ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇਕ ਪਾਸੇ ਲੁੱਟ-ਖੋਹ ਦੀਆਂ ਘਟਨਾਵਾਂ ਦਿਨ ਬਦਿਨ ਵਧਦੀਆਂ ਜਾ ਰਹੀਆਂ ਹਨ, ਦੂਜੇ ਪਾਸੇ ਗੋਲੀਬਾਰੀ ਅਤੇ ਹੱਤਿਆਵਾਂ ਦੀਆਂ ਖ਼ਬਰਾਂ ਵੀ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਹਨ। ਝਪਟਮਾਰਾਂ ਦੇ ਹੌਂਸਲੇ ਏਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਸ਼ਰ੍ਹੇਆਮ ਭੀੜ-ਭਾੜ ਵਾਲੇ ਇਲਾਕਿਆਂ ‘ਚ ਵੀ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲੱਗੇ ਹਨ। ਰਿਹਾਇਸ਼ੀ ਇਲਾਕਿਆਂ ‘ਚ ਵੀ ਦਿਨ-ਦਿਹਾੜੇ ਘਰਾਂ ‘ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਆਮ ਵਾਪਰਨ ਲੱਗੀਆਂ ਹਨ। ਅਜੇ ਕੁਝ ਦਿਨ ਪਹਿਲਾਂ ਹੀ ਲੁੱਟ ਦੀ ਇਕ ਵੱਡੀ ਘਟਨਾ ਲੁਧਿਆਣਾ ਸ਼ਹਿਰ ‘ਚ ਵਾਪਰੀ ਹੈ। ਇਸ ਘਟਨਾ ‘ਚ ਹਥਿਆਰਬੰਦ ਲੁਟੇਰੇ ਬੈਂਕਾਂ ਤੇ ਹੋਰ ਵਿੱਤੀ ਸੰਸਥਾਵਾਂ ‘ਚ ਧਨ ਜਮ੍ਹਾਂ ਕਰਵਾਉਣ ਵਾਲੀ ਇਕ ਕੰਪਨੀ ਦੇ ਦਫ਼ਤਰ ‘ਚ ਅੱਧੀ ਰਾਤ ਤੋਂ ਬਾਅਦ ਦਾਖ਼ਲ ਹੋ ਕੇ 8.49 ਕਰੋੜ ਰੁਪਏ ਦੀ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਸ ਤਾਜ਼ਾ ਘਟਨਾ ਨੇ ਪੰਜਾਬ ‘ਚ ਕਾਨੂੰਨ ਵਿਵਸਥਾ ਦੇ ਕੰਟਰੋਲ ‘ਚ ਹੋਣ ਦੇ ਮੌਜੂਦਾ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲਗਭਗ ਦਸ ਡਕੈਤਾਂ ਵਿਚ ਇਕ ਔਰਤ ਵੀ ਸ਼ਾਮਲ ਦੱਸੀ ਜਾਂਦੀ ਹੈ। ਪੁਲਿਸ ਨੇ ਇਨ੍ਹਾਂ ਵਿਚੋਂ ਪੰਜ ਲੁਟੇਰੇ ਫੜ ਲਏ ਹਨ ਤੇ ਉਨ੍ਹਾਂ ਤੋਂ ਵੱਡੀ ਮਾਤਰਾ ‘ਚ ਨਗਦੀ ਵੀ ਫੜੀ ਗਈ ਹੈ। ਪਰ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸੂਬੇ ‘ਚ ਲੁੱਟ-ਖੋਹ ਅਤੇ ਝਪਟਮਾਰੀ ਦੀਆਂ ਅਪਰਾਧਕ ਘਟਨਾਵਾਂ ਇਕ ਤਰ੍ਹਾਂ ਦਾ ਕਾਰੋਬਾਰ ਬਣਦੀਆਂ ਜਾ ਰਹੀਆਂ ਹਨ।
ਤ੍ਰਾਸਦੀ ਇਹ ਵੀ ਹੈ ਕਿ ਇਸ ਘਟਨਾ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਪੰਜਾਬ ਦੇ ਮੋਗਾ ਸ਼ਹਿਰ ‘ਚ ਇਕ ਵੱਡੇ ਸੋਨੇ ਦੇ ਕਾਰੋਬਾਰੀ ਦੇ ਸ਼ੋਅ ਰੂਮ ‘ਚ ਵੜ ਕੇ ਬੇਖ਼ੌਫ਼ ਲੁਟੇਰਿਆਂ ਨੇ ਸ਼ੋਅ ਰੂਮ ਦੇ ਮਾਲਕ ਨੂੰ ਗੋਲੀ ਮਾਰ ਕੇ ਲੱਖਾਂ ਦੇ ਗਹਿਣੇ ਲੁੱਟ ਲਏ। ਇਸੇ ਤਰ੍ਹਾਂ ਅੰਮ੍ਰਿਤਸਰ ‘ਚ ਲੁਟੇਰੇ ਸ਼ਰ੍ਹੇਆਮ ਇਕ ਆਦਮੀ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਕੇ ਇਕ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਹ ਲੁੱਟ ਵੀ ਇਕ ਨਿੱਜੀ ਕੰਪਨੀ ਦੇ ਪੈਸੇ ਇਕੱਠੇ ਕਰਨ ਵਾਲੇ ਕਰਮਚਾਰੀ ਦੇ ਨਾਲ ਵਾਪਰੀ ਹੈ। ਅਜਿਹੀ ਹੀ ਇਕ ਘਟਨਾ ਕੁਝ ਦਿਨ ਪਹਿਲਾਂ ਜਲੰਧਰ ‘ਚ ਵੀ ਵਾਪਰੀ ਸੀ, ਜਦੋਂ ਦੋ ਲੁਟੇਰੇ ਸਰਾਫ਼ੇ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਇਕ ਲੜਕੇ ਦੀਆਂ ਅੱਖਾਂ ‘ਚ ਮਿਰਚਾਂ ਦਾ ਪਾਊਡਰ ਪਾ ਕੇ ਪੰਜ ਤੋਲੇ ਤੋਂ ਵੱਧ ਦਾ ਸੋਨਾ ਲੁੱਟ ਕੇ ਭੱਜ ਗਏ ਸਨ। ਬੇਹੱਦ ਭੀੜ-ਭਾੜ ਵਾਲੇ ਇਲਾਕੇ ‘ਚ ਵਾਪਰੀ ਇਸ ਲੁੱਟ ਦਾ ਵੀ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਅੰਮ੍ਰਿਤਸਰ ‘ਚ ਇਕ ਔਰਤ ਸ਼ਰਧਾਲੂ ਨਾਲ ਹੋਈ ਲੁੱਟਮਾਰ ਅਤੇ ਤਰਨਤਾਰਨ ‘ਚ ਪੁਲਿਸ ਦੇ ਇਕ ਹੈੱਡ-ਕਾਂਸਟੇਬਲ ਦੀ ਪਤਨੀ ਨਾਲ ਹੋਈ ਝਪਟਮਾਰ ਦੀ ਘਟਨਾ ਵੀ, ਖ਼ੁਦ ਪੁਲਿਸ ਲਈ ਇਕ ਵੱਡੀ ਚੁਣੌਤੀ ਵਾਂਗ ਹੈ। ਲੁਧਿਆਣਾ ‘ਚ ਨਸ਼ਾ ਤਸਕਰਾਂ ਵਲੋਂ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕੀਤੇ ਜਾਣਾ ਵੀ ਇਹ ਦਰਸਾਉਂਦਾ ਹੈ ਕਿ ਸੂਬੇ ਦੀ ਪੁਲਿਸ ਦਾ ਡਰ ਅਪਰਾਧੀਆਂ ਦੇ ਦਿਲੋਂ-ਦਿਮਾਗ਼ ‘ਚੋਂ ਖ਼ਤਮ ਹੁੰਦਾ ਜਾ ਰਿਹਾ ਹੈ। ਪਠਾਨਕੋਟ ‘ਚ ਇਕ ਪਤੀ-ਪਤਨੀ ਦੀ ਉਸੇ ਦੇ ਘਰ ‘ਚ ਨੌਕਰ ਵਲੋਂ ਕੀਤੀ ਗਈ ਹੱਤਿਆ ਅਤੇ ਰਾਜਪੁਰਾ ‘ਚ ਇਕ ਨੌਜਵਾਨ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਨਹਿਰ ‘ਚ ਸੁੱਟ ਕੇ ਕੀਤੀ ਗਈ ਹੱਤਿਆ ਵੀ ਸੂਬੇ ਦੇ ਪ੍ਰਸ਼ਾਸਨ ਅਤੇ ਖ਼ਾਸਕਰ ਪੁਲਿਸਤੰਤਰ ਮੂੰਹ ਚਿੜਾ ਰਹੀ ਹੈ। ਪੰਜਾਬ ‘ਚ ਲਾਇਸੰਸੀ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਨੂੰ ਰੱਖਣ ਦਾ ਸ਼ੌਕ ਵੀ ਅਪਰਾਧਕ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨ ਵਾਲਾ ਸਾਬਤ ਹੋ ਰਿਹਾ ਹੈ।
ਬਿਨਾਂ ਸ਼ੱਕ ਪੰਜਾਬ ਅੱਜ ਅਪਰਾਧਕ ਅਨਸਰਾਂ ਦੀਆਂ ਕਾਰਵਾਈਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਜਾਂਦਾ ਹੋਵੇ, ਜਦੋਂ ਸੂਬੇ ਦੇ ਕਿਸੇ ਵੱਡੇ-ਛੋਟੇ ਸ਼ਹਿਰ ‘ਚ ਹੱਤਿਆ, ਗੋਲੀਬਾਰੀ, ਲੁੱਟ-ਖੋਹ ਜਾਂ ਝਪਟਮਾਰੀ ਦੀ ਕੋਈ ਘਟਨਾ ਨਾ ਵਾਪਰੇ। ਸ਼ਹਿਰ ਤਾਂ ਸ਼ਹਿਰ, ਅਜਿਹੇ ਅਪਰਾਧਕ ਅਨਸਰਾਂ ਦੇ ਹੱਥ, ਪੁਲਿਸ ਦੇ ਹੱਥਾਂ ਤੋਂ ਵੀ ਲੰਬੇ ਹੋ ਕੇ ਪਿੰਡਾਂ ਤੱਕ ਪਹੁੰਚ ਚੁੱਕੇ ਹਨ। ਅਜਿਹੇ ਅਪਰਾਧੀ ਹੁਣ ਸਿਰਫ਼ ਲੁੱਟਦੇ ਹੀ ਨਹੀਂ ਸਗੋਂ ਕੁੱਟਮਾਰ ਕਰ ਕੇ ਲੋਕਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਕਰਨ ਲੱਗੇ ਹਨ ਅਤੇ ਇੱਥੋਂ ਤੱਕ ਕਿ ਹੱਤਿਆ ਵੀ ਕਰ ਦਿੰਦੇ ਹਨ। ਅਸੀਂ ਸਮਝਦੇ ਹਾਂ ਕਿ ਅਜਿਹੀਆਂ ਘਟਨਾਵਾਂ ਦੇ ਬੇਖ਼ੌਫ਼ ਵਧਦੇ ਜਾਣ ਨਾਲ ਜਿੱਥੇ ਇਕ ਪਾਸੇ ਔਰਤਾਂ ਬਹੁਤ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ, ਉੱਥੇ ਸੂਬੇ ਦੇ ਕਾਰੋਬਾਰੀਆਂ, ਵਪਾਰੀਆਂ ਤੇ ਉਦਯੋਗਪਤੀਆਂ ‘ਚ ਵੀ ਦਹਿਸ਼ਤ ਪਸਰੀ ਪਈ ਹੈ। ਵੱਡੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਰੰਗਦਾਰੀ ਤੇ ਅਗਵਾ ਕਰਨ ਦੀਆਂ ਧਮਕੀਆਂ ਦੇ ਕੇ ਫਿਰੌਤੀਆਂ ਮੰਗਣਾ ਵੀ ਜਿਵੇਂ ਇਕ ਧੰਦਾ ਬਣਦਾ ਜਾ ਰਿਹਾ ਹੈ। ਬਿਨਾਂ ਸ਼ੱਕ ਸੂਬੇ ਦੇ ਪੁਲਿਸ ਉੱਚ ਅਧਿਕਾਰੀਆਂ ਨੂੰ ਇਕ ਪਾਸੇ ਇਨ੍ਹਾਂ ਅਪਰਾਧਕ ਘਟਨਾਵਾਂ ਦੇ ਪਿੱਛੇ ਦੇ ਕਾਰਨਾਂ ਨੂੰ ਲੱਭਣਾ ਹੋਵੇਗਾ, ਉੱਥੇ ਇਨ੍ਹਾਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਲਈ ਵੀ ਅੱਗੇ ਵਧਣਾ ਹੋਵੇਗਾ। ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦੇ ਹੋਏ ਆਮ ਲੋਕਾਂ ਨੂੰ ਸੁਰੱਖਿਅਤ ਮਾਹੌਲ ਉਪਲਬਧ ਕਰਵਾਉਣਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਆਮ ਲੋਕਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਜਿਹੀਆਂ ਘਟਨਾਵਾਂ ਕਿਸ ਕਾਰਨ ਵਾਪਰ ਰਹੀਆਂ ਹਨ। ਉਨ੍ਹਾਂ ਦੀ ਇੱਛਾ ਤਾਂ ਅਪਰਾਧ-ਰਹਿਤ ਸਮਾਜ ‘ਚ ਜਿਉਣ ਦੀ ਹੁੰਦੀ ਹੈ। ਇਸ ਲਈ ਜਿੰਨੀ ਛੇਤੀ ਅਪਰਾਧ ਘਟਾਉਣ ਵਿਚ ਪੁਲਿਸ ਸਫ਼ਲ ਹੋਵੇਗੀ, ਓਨਾ ਹੀ ਸਮਾਜ ਅਤੇ ਆਮ ਲੋਕਾਂ ਲਈ ਚੰਗਾ ਹੋਵੇਗਾ।
Check Also
ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ …