Breaking News
Home / ਸੰਪਾਦਕੀ / ਵਾਤਾਵਰਨ ਦੇ ਮੁੱਦੇ ਉਤੇ ਸੰਜੀਦਾ ਨਹੀਂ ਹੈ ਭਾਰਤ

ਵਾਤਾਵਰਨ ਦੇ ਮੁੱਦੇ ਉਤੇ ਸੰਜੀਦਾ ਨਹੀਂ ਹੈ ਭਾਰਤ

ਵਿਸ਼ਵ ਵਾਤਾਵਰਨ ਦਿਵਸ ਮੌਕੇ ਅਮਰੀਕੀ ਰਾਸ਼ਟਰਵਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ, ਚੀਨ ਤੇ ਰੂਸ ‘ਚ ਪ੍ਰਦੂਸ਼ਣ ਤੇ ਸਵੱਛਤਾ ਦੀ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ, ਚੀਨ ਅਤੇ ਰੂਸ ਵਰਗੇ ਦੇਸ਼ਾਂ ‘ਚ ਹਵਾ ਤੇ ਪਾਣੀ ਵੀ ਸਾਫ਼ ਨਹੀਂ ਹੈ ਅਤੇ ਇਹ ਦੇਸ਼ ਆਪਣੀ ਜ਼ਿੰਮੇਵਾਰੀ ਵੀ ਨਹੀਂ ਨਿਭਾਉਂਦੇ।
ਜੰਗਲੀ ਰਕਬੇ ਹੇਠ ਧਰਤੀ ਦੇ ਕੁੱਲ ਰਕਬੇ ਦਾ 33 ਫ਼ੀਸਦੀ ਹੋਣਾ ਚਾਹੀਦਾ ਹੈ ਪਰ ਭਾਰਤ ‘ਚ ਇਹ ਸਭ ਕੁਝ ਉਲਟ ਹੈ ਕਿਉਂਕਿ ਦੇਸ਼ ਦੀ ਆਬਾਦੀ 1.33 ਅਰਬ ਤੱਕ ਪਹੁੰਚ ਚੁੱਕੀ ਹੈ ਤੇ ਰੁੱਖਾਂ ਦੀ ਹੋਂਦ ਨੂੰ ਤੇਜ਼ੀ ਨਾਲ ਅਖੌਤੀ ਤੇ ਗੈਰ ਵਿਉਂਤਬੱਧ ਵਿਕਾਸ ਦੀ ਭੇਟ ਚੜ੍ਹਾ ਦਿੱਤਾ ਗਿਆ ਹੈ। ਭਾਰਤ ਦਾ ਵਿਸ਼ਵ ‘ਚ ਜੰਗਲਾਤ ਦੇ ਹਿਸਾਬ 10ਵਾਂ ਸਥਾਨ ਬਣਦਾ ਹੈ। ਭਾਰਤ ‘ਚ ਕੁੱਲ ਧਰਤੀ ਦਾ 24.4 ਫ਼ੀਸਦੀ ਜੰਗਲਾਤ ਹੈ ਜੋ ਵਿਸ਼ਵ ਦੀ ਧਰਤੀ ਦਾ ਸਿਰਫ਼ 2.4 ਫ਼ੀਸਦੀ ਹੀ ਹੈ, ਜਦੋਂ ਕਿ ਇਹ ਵਸੋਂ ਮੁਤਾਬਕ ਇਹ ਘੱਟੋ-ਘੱਟ 18 ਫ਼ੀਸਦੀ ਹੋਣਾ ਚਾਹੀਦਾ ਹੈ। ਭਾਰਤ ‘ਚ ਆਂਧਰਾ ਪ੍ਰਦੇਸ਼, ਕਰਨਾਟਕ ਤੇ ਕੇਰਲ ਹੀ ਦੱਖਣ ਦੇ ਅਜਿਹੇ ਸੂਬੇ ਹਨ, ਜਿਨ੍ਹਾਂ ਨੇ ਜੰਗਲਾਤ ਹੇਠ ਰਕਬੇ ਨੂੰ ਵਧਾਉਣ ਲਈ ਸੁਹਿਰਦ ਯਤਨ ਕੀਤੇ ਹਨ ਅਤੇ ਕ੍ਰਮਵਾਰ 2141, 1101 ਅਤੇ 1043 ਵਰਗ ਕਿਲੋਮੀਟਰ ਖੇਤਰ ‘ਚ ਜੰਗਲਾਤ ਨੂੰ ਵਧਾਇਆ ਹੈ। ਬਾਕੀ ਰਾਜਾਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਇਹੋ ਕਾਰਨ ਹੈ ਕਿ ਰੁੱਖਾਂ ਦੀ ਘਾਟ ਕਾਰਨ ਪੈਦਾ ਹੋਏ ਪ੍ਰਦੂਸ਼ਣ ਨੇ ਪਹਾੜੀ ਖੇਤਰਾਂ ‘ਤੇ ਵੀ ਅਸਰ ਪਾਇਆ ਹੈ, ਜਿਸ ਦੇ ਸਿੱਟੇ ਵਜੋਂ ਗਲੇਸ਼ੀਅਰ ਹੁਣ ਤੇਜ਼ੀ ਨਾਲ ਪਿਘਲ ਰਹੇ ਹਨ। ਸਾਰੇ ਹੀ ਦੇਸ਼ਾਂ ‘ਚ ਹਰ ਰਾਜ ਦੇ ਤਾਪਮਾਨ ‘ਚ ਔਸਤਨ ਇਕ ਤੋਂ ਡੇਢ ਦਰਜੇ ਸੈਂਟੀਗਰੇਡ ਦਾ ਵਾਧਾ ਹੋਇਆ ਹੈ, ਜਿਸ ਦਾ ਮਨੁੱਖੀ ਰਹਿਣ-ਸਹਿਣ ‘ਤੇ ਤੇਜ਼ੀ ਨਾਲ ਅਸਰ ਪੈ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਦਾ ਭੂਗੋਲਿਕ ਰਕਬਾ 3287469 ਵਰਗ ਕਿਲੋਮੀਟਰ ਹੈ, ਜਿਸ ‘ਚ ਜੰਗਲਾਤ ਹੇਠ ਰਕਬਾ 708273 ਕਿਲੋਮੀਟਰ ਭਾਵ 21.54 ਫ਼ੀਸਦੀ ਹੈ। ਪੰਜਾਬ ‘ਚ ਸਮੇਂ ਦੀਆਂ ਸਰਕਾਰਾਂ ਨੇ ਵਿਕਾਸ ਦੀ ਆੜ ‘ਚ ਜਿਸ ਤਰ੍ਹਾਂ ਰੁੱਖਾਂ ‘ਤੇ ਆਰਾ ਚਲਾਇਆ ਹੈ ਉਹ ਆਪਣੇ ਆਪ ‘ਚ ਭਵਿੱਖ ਲਈ ਵੱਡੇ ਸੰਕਟ ਦੀ ਨਿਸ਼ਾਨੀ ਹੈ। ਵਾਤਾਵਰਨ ਅਤੇ ਪ੍ਰਕਿਰਤੀ ਦੀ ਅਹਿਮੀਅਤ ਪੱਖੋਂ ਪੰਜਾਬ ਅੱਜ ਏਨਾ ਸੰਵੇਦਨਹੀਣ ਹੋ ਚੁੱਕਾ ਹੈ ਕਿ ਪਦਾਰਥਕ ਵਿਕਾਸ ਦੀ ਹੋੜ ‘ਚ ਕੁਦਰਤ ਦਾ ਸ਼ਿੰਗਾਰ ਹਰੇ-ਭਰੇ ਰੁੱਖਾਂ-ਬੂਟਿਆਂ ‘ਤੇ ਕੁਹਾੜਾ ਚਲਾਉਣ ‘ਚ ਪੰਜਾਬ ਦੇਸ਼ ‘ਚ ਤੀਜੇ ਨੰਬਰ ‘ਤੇ ਹੈ। ਪਿਛਲੇ ਪੌਣੇ ਚਾਰ ਕੁ ਦਹਾਕਿਆਂ ਅੰਦਰ ਹੀ ਪੰਜਾਬ ‘ਚ ਇਕੱਲੇ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਕਾਸ ਕਾਰਜਾਂ ਖ਼ਾਤਰ 5 ਕਰੋੜ ਦਰੱਖ਼ਤ ਖ਼ਤਮ ਕਰ ਦਿੱਤੇ ਗਏ। ਪੰਜਾਬ ਵਿਚ ਇਸ ਵੇਲੇ ਜੰਗਲਾਤ ਹੇਠਲਾ ਰਕਬਾ ਮਹਿਜ 4-5 ਫ਼ੀਸਦੀ ਹੀ ਰਹਿ ਗਿਆ ਹੈ ਜੋ ਕਿ 33 ਫ਼ੀਸਦੀ ਹੋਣਾ ਚਾਹੀਦਾ ਸੀ। ਜੇਕਰ ਮਨੁੱਖ ਨੂੰ ‘ਸਾਹ ਦਾਨ’ (ਆਕਸੀਜਨ) ਦੇਣ ਵਾਲੇ ਰੁੱਖ ਹੀ ਨਾ ਬਚੇ ਤਾਂ ਮਨੁੱਖੀ ਜੀਵਨ ਦੀ ਹੋਂਦ ਕਿਵੇਂ ਕਿਆਸੀ ਜਾ ਸਕਦੀ ਹੈ?
ਪੰਜ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀ ‘ਚ ਹੁਣ ਜ਼ਹਿਰ ਘੁਲ੍ਹ ਚੁੱਕਾ ਹੈ। 75 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ। ਕੇਂਦਰੀ ਜ਼ਮੀਨਦੋਜ਼ ਜਲ ਬੋਰਡ ਨਵੀਂ ਦਿੱਲੀ ਵਲੋਂ ਪੰਜਾਬ ਦੇ ਜ਼ਿਲ੍ਹਿਆਂ ਦੇ ਭੂਮੀ ਹੇਠਲੇ ਪਾਣੀ ‘ਚ ਯੂਰੇਨੀਅਮ ਦੀ ਮਾਤਰਾ ਵਿਸ਼ਵ ਸਿਹਤ ਸੰਗਠਨ ਵਲੋਂ ਤੈਅ ਮਾਤਰਾ ਤੋਂ ਵੱਧ ਪਾਈ ਜਾਣ ‘ਤੇ ਪਾਣੀ ਦੇ ਸੈਂਪਲ ਫੇਲ੍ਹ ਕੀਤੇ ਜਾ ਚੁੱਕੇ ਹਨ। ਪੰਜਾਬ ਰੇਗਿਸਤਾਨ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਦੋ-ਤਿੰਨ ਦਹਾਕੇ ਪਹਿਲਾਂ ਪੰਜਾਬ ‘ਚ ਕਿਤੇ ਵੀ 30-40 ਫੁੱਟ ਡੂੰਘਾ ਬੋਰ ਕਰਕੇ ਧਰਤੀ ਹੇਠਲਾ ਪਾਣੀ ਆਸਾਨੀ ਨਾਲ ਮੁਹੱਈਆ ਹੋ ਜਾਂਦਾ ਸੀ, ਹੁਣ 200-400 ਫੁੱਟ ਤੱਕ ਬੋਰ ਡੂੰਘੇ ਕਰਵਾਏ ਜਾਣ ਲੱਗੇ ਹਨ। ਅਗਲੇ ਦਹਾਕੇ ਤੱਕ ਪਾਣੀ ਦੀ ਉਪਲਬਧਤਾ ਇਸ ਤੋਂ ਵੀ ਹੇਠਾਂ ਚਲੀ ਜਾਵੇਗੀ। ਇਹੀ ਹਾਲਤ ਰਹੀ ਤਾਂ 30-40 ਸਾਲਾਂ ਬਾਅਦ ਪੰਜਾਬ ਦੇ ਢਾਈ ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਗ਼ੈਰ ਕੋਈ ਚਾਰਾ ਨਹੀਂ ਬਚੇਗਾ, ਕਿਉਂਕਿ ਪੰਜਾਬ ਜ਼ਹਿਰੀਲਾ ਰੇਗਿਸਤਾਨ ਕਹਾਵੇਗਾ।
ਜਲਵਾਯੂ ਅਤੇ ਧਰਤੀ ‘ਚ ਜ਼ਹਿਰੀਲੇ ਤੱਤਾਂ ਦੀ ਬਹੁਤਾਤ ਹੋਣ ਕਾਰਨ ਪੰਜਾਬ ‘ਚ ਸਬਜ਼ੀਆਂ, ਫਲ, ਦੁੱਧ, ਪਾਣੀ ਅਤੇ ਹਵਾ ਵੀ ਜ਼ਹਿਰੀਲੀ ਹੋ ਗਈ ਹੈ। ਭਾਰਤ ‘ਚ ਵਰਤੇ ਜਾਂਦੇ ਫ਼ਸਲਾਂ ਦੇ ਕੁੱਲ ਕੀਟਨਾਸ਼ਕ ਜ਼ਹਿਰਾਂ ਦਾ 19 ਫ਼ੀਸਦੀ ਹਿੱਸਾ ਇਕੱਲੇ ਪੰਜਾਬ ‘ਚ ਵਰਤਿਆ ਜਾ ਰਿਹਾ ਹੈ। ਅੰਨ੍ਹ-ਪਾਣੀ ਜ਼ਹਿਰੀਲਾ ਹੋਣ ਕਾਰਨ ਨਿੱਕੇ-ਨਿੱਕੇ ਬੱਚੇ ਤੱਕ ਦਿਲ ਦੇ ਰੋਗਾਂ, ਗੁਰਦੇ ਖ਼ਰਾਬ, ਸ਼ੱਕਰ ਰੋਗ ਅਤੇ ਕੈਂਸਰ ਵਰਗੇ ਨਾਮੁਰਾਦ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਦਮਾ, ਬਲੱਡ-ਪ੍ਰੈਸ਼ਰ, ਫ਼ੇਫੜਿਆਂ ਦਾ ਖ਼ਰਾਬ ਹੋਣਾ, ਬਾਂਝਪਣ, ਨਾਮਰਦੀ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਗੰਭੀਰ ਲਾਇਲਾਜ ਰੋਗਾਂ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਆਉਣ ਵਾਲੀਆਂ ਨਸਲਾਂ ਅਤੇ ਪੰਜਾਬੀਆਂ ਦੀ ਹੋਂਦ ਲਈ ਸਭ ਤੋਂ ਚਿੰਤਾਜਨਕ ਰਿਪੋਰਟ ਇਹ ਹੈ ਕਿ ਪੰਜਾਬੀਆਂ ਦਾ ਸਪਰਮ ਕਾਉਂਟ 60 ਮਿਲੀਅਨ ਤੋਂ ਘੱਟ ਕੇ ਸਿਰਫ਼ 15 ਮਿਲੀਅਨ ਰਹਿ ਗਿਆ ਹੈ। ਭਾਵ ਕਿ ਪੰਜਾਬੀ ਹੁਣ ਬੱਚੇ ਜੰਮਣ ਦੀ ਸਮਰੱਥਾ ਵੀ ਗੁਆਉਣ ਲੱਗੇ ਹਨ। ਪੰਜਾਬ ‘ਚ ਰੋਜ਼ਾਨਾ 43 ਲੋਕ ਇਕੱਲੇ ਕੈਂਸਰ ਵਰਗੇ ਨਾਮੁਰਾਦ ਰੋਗ ਨਾਲ ਮਰ ਰਹੇ ਹਨ। ਪੰਜਾਬ ‘ਚ ਵਿਸ਼ਵ ਨਾਲੋਂ 100 ਗੁਣਾ ਜ਼ਿਆਦਾ ਦਰ ਨਾਲ ਕੈਂਸਰ ਫ਼ੈਲ ਰਿਹਾ ਹੈ। ਇਹ ਸਾਰੀਆਂ ਨਾਮੁਰਾਦ ਅਲਾਮਤਾਂ ਪੰਜਾਬ ਦੇ ਬੇਹੱਦ ਦੂਸ਼ਿਤ ਹੋ ਰਹੇ ਜਲਵਾਯੂ ਦਾ ਸਿੱਟਾ ਹੀ ਹਨ।
ਪੰਜਾਬ ‘ਤੇ ਇਸ ਵੇਲੇ ਇਕ ਮਸ਼ਹੂਰ ਕਹਾਵਤ ‘ਕੁਦਰਤ ਤੋਂ ਦੂਰੀ ਬਿਮਾਰੀਆਂ ਨੂੰ ਸੱਦਾ’ ਢੁਕਦੀ ਨਜ਼ਰ ਆਉਂਦੀ ਹੈ। ਬੀਤੇ ਬੁੱਧਵਾਰ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਦਿਨੋਂ-ਦਿਨ ਵਿਗੜਦੇ ਜਾ ਰਹੇ ਵਾਤਾਵਰਨ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪ੍ਰਦੁਸ਼ਣ ਦਾ ਕਾਰਨ ਬਣ ਰਹੀਆਂ ਫੈਕਟਰੀਆਂ ‘ਤੇ ਸਖ਼ਤੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਭਾਵੇਂਕਿ ਉਦਯੋਗਿਕ ਵਿਕਾਸ ਅਤੇ ਵੱਧ ਰਹੀ ਵੱਸੋਂ ਕਾਰਨ ਪ੍ਰਦੂਸ਼ਣ ਸਾਰੀ ਦੁਨੀਆ ਦਾ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ ਕਿ ਪਰ ਪ੍ਰਦੂਸ਼ਣ ਦੀ ਸਮੱਸਿਆ ਪ੍ਰਤੀ ਭਾਰਤ ਦੀ ਗ਼ੈਰ- ਸੰਜੀਦਗੀ ਅਤੇ ਪੰਜਾਬ ਦੀ ਲਾਪ੍ਰਵਾਹੀ ਬੇਹੱਦ ਚਿੰਤਾ ਦਾ ਵਿਸ਼ਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਰਗੇ ਮਹਾਂਨਗਰਾਂ ਵਿਚ ਤਾਂ ਸਾਹ ਲੈਣ ਵਾਲੀ ਹਵਾ ਮਨੁੱਖ ਦੇ ਰਹਿਣਯੋਗ ਹੀ ਨਹੀਂ ਹੈ। ਪਾਣੀ ਦੀ ਸਮੱਸਿਆ ਜਿਸ ਤੇਜ਼ੀ ਨਾਲ ਭਾਰਤ ਅਤੇ ਖ਼ਾਸ ਕਰਕੇ ਪੰਜਾਬ ‘ਚ ਵੱਧਦੀ ਜਾ ਰਹੀ ਹੈ, ਇਸ ਨੂੰ ਜੇਕਰ ਸਮੇਂ ਸਿਰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸਾਡੀ ਸੱਭਿਅਤਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਗੰਭੀਰ ਖਮਿਆਜ਼ਾ ਭੁਗਤਣਾ ਪਵੇਗਾ। ਭਾਰਤ ਅਤੇ ਪੰਜਾਬੀਆਂ ਨੂੰ ਵਾਤਾਵਰਨ ਦੀ ਮਹੱਤਤਾ ਨੂੰ ਸਮਝਣਾ ਪਵੇਗਾ ਅਤੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਵੱਡੇ ਪੱਧਰ ‘ਤੇ ਅਮਲੀ ਉਪਰਾਲੇ ਕਰਨੇ ਚਾਹੀਦੇ ਹਨ।

Check Also

ਨਹੀਂ ਰੁਕ ਰਿਹਾ ਇਜ਼ਰਾਈਲ-ਹਮਾਸ ਯੁੱਧ

ਲਗਭਗ 7 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਵਿਚ ਛੋਟੀ ਜਿਹੀ ਗਾਜ਼ਾ ਪੱਟੀ, ਜਿਸ ਵਿਚ …