Breaking News
Home / ਸੰਪਾਦਕੀ / ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਸਾਬਤ ਹੋ ਰਿਹੈ ਕਿਸਾਨੀ ਸੰਘਰਸ਼

ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਸਾਬਤ ਹੋ ਰਿਹੈ ਕਿਸਾਨੀ ਸੰਘਰਸ਼

ਭਾਰਤ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨਿਆਂ ਨੇ 42 ਦਿਨ ਪੂਰੇ ਕਰ ਲਏ ਹਨ। ਦਿੱਲੀ ਨਾਲ ਲਗਦੀਆਂ ਸਿੰਘੂ, ਟਿਕਰੀ, ਕੁੰਡਲੀ ਅਤੇ ਗਾਜ਼ੀਆਬਾਦ ਦੀਆਂ ਸਰਹੱਦਾਂ ਕਿਸਾਨਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਸੈਂਕੜੇ ਥਾਵਾਂ ‘ਤੇ ਪਹਿਲਾਂ ਦੀ ਤਰ੍ਹਾਂ ਹੀ ਧਰਨੇ ਚੱਲ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਪੋਹ-ਮਾਘ ਦੀ ਸਰਦੀ ਅਤੇ ਉੱਤੋਂ ਪੈਂਦੀ ਬਾਰਿਸ਼ ਅਤੇ ਵਗਦੀਆਂ ਠੰਢੀਆਂ ਹਵਾਵਾਂ ਵਿਚ ਵੀ ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਦੇ ਡਟੇ ਰਹਿਣ ਨੇ ਨਿਵੇਕਲਾ ਇਤਿਹਾਸ ਸਿਰਜ ਦਿੱਤਾ ਹੈ। ਨਾ ਕੇਵਲ ਭਾਰਤ, ਸਗੋਂ ਪੂਰੀ ਦੁਨੀਆ ਵਿਚ ਇਸ ਅੰਦੋਲਨ ਦੀ ਚਰਚਾ ਹੋ ਰਹੀ ਹੈ। ਹਰ ਰੋਜ਼ ਵੱਖ-ਵੱਖ ਸੂਬਿਆਂ ਤੋਂ ਹੋਰ ਕਿਸਾਨ ਇਨ੍ਹਾਂ ਧਰਨਿਆਂ ਵਿਚ ਸ਼ਾਮਿਲ ਹੋਈ ਹੈ ਜਾ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਟਰੈਕਟਰਾਂ ਟਰਾਲੀਆਂ ਦੇ ਵਸੇ ਹੋਏ ਇਹ ਸ਼ਹਿਰ ਦਿਨੋ-ਦਿਨ ਹੋਰ ਲੰਮੇ ਹੋਈ ਜਾ ਰਹੇ ਹਨ। ਹਰ ਸੂਬੇ ਵਿਚ ਭਾਜਪਾ ਤੇ ਉਸ ਨਾਲ ਸਬੰਧਿਤ ਸੰਗਠਨਾਂ ਨੂੰ ਛੱਡ ਕੇ ਸਮਾਜ ਦਾ ਹਰ ਵਰਗ ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਅਮਲੀ ਰੂਪ ਵਿਚ ਕਿਸਾਨਾਂ ਦੀ ਜਿੱਤ ਕਦੋਂ ਹੁੰਦੀ ਹੈ, ਇਹ ਅਜੇ ਵੇਖਣ ਵਾਲੀ ਗੱਲ ਹੋਵੇਗੀ ਪਰ ਨੈਤਿਕ ਤੌਰ ‘ਤੇ ਏਨੇ ਲੰਮੇ ਸਮੇਂ ਤੱਕ ਪੁਰਅਮਨ ਅਤੇ ਅਨੁਸ਼ਾਸਨਾਤਮਿਕ ਢੰਗ ਨਾਲ ਏਨਾ ਵੱਡਾ ਅੰਦੋਲਨ ਚਲਾ ਕੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਨੈਤਿਕ ਜਿੱਤ ਪ੍ਰਾਪਤ ਕਰ ਲਈ ਹੈ।
ਇਸ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਹੁਣ ਤੱਕ ਇਸ ਦੇ ਪੁਰਅਮਨ ਅਤੇ ਅਨੁਸ਼ਾਸਨ ਵਿਚ ਰਹਿਣ ਵਿਚ ਹੀ ਰਹੀ ਹੈ। ਜੇਕਰ ਪੰਜਾਬ ਵਿਚ ਜਾਂ ਦਿੱਲੀ ਦੀਆਂ ਸਰਹੱਦਾਂ ‘ਤੇ ਇਹ ਅੰਦੋਲਨ ਹਿੰਸਕ ਹੋ ਜਾਂਦਾ ਤਾਂ ਕੇਂਦਰੀ ਸਰਕਾਰ ਅਤੇ ਸਬੰਧਿਤ ਰਾਜਾਂ ਦੀਆਂ ਰਾਜ ਸਰਕਾਰਾਂ ਨੂੰ ਸੁਰੱਖਿਆ ਬਲਾਂ ਦੀ ਵਰਤੋਂ ਕਰ ਕੇ ਇਸ ਨੂੰ ਕੁਚਲਣ ਦਾ ਵੱਡਾ ਬਹਾਨਾ ਮਿਲ ਜਾਣਾ ਸੀ। ਪਰ ਇਸ ਪੱਖ ਤੋਂ ਕਿਸਾਨ ਲੀਡਰਸ਼ਿਪ ਅਤੇ ਅੰਦੋਲਨ ਵਿਚ ਸ਼ਿਰਕਤ ਕਰ ਰਹੇ ਸਾਧਾਰਨ ਕਿਸਾਨ ਪ੍ਰਸੰਸਾ ਦੇ ਪਾਤਰ ਹਨ, ਕਿ ਉਨ੍ਹਾਂ ਨੇ ਵੱਡੀ ਹੱਦ ਤੱਕ ਔਖੀਆਂ ਸਥਿਤੀਆਂ ਵਿਚ ਵੀ ਸਬਰ ਵਿਚ ਰਹਿੰਦਿਆਂ ਇਸ ਸੰਘਰਸ਼ ਵਿਚ ਵੱਡਾ ਯੋਗਦਾਨ ਪਾਇਆ ਹੈ।
ਪਰ ਇਸ ਅੰਦੋਲਨ ਦੌਰਾਨ ਪੰਜਾਬ ਵਿਚ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਦਾ ਨੋਟਿਸ ਲੈਣਾ ਜ਼ਰੂਰੀ ਹੈ ਤੇ ਇਨ੍ਹਾਂ ਸਬੰਧੀ ਕਿਸਾਨ ਆਗੂਆਂ ਅਤੇ ਸਾਧਾਰਨ ਕਿਸਾਨਾਂ ਨੂੰ ਚੌਕਸ ਹੋਣ ਦੀ ਲੋੜ ਹੈ।
ਇਸ ਸਬੰਧ ਵਿਚ ਪਹਿਲੀ ਘਟਨਾ ਇਹ ਹੋਈ ਹੈ ਕਿ ਵੱਖ-ਵੱਖ ਥਾਵਾਂ ‘ਤੇ ਕਿਸਾਨ ਅੰਦੋਲਨ ਦੇ ਨਾਂਅ ‘ਤੇ ਵਿਚਰਨ ਵਾਲੇ ਬਹੁਤ ਸਾਰੇ ਲੋਕਾਂ ਵਲੋਂ ਜੀਓ ਟੈਲੀਫ਼ੋਨ ਕੰਪਨੀ ਦੇ ਸੈਂਕੜੇ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਕੁਝ ਥਾਵਾਂ ‘ਤੇ ਟਾਵਰਾਂ ਨਾਲ ਲੱਗੇ ਜਨਰੇਟਰ ਵੀ ਉਖਾੜ ਕੇ ਚੁਰਾਏ ਗਏ ਹਨ ਅਤੇ ਕੁਝ ਥਾਵਾਂ ‘ਤੇ ਕੇਬਲਾਂ ਨੂੰ ਵੀ ਸਾੜਿਆ ਗਿਆ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਜੀਓ ਕੰਪਨੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵੀ ਟਾਵਰਾਂ ਅਤੇ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਰਿਟ ਵੀ ਦਾਖ਼ਲ ਕਰਵਾਈ ਹੈ। ਇਸ ਨਾਲ ਕਿਸਾਨ ਅੰਦੋਲਨ ਦੇ ਵਿਰੋਧੀ ਸਿਆਸੀ ਅਤੇ ਗ਼ੈਰ-ਸਿਆਸੀ ਵਰਗਾਂ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਇਕ ਅਵਸਰ ਮਿਲਿਆ ਹੈ। ਸਾਡੀ ਇਸ ਸਬੰਧ ਵਿਚ ਇਹ ਸਲਾਹ ਹੈ ਕਿ ਜਿਹੜੇ ਵੀ ਲੋਕ ਕਿਸਾਨ ਅੰਦੋਲਨ ਵਿਚ ਸਰਗਰਮ ਹਨ, ਉਨ੍ਹਾਂ ਨੂੰ ਕਿਸੇ ਵੀ ਕੰਪਨੀ ਦੀ ਜਾਇਦਾਦ ਜਾਂ ਕਿਸੇ ਵੀ ਕੰਪਨੀ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਜੇਕਰ ਕਾਰਪੋਰੇਟ ਅਦਾਰਿਆਂ ਦੇ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਇਕ ਨਿਸ਼ਚਿਤ ਦੂਰੀ ‘ਤੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਉਥੇ ਲਾਏ ਜਾਣ ਵਾਲੇ ਨਾਅਰੇ ਅਤੇ ਦਿੱਤੇ ਜਾਣ ਵਾਲੇ ਭਾਸ਼ਨ ਵੀ ਚੰਗੀ ਸ਼ਬਦਾਵਲੀ ਵਾਲੇ ਅਤੇ ਬਾਦਲੀਲ ਹੋਣੇ ਚਾਹੀਦੇ ਹਨ। ਗਾਲੀ-ਗਲੋਚ ਅਤੇ ਲੱਚਰ ਸ਼ਬਦਾਵਲੀ ਤੋਂ ਹਰ ਹੀਲੇ ਬਚਿਆ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਵੀ ਅੰਦੋਲਨ ਨੂੰ ਬਦਨਾਮ ਕਰਨ ਦਾ ਮੌਕਾ ਨਾ ਮਿਲੇ।
ਪੰਜਾਬ ਦੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਵੀ ਬਹੁਤ ਸਾਰੀਆਂ ਥਾਵਾਂ ‘ਤੇ ਕਿਸਾਨ ਆਗੂਆਂ ਵਲੋਂ ਧਰਨੇ ਲਗਾਏ ਗਏ ਹਨ। ਇਹ ਧਰਨੇ ਵੀ ਘਰਾਂ ਤੋਂ ਇਕ ਨਿਸ਼ਚਿਤ ਦੂਰੀ ‘ਤੇ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਵਿਚ ਵੀ ਲਾਏ ਜਾਣ ਵਾਲੇ ਨਾਅਰੇ ਅਤੇ ਦਿੱਤੇ ਜਾਣ ਵਾਲੇ ਭਾਸ਼ਨ ਚੰਗੀ ਸ਼ਬਦਾਵਲੀ ਵਾਲੇ ਅਤੇ ਬਾਦਲੀਲ ਹੋਣੇ ਚਾਹੀਦੇ ਹਨ। ਭਾਜਪਾ ਆਗੂਆਂ ਨਾਲ ਅੰਦੋਲਨਕਾਰੀਆਂ ਦੇ ਤਿੱਖੇ ਮਤਭੇਦ ਹੋ ਸਕਦੇ ਹਨ ਪਰ ਉਨ੍ਹਾਂ ਦੇ ਪਰਿਵਾਰਾਂ ਦੀ ਨਿੱਜੀ ਆਜ਼ਾਦੀ ਵਿਚ ਵਿਘਨ ਪਾਉਣ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਹੈ। ਭਾਜਪਾ ਆਗੂਆਂ ਦੇ ਘਰਾਂ ਜਾਂ ਉਨ੍ਹਾਂ ਦੇ ਦਫ਼ਤਰਾਂ ਵਿਚ ਧੱਕੇ ਨਾਲ ਦਾਖ਼ਲ ਹੋਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।
ਕਿਸਾਨ ਅੰਦੋਲਨ ਦੇ ਸਮਰਥਕ ਪਹਿਲਾਂ ਹੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਭਾਜਪਾ ਦੇ ਕੇਂਦਰੀ ਮੰਤਰੀਆਂ ਤੋਂ ਲੈ ਕੇ ਪੰਜਾਬ ਦੇ ਆਗੂਆਂ ਤੱਕ ਲਗਾਤਾਰ ਅਜਿਹੇ ਬਿਆਨ ਦੇ ਰਹੇ ਹਨ ਕਿ ਕਿਸਾਨ ਅੰਦੋਲਨ ਵਿਚ ਖ਼ਾਲਿਸਤਾਨੀ, ਮਾਓਵਾਦੀ ਅਤੇ ਨਕਸਲੀ ਦਾਖ਼ਲ ਹੋ ਗਏ ਹਨ। ਕਿਸਾਨ ਆਗੂਆਂ ਦਾ ਇਸ ‘ਤੇ ਹੁਣ ਕੋਈ ਕੰਟਰੋਲ ਨਹੀਂ ਰਿਹਾ ਤੇ ਇਹ ਅੰਦੋਲਨ ਦਿਸ਼ਾਹੀਣ ਹੋ ਚੁੱਕਾ ਹੈ। ਇਨ੍ਹਾਂ ਬਿਆਨਾਂ ਦਾ ਮਕਸਦ ਵੀ ਅੰਦੋਲਨ ਨੂੰ ਬਦਨਾਮ ਕਰ ਕੇ ਇਸ ਵਿਰੁੱਧ ਤਾਕਤ ਵਰਤਣ ਲਈ ਰਾਹ ਤਿਆਰ ਕਰਨਾ ਹੈ। ਅਜਿਹੀ ਭੜਕਾਊ ਬਿਆਨਬਾਜ਼ੀ ਜਾਂ ਸਰਗਰਮੀ ਦਾ ਮੰਤਵ ਭੜਕਾਹਟ ਪੈਦਾ ਕਰ ਕੇ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗਾੜ ਕੇ ਪੰਜਾਬ ਵਿਚ ਗਵਰਨਰੀ ਰਾਜ ਲਗਵਾਉਣਾ ਵੀ ਹੋ ਸਕਦਾ ਹੈ ਤਾਂ ਜੋ ਅੰਦੋਲਨ ਨੂੰ ਪੰਜਾਬ ਵਿਚ ਹੀ ਠੱਪ ਕਰ ਦਿੱਤਾ ਜਾਵੇ। ਇਥੋਂ ਹੀ ਲੋਕਾਂ ਨੂੰ ਦਿੱਲੀ ਨਾ ਜਾਣ ਦਿੱਤਾ ਜਾਵੇ। ਇਸ ਲਈ ਕਿਸਾਨ ਅੰਦੋਲਨ ਦੇ ਸਮਰਥਕਾਂ ਨੂੰ ਭਾਜਪਾ ਆਗੂਆਂ ਦੀਆਂ ਭੜਕਾਊ ਬਿਆਨਬਾਜ਼ੀਆਂ ਜਾਂ ਭੜਕਾਊ ਕਾਰਵਾਈਆਂ ਤੋਂ ਉਤੇਜਿਤ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਦੀ ਹਰ ਸਰਗਰਮੀ ਦਾ ਅਨੁਸ਼ਾਸਨ ਵਿਚ ਰਹਿੰਦਿਆਂ ਹੀ ਜਵਾਬ ਦੇਣਾ ਚਾਹੀਦਾ ਹੈ। ਸਮੁੱਚੇ ਤੌਰ ‘ਤੇ ਅਸੀਂ ਪੰਜਾਬ ਦੀਆਂ ਹੋਰ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਤੋਂ ਆਰੰਭ ਹੋਇਆ ਕਿਸਾਨ ਅੰਦੋਲਨ ਹੁਣ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਹੈ। ਇਸ ਵਿਚ ਪੰਜਾਬ, ਹਰਿਆਣਾ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਦੂਰ-ਦਰਾਜ ਦੇ ਹੋਰ ਰਾਜਾਂ ਦੇ ਕਿਸਾਨ ਵੀ ਸ਼ਾਮਿਲ ਹੋ ਚੁੱਕੇ ਹਨ ਅਤੇ ਜਿਹੜੇ ਕਿਸਾਨ ਦਿੱਲੀ ਨਹੀਂ ਆਏ, ਉਹ ਚੇਨੱਈ, ਬਿਹਾਰ, ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿਚ ਆਪੋ-ਆਪਣੀ ਪੱਧਰ ‘ਤੇ ਤਿੰਨਾਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …