Breaking News
Home / ਦੁਨੀਆ / ਪ੍ਰਧਾਨ ਮੰਤਰੀ ਵਜੋਂ 11 ਅਗਸਤ ਨੂੰ ਚੁੱਕਾਂਗਾ ਸਹੁੰ: ਇਮਰਾਨ ਖ਼ਾਨ

ਪ੍ਰਧਾਨ ਮੰਤਰੀ ਵਜੋਂ 11 ਅਗਸਤ ਨੂੰ ਚੁੱਕਾਂਗਾ ਸਹੁੰ: ਇਮਰਾਨ ਖ਼ਾਨ

ਪਿਸ਼ਾਵਰ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ (65) ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਨਾ ਹੋਣ ਦੇ ਬਾਵਜੂਦ ਉਹ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣਗੇ। ਇਹ ਦਾਅਵਾ ਰੇਡੀਓ ਪਾਕਿਸਤਾਨ ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ। ਇਸ ਦੇ ਨਾਲ ਹੀ ਪੀਟੀਆਈ ਮੁਖੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਸੂਬੇ ਵਿਚ ਲੋੜੀਂਦੀਆਂ ਸੀਟਾਂ ਮਿਲ ਜਾਣਗੀਆਂ ਤੇ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਏਗੀ। ਇਸ ਦੌਰਾਨ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਚੋਣਾਂ ‘ਚ ਧੋਖਾਧੜੀ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਜਾਂਚ ਲਈ ਜੁਡੀਸ਼ਲ ਕਮਿਸ਼ਨ ਬਣਾਏ ਜਾਣ ਦੀ ਮੰਗ ਕੀਤੀ ਹੈ। ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪੀਟੀਆਈ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿੱਚ ਕੌਮੀ ਅਸੈਂਬਲੀ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪਾਰਟੀ ਮੁਖੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਅਗਲੀ ਸਰਕਾਰ ਦੇ ਗਠਨ ਲਈ ਛੋਟੀਆਂ ਪਾਰਟੀਆਂ ਤੇ ਅਜ਼ਾਦ ਉਮੀਦਵਾਰਾਂ ਤੱਕ ਪਹੁੰਚ ਕਰਨਗੇ। ਖੈਬਰ ਪਖਤੂਨਖਵਾ ਸੂਬੇ ਵਿਚ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ ਕਿ ਉਹ ਲੋਕ ਹਿੱਤਾਂ ਵਿਚ ਸੂਬੇ ਦੇ ਅਗਲੇ ਮੁੱਖ ਮੰਤਰੀ ਬਾਰੇ ਫ਼ੈਸਲਾ ਕਰ ਚੁੱਕੇ ਹਨ ਤੇ ਇਸ ਦਾ ਐਲਾਨ ਅਗਲੇ ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਪੀਟੀਆਈ ਨੂੰ 99 ਮੈਂਬਰੀ ਸੂਬਾਈ ਅਸੈਂਬਲੀ ਵਿਚ 65 ਸੀਟਾਂ ਮਿਲੀਆਂ ਹਨ। ਉਧਰ ਡਾਅਨ ਦੀ ਰਿਪੋਰਟ ਅਨੁਸਾਰ ਪੀਐਮਐਲ ਐਨ ਦੇ ਸਿਖਰਲੇ ਆਗੂਆਂ ਨੇ ਆਮ ਚੋਣਾਂ ਵਿਚ ਧੋਖਾਧੜੀ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਜਲਦੀ ਹੀ ਸਬੂਤਾਂ ਸਮੇਤ ਸ਼ਵੇਤ ਪੱਤਰ ਜਾਰੀ ਕਰੇਗੀ। ਪਾਰਟੀ ਆਗੂ ਖ਼ਵਾਜ਼ਾ ਆਸਿਫ਼, ਅਹਿਸਨ ਇਕਬਾਲ ਤੇ ਸੈਨੇਟਰ ਮੁਸ਼ਾਹੀਦੁੱਲਾ ਖ਼ਾਨ ਨੇ ਲੰਘੇ ਦਿਨ ਚੋਣ ਨਤੀਜਿਆਂ ਨੂੰ ਖਾਰਜ ਕਰਦਿਆਂ?ਜੁਡੀਸ਼ਲ ਪੈਨਲ ਦੇ ਗਠਨ ਦੀ ਮੰਗ ਕੀਤੀ ਸੀ। ਇਸ ਦੌਰਾਨ ਪੀਐਮਐਲ ਐਨ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ‘ਮਜ਼ਬੂਤ’ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਇਕ ਦੂਜੇ ਨਾਲ ਹੱਥ ਮਿਲਾਉਣ ਲਈ ਰਾਜ਼ੀ ਹੋ ਗਈਆਂ ਹਨ।
ਨਰਿੰਦਰ ਮੋਦੀ ਨੇ ਇਮਰਾਨ ਖ਼ਾਨ ਨੂੰ ਦਿੱਤੀ ਵਧਾਈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖਾਨ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਸਭ ਵੱਡੀ ਰਾਜਨੀਤਿਕ ਪਾਰਟੀ ਬਣਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਮਰਾਨ ਖ਼ਾਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀ (ਪੀ.ਟੀ.ਆਈ) ਪਾਰਟੀ ਨੂੰ ਲੋਕਾਂ ਦੇ ਮਿਲੇ ਵੱਡੇ ਸਮਰਥਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਨਾਲ ਪਾਕਿਸਤਾਨ ਵਿਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …