ਕਰੋਨਾ ਕਾਰਨ ਭਾਰਤ ਭਰ ਵਿਚ ਤਬਾਹੀ ਦਾ ਆਲਮ ਜਾਰੀ ਹੈ। ਰੋਜ਼ ਲੱਖਾਂ ਦੀ ਗਿਣਤੀ ਵਿਚ ਲੋਕਾਂ ਦਾ ਬਿਮਾਰ ਹੋਣਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਹੁੰਦੀਆਂ ਮੌਤਾਂ ਨਾਲ ਦੁਖਾਂਤ ਵਧਦਾ ਜਾ ਰਿਹਾ ਹੈ। ਹਰ ਪਾਸੇ ਘਾਟਾਂ ਅਤੇ ਥੁੜਾਂ ਨਜ਼ਰ ਆਉਂਦੀਆਂ ਹਨ, ਜਿਸ ਨਾਲ ਲੋੜਵੰਦ ਅਤੇ ਪ੍ਰਭਾਵਿਤ ਲੋਕਾਂ ਦਾ ਦੁੱਖ-ਦਰਦ ਚਰਮ ਸੀਮਾ ‘ਤੇ ਪੁੱਜ ਗਿਆ ਹੈ। ਬਲਦੇ ਸਿਵੇ ਅਤੇ ਲਾਸ਼ਾਂ ਦੀ ਹੁੰਦੀ ਬੇਕਦਰੀ ਭਾਰਤ ਦੇ ਸਮੁੱਚੇ ਪ੍ਰਬੰਧ ਦੀ ਪੋਲ ਖੋਲ੍ਹ ਰਹੀ ਹੈ। ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਹਰ ਪੱਖ ਤੋਂ ਇਸ ਦੁਖਾਂਤ ਨੂੰ ਘਟਾਉਣ ਲਈ ਵੱਡੇ ਯਤਨ ਜ਼ਰੂਰ ਕਰ ਰਹੀਆਂ ਹਨ। ਪਰ ਸਥਿਤੀ ਹਾਲੇ ਉਨ੍ਹਾਂ ਦੇ ਕਾਬੂ ਵਿਚ ਨਹੀਂ ਆ ਰਹੀ। ਵਧਦੀ ਬਿਮਾਰੀ ਨੂੰ ਰੋਕਣ ਦੇ ਯਤਨਾਂ ਵਿਚ ਜਨਜੀਵਨ ‘ਤੇ ਲਗਾਈਆਂ ਜਾ ਰਹੀਆਂ ਛੋਟੀਆਂ-ਵੱਡੀਆਂ ਰੋਕਾਂ ਅਤੇ ਪੂਰਨ ਤਾਲਾਬੰਦੀਆਂ ਦੇ ਐਲਾਨਾਂ ਨੇ ਲੋਕ ਜੀਵਨ ਪੂਰੀ ਤਰ੍ਹਾਂ ਉਥਲ-ਪੁਥਲ ਕਰਕੇ ਰੱਖ ਦਿੱਤਾ ਹੈ। ਆਰਥਿਕ ਚੱਕੀ ਵਿਚ ਪਿਸਦੇ ਅੱਜ ਬਹੁਤੇ ਲੋਕ ਸਾਹਸੱਤਹੀਣ ਹੋਏ ਦਿਖਾਈ ਦਿੰਦੇ ਹਨ।
ਇਸ ਤੋਂ ਨਿਜਾਤ ਪਾਉਣ ਲਈ ਦੋ ਭਾਰਤੀ ਕੰਪਨੀਆਂ ਨੇ ਟੀਕੇ ਜ਼ਰੂਰ ਤਿਆਰ ਕਰ ਲਏ ਪਰ ਇਹ ਦੋਵੇਂ ਕੰਪਨੀਆਂ ਬੇਹੱਦ ਵਧੀ ਹੋਈ ਮੰਗ ਦੀ ਪੂਰਤੀ ਕਰਨ ਤੋਂ ਅਸਮਰੱਥ ਜਾਪਦੀਆਂ ਹਨ। ਅੱਜ ਵੱਡੀ ਗਿਣਤੀ ਵਿਚ ਲੋਕ ਟੀਕੇ ਲਗਵਾਉਣਾ ਚਾਹੁੰਦੇ ਹਨ ਪਰ ਇੰਤਜ਼ਾਰ ਲੰਮੀ ਹੋਣ ਕਾਰਨ ਉਨ੍ਹਾਂ ਅੰਦਰ ਬੇਚੈਨੀ ਵਧਦੀ ਦਿਖਾਈ ਦੇ ਰਹੀ ਹੈ।
ਸ਼ੁਰੂ ਵਿਚ ਟੀਕਾਕਰਨ ਦੀ ਰਫ਼ਤਾਰ ਜ਼ਰੂਰ ਤੇਜ਼ ਹੋਈ ਸੀ। ਪਰ ਬਾਅਦ ਵਿਚ ਇਹ ਰਫ਼ਤਾਰ ਹੌਲੀ ਹੁੰਦੀ ਗਈ। ਇਸ ਦਾ ਮੁੱਖ ਕਾਰਨ ਦੋਵਾਂ ਕੰਪਨੀਆਂ ਵਲੋਂ ਘੱਟ ਉਤਪਾਦਨ ਕੀਤਾ ਜਾਣਾ ਹੈ। ਇਸ ਲਈ ਦੋਵਾਂ ਕੰਪਨੀਆਂ ਨੂੰ ਉਤਪਾਦਨ ਨੂੰ ਤੇਜ਼ ਕਰਨ ਲਈ ਕਿਹਾ ਗਿਆ ਹੈ ਅਤੇ ਵਿਦੇਸ਼ਾਂ ‘ਚੋਂ ਆਉਂਦੇ ਕੱਚੇ ਮਾਲ ਨੂੰ ਮੰਗਵਾਉਣ ਵਿਚ ਵੀ ਵੱਧ ਤੋਂ ਵੱਧ ਤੇਜ਼ੀ ਵਰਤੀ ਜਾ ਰਹੀ ਹੈ। ਇਸ ਸਮੇਂ ਸੀਰਮ ਇੰਸਟੀਚਿਊਟ ਪ੍ਰਤੀ ਮਹੀਨਾ 6 ਕਰੋੜ ਖੁਰਾਕਾਂ ਹੀ ਤਿਆਰ ਕਰ ਸਕਦਾ ਹੈ ਅਤੇ ਭਾਰਤ ਬਾਇਓਟੈਕ ਏਨੇ ਸਮੇਂ ਵਿਚ ਸਿਰਫ 2 ਕਰੋੜ ਖੁਰਾਕਾਂ ਦਾ ਹੀ ਉਤਪਾਦਨ ਕਰਦਾ ਹੈ। ਕੇਂਦਰ ਵਲੋਂ ਤੇਜ਼ੀ ਨਾਲ ਵੱਧ ਤੋਂ ਵੱਧ ਆਬਾਦੀ ਦਾ ਟੀਕਾਕਰਨ ਦਾ ਨਿਸ਼ਾਨਾ ਜ਼ਰੂਰ ਮਿੱਥਿਆ ਗਿਆ ਸੀ ਪਰ ਦੇਸ਼ ਵਿਚ ਟੀਕਾਕਰਨ ਦੀ ਰਫ਼ਤਾਰ ਰੋਜ਼ 17 ਲੱਖ ਵਿਅਕਤੀਆਂ ਤੱਕ ਹੀ ਸੰਭਵ ਹੋ ਸਕੀ ਹੈ। ਟੀਕਾਕਰਨ ਦੇ ਘੇਰੇ ਵਿਚ 18 ਤੋਂ 44 ਸਾਲ ਤੱਕ ਦੇ ਨਾਗਰਿਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਪਰ ਹਾਲ ਦੀ ਘੜੀ ਅਮਲੀ ਰੂਪ ਵਿਚ ਇਹ ਯੋਜਨਾ ਸਫਲ ਨਹੀਂ ਹੋਈ। ਇਸ ਘੇਰੇ ਵਿਚ ਸਿਰਫ ਉਸਾਰੀ ਕਾਮਿਆਂ ਨੂੰ ਹੀ ਲਿਆ ਗਿਆ ਹੈ ਜਦੋਂ ਕਿ ਇਸ ਲਈ ਹੁਣ ਤੱਕ 19 ਕਰੋੜ ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਕਰੋਨਾ ਦੇ ਪਹਿਲੇ ਹਮਲੇ ਤੋਂ ਬਾਅਦ ਭਾਰਤ ਵਲੋਂ ਵੱਡੀ ਗਿਣਤੀ ਵਿਚ ਟੀਕਿਆਂ ਦੀਆਂ ਖੁਰਾਕਾਂ ਬਰਾਮਦ ਕਰਨ ਦੀ ਵੀ ਆਲੋਚਨਾ ਕੀਤੀ ਜਾ ਰਹੀ ਹੈ। ਉੱਚ ਅਦਾਲਤ ਨੇ ਵੀ ਟੀਕਾਕਰਨ ਸਬੰਧੀ ਦਖ਼ਲ ਦਿੱਤਾ ਹੈ। ਸਰਕਾਰ ਨੇ ਉਥੇ ਅਦਾਲਤ ਵਿਚ ਆਪਣਾ ਪੱਖ ਇਹ ਰੱਖਿਆ ਹੈ ਕਿ ਸਾਢੇ 6 ਕਰੋੜ ਦੇ ਲਗਪਗ ਖੁਰਾਕਾਂ ਬਾਹਰ ਭੇਜਣ ਲਈ ਭਾਰਤੀ ਕੰਪਨੀਆਂ ਨੇ ਲਾਇਸੰਸ ਅਨੁਸਾਰ ਇਕਰਾਰਨਾਮੇ ਕੀਤੇ ਹੋਏ ਸਨ, ਕਿਉਂਕਿ ਇਸ ਉਤਪਾਦਨ ਲਈ ਵਧੇਰੇ ਕੱਚਾ ਮਾਲ ਲਾਇਸੰਸ ਅਨੁਸਾਰ ਹੀ ਬਾਹਰ ਤੋਂ ਮੰਗਵਾਇਆ ਜਾਂਦਾ ਹੈ। ਹੁਣ ਜਿਥੇ ਲਗਾਤਾਰ ਟੀਕਿਆਂ ਦੀ ਮੰਗ ਵਧ ਰਹੀ ਹੈ, ਉਥੇ ਕੰਪਨੀਆਂ ਇਸ ਵੱਡੀ ਮੰਗ ਨੂੰ ਪੂਰਾ ਕਰਨ ਤੋਂ ਹੱਥ ਖਿੱਚਦੀਆਂ ਨਜ਼ਰ ਆ ਰਹੀਆਂ ਹਨ। ਇਕ ਅਨੁਮਾਨ ਅਨੁਸਾਰ ਜੁਲਾਈ ਤੋਂ ਹਰ ਮਹੀਨੇ 13 ਕਰੋੜ ਟੀਕੇ ਮਿਲਣ ਲੱਗਣਗੇ ਪਰ ਇਸ ਸਮੇਂ ਲੋੜ ਰੋਜ਼ ਲੱਖਾਂ ਲੋਕਾਂ ਨੂੰ ਟੀਕਾ ਲਗਾਉਣ ਦੀ ਨਹੀਂ, ਸਗੋਂ ਘੱਟੋ-ਘੱਟ ਹਰ ਦਿਨ ਇਕ ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦੀ ਹੈ। ਬਹੁਤੇ ਰਾਜ ਟੀਕਾ ਖ਼ਤਮ ਹੋਣ ਦੀਆਂ ਸ਼ਿਕਾਇਤਾਂ ਕਰਨ ਲੱਗੇ ਹਨ। ਰਾਜਧਾਨੀ ਦਿੱਲੀ ਵਿਚ ਸਰਕਾਰ ਨੇ 100 ਕੇਂਦਰ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਕੇਂਦਰ ਤੋਂ 11.34 ਕਰੋੜ ਟੀਕਿਆਂ ਦੀ ਮੰਗ ਕੀਤੀ ਹੈ।
ਹੁਣ ਇਕ ਹੋਰ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਮਹਾਂਮਾਰੀ ਦੇ ਤੀਸਰੇ ਸੰਭਾਵੀ ਹਮਲੇ ਵਿਚ ਹਰ ਉਮਰ ਦੇ ਬੱਚੇ ਵੀ ਇਸ ਦੀ ਜ਼ੱਦ ਵਿਚ ਆ ਸਕਦੇ ਹਨ। ਇਸ ਲਈ ਮਹਾਂਮਾਰੀ ਨਾਲ ਸਬੰਧਿਤ ਟੀਕਿਆਂ ਦੇ ਵੱਧ ਤੋਂ ਵੱਧ ਉਤਪਾਦਨ ਅਤੇ ਤੁਰੰਤ ਲੋਕਾਂ ਤੱਕ ਪਹੁੰਚਾਉਣ ਦੀ ਸਖ਼ਤ ਜ਼ਰੂਰਤ ਹੈ। ਜੇਕਰ ਭਾਰਤ ਦੀ ਆਬਾਦੀ ਨੂੰ ਦੇਖਦਿਆਂ ਹੋਇਆਂ ਇਹ ਇੰਤਜ਼ਾਰ ਸਾਲਾਂ ਤੱਕ ਲੰਮਾ ਹੁੰਦਾ ਹੈ ਤਾਂ ਇਸ ਨਾਲ ਜਿਥੇ ਦੇਸ਼ ਹਰ ਪੱਖ ਤੋਂ ਹੋਰ ਤਬਾਹੀ ਵੱਲ ਧੱਕਿਆ ਜਾਏਗਾ, ਉਥੇ ਸਰਕਾਰ ਲਈ ਵੀ ਇਹ ਵੱਡੀ ਨਮੋਸ਼ੀ ਵਾਲੀ ਗੱਲ ਹੋਵੇਗੀ। ਭਾਰਤ ਵਿਚ ਟੀਕਾਕਰਨ ਦੀ ਮੁਹਿੰਮ 10 ਜਨਵਰੀ ਤੋਂ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਦੇਸ਼ ਵਿਚ ਸਾਢੇ 17 ਕਰੋੜ ਦੇ ਲਗਭਗ ਟੀਕੇ ਲਗਾਏ ਜਾ ਚੁੱਕੇ ਹਨ। ਅਮਰੀਕਾ ‘ਤੇ ਵੀ ਇਸ ਮਹਾਂਮਾਰੀ ਦਾ ਵੱਡਾ ਪ੍ਰਭਾਵ ਰਿਹਾ ਹੈ। ਉਥੇ ਭਾਰਤ ਤੋਂ ਇਕ ਮਹੀਨਾ ਪਹਿਲਾਂ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ 25 ਕਰੋੜ ਟੀਕੇ ਲਗਾ ਕੇ ਉਹ ਪਹਿਲੇ ਨੰਬਰ ‘ਤੇ ਹੈ ਜਦੋਂ ਕਿ ਭਾਰਤ ਅਮਰੀਕਾ ਅਤੇ ਰੂਸ ਤੋਂ ਬਾਅਦ ਇਸ ਮਾਮਲੇ ਵਿਚ ਤੀਸਰੇ ਸਥਾਨ ‘ਤੇ ਹੈ। ਹੁਣ ਸਭ ਤੋਂ ਅਹਿਮ ਗੱਲ ਇਹ ਬਣੀ ਨਜ਼ਰ ਆਉਂਦੀ ਹੈ ਕਿ ਆਉਂਦੇ ਮਹੀਨਿਆਂ ਵਿਚ ਵੱਧ ਤੋਂ ਵੱਧ ਦੇਸ਼ ਵਾਸੀਆਂ ਨੂੰ ਟੀਕੇ ਲਾਏ ਜਾਣ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੀ ਮੰਗ ਕੀਤੀ ਹੈ ਅਤੇ ਟੀਕਾਕਰਨ ਦੀ ਘੱਟ ਰਫ਼ਤਾਰ ‘ਤੇ ਭਾਰਤ ਸਰਕਾਰ ਦੀ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ।
ਇਸ ਨੂੰ ਵੇਖਦਿਆਂ ਨੀਤੀ ਕਮਿਸ਼ਨ ਦੀ ਟੀਕਾਕਰਨ ਸਬੰਧੀ ਗਠਿਤ ਟਾਸਕ ਫੋਰਸ ਦੇ ਮੁਖੀ ਡਾ. ਵੀ.ਕੇ. ਪਾਲ ਨੇ ਜੋ ਬਿਆਨ ਦਿੱਤਾ ਹੈ, ਉਹ ਦਿਲਾਂ ਨੂੰ ਵੱਡਾ ਧਰਵਾਸ ਦੇਣ ਵਾਲਾ ਅਤੇ ਸੰਤੁਸ਼ਟੀਜਨਕ ਕਿਹਾ ਜਾ ਸਕਦਾ ਹੈ। ਡਾ. ਪਾਲ ਅਨੁਸਾਰ ਜੁਲਾਈ ਦੇ ਮਹੀਨੇ ਤੱਕ ਦੇਸ਼ ਵਿਚ ਕੁੱਲ 51 ਕਰੋੜ ਦੇ ਲਗਭਗ ਟੀਕੇ ਉਪਲਬਧ ਹੋਣਗੇ। ਇਨ੍ਹਾਂ ਵਿਚੋਂ 17 ਕਰੋੜ ਦੇ ਲਗਭਗ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਇਸ ਤੋਂ ਅਗਲੇ 5 ਮਹੀਨਿਆਂ ਬਾਰੇ ਇਸ ਖੇਤਰ ਵਿਚ ਜੋ ਤਸਵੀਰ ਡਾ. ਪਾਲ ਨੇ ਪੇਸ਼ ਕੀਤੀ ਹੈ, ਉਹ ਹੋਰ ਵੀ ਚੰਗਾ ਦ੍ਰਿਸ਼ ਪੇਸ਼ ਕਰਨ ਵਾਲੀ ਹੈ। ਡਾ. ਪਾਲ ਦਾ ਦਾਅਵਾ ਹੈ ਕਿ ਅਗਸਤ ਤੋਂ ਦਸੰਬਰ ਮਹੀਨੇ ਤੱਕ ਦੇਸ਼ ਵਿਚ 216 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ। ਉਹ ਖੁਰਾਕਾਂ 18 ਸਾਲ ਤੋਂ ਵਧੇਰੇ ਉਮਰ ਦੇ 95 ਕਰੋੜ ਲੋਕਾਂ ਦੇ ਦੋ ਟੀਕੇ ਲੱਗਣ ਤੋਂ ਕਿਤੇ ਵਧੇਰੇ ਹੋਣਗੀਆਂ। ਇਸ ਦੇ ਨਾਲ-ਨਾਲ ਰੂਸ ਦੇ ਸਪੂਤਨਿਕ ਦੀ ਵੱਡੀ ਖੇਪ ਵੀ ਭਾਰਤ ਪੁੱਜ ਚੁੱਕੀ ਹੈ। ਆਉਂਦੇ ਹਫ਼ਤੇ ਇਹ ਟੀਕੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਹੁਣ ਤੱਕ ਨਿੱਜੀ ਹਸਪਤਾਲਾਂ ਅਤੇ ਰਾਜ ਸਰਕਾਰਾਂ ਨੇ 16 ਕਰੋੜ ਦੇ ਲਗਭਗ ਟੀਕੇ ਖ਼ਰੀਦ ਲਏ ਹਨ। ਡਾ. ਪਾਲ ਨੇ ਇਹ ਵੀ ਦੱਸਿਆ ਹੈ ਕਿ ਕੌਮਾਂਤਰੀ ਟੀਕਾ ਕੰਪਨੀਆਂ ਫਾਈਜ਼ਰ, ਜਾਨਸਨ ਐਂਡ ਜਾਨਸਨ, ਮੋਡਰੇਨਾ ਨਾਲ ਵੀ ਸਰਕਾਰ ਲਗਾਤਾਰ ਸੰਪਰਕ ਕਰ ਰਹੀ ਹੈ ਅਤੇ ਛੇਤੀ ਹੀ ਇਸ ਸਬੰਧੀ ਕੋਈ ਫ਼ੈਸਲਾ ਕੀਤਾ ਜਾਏਗਾ। ਇਸ ਤੋਂ ਇਲਾਵਾ ਇਨ੍ਹਾਂ ਕੰਪਨੀਆਂ ਨੂੰ ਭਾਰਤ ਵਿਚ ਉਤਪਾਦਨ ਕਰਨ ਦੇ ਲਾਇਸੰਸ ਵੀ ਜਾਰੀ ਕੀਤੇ ਜਾ ਰਹੇ ਹਨ। ਬਿਨਾਂ ਸ਼ੱਕ ਇਸ ਸਮੇਂ ਭਾਰਤ ਸਰਕਾਰ ‘ਤੇ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਆਉਂਦੇ ਕੁਝ ਮਹੀਨਿਆਂ ਵਿਚ ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ ਕਰਕੇ ਦੇਸ਼ ਦੀ ਵੱਡੀ ਆਬਾਦੀ ਨੂੰ ਇਸ ਦੇ ਘੇਰੇ ਵਿਚ ਲੈ ਕੇ ਆਵੇ। ਤੁਰੰਤ ਕੀਤਾ ਜਾਣ ਵਾਲਾ ਇਹ ਅਮਲ ਹੀ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਵਿਚ ਗਿਣਿਆ ਜਾਏਗਾ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …