Breaking News
Home / ਸੰਪਾਦਕੀ / ਅਫਗਾਨਿਸਤਾਨ ਦੀ ਮੰਦਭਾਗੀ ਘਟਨਾ

ਅਫਗਾਨਿਸਤਾਨ ਦੀ ਮੰਦਭਾਗੀ ਘਟਨਾ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਦਸ਼ਮੇਸ਼ ਪਿਤਾ ਸਾਹਿਬ ਜੀ, ਕਰਤੇ ਪ੍ਰਵਾਨ ਵਿਚ ਜਿਸ ਤਰ੍ਹਾਂ ਇਸਲਾਮਿਕ ਸਟੇਟ ਖੁਰਾਸਾਨ ਦੇ ਅੱਤਵਾਦੀਆਂ ਨੇ ਹਮਲਾ ਕੀਤਾ, ਉਹ ਬੇਹੱਦ ਮੰਦਭਾਗਾ ਹੈ। ਦੁਨੀਆ ਭਰ ਵਿਚ ਇਕ ਵਾਰ ਫਿਰ ਇਨ੍ਹਾਂ ਅੱਤਵਾਦੀਆਂ ਦੀ ਸਖ਼ਤ ਆਲੋਚਨਾ ਹੋਈ ਹੈ। ਇਥੇ ਅਮਰੀਕਾ ਦੀ ਹਮਾਇਤ ਵਾਲੀ 10 ਸਾਲ ਤੱਕ ਸਥਾਪਤ ਰਹੀ ਸਰਕਾਰ ਦੀ ਤਾਲਿਬਾਨ ਲੜਾਕਿਆਂ ਨਾਲ ਹੁੰਦੀ ਰਹੀ ਸਖ਼ਤ ਲੜਾਈ ਦੌਰਾਨ ਇਥੇ ਰਹਿੰਦੀਆਂ ਘੱਟ-ਗਿਣਤੀਆਂ, ਖ਼ਾਸ ਤੌਰ ‘ਤੇ ਸਿੱਖਾਂ ਅਤੇ ਹਿੰਦੂਆਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਚਲੀ ਗਈ ਸੀ। 1970ਵਿਆਂ ਵਿਚ ਅਫਗਾਨਿਸਤਾਨ ਵਿਚ ਇਕ ਲੱਖ ਤੋਂ ਵੀ ਵਧੇਰੇ ਸਿੱਖ ਰਹਿੰਦੇ ਸਨ। ਪਰ ਲਗਾਤਾਰ ਦੇਸ਼ ਵਿਚ ਗ੍ਰਹਿ ਯੁੱਧ ਹੁੰਦੇ ਰਹਿਣ ਕਰਕੇ ਇਥੇ ਘੱਟ-ਗਿਣਤੀਆਂ ਬੇਹੱਦ ਅਸੁਰੱਖਿਅਤ ਹੋ ਗਈਆਂ। ਇਨ੍ਹਾਂ ਵਿਚ ਈਸਾਈ ਅਤੇ ਸ਼ੀਆ ਮੁਸਲਮਾਨ ਵੀ ਸ਼ਾਮਿਲ ਹਨ। ਤਾਲਿਬਾਨ ਨੇ ਪਿਛਲੇ ਸਾਲ ਅਗਸਤ ਵਿਚ ਅਸ਼ਰਫ਼ ਗ਼ਨੀ ਦੀ ਸਰਕਾਰ ਦਾ ਤਖ਼ਤਾ ਉਲਟਾ ਦਿੱਤਾ ਸੀ। ਉਸ ਤੋਂ ਬਾਅਦ ਘੱਟ-ਗਿਣਤੀਆਂ ਦੀ ਹਾਲਤ ਹੋਰ ਵੀ ਨਿੱਘਰ ਗਈ ਸੀ। ਉਨ੍ਹਾਂ ਨੂੰ ਅੱਤਵਾਦੀਆਂ ਵਲੋਂ ਧਰਮ ਤਬਦੀਲ ਕਰਨ ਜਾਂ ਦੇਸ਼ ਛੱਡ ਜਾਣ ਦੀਆਂ ਧਮਕੀਆਂ ਮਿਲਣ ਲੱਗੀਆਂ ਸਨ, ਜਿਸ ਕਾਰਨ ਬਹੁਤੇ ਪਰਿਵਾਰ ਅਫ਼ਗਾਨਿਸਤਾਨ ਛੱਡ ਕੇ ਭਾਰਤ ਜਾਂ ਦੂਸਰੇ ਹੋਰ ਦੇਸ਼ਾਂ ਵਿਚ ਚਲੇ ਗਏ ਹਨ।
ਪਿਛਲੇ ਸਮਿਆਂ ਵਿਚ ਸਿੱਖ ਗੁਰਦੁਆਰਿਆਂ ‘ਤੇ ਵੀ ਲਗਾਤਾਰ ਹਮਲੇ ਹੁੰਦੇ ਰਹੇ ਹਨ। ਸਾਲ 2018 ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਜਲਾਲਾਬਾਦ ਦੇ ਗੁਰਦੁਆਰਿਆਂ ‘ਤੇ ਹਮਲੇ ਕੀਤੇ ਅਤੇ ਵੱਡਾ ਨੁਕਸਾਨ ਕੀਤਾ ਸੀ। ਇਸੇ ਤਰ੍ਹਾਂ ਮਾਰਚ 2020 ਵਿਚ ਹੱਕਾਨੀ ਨੈੱਟਵਰਕ ਦੇ ਅੱਤਵਾਦੀ ਗਰੁੱਪ ਵਲੋਂ ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ‘ਤੇ ਹਮਲਾ ਕੀਤਾ ਗਿਆ ਸੀ। ਹਮਲੇ ਸਮੇਂ ਉਥੇ 200 ਦੇ ਕਰੀਬ ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ਵਿਚੋਂ 25 ਸਿੱਖ ਇਸ ਹਮਲੇ ਵਿਚ ਮਾਰੇ ਗਏ ਸਨ ਅਤੇ ਦਰਜਨ ਭਰ ਜ਼ਖ਼ਮੀ ਹੋਏ ਸਨ। ਇਸਲਾਮਿਕ ਸਟੇਟ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਲੱਖਾਂ ਤੋਂ ਹਜ਼ਾਰਾਂ ਅਤੇ ਹੁਣ ਸਿਰਫ 150 ਦੇ ਲਗਭਗ ਹੀ ਸਿੱਖ-ਹਿੰਦੂ ਅਫ਼ਗਾਨਿਸਤਾਨ ਵਿਚ ਰਹਿ ਗਏ ਹਨ। ਉਹ ਵੀ ਲਗਾਤਾਰ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਇਸ ਗੁਰਬਤ ਅਤੇ ਹਿੰਸਾ ਮਾਰੇ ਦੇਸ਼ ਵਿਚੋਂ ਕੱਢਣ ਦੀਆਂ ਅਪੀਲਾਂ ਕਰਦੇ ਰਹੇ ਹਨ। ਇਨ੍ਹਾਂ ਪਰਿਵਾਰਾਂ ਵਿਚੋਂ ਜ਼ਿਆਦਾਤਰ ਜਲਾਲਾਬਾਦ, ਕਾਬੁਲ ਅਤੇ ਗਜ਼ਨੀ ਆਦਿ ਸ਼ਹਿਰਾਂ ਵਿਚ ਰਹਿ ਰਹੇ ਹਨ। ਕਾਬੁਲ ਵਿਚ ਕਰਤੇ ਪ੍ਰਵਾਨ ਇਲਾਕੇ ਵਿਚ ਹੀ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੀ ਬਹੁਤੀ ਆਬਾਦੀ ਰਹਿ ਰਹੀ ਹੈ। ਇਨ੍ਹਾਂ ਵਿਚੋਂ ਹੁਣ ਬਹੁਤਿਆਂ ਨੇ ਗੁਰਦੁਆਰਾ ਸਾਹਿਬ ਵਿਚ ਹੀ ਸ਼ਰਨ ਲਈ ਹੋਈ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਪੀੜ੍ਹੀਆਂ ਤੋਂ ਇਥੇ ਰਹਿੰਦੇ ਆ ਰਹੇ ਹਨ। ਇਹ ਉਨ੍ਹਾਂ ਦਾ ਵਤਨ ਹੈ ਪਰ ਹੁਣ ਮਜਬੂਰੀ ਕਾਰਨ ਉਹ ਦੇਸ਼ ਨੂੰ ਛੱਡਣਾ ਚਾਹੁੰਦੇ ਹਨ। ਅਜਿਹਾ ਕਰਨ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਸੁਰੱਖਿਅਤ ਹੋ ਸਕੇਗੀ। ਜੇਕਰ ਉਹ ਭਾਰਤ ਜਾਂ ਕਿਸੇ ਹੋਰ ਦੇਸ਼ ਵਿਚ ਚਲੇ ਜਾਂਦੇ ਹਨ ਤਾਂ ਉਹ ਕੁਝ ਸੁਖੀ ਜੀਵਨ ਬਿਤਾ ਸਕਣਗੇ। 4 ਕੁ ਮਹੀਨੇ ਪਹਿਲਾਂ ਇਸਲਾਮਿਕ ਸਟੇਟ ਨੇ ਇਕ ਵਾਰ ਫਿਰ ਇਹ ਧਮਕੀ ਦਿੱਤੀ ਸੀ ਕਿ ਇਸ ਇਲਾਕੇ ਵਿਚ ਰਹਿੰਦੇ ਘੱਟ-ਗਿਣਤੀ ਲੋਕ ਅਫ਼ਗਾਨਿਸਤਾਨ ਨੂੰ ਛੱਡ ਦੇਣ ਜਾਂ ਇਸਲਾਮ ਕਬੂਲ ਕਰ ਲੈਣ। ਤਾਲਿਬਾਨ ਦੇ ਤਾਕਤ ਵਿਚ ਆਉਣ ਤੋਂ ਬਾਅਦ ਉਨ੍ਹਾਂ ਦਾ ਰਵੱਈਆ ਤਾਂ ਘੱਟ-ਗਿਣਤੀਆਂ ਪ੍ਰਤੀ ਜ਼ਰੂਰ ਕੁਝ ਬਦਲਿਆ ਸੀ ਪਰ ਦੂਸਰੇ ਅੱਤਵਾਦੀ ਸੰਗਠਨਾਂ, ਜਿਨ੍ਹਾਂ ਵਿਚ ਇਸਲਾਮਿਕ ਸਟੇਟ ਖੁਰਾਸਾਨ ਵੀ ਸ਼ਾਮਿਲ ਹੈ, ਨੇ ਇਹ ਗੱਲ ਨਹੀਂ ਸੀ ਕਬੂਲੀ। ਤਾਲਿਬਾਨ ਪ੍ਰਸ਼ਾਸਨ ਤਾਂ ਹੁਣ ਇਹ ਵੀ ਮਹਿਸੂਸ ਕਰਨ ਲੱਗਾ ਹੈ ਕਿ ਉਹ ਭਾਰਤ ਨਾਲ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਸੰਬੰਧ ਸੁਖਾਵੇਂ ਬਣਾਵੇ। ਉਨ੍ਹਾਂ ਦੇ ਵਿਦੇਸ਼ ਮੰਤਰੀ ਮੋਲਾਵੀ ਅਮੀਰ ਖ਼ਾਨ ਮੁਤਾਕੀ ਨੇ ਤਾਂ ਭਾਰਤ ਨੂੰ ਕਾਬੁਲ ਵਿਚ ਆਪਣਾ ਸਫ਼ਾਰਤ ਖਾਨਾ ਖੋਲ੍ਹਣ ਦੀ ਵੀ ਅਪੀਲ ਕੀਤੀ ਹੈ।
ਤਾਲਿਬਾਨ ਵਲੋਂ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ ਲਈ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ ਪਰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਪਹਿਲਾਂ ਵਾਂਗ ਹੀ ਇਸ ਵਾਰ ਵੀ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕੀਤਾ, ਜਿਸ ਵਿਚ ਇਕ ਸੁਰੱਖਿਆ ਮੁਲਾਜ਼ਮ ਤੇ ਇਕ ਸ਼ਰਧਾਲੂ ਵੀ ਮਾਰਿਆ ਗਿਆ ਅਤੇ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਜ਼ਖ਼ਮੀ ਹੋਏ ਹਨ। ਇਸ ਦੌਰਾਨ ਅਫ਼ਗਾਨ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦੇ ਸੁਰੱਖਿਆ ਦਸਤਿਆਂ ਵਲੋਂ ਹਮਲਾਵਰਾਂ ਨੂੰ ਵੀ ਮਾਰ ਦਿੱਤਾ ਗਿਆ ਹੈ। ਇਸ ਬੇਹੱਦ ਮੰਦਭਾਗੀ ਘਟਨਾ ਤੋਂ ਬਾਅਦ ਇਕ ਵਾਰ ਫਿਰ ਅਫ਼ਗਾਨਿਸਤਾਨ ਦੀਆਂ ਘੱਟ-ਗਿਣਤੀਆਂ ਦਾ ਮਸਲਾ ਦੁਨੀਆ ਭਰ ਵਿਚ ਉੱਠਿਆ ਹੈ। ਉਥੇ ਰਹਿ ਗਏ ਹਿੰਦੂ ਤੇ ਸਿੱਖ ਪਰਿਵਾਰਾਂ ਨੇ ਭਾਰਤ ਸਰਕਾਰ ਨੂੰ ਫਿਰ ਇਹ ਅਪੀਲ ਕੀਤੀ ਹੈ ਕਿ ਉਥੋਂ ਉਨ੍ਹਾਂ ਨੂੰ ਤੁਰੰਤ ਹਰ ਹੀਲੇ ਕੱਢਿਆ ਜਾਏ। ਭਾਰਤ ਅਤੇ ਦੁਨੀਆ ਭਰ ਦੀਆਂ ਵੱਖ-ਵੱਖ ਹੋਰ ਜਥੇਬੰਦੀਆਂ ਵਲੋਂ ਵੀ ਅਜਿਹਾ ਹੀ ਪ੍ਰਤੀਕਰਮ ਸਾਹਮਣੇ ਆਇਆ ਹੈ। ਇਸ ਤੋਂ ਇਕ ਵਾਰ ਫਿਰ ਇਹ ਸਪੱਸ਼ਟ ਹੋ ਗਿਆ ਹੈ ਕਿ ਅਫ਼ਗਾਨਿਸਤਾਨ ਦੀ ਸਥਿਤੀ ਨੂੰ ਸੁਧਾਰਨ ਵਿਚ ਹਾਲੇ ਵੱਡਾ ਸਮਾਂ ਲੱਗੇਗਾ। ਇਸ ਲਈ ਅੰਤਰਰਾਸ਼ਟਰੀ ਤੌਰ ‘ਤੇ ਵੀ ਵੱਡੇ ਯਤਨ ਕੀਤੇ ਜਾਣੇ ਜ਼ਰੂਰੀ ਹਨ। ਸਭ ਤੋਂ ਪਹਿਲੀ ਜ਼ਰੂਰਤ ਫਸੇ ਘੱਟ-ਗਿਣਤੀ ਭਾਈਚਾਰਿਆਂ ਨੂੰ ਭਾਰਤ ਲਿਆਉਣ ਦੀ ਮਹਿਸੂਸ ਹੁੰਦੀ ਹੈ, ਜਿਸ ਸੰਬੰਧੀ ਸਰਕਾਰ ਵਲੋਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …