Breaking News
Home / ਨਜ਼ਰੀਆ / ਖਰੀਦ ਕੇ ਪੜ੍ਹਨ ਵਾਲੀ ਹੈ ਕਿਤਾਬ ‘ਯੱਬਲੀਆਂ’

ਖਰੀਦ ਕੇ ਪੜ੍ਹਨ ਵਾਲੀ ਹੈ ਕਿਤਾਬ ‘ਯੱਬਲੀਆਂ’

ਪੁਸਤਕ ਰੀਵਿਊ
‘ਯੱਬਲੀਆਂ’, ਲੇਖਕ ਕੁਲਜੀਤ ਮਾਨ, ਲੁਧਿਆਣਾ, ਪੰਨੇ 120, ਕੀਮਤ 150 ਰੁਪਏ/15 ਡਾਲਰ.
(ਰੀਵਿਊਕਾਰ: ਡਾ. ਸੁਖਦੇਵ ਸਿੰਘ ਝੰਡ)
ਕੁਲਜੀਤ ਮਾਨ ਵਧੀਆ ਕਹਾਣੀਕਾਰ ਹੈ। ਉਸ ਨੇ ਆਪਣੀਆਂ ਕਹਾਣੀਆਂ ਦੀਆਂ ਕਿਤਾਬਾਂ ‘ਪੁੱਤਰਦਾਨ’, ‘ਵਿਚਲੀ ਉਂਗਲ’ ਤੇ ‘ਝੁਮਕੇ’ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਜ਼ਿਕਰਯੋਗ ਥਾਂ ਬਣਾਈ ਹੋਈ ਹੈ ਅਤੇ ਉਸ ਦਾ ਨਾਵਲ ‘ਕਿੱਟੀ ਮਾਰਸ਼ਲ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਬੀ.ਏ.(ਪੰਜਾਬੀ) ਦੇ ਸਿਲੇਬਸ ਦਾ ਇੱਕ ਹਿੱਸਾ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਉਸ ਦੇ ਨਿਬੰਧਾਂ ਦੀਆਂ ਪੁਸਤਕਾਂ ‘ਅਕਾਸ਼-ਗੰਗਾ’, ‘ਸਾਡੇ ਗ਼ਦਰੀ ਹੀਰੋ’ ਅਤੇ ‘ਲਹੂ ਭਿੱਜੇ ਬੋਲ’ ਦੀ ਚਰਚਾ ਵੀ ਪੰਜਾਬੀ ਪਾਠਕਾਂ ਵਿੱਚ ਅਕਸਰ ਹੁੰਦੀ ਰਹਿੰਦੀ ਹੈ।  ਗਲਪਕਾਰ ਅਤੇ ਨਿਬੰਧਕਾਰ ਹੋਣ ਦੇ ਨਾਲ ਨਾਲ ਕੁਲਜੀਤ ਮਾਨ ਵਧੀਆ ਹਾਸ-ਵਿਅੰਗਕਾਰ ਵੀ ਹੈ। ਉਹ ਆਮ ਤੌਰ ‘ਤੇ ਖੁਸ਼ ਦਿਖਾਈ ਦਿੰਦਾ ਹੈ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਦੋਸਤਾਂ-ਮਿੱਤਰਾਂ ਨਾਲ ਹੱਸ ਕੇ ਗੱਲ ਕਰਦਾ ਹੈ ਅਤੇ ਸੁਣੇ-ਸੁਣਾਏ ਜਾਂ ਆਪਣੇ ਹੱਥੀਂ ਘੜੇ ਨਿੱਕੇ-ਨਿੱਕੇ ਲਤੀਫ਼ਿਆਂ ਨੂੰ ਦੇਸੀ ਤੜਕਾ ਲਾ ਕੇ ਇੱਕ ਵੱਖਰੇ ਹੀ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਉਸ ਦੇ ਆਪਣੇ ਕਹਿਣ ਅਨੁਸਾਰ ”ਸੈਂਸ ਆਫ਼ ਹਿਊਮਰ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਹੈ।” …ਤੇ ਇਸ ਬਾਰੇ ਉਹ ਸੰਜੀਦਾ ਵੀ ਹੈ। ਏਸੇ ਲਈ ਉਹ ਹਾਸੇ ਮਜ਼ਾਕ ਵਾਲੀ ਕੋਈ ਨਾ ਕੋਈ ਗੱਲ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇੱਥੇ ਇਹ ਵੀ ਦੱਸਣ ਦੀ ਲੋੜ ਨਹੀਂ ਹੈ ਕਿ ‘ਸੈਂਸ ਆਫ਼ ਹਿਊਮਰ’ ਦੀ ਉਸ ਨੂੰ ਆਪ ਵੀ ਤਲਾਸ਼ ਰਹਿੰਦੀ ਹੈ ਅਤੇ ਉਸ ਦੀ ਇਹ ਤਲਾਸ਼ ਲਗਾਤਾਰ ਜਾਰੀ ਹੈ। ਦੋਸਤਾਂ-ਮਿੱਤਰਾਂ ਅਤੇ ਸਾਹਿਤਕ-ਇਕੱਠਾਂ ਵਿੱਚ ਹੁਣ ਤੱਕ ਮਾਰੀਆਂ ਹੋਈ ਸੰਜੀਦਾ ਯੱਬਲੀਆਂ ਨੂੰ ਕਿਤਾਬੀ ਰੂਪ ਦੇ ਕੇ ਹੱਥਲੀ ਪੁਸਤਕ ‘ਯੱਬਲੀਆਂ’ ਨਾਲ ਪੰਜਾਬੀ ਪਾਠਕਾਂ ਦੇ ਸਨਮੁਖ ਹਾਜ਼ਰ ਹੈ। ਪਿਛਲੇ ਮਹੀਨੇ ਨਵੰਬਰ ਵਿੱਚ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਾਸਿਕ-ਸਮਾਗ਼ਮ ਵਿੱਚ ਕੁਲਜੀਤ ਮਾਨ ਆਪਣੀ ਇਸ ਨਵ-ਪ੍ਰਕਾਸ਼ਿਤ ਪੁਸਤਕ ‘ਯੱਬਲੀਆਂ’ ਦੀਆਂ ਕੁਝ ਕਾਪੀਆਂ ਨਾਲ ਲੈ ਕੇ ਆਇਆ ਅਤੇ ਇਸ ਦੇ ਬਾਰੇ ਬੋਲਦਿਆਂ ਉਸ ਨੇ ਕਿਹਾ ਇਹ ਕਿਤਾਬ ਇਸ ਸਮਾਗ਼ਮ ਤੋਂ ਬਾਅਦ ਇਸ ਦੀ ਅੱਧੀ ਤੋਂ ਵੀ ਘੱਟ ਕੀਮਤ 7 ਡਾਲਰ ਤਾਰ ਕੇ ਉਨ੍ਹਾਂ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ (ਪੂਰੀ ਕੀਮਤ 15 ਡਾਲਰ ਰੱਖੀ ਗਈ ਹੈ)। ਦੋ ਡਾਲਰ ਖੁੱਲ੍ਹੇ ਨਾ ਹੋਣ ਦੀ ਹਾਲਤ ਵਿੱਚ ਇਹ ਪੰਜਾਂ ਡਾਲਰਾਂ ਵਿੱਚ ਵੀ ਦਿੱਤੀ ਜਾ ਸਕਦੀ ਹੈ ਅਤੇ ਜੇਕਰ ਜੇਬ ਵਿੱਚ ਪੰਜ ਨਹੀਂ ਹਨ ਅਤੇ ਦੋ ਹੀ ਹਨ ਤਾਂ ਇਹ ਦੋ ਡਾਲਰਾਂ ਵਿੱਚ ਵੀ ਉਪਲੱਭਧ ਕਰਾਈ ਸਕਦੀ ਹੈ। ਅਲਬੱਤਾ, ਇਸ ਨੂੰ ਪੜ੍ਹਨ ਵਾਲੇ ਗੰਭੀਰ ਪਾਠਕਾਂ ਨੂੰ ਇਹ ਮੁਫ਼ਤ ਵੀ ਦਿੱਤੀ ਜਾ ਸਕਦੀ ਹੈ, ਵੈਸੇ ਇਹ ਕਿਤਾਬ ‘ਮੁਫ਼ਤ’ ਵਾਲੀ ਨਹੀਂ ਹੈ। ਇਸ ਤੋਂ ਕਿਤਾਬਾਂ ਦੇ ਪੜ੍ਹਨ ਸਬੰਧੀ ਉਸ ਦੀ ਸੁਹਿਰਦਤਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਦੁਨੀਆਂ ਵਿੱਚ ਮੁਫ਼ਤ ਦੀ ਚੀਜ਼ ਦੀ ਕੋਈ ਕਦਰ ਨਹੀਂ ਹੈ। ਜੇਕਰ ਦੋ-ਚਾਰ ਡਾਲਰ ਖ਼ਰਚੇ ਹੋਣ ਤਾਂ ਖ਼ਰੀਦ ਕੇ ਲਿਆਂਦੀ ਪੁਸਤਕ ਨੂੰ ਪਾਠਕ ਪੜ੍ਹੇਗਾ ਜ਼ਰੂਰ, ਭਾਵੇਂ ਵਿੱਚੋ-ਵਿੱਚੋਂ ਉਸ ਦੇ ਕੁਝ ਹਿੱਸੇ ਹੀ ਕਿਉਂ ਨਾ ਪੜ੍ਹੇ। ਨਹੀਂ ਤਾਂ ਆਮ ਤੌਰ ‘ਤੇ ਮੁਫ਼ਤ ਮਿਲੀਆਂ ਕਿਤਾਬਾਂ ਘਰ ਦੀ ਕਿਸੇ ਨੁੱਕਰੇ ਉਂਜ ਹੀ ਬਿਨ-ਪੜ੍ਹੀਆਂ ਪਈਆਂ ਰਹਿੰਦੀਆਂ ਹਨ। ਘਰੋਂ ਜ਼ਰੂਰੀ ਫ਼ੋਨ ਆਉਣ ਕਰਕੇ ਕਿਤਾਬਾਂ ਨੂੰ ‘ਵੇਚਣ’ ਦੀ ਜਿੰਮੇਂਵਾਰੀ ਤਲਵਿੰਦਰ ਮੰਡ ਨੂੰ ਸੌਂਪ ਕੇ ਉਹ ਘਰ ਜਲਦੀ ਵਾਪਸ ਚਲਾ ਗਿਆ ਜਿਸ ਨੇ ਇਹ ਪੁਸਤਕ ਮਾਨ ਸਾਹਿਬ ਦੀਆਂ ‘ਹਦਾਇਤਾ’ ਮੁਤਾਬਿਕ ਬਾ-ਕਾਇਦਾ ‘ਵੇਚੀ’। ਮੈ ਵੀ ਮੰਡ ਕੋਲੋਂ ਪੰਜਾਂ ਡਾਲਰਾਂ ਵਿੱਚ ਇਹ ਖ੍ਰੀਦ ਲਈ, ਕਿਉਂਕਿ ਮੇਰੇ ਕੋਲ ਉਸ ਸਮੇਂ ਦੋ ਡਾਲਰ ਟੁੱਟੇ ਕੋਲ ਨਹੀਂ ਸਨ।  ਘਰ ਆ ਕੇ ਰਾਤ ਇਹ ਪੁਸਤਕ ਪੜ੍ਹਨੀ ਸ਼ੁਰੂ ਕੀਤੀ ਅਤੇ ਪਹਿਲੇ 20 ਸਫ਼ੇ ਪੜ੍ਹ ਕੇ ਫ਼ੈਸਲਾ ਕੀਤਾ ਕਿ ਰੋਜ਼ ਦੀਆਂ 2-3 ਯੱਭਲੀਆਂ ਹੀ ਪੜ੍ਹਿਆ ਕਰਨੀਆਂ ਹਨ। ਇੰਜ, ਵਾਹਵਾ ਦਿਨ ਵਧੀਆ ਨਿਕਲ ਜਾਣਗੇ। ਪਰ ਅਗਲੇ ਦਿਨ ਜਦੋਂ ਪੜ੍ਹਨੀ ਸੁਰੂ ਕੀਤੀ ਤਾਂ ਹੱਟਣ ਨੂੰ ਜੀਅ ਹੀ ਨਾ ਕੀਤਾ ਅਤੇ ਅਗਲੀ ਰਾਤ ਸਾਰੀ ਮੁਕਾ ਕੇ ਹੀ ਹਟਿਆ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਯੱਬਲੀਆਂ ਮਾਨ ਸਾਹਿਬ ਦੇ ਮੁਖ਼ਾਰ-ਬਿੰਦ ਤੋਂ ਪਹਿਲਾਂ ਵੀ ਸੁਣ ਚੁੱਕਾ ਸੀ ਪਰ ਪੁਸਤਕ ਵਿੱਚ ਇਨ੍ਹਾਂ ਨੂੰ ਲਗਾਇਆ ਗਿਆ ‘ਤਾਜ਼ਾ ਦੇਸੀ ਤੜਕਾ’ ਇਨ੍ਹਾਂ ਨੂੰ ਹੋਰ ਵੀ ਦਿਲਚਸਪ ਬਣਾ ਗਿਆ ਹੈ। ਪੁਸਤਕ ਦੇ ਆਰੰਭ ਵਿੱਚ ਆਪਣੇ ਵੱਲੋਂ ਪੰਨਾ ਨੰਬਰ 6 ਤੋ 18 ਤੱਕ (13 ਸਫ਼ੇ) ਲਿਖੇ ‘ਦੋ-ਸ਼ਬਦ’ ”ਸੈਂਸ ਆਫ਼ ਹਿਊਮਰ” ਹੀ ਕਈ ਯੱਬਲੀਆਂ ਦਾ ਮਸਾਲਾ ਛੱਡ ਗਏ ਹਨ। ਖ਼ਾਸ ਤੌਰ ‘ਤੇ ”ਰੈਵੀਨਿਊ ਕੈਨੇਡਾ” ਵਿਚਲੇ ਨਾਇਕ ਵੱਲੋਂ ਬਿਲਕੁਲ ਨੁੱਚੜੇ ਹੋਏ ਨਿੰਬੂ ਵਿੱਚੋਂ ਵੀ 5-6 ਬੂੰਦਾਂ ਰਸ ਦੀਆਂ ਕੱਢ ਦੇਣੀਆਂ ਕਿਸੇ ‘ਅਜੋਕੀ ਕਰਾਮਾਤ’ ਤੋਂ ਘੱਟ ਨਹੀਂ ਹੈ। ਹੋਰ ਵੀ ਜਿਵੇਂ, ਸੰਗਾਕਾਰਾ ਦੀ ‘ਜੁਗਾੜਬੰਦੀ’, ‘ਖ਼ੁਸ਼ਕਿਸਮਤ ਡਰਾਈਵਰ’, ਸਤਾਈ ਜੂਨ ਨੂੰ ਆਉਣ ਵਾਲਾ ‘ਇੰਟਰਨੈਸ਼ਨਲ ਹਸਬੈਂਡ ਡੇਅ’, ਆਦਿ ਇੱਕ ਦੂਜੇ ਤੋਂ ਵੱਧ-ਚੱੜ੍ਹ ਕੇ ਹਨ। ਇਹ ਤਾਂ ਚੰਦ ਵੰਨਗੀਆਂ ਹੀ ਹਨ। ਇਸ ਤਰ੍ਹਾਂ ਦੀਆਂ ਹੋਰ ਕਈ ਦਿਲਚਸਪ ‘ਯੱਬਲੀਆਂ’ ਦੇ ਦਰਸ਼ਨ ਤੁਹਾਨੂੰ ਇਸ ਪੁਸਤਕ ਵਿੱਚੋਂ ਹੋਣਗੇ ਜੋ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਤੱਕ ਜਾਣਗੀਆਂ। ਅੱਜਕੱਲ੍ਹ ਦੀ ਰੁਝੇਵਿਆਂ ਭਰੀ ਮਨੁੱਖੀ ਜ਼ਿੰਦਗੀ ਵਿੱਚ ਤਣਾਅ ਨੇ ਬੜੀ ਅਹਿਮ ਥਾਂ ਬਣਾ ਲਈ ਹੈ ਅਤੇ ‘ਯੱਬਲੀਆਂ’ ਵਰਗੀਆਂ ਹਾਸ-ਵਿਅੰਗ ਨਾਲ ਭਰਪੂਰ ਪੁਸਤਕਾਂ ਘੱਟੋ-ਘੱਟ ਕੁਝ ਸਮੇਂ ਤਾਂ ਇਸ ਤਣਾਅ ਨੂੰ ਜ਼ਰੂਰ ਪਰੇ ਧੱਕਦੀਆਂ ਹਨ। ਉਂਜ ਵੀ ਹਾਸ-ਵਿਅੰਗ ਵਿਧਾ ਦੀ ਸਾਹਿਤ ਵਿੱਚ ਅਹਿਮ ਥਾਂ ਹੈ ਅਤੇ ਪੰਜਾਬੀ ਸਾਹਿਤ ਵਿੱਚ ਵੀ ਇਸ ਦੀ ਯੋਗ ਥਾਂ ਬਣੀ ਰਹੀ ਹੈ, ਭਾਵੇਂ ਬੀਤੇ ਸਮੇਂ ਵਿੱਚ ਚਰਨ ਸਿੰਘ ‘ਸ਼ਹੀਦ’ ਵਰਗਾ ਹਾਸਰਸ-ਕਵੀ ਹੋਵੇ ਜਾਂ ਗੁਰਨਾਮ ਸਿੰਘ ‘ਤੀਰ’ ਵਰਗਾ ਹਾਸ-ਨਿਬੰਧ ਲੇਖਕ ਹੋਵੇ, ਜਾਂ ਫਿਰ ‘ਯੱਬਲੀਆਂ, ‘ਗ਼ੁਸਤਾਖ਼ੀਆਂ’ ਤੇ ‘ਗ਼ੁਸਤਾਖ਼ੀ ਮਾਫ਼’ ਵਰਗੇ ਸਿਰਲੇਖਾਂ ਹੇਠ ਲਿਖਦੇ ਅਜੋਕੇ ਹਾਸ-ਵਿਅੰਗ ਲੇਖਕ ਹੋਣ। ਕਿਸੇ ਨੂੰ ਹਸਾਉਣਾ ਸੌਖਾ ਨਹੀਂ ਹੈ। ਹਾਸਰਸ ਪੈਦਾ ਕਰਦੀਆਂ ਇਨ੍ਹਾਂ ਕਲਮਾਂ ਨੂੰ ਸਲਾਮ। ਕੁਲਜੀਤ ਮਾਨ ਦੀ ਇਸ ਪੁਸਤਕ ‘ਯੱਬਲੀਆਂ’ ਨੂੰ ”ਜੀ-ਆਇਆਂ”। ਨਿਰਸੰਦੇਹ, ਇਹ ਇਸ ਨੂੰ ਪੜ੍ਹਨ ਵਾਲਿਆਂ ਦੀ ਜ਼ਿੰਦਗੀ ਵਿੱਚ ਤਣਾਅ ਨੂੰ ਜ਼ਰੂਰ ਘੱਟ ਕਰੇਗੀ। ਅਖ਼ੀਰ ਵਿੱਚ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਨੂੰ ‘ਖ਼ਰੀਦ’ ਕੇ ਹੀ ਪੜ੍ਹਨ ਭਾਵੇਂ, ਕੀਮਤ ਇਸ ਦੀ ਭਾਵੇਂ ਕੁਝ ਵੀ ਅਦਾ ਕਰਨ। ਅਲਬੱਤਾ, ਗੰਭੀਰ ਪਾਠਕ ਇਹ ਬਿਨਾਂ ਕੋਈ ਕੀਮਤ ਤਾਰਿਆਂ ਵੀ ਲੇਖਕ ਕੋਲੋਂ ਪ੍ਰਾਪਤ ਕਰ ਸਕਦੇ ਹਨ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …