ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਸਬੰਧੀ ਕਮੇਟੀ ਨੇ ਕਰੋਨਾ ਸੰਕਟ ਦੌਰਾਨ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਵਾਲਾ ਇੱਕ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਅਤੇ ਜੋਅ ਬਿਡੇਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਮੈਡੀਕਲ ਸਾਜ਼ੋ ਸਾਮਾਨ ਦੀ ਸਪਲਾਈ ਪਹਿਲਾਂ ਵਾਂਗ ਕੀਤੀ ਜਾਵੇ। ਇਸ ਮਤੇ ਵਿੱਚ ਕਰੋਨਾ ਮਹਾਮਾਰੀ ਦੇ ਸ਼ੁਰੂ ਵਿਚ ਭਾਰਤ ਵੱਲੋਂ ਕੀਤੀ ਗਈ ਅਮਰੀਕਾ ਦੀ ਮਦਦ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਟੀਕਿਆਂ ਦੇ ਉਤਪਾਦਨ ਵਿਚ ਆਲਮੀ ਪੱਧਰ ‘ਤੇ ਭਾਰਤ ਦੀ ਅਹਿਮ ਭੂਮਿਕਾ ਹੈ ਅਤੇ ਉਸ ਵੱਲੋਂ ਹੁਣ ਤਕ ਕੋਵਿਡ-19 ਟੀਕੇ ਦੇ ਸਬੰਧ ਵਿਚ ਦੂਜੇ ਦੇਸ਼ਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਹੁਣ ਅਮਰੀਕਾ ਨੂੰ ਵੀ ਕਰੋਨਾ ਲਾਗ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਲੋੜੀਂਦਾ ਮੈਡੀਕਲ ਸਾਮਾਨ ਤੁਰੰਤ ਸਪਲਾਈ ਕਰਨਾ ਚਾਹੀਦਾ ਹੈ।