼ ਕਰਨਾ ਹੋਵੇਗਾ।  ਕੀਟ ਨਾਸ਼ਕਾਂ ਨੂੰ ਅਲਵਿਦਾ ਕਹਿੰਦੇ ਹੋਏ ਧਰਤੀ ਦੇ ਸਤਹੀ ਜ਼ਹਿਰੀਲੇਪਣ ਦਾ ਇਲਾਜ ਕਰਨਾ ਹੋਵੇਗਾ ।
ਧਰਤੀ: ਇਸ ਦਾ ਮਤਲਬ ਤਾਂ ਹੈ ਕਿ ਇਲਾਜ ਕਾਫ਼ੀ  ਔਖਾ ਹੈ ।
ਡਾਕਟਰ : ਹਾਂ ਹੈ ਤਾਂ ਔਖਾ ਪਰ ਹੈ ਸੰਭਵ । ਲੋੜ ਹੈ ਤੇਰੇ ਬੱਚਿਆਂ ਨੂੰ ਸੰਜਮ, ਕਿਫਾਇਤ ਤੇ ਲਾਲਚ ਰਹਿਤ ਜੀਵਨ ਕਿਰਿਆ ਅਪਨਾਉਣ ਦੀ।
ਧਰਤੀ: ਮੇਰਾ ਖਿਆਲ ਹੈ ਕਿ ਮੇਰੇ ਬੱਚੇ ਆਪਣੀ ਅੰਮਾਂ ਲਈ ਇੰਨ੍ਹਾਂ ਤਾਂ ਕਰ ਹੀ ਸਕਦੇ ਨੇ।
ਡਾਕਟਰ ਤੇ ਅਸਲਮ ( ਦੋਨੋਂ ਇਕੱਠੇ ਬੋਲਦੇ ਹਨ ।): ਹਾਂ, ਹਾਂ  ਕਿਉਂ ਨਹੀਂ ।
ਡਾਕਟਰ: ਆਪਣੀ ਅੰਮੀ ਨੂੰ ਵੀ ਭਲਾ ਕੋਈ ਬੀਮਾਰ ਦੇਖਣਾ ਚਾਹੇਗਾ। ਅੰਮੀ ਤਾਂ ਸਦਾ ਤੰਦਰੁਸਤ ਤੇ ਖੁਸ਼ਹਾਲ ਚਾਹੀਦੀ ਹੈ।
ਧਰਤੀ : ਓਹ ….. ਤਦ ਤਾਂ  ਫੁੱਲ ਫਿਰ ਖਿਲ ਕੇ ਮਹਿਕਾਂ ਖਿਲਾਰਣਗੇ । ਹਵਾ ਪੁਰਾਣੇ ਵਕਤਾਂ ਵਾਂਗ ਹੀ ਸਾਫ਼ ਹੋਵੇਗੀ। ਜੰਗਲ ਹਰੇ ਭਰੇ ਹੋ ਜਾਣਗੇ। ਪੌਦੇ, ਪਸ਼ੂ ਤੇ ਪੰਛੀ ਬੇਵਕਤੀ ਮੌਤ ਨਹੀਂ ਮਰਣਗੇ। ਪੰਛੀ ਫਿਰ ਖੁਸ਼ੀਆਂ ਸੰਗ ਚਹਿਚਿਹਾਉਣਗੇ। ਮੇਰੇ ਸਾਰੇ ਬੱਚੇ ਖੁਸ਼ੀਆਂ ਭਰਿਆ ਜੀਵਨ ਜੀ ਸਕਣਗੇ।
ਡਾਕਟਰ: ਬਿਲਕੁਲ ਠੀਕ! ਧਰਤੀ ਅੰਮਾਂ ਆਪਣੇ ਬੱਚਿਆਂ ਸੰਗ ਸਵਰਗ ਵਰਗਾ ਜੀਵਨ ਬਸਰ ਕਰੇਗੀ।
ਅਸਲਮ: ਮੈਂ ਤੇ ਮੇਰੇ ਦੌਸਤ ਵੀ ਅਜਿਹਾ ਹੀ ਚਾਹੁੰਦੇ ਹਾਂ।
ਧਰਤੀ: ਤੁਸੀਂ ਤਾਂ ਮੇਰੇ ਮਨ ਤੋਂ ਕਹਿਰਾਂ ਦਾ ਬੋਝ ਹਲਕਾ ਕਰ ਦਿੱਤਾ ਹੈ। …..ਇਹ ਸੁਣ ਕੇ ਕਿ ਤੁਸੀਂ ਮੇਰੀ ਮਦਦ ਕਰੋਗੇ,  ਤੇ ਮੈਨੂੰ ਅਣਚਾਹੀ ਮੌਤ ਨਹੀਂ ਮਰਨ ਦਿਓਗੇ,  ਮੈਂ ਚੰਗਾ ਚੰਗਾ ਮਹਿਸੂਸ ਕਰ ਰਹੀ ਹਾਂ। ….. ਸੱਚ ਦੱਸਣਾ ਕਿਧਰੇ ਇਹ ਸੁਪਨਾ ਤਾਂ ਨਹੀਂ ।
(ਅਸਲਮ ਤੇ ਡਾਕਟਰ  ਖੜੇ ਹੋ ਕੇ ਧਰਤੀ ਨੂੰ ਗਲਵਕੜੀ ਵਿਚ ਲੈ ਲੈਂਦੇ ਹਨ।)
ਅਸਲਮ:  ਇਹ ਸੱਚ ਹੈ ਬਿਲਕੁਲ ਸੱਚ । ਅਸੀਂ ਆਪਣੀ ਧਰਤੀ-ਅੰਮਾਂ ਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਇਸ ਨੂੰ ਹਮੇਸ਼ਾਂ ਤੰਦਰੁਸਤ ਤੇ ਖੁਸ਼ਹਾਲ ਰੱਖਾਂਗੇ। ਇਸ ਤੋਂ ਬਿਨ੍ਹਾਂ ਅਸੀਂ ਇਕ ਪਲ ਵੀ ਜੀ ਨਹੀਂ ਸਕਦੇ। …..
(ਇਕੱਠੀਆਂ ਕਈ ਆਵਾਜ਼ਾਂ ਗੂੰਜਦੀਆਂ ਹਨ)
ਸਾਡੀ ਧਰਤੀ ਅੰਮੀ ….. ਜ਼ਿੰਦਾਬਾਦ ….. ਜ਼ਿੰਦਾਬਾਦ।   ਸਾਡੀ ਧਰਤੀ ਅੰਮੀ ….. ਖੁਸ਼ਹਾਲ ਰਹੇ। …..ਖੁਸ਼ਹਾਲ ਰਹੇ।
(ਛੋਟੇ ਛੋਟੇ ਬੱਚੇ ਗੀਤ ਗਾਉਂਦੇ ਹਨ )
ਧਰਤੀ ਸਾਡੀ ਅੰਬੜੀ, ਧਰਤੀ ਸਾਡੀ ਮਾਂ ।
ਇਸ ਦੇ ਸੁਹਣੇ ਰੰਗਾਂ ਵਿਚ, ਸਾਡੇ ਵਸਦੇ ਸਾਹ।
ਸ਼ਾਲਾ  ਇਸ ‘ਤੇ ਸਦਾ ਹੀ , ਬਣੀ ਰਹੇ ਬਸੰਤ।
ਦੁੱਖ ਇਸ ਦੇ ਖਤਮ ਹੋਣ, ਜੋ ਲਾ ਰਹੇ ਇਸ ਨੂੰ ਢਾਹ।
ਹਰੇ ਭਰੇ ਰੁੱਖ ਹੋਣ ਤੇ ਪੰਛੀ ਚਹਿਣ ਚਹਾ,
ਸ਼ੁੱਧ ਹਵਾ ਤੇ ਪਾਣੀ ਦੇ ਵਗਦੇ ਰਹਿਣ ਦਰਿਆ।
ਧਰਤੀ ਸਾਡੀ ਅੰਬੜੀ, ਧਰਤੀ ਸਾਡੀ ਮਾਂ ।
ਇਸ ਦੇ ਸੁਹਣੇ ਰੰਗਾਂ ਵਿਚ, ਸਾਡੇ ਵਸਦੇ ਸਾਹ।
ਪਰਦਾ ਗਿਰਦਾ ਹੈ।
ਅੰਤ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …