Home / ਘਰ ਪਰਿਵਾਰ / ਲੋਕ ਪੱਖੀ ਤੇ ਕੁਦਰਤ ਪੱਖੀ ਵਿਕਾਸ ਮਾਡਲ ਦਾ ਸੰਕਲਪ

ਲੋਕ ਪੱਖੀ ਤੇ ਕੁਦਰਤ ਪੱਖੀ ਵਿਕਾਸ ਮਾਡਲ ਦਾ ਸੰਕਲਪ

‘ਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ’
ਤਲਵਿੰਦਰ ਸਿੰਘ ਬੁੱਟਰ
ਅੱਜ ਸੰਸਾਰ ਨੂੰ ਚਲਾਉਣ ਦੇ ਇਕ ਨਵੇਂ ਸਾਵੇਂ, ਸਾਂਝੇ, ਸਰਬ-ਕਲਿਆਣਕਾਰੀ ਰਾਜ ਤੋਂ ਅੱਗੇ ਜਾ ਕੇ ਸਿਰਜਣਾਤਮਿਕ ਅਤੇ ਸਰਬ-ਸੰਮਲਿਤ ਬਦਲ ਦੀ ਤੀਬਰ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਦਰਅਸਲ ‘ਪੂੰਜੀ’ ਅਤੇ ‘ਮੁਨਾਫ਼ੇ’ ‘ਤੇ ਕੇਂਦਰਿਤ ਵਿਸ਼ਵ ਦੀ ਮੌਜੂਦਾ ਰਾਜ ਵਿਵਸਥਾ ਮਨੁੱਖ ਨੂੰ ਪਦਾਰਥਕ ਬਹੁਤਾਤ ਤਾਂ ਦੇ ਰਹੀ ਹੈ ਪਰ ਇਹ ਵਿਵਸਥਾ ਮਨੁੱਖ ਨੂੰ ਆਪਣੀ ਬੁਨਿਆਦ ਦੇ ਓਤ-ਪੋਤ ਰਹਿ ਕੇ ਅਨੰਦਮਈ ਜੀਵਨ ਜਿਊਣ ਦਾ ਮੌਲਿਕ ਮਾਹੌਲ ਦੇਣ ਅਤੇ ਸਮੁੱਚੀ ਕਾਇਨਾਤ ਨੂੰ ਲੈ ਕੇ ਚੱਲਣ ‘ਚ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ। ਨਤੀਜੇ ਵਜੋਂ ਮਨੁੱਖਤਾ ਜੀਵਨ ਤੋਂ ਬੇਮੁਖਤਾਈ ਤੇ ਘੋਰ ਨਿਰਾਸ਼ਤਾ ਵੱਲ ਵੱਧ ਰਹੀ ਹੈ। ਸੰਸਾਰੀ ਝਗੜੇ, ਜੰਗ-ਯੁੱਧ ਅਤੇ ਅਤ੍ਰਿਪਤੀ ਵਰਗੀਆਂ ਸਮੱਸਿਆਵਾਂ ਮੌਜੂਦਾ ਵਿਸ਼ਵ ਪ੍ਰਬੰਧ ਦੀ ਹੀ ਦੇਣ ਹਨ, ਜਿਸ ਦਾ ਜਨਮ 1648 ਦੀ ਵੈਸਟਫੇਲੀਅਨ ਸੰਧੀ ਦੇ ਨਾਲ ਕੌਮ-ਆਧਾਰਿਤ ਮੁਲਕਾਂ ਦੇ ਗਠਨ ਨਾਲ ਹੋਇਆ ਸੀ।
ਅਜੋਕੇ ਵਿਸ਼ਵ ਹਾਲਾਤਾਂ ਦੇ ਮੱਦੇਨਜ਼ਰ ਸੰਸਾਰ ਨੂੰ ਚਲਾਉਣ ਲਈ ਨਵਾਂ ਨਿਜ਼ਾਮ ਕੀ ਹੋਵੇ? ਇਸ ਦਾ ਆਧਾਰ ਕੀ ਹੋਵੇ ਅਤੇ ਇਹ ਨਿਜ਼ਾਮ ਕਿੰਜ ਤਿਆਰ ਕੀਤਾ ਜਾਵੇ? ਇਹ ਤਮਾਮ ਸਵਾਲ ਅੱਜ ਵਿਸ਼ਵ ਦੇ ਨਵੇਂ ਨੀਤੀਘਾੜੇ-ਬੁੱਧੀਜੀਵੀਆਂ ਅੱਗੇ ਮੂੰਹ ਅੱਡੀ ਖੜ੍ਹੇ ਹਨ। ਇਸੇ ਖ਼ਲਾਅ ਅਤੇ ਅਨਿਸ਼ਚਿਤਤਾ ਦੇ ਦੌਰ ‘ਚ ਇਕ ਕਿਤਾਬ ਸਾਹਮਣੇ ਆਈ ਹੈ, ਜੋ ਵਿਸ਼ਵ ਨਿਜ਼ਾਮ ਦਾ ਬਦਲ ਦੇਣ ਦਾ ਦਾਅਵਾ ਕਰਦੀ ਹੈ। ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਨੇ ਦੋ ਦਹਾਕਿਆਂ ਦੀ ਕਰੜੀ ਘਾਲਣਾ ਤੋਂ ਬਾਅਦ ਅੰਗਰੇਜ਼ੀ ‘ਚ ਲਿਖੀ ਪੁਸਤਕ, Alternative State And Global Order (Social Application Of Nature),ઠਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ (ਕੁਦਰਤ ਦਾ ਸਮਾਜਿਕ ਅਮਲ) ਲਿਖ ਕੇ ਪੰਜਾਬ ਤੋਂ ਵਿਸ਼ਵ ਵਿਚ ਇਕ ਬਦਲਵਾਂ ਸ਼ਾਂਤਮਈ, ਸਿਰਜਣਾਤਮਿਕ, ਸਾਵਾਂ, ਇਕਸੁਰਤਾ ਵਾਲਾ, ਖ਼ੁਸ਼ਹਾਲ ਵਿਸਮਾਦੀ ਸਮਾਜ ਅਤੇ ਰਾਜ ਵਿਵਸਥਾ ਸਿਰਜਣ ਦਾ ਦਾਅਵਾ ਪੇਸ਼ ਕੀਤਾ ਹੈ।
ਨਿਰਸੰਦੇਹ ਦੁਨੀਆ ਦੇ ਸਿਰਕੱਢ ਤੇ ਸਥਾਪਿਤ ਵਿਦਵਾਨਾਂ ਤੇ ਦਾਰਸ਼ਨਿਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ ਪ੍ਰਸੰਗ ‘ਚ ਮਹੱਤਤਾ ਨੂੰ ਸਮਝਿਆ ਅਤੇ ਮੰਨਿਆ ਹੈ ਪਰ ਸਿੱਖ ਅਕਾਦਮਿਕਤਾ ਰਵਾਇਤੀ ਤੌਰ ‘ਤੇ ਇਤਿਹਾਸਕ ਘਟਨਾਵਾਂ ਦੇ ਗੁਣਗਾਣ ਤੋਂ ਅੱਗੇ ਨਹੀਂ ਵੱਧ ਸਕੀ। ਭਾਈ ਹਰਿਸਿਮਰਨ ਸਿੰਘ ਨੇ ਇਸ ਜੜਤਾ ਨੂੰ ਤੋੜਦਿਆਂ ਸਿੱਖ ਦਾਰਸ਼ਨਿਕ ਪੱਖ ਤੋਂ ਇਕ ਨਿਵੇਕਲੀ ਸੇਧ ਧਾਰਨ ਕੀਤੀ ਹੈ। ਉਨ੍ਹਾਂ ਦੀ ਪੁਸਤਕ ਜਿੱਥੇ ਸਿੱਖ ਅਕਾਦਮਿਕਤਾ ਲਈ ਮੀਲ ਪੱਥਰ ਹੈ, ਉੱਥੇ ਇੱਕੀਵੀਂ ਸਦੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ-ਕਲਿਆਣਕਾਰੀ ਫ਼ਲਸਫ਼ੇ ਨੂੰ ਉਨ੍ਹਾਂ ਅੰਤਰ-ਦ੍ਰਿਸ਼ਟੀਆਂ ਤੋਂ ਪ੍ਰੀਭਾਸ਼ਿਤ ਕਰਦੀ ਹੈ, ਜਿਸ ਵੱਲ ਪ੍ਰੋ. ਪੂਰਨ ਸਿੰਘ ਇਕ ਸਦੀ ਪਹਿਲਾਂ ਇਸ਼ਾਰਾ ਕਰ ਗਏ ਸਨ ਕਿ, ਮੇਰਾ ਪੂਰਨ ਵਿਸ਼ਵਾਸ ਹੈ ਕਿ ਪਦਾਰਥ ਵਿਦਿਆ, ਮਾਨਸਿਕ ਤੇ ਵਿਗਿਆਨ ਆਦਿਕ ਵਿਚ ਹੋਈਆਂ ਤਬਦੀਲੀਆਂ ਜਿਨ੍ਹਾਂ ਨਾਲ ਮਨੁੱਖ ਉਚ ਕੋਟੀ ਵੱਲ ਜਾ ਰਹੇ ਹਨ; ਦੇ ਫ਼ਾਊਂਡਰ (ਸਿਰਜਨਹਾਰੇ) ਗੁਰੂ ਨਾਨਕ ਸਾਹਿਬ ਸਨ। ਭਾਈ ਹਰਿਸਿਮਰਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ‘ਤੇ ਆਧਾਰਿਤ, ‘ਪੂੰਜੀ’ ਤੇ ‘ਮੁਨਾਫ਼ੇ’ ਨੂੰ ਪਾਸੇ ਕਰਕੇ ਕੁਦਰਤ ਅਤੇ ਵਿਸਮਾਦ ਨੂੰ ਕੇਂਦਰ ‘ਚ ਰੱਖ ਕੇ ਅਜਿਹਾ ਵਿਸ਼ਵ ਪ੍ਰਬੰਧ ਦਾ ਬਦਲਵਾਂ ਨਿਜ਼ਾਮ ਸਿਰਜਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਵਿਚ ਕੁਦਰਤ ਦੇ ਸੁਭਾਅ ਦੀ ਵਿਸ਼ਾਲ ਵਿਆਖਿਆ ਦਾ ਅਮਲ ਹੀ ਸਮੁੱਚੀਆਂ ਸਮਾਜਿਕ ਸੰਸਥਾਵਾਂ ਅਤੇ ਸਮਾਜ ਦੀ ਬਣਤਰ ਦਾ ਆਧਾਰ ਬਣਦਾ ਹੈ। ਜਿਵੇਂ ਕੁਦਰਤ ਆਪਣੀ ਆਗੋਸ਼ ਵਿਚ ਕੁੱਲ ਕਾਇਨਾਤ ਦੀ ਵੱਖ-ਵੱਖ ਕਿਸਮ ਦੀ ਉਤਪਤੀ; ਜੀਵ-ਜੰਤੂ, ਰੁੱਖ-ਪੌਦੇ ਅਤੇ ਬਨਸਪਤੀ ਆਦਿ ਨੂੰ ਲੈ ਕੇ ਕਾਰਜਸ਼ੀਲ ਹੈ। ਵੱਡੇ ਰੁੱਖ ਦੀ ਸਰਪ੍ਰਸਤੀ ਹੇਠ ਛੋਟੇ ਰੁੱਖੇ ਪਲਦੇ ਹਨ ਅਤੇ ਉਸ ਦੇ ਬਰਾਬਰ ਹੀ ਹਵਾ, ਪਾਣੀ ਅਤੇ ਊਰਜਾ ਹਾਸਲ ਕਰਦੇ ਹਨ। ਉਹ ਆਪਸ ਵਿਚ ਝਗੜਾ ਨਹੀਂ ਕਰਦੇ। ਕੁਦਰਤ ਵਿਚ ਸਿਰਜਣਾ, ਸਹਿਜ, ਇਕਸੁਰਤਾ ਅਤੇ ਦਇਆ ਹੈ।
ਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ (ਕੁਦਰਤ ਦਾ ਸਮਾਜਿਕ ਅਮਲ) ਕਿਤਾਬ ਲਿਖਣ ਦੀ ਲੋੜ ਕਿਉਂ ਪਈ? ਇਹ ਸੰਯੋਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ 2019 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੌਮ ਦੇ ਨਾਂਅ ਦਿੱਤੇ ਇਤਿਹਾਸਕ ਸੰਦੇਸ਼ ਵਿਚੋਂ ਪ੍ਰਗਟ ਹੁੰਦਾ ਹੈ, ਜਦੋਂ ਉਨ੍ਹਾਂ ਨੇ ਵਿਸ਼ਵ ਲਈ ਨਵੇਂ ਤੇ ਬਦਲਵੇਂ ਨਿਜ਼ਾਮ ਵਾਸਤੇ ਗੁਰਮਤਿ ਦੀਆਂ ਅੰਤਰ-ਦ੍ਰਿਸ਼ਟੀਆਂ ਤੋਂ ਇਕ ਮੌਲਿਕ ਨੀਤੀ ਸ਼ਾਸਤਰ ਤਿਆਰ ਕਰਨ ਲਈ ਸਿੱਖ ਵਿਦਵਾਨਾਂ ਨੂੰ ਸੱਦਾ ਦਿੱਤਾ ਸੀ।
ਕਿਤਾਬ ਦੇ ਮਕਸਦ ਸਬੰਧੀ ਸਵਾਲ ਦੇ ਜਵਾਬ ਵਿਚ ਭਾਈ ਹਰਿਸਿਮਰਨ ਸਿੰਘ ਸੰਸਾਰ ਨੂੰ ਪੱਥਰ ਜੁੱਗ, ਖੇਤੀ ਯੁੱਗ ਅਤੇ ਮਸ਼ੀਨੀ ਯੁੱਗ ਵਿਚ ਵੰਡਦਿਆਂ, ਅਜੋਕੇ ਵਿਸ਼ਵ ਦੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਮਸ਼ੀਨੀ ਯੁੱਗ ਨੂੰ ਮੰਨਦੇ ਹਨ, ਜਿਸ ਦੇ ਕਾਰਨ ਮਨੁੱਖ ਦੀ ਸਿਰਜਣਾ ਅਤੇ ਸੁਭਾਅ ਦੋਵੇਂ ਕੁਦਰਤ ਦੇ ਵਿਰੋਧੀ ਹੋ ਗਏ।
ਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ ਦੇ ਪਹਿਲੇ ਅਧਿਆਇ ਵਿਚ ਮਨੁੱਖ ਨੂੰ 7 ਸਵਾਲਾਂ ਦੇ ਰੂ-ਬ-ਰੂ ਕਰਵਾਇਆ ਗਿਆ ਹੈ, ਜਿਸ ਵਿਚ ਪਹਿਲਾ ਸਵਾਲ ਹੈ ਆਪਣੀ ਹੋਂਦ ਨੂੰ ਮੁਖ਼ਾਤਬ ਹੋਣਾ। ਮਨੁੱਖ ਸੰਸਾਰ ‘ਤੇ ਕਿੱਥੋਂ ਆਇਆ ਅਤੇ ਉਸ ਨੇ ਕਿੱਥੇ ਜਾਣਾ ਹੈ? ਮਨੁੱਖ ਦਾ ਇੱਥੇ ਆਉਣ ਦਾ ਮਕਸਦ ਕੀ ਹੈ? ਆਦਿ। ਦੂਜਾ ਸਵਾਲ ਹੈ, ਸੁਰੱਖਿਆ ਅਤੇ ਕੁਦਰਤ ਦੇ ਨਾਲ ਰਾਜ ਦੀ ਵਿਹਾਰਕ ਅਨੁਕੂਲਤਾ ਦਾ। ਤੀਜਾ, ਨਿਆਂ ਦਾ ਮੁੱਦਾ ਅਤੇ ਕੁਦਰਤ ਦਾ ਨਿਆਂਪੂਰਨ ਪ੍ਰਬੰਧ। ਚੌਥਾ, ਸਾਰੇ ਵਿਸ਼ਵ ਸੱਭਿਆਚਾਰਾਂ ਦੀ ਪਛਾਣ ਅਤੇ ਕਦਰਾਂ-ਕੀਮਤਾਂ ਨੂੰ ਮਾਨਤਾ ਦੇਣੀ ਅਤੇ ਉਨ੍ਹਾਂ ਦੀ ਸੰਵਿਧਾਨਿਕ ਸੁਰੱਖਿਆ ਦਾ ਸਵਾਲ। ਪੰਜਵਾਂ, ਸੰਸਥਾਵਾਂ ਨੂੰ ਨਵੇਂ ਸਿਰਿਓਂ ਵਿਸਮਾਦੀ ਦਿਸ਼ਾ ਪ੍ਰਦਾਨ ਕਰਨਾ। ਛੇਵਾਂ, ਲੋਕਾਂ ਦੇ ਸਸ਼ਕਤੀਕਰਨ ਅਤੇ ਸ਼ਕਤੀ ਦਾ ਵਿਕੇਂਦਰੀਕਰਨ ਯਕੀਨੀ ਬਣਾਉਣਾ ਅਤੇ ਸੱਤਵਾਂ ਸਵਾਲ ਹੈ, ਨਵੀਂ ਸਿਰਜਣਾਤਮਿਕ ਮਾਨਸਿਕਤਾ ਤਿਆਰ ਕਰਨਾ ਅਤੇ ਵਿਸ਼ਵ ਵਿਵਸਥਾ ਲਈ ਅਨੰਦਮਈ ਧਾਰਮਿਕ-ਸਮਾਜਿਕ-ਆਰਥਿਕ-ਰਾਜਨੀਤਕ ਪ੍ਰਣਾਲੀਆਂ ਬਣਾਉਣਾ। ਉਪਰਲੇ ਸੱਤਾਂ ਸਵਾਲਾਂ ਦੇ ਦੁਆਲੇ ਘੁੰਮਦੀ ਇਹ ਪੁਸਤਕ ਬਦਲਵੇਂ ਜੀਵਨ ਮਾਡਲ ਦੇ ਨਕਸ਼ ਉਭਾਰਦੀ ਹੈ।
ਦੂਜੇ ਅਧਿਆਇ ਵਿਚ, ‘ਬਦਲਵੀਂ ਸਿੱਖਿਆ ਪ੍ਰਣਾਲੀ’ ਦੀ ਰੂਪ-ਰੇਖਾ ਦਿੱਤੀ ਹੈ, ਜੋ ਕਿ ਅਜੋਕੀ ਪੱਛਮ ਆਧਾਰਿਤ ਸਿੱਖਿਆ ਵਿਵਸਥਾ ਦਾ ਤੋੜ ਹੈ। ਅਜੋਕੀ ਸਿੱਖਿਆ ਵਿਵਸਥਾ ਵਿਚ ਬੱਚਿਆਂ ਨੂੰ ਪਿਛਲੀਆਂ ਸਦੀਆਂ ਦੌਰਾਨ ਪੱਛਮ ‘ਚ ਹੋਈਆਂ ਖੋਜਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜਦੋਂਕਿ ਸਿੱਖਿਆ ਮੂਲ ਰੂਪ ‘ਚ ਮਨੁੱਖੀ ਸ਼ਖ਼ਸੀਅਤ ਘੜਨ ਵਾਲੀ ਬੁਨਿਆਦੀ ਸੰਸਥਾ ਹੈ। ਅਜੋਕੇ ਸਮੇਂ ਪੂੰਜੀਵਾਦ, ਸਾਮਵਾਦ, ਸਮਾਜਵਾਦ, ਇਸਲਾਮ ਅਤੇ ਹਿੰਦੂਤਵ ਆਪੋ-ਆਪਣੇ ਤਰੀਕੇ ਨਾਲ ਸਿੱਖਿਆ ਦੇ ਮਾਧਿਅਮ ਰਾਹੀਂ ਮਨੁੱਖੀ ਸ਼ਖ਼ਸੀਅਤ ਘੜ ਰਹੇ ਹਨ। ਪਰ ਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ ਕਿਤਾਬ ਕੁਦਰਤ ਕੇਂਦਰਿਤ ਮਨੁੱਖ ਦੀ ਸਿਰਜਣਾ ਦਾ ਆਧਾਰ ਤਿਆਰ ਕਰਦੀ ਹੈ। ਸਿੱਖਿਆ ਨੂੰ ਵਿਸਮਾਦੀ ਮਨੁੱਖ ਤਿਆਰ ਕਰਨ ਲਈ ਕੇਂਦਰਿਤ ਕਰਦੀ ਹੈ।
ਤੀਜੇ ਅਧਿਆਇ, ‘ਬਦਲਵਾਂ ਵਿਕਾਸ ਤੇ ਆਰਥਿਕ ਪ੍ਰਬੰਧ’ ਵਿਚ ਪੂੰਜੀ, ਮੰਡੀ ਤੇ ਮੁਨਾਫ਼ਾ ਨੂੰ ਪਾਸੇ ਕਰਕੇ ਕੁਦਰਤ ਦੀ ਬਖ਼ਸ਼ੀ ਕਿਰਤ ਖੇਤੀਬਾੜੀ ਆਧਾਰਿਤ ਆਰਥਿਕ ਵਿਵਸਥਾ ਤਿਆਰ ਕਰਨ ‘ਤੇ ਜ਼ੋਰ ਦਿੰਦਿਆਂ ਅਰਥਚਾਰੇ ਨੂੰ ਸੰਤੁਲਿਤ ਕਰਨ ਲਈ ਸਹਿਜ ਦੀ ਅਵਸਥਾ ਦਾ ਮਾਹੌਲ ਸਿਰਜਣ ਦੀ ਗੱਲ ਕੀਤੀ ਗਈ ਹੈ। ਚੌਥੇ ਅਧਿਆਇ, ‘ਬਦਲਵਾਂ ਰਾਜਨੀਤਕ ਸਟੇਟ ਪ੍ਰਬੰਧ’ ਵਿਚ ਸਟੇਟ ਨੂੰ ਕੁਦਰਤ ਵਾਂਗ ਚਲਾਉਣ ਦੀ ਬਣਤਰ ਦਿੱਤੀ ਗਈ ਹੈ। ਜਿਵੇਂ ਕੁਦਰਤ ਆਪਣੀ ਹਰੇਕ ਰਚਨਾ ਲਈ ਰਿਜ਼ਕ, ਔਕੜਾਂ-ਬਿਪਤਾਵਾਂ ਤੋਂ ਸੁਰੱਖਿਆ ਦੇਣ ਦਾ ਸਰੰਜਾਮ ਪਹਿਲਾਂ ਹੀ ਤੈਅ ਕਰ ਲੈਂਦੀ ਹੈ। ਜਿਸ ਸਹਿਜ ਵਿਚ ਚੱਲਦੀ ਹੋਈ ਕੁਦਰਤ ਮਨੁੱਖ ਨੂੰ ਸਿਰਜਣਾਤਮਿਕ ਬਣਾਉਂਦੀ ਹੈ, ਉਸੇ ਸੁਭਾਅ ਵਿਚ ਰਾਜਨੀਤਕ ਪ੍ਰਬੰਧ ਦੀ ਬਣਤਰ ਪੇਸ਼ ਕਰਦਿਆਂ ਭਾਈ ਹਰਿਸਿਮਰਨ ਸਿੰਘ ਦਾਅਵਾ ਕਰਦੇ ਹਨ ਕਿ ਕੁਦਰਤ ਅਤੇ ਵਿਸਮਾਦ ਨੂੰ ਕੇਂਦਰ ਵਿਚ ਰੱਖ ਕੇ ਖੜ੍ਹਾ ਕੀਤਾ ਰਾਜਨੀਤਕ ਬਦਲ ਸਮੁੱਚੀ ਮਾਨਵਤਾ ਦੇ ‘ਵਿਕਾਸ’ ਨੂੰ ‘ਵਿਗਾਸ’ ਵਿਚ ਬਦਲ ਕੇ ਸੰਸਾਰ ‘ਤੇ ਸੁਖ ਵਰਤਾ ਸਕਦਾ ਹੈ।
ਉਹ ਆਦਰਸ਼ਵਾਦ ਨੂੰ ਰਾਜਨੀਤਕ ਪ੍ਰਬੰਧ ਦਾ ਆਧਾਰ ਬਣਾਉਣ ‘ਤੇ ਜ਼ੋਰ ਦਿੰਦਿਆਂ ਸਮੁੱਚੀਆਂ ਰਾਜਨੀਤਕ ਸੰਸਥਾਵਾਂ ਨੂੰ ਆਦਰਸ਼ਕ ਸਾਂਚੇ ‘ਚ ਢਾਲਣ ਅਤੇ ਕੁਦਰਤ ਦੇ ਨਿਯਮਾਂ ਨੂੰ ਕਾਨੂੰਨੀ ਰੂਪ ਦਿੰਦਿਆਂ ਆਦਰਸ਼ਕ ਸੰਵਿਧਾਨ ਦੀ ਬੁਨਿਆਦ ਖੜ੍ਹੀ ਕਰਦੇ ਹਨ। ਸਿਆਸੀ ਮਨੁੱਖ ਤੇ ਸਿਆਸੀ ਪਾਰਟੀਆਂ ਕਿਵੇਂ ਦੀਆਂ ਹੋਣ, ਇਨ੍ਹਾਂ ਵਿਸ਼ਿਆਂ ‘ਤੇ ਵੀ ਵਿਸ਼ਵ ਪ੍ਰਬੰਧ ਵਿਚ ਪ੍ਰਚਲਿਤ ਵਿਆਖਿਆਵਾਂ ਤੋਂ ਅੱਗੇ ਗੱਲ ਕੀਤੀ ਗਈ ਹੈ।
ਪੰਜਵੇਂ ਅਧਿਆਇ, ‘ਬਦਲਵੀਂ ਆਲਮੀ ਵਿਵਸਥਾ’, ਵਿਚ ਸੰਸਾਰ ਦੀਆਂ ਵੱਡੀਆਂ ਤਾਕਤਾਂ ਦੇ ਏਕਾਧਿਕਾਰ ਨੂੰ ਤੋੜ ਕੇ ਕੁਦਰਤ ਦੇ ਅਮਲ ਤੋਂ ਸੇਧ ਲੈਂਦਿਆਂ ਬਹੁ-ਸੱਭਿਆਚਾਰੀ, ਬਹੁ-ਸੰਘੀ ਅੰਤਰ-ਰਾਜੀ ਅਤੇ ਅੰਤਰ-ਸਰਕਾਰ ਰਾਜਸੀ ਪ੍ਰਬੰਧ ਸਿਰਜਣ ਦੀ ਲੋੜ ਦੱਸੀ ਗਈ ਹੈ।
ਦਰ-ਹਕੀਕਤ ਅੱਜ ਆਲਮੀ ਪੱਧਰ ‘ਤੇ ਵਿਸ਼ਵ ਦੀਆਂ ਸਾਮਰਾਜੀ ਤਾਕਤਾਂ ਦੋ ਵੱਡੇ ਧੜਿਆਂ ਵਿਚ ਵੰਡੀਆਂ ਹੋਈਆਂ ਹਨ। ਇਨ੍ਹਾਂ ਵਿਚਾਲੇ ਸੰਸਾਰ ‘ਤੇ ਏਕਾਧਿਕਾਰ ਦੀ ਲੱਗੀ ਹੋੜ ਦਾ ਸਿੱਟਾ ਮਨੁੱਖਤਾ ਦੋ ਵਿਸ਼ਵ ਜੰਗਾਂ ਦੇ ਰੂਪ ਵਿਚ ਭੁਗਤ ਚੁੱਕੀ ਹੈ ਅਤੇ ਲਗਪਗ ਪਿਛਲੇ ਚਾਰ ਮਹੀਨਿਆਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਰੂਪ ਵਿਚ ਵੱਡਾ ਖ਼ਤਰਾ ਸੰਸਾਰ ਦੀ ਤਬਾਹੀ ਵੱਲ ਵੱਧ ਰਿਹਾ ਹੈ। ਏਕਾਧਿਕਾਰ ਦੀ ਹੋੜ ਨੇ ਹੀ ਕੁਦਰਤ ਦੇ ਸਾਰੇ ਸਰੋਤਾਂ (ਤੇਲ, ਪਾਣੀ, ਸ਼ੁੱਧ ਹਵਾ ਅਤੇ ਵਾਤਾਵਰਨ ਆਦਿ) ਨੂੰ ਵੀ ਖਾ-ਖਪਾ ਲਿਆ ਹੈ ਅਤੇ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛੱਡ ਕੇ ਜਾਵਾਂਗੇ? ਭਾਈ ਹਰਿਸਿਮਰਨ ਸਿੰਘ ਲਿਖਦੇ ਹਨ, ਵੱਡੀਆਂ ਤਾਕਤਾਂ ਦਾ ਆਪਸੀ ਮੇਲ-ਜੋਲ ਆਲਮੀ ਵਿਵਸਥਾ ਨਹੀਂ ਹੈ। ਛੋਟੇ-ਵੱਡੇ ਸਾਰੇ ਦੇਸ਼ਾਂ ਦੀ ਬਰਾਬਰ ਸ਼ਮੂਲੀਅਤ ਅਤੇ ਹੋਂਦ ਨਾਲ ਹੀ ਆਲਮੀ ਵਿਵਸਥਾ ਤਿਆਰ ਹੋ ਸਕਦੀ ਹੈ। ਕੁਦਰਤ ਦੀ ਰਚਨਾ ਦੇ ਅਮਲ ਤੋਂ ਸੇਧ ਲੈ ਕੇ, ਇਕ-ਕੌਮੀ ਅਤੇ ਬਹੁ-ਕੌਮੀ ਦੇਸ਼ਾਂ ਦੀ ਬਜਾਇ, ਮਹਾਂ-ਸੰਘ ਬਣਾਉਣ ਦੀ ਰਾਜਸੀ ਵਿਵਸਥਾ ਨੂੰ ਸਥਾਪਿਤ ਕਰਨ ਨਾਲ ਜੰਗਾਂ-ਯੁੱਧਾਂ ਦੇ ਅਮਲ ਵਿਚੋਂ ਕੱਢ ਕੇ ਮਨੁੱਖ ਨੂੰ ਆਪਣੇ ਉਸ ਮਕਸਦ ਦੇ ਮੁਖ਼ਾਤਬ ਕਰਵਾਇਆ ਜਾ ਸਕਦਾ ਹੈ, ਜਿਸ ਦੇ ਲਈ ਉਹ ਸੰਸਾਰ ‘ਤੇ ਆਇਆ ਹੈ। ਦੇਸ਼ਾਂ ਅਤੇ ਸੂਬਿਆਂ ਨੂੰ ਆਪਣੇ ਸੰਵਿਧਾਨ, ਸੱਭਿਆਚਾਰ, ਬੋਲੀ, ਕਿਰਤ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਸਮਰੱਥ ਤੇ ਸੁਤੰਤਰ ਬਣਾਉਣ ਵਾਲੀ ਆਲਮੀ ਵਿਵਸਥਾ ਹੋਣੀ ਚਾਹੀਦੀ ਹੈ।
ਕੁੱਲ ਮਿਲਾ ਕੇ ਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ (ਕੁਦਰਤ ਦਾ ਸਮਾਜਿਕ ਅਮਲ) ਕਿਤਾਬ ਵਿਸ਼ਵ ਪ੍ਰਸੰਗ ‘ਚ ਆਉਣ ਵਾਲੀਆਂ ਮਨੁੱਖੀ ਨਸਲਾਂ ਅਤੇ ਕੁਦਰਤ ਦੇ ਸਰੋਤਾਂ ਨੂੰ ਸੰਭਾਲ ਕੇ ਚੰਗਾ ਵਿਸਮਾਦੀ ਜੀਵਨ ਜਿਊਣ ਦੀ ਵੱਡੀ ਬਹਿਸ ਛੇੜਦੀ ਹੈ।
ਕੁਦਰਤ ਦੀ ਸਮੁੱਚੀ ਰਚਨਾ ਦੀ ਵੰਨ-ਸੁਵੰਨਤਾ ਤੋਂ ਪ੍ਰੇਰਨਾ ਲੈ ਕੇ ਆਪਸੀ ਸਾਂਝ ਨੂੰ ਉਭਾਰਨ ਦੀ ਲੋੜ ‘ਤੇ ਜ਼ੋਰ ਦਿੰਦੀ ਹੈ। ਇਹ ਪੁਸਤਕ ‘ਕੁਦਰਤ ਸ਼ਾਸਤਰ’ ਦੀ ਬੁਨਿਆਦ ਰੱਖਦੀ ਹੈ। ਜਿਸ ਕਰਕੇ ਭਾਈ ਹਰਿਸਿਮਰਨ ਸਿੰਘ ਦੀ ਰਚਨਾ ਨੂੰ ਸਿੱਖ ਵਿਦਵਾਨਾਂ ਤੋਂ ਇਲਾਵਾ ਸਾਰੇ ਧਰਮਾਂ ਦੇ ਮੁਖੀਆਂ, ਭਾਰਤ ਸਮੇਤ ਵਿਸ਼ਵ ਭਰ ਦੇ ਦੇਸ਼ਾਂ ਦੇ ਮੁਖੀਆਂ, ਵੱਡੀਆਂ ਸ਼ਕਤੀਆਂ ਅਤੇ ਵਿਸ਼ਵ ਯੂਨੀਵਰਸਿਟੀਆਂ ਦੇ ਚੋਟੀ ਦੇ ਵਿਦਵਾਨਾਂ ਦੇ ਵਿਚਾਰ-ਗੋਚਰੇ ਲਿਆਉਣ ਦੀ ਲੋੜ ਹੈ, ਤਾਂ ਜੋ ਮਨੁੱਖ ਜਾਤੀ ਸੰਸਾਰ ਨੂੰ ਅਮਨ ਅਤੇ ਸ਼ਾਂਤੀ ਦੇਣ ਵਾਲੇ, ਜੀਵਨ ਦੇ ਜਿਹੜੇ ਸਰਬ-ਸਾਂਝੇ ਨਕਸ਼ ਤਲਾਸ਼ ਰਹੀ ਹੈ, ਉਨ੍ਹਾਂ ਨੂੰ ਪੂਰਨ ਰੂਪ ‘ਚ ਤਿਆਰ ਕਰਨ ਲਈ ਅੱਗੇ ਵਧਿਆ ਜਾ ਸਕੇ।
ੲੲੲ

Check Also

ਜਦੋਂ ਮੇਰਾ ਹੰਕਾਰ ਟੁੱਟਿਆ…

ਅਮਰਜੀਤ ਸਿੰਘ ‘ਫ਼ੌਜੀ’ ਮਨੁੱਖ ਨੂੰ ਮਾਣ ਹੰਕਾਰ ਤਾਂ ਹੋ ਹੀ ਜਾਂਦਾ ਹੈ ਚਾਹੇ ਉਹ ਪੈਸੇ …