ਬਰੈਂਪਟਨ/ਬਿਊਰੋ ਨਿਊਜ਼
ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ‘ਦਲਿਤਾਂ ਦਾ ਸਵਾਲ’ ਵਿਸ਼ੇ ‘ਤੇ ਇੱਕ ਸੈਮੀਨਾਰ 20 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਸਕੱਤਰ ਸੁਰਜੀਤ ਸਹੋਤਾ ਵਲੋਂ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸੁਰਿੰਦਰ ਸੰਧੂ, ਜਸਪਾਲ ਸਿੰਘ ਰੰਧਾਵਾ, ਲਹਿੰਬਰ ਸਿੰਘ ਤੱਗੜ ਅਤੇ ਇੰਡੀਆ ਤੋਂ ਆਏ ਇਸ ਸਮਾਗਮ ਦੇ ਮੁੱਖ ਬੁਲਾਰੇ ਆਨੰਦ ਤੇਲਤੁੰਬਡੇ ਨੂੰ ਪ੍ਰਧਾਨਗੀ ਮੰਡਲ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਨਾਲ ਹੀ ਸ਼ਮਸ਼ਾਦ ਇਲਾਹੀ ਨੂੰ ਅਗਲੀ ਕਾਰਵਾਈ ਚਲਾਉਣ ਨੂੰ ਕਿਹਾ। ਜਿਸ ਨੇ ਕਾਰਵਾਈ ਨੂੰ ਅੱਗੇ ਤੋਰਦਿਆਂ ਕਿਸਾਨ ਆਗੂ ਲਹਿੰਬਰ ਸਿੰਘ ਤੱਗੜ ਨੂੰ ਸਟੇਜ ‘ਤੇ ਆਪਣੇ ਵਿਚਾਰ ਪੇਸ਼ ਕਰਨ ਦਾ ਸੱਦਾ ਦਿੱਤਾ ਜਿਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਕਮੀਆਂ ਦੇ ਬਾਵਜੂਦ ਕਮਿਊਨਿਸਟ ਵਿਚਾਰਧਾਰਾ ਹੀ ਇੱਕੋ ਇੱਕ ਵਿਚਾਰਧਾਰਾ ਹੈ ਜਿਹੜੀ ਦਲਿਤਾਂ ਦੇ ਸਵਾਲ ਤੇ ਉਹਨਾਂ ਨਾਲ ਖੜ੍ਹੀ ਹੈ ਉਸ ਮੁਤਾਬਿਕ ਜਿੰਨਾਂ ਚਿਰ ਪੈਦਾਵਾਰੀ ਸਾਧਨਾਂ ‘ਤੇ ਕਿਰਤੀਆਂ ਦਾ ਕਬਜ਼ਾ ਨਹੀਂ ਹੋ ਜਾਂਦਾ ਉਦੋਂ ਤੱਕ ਦਲਿਤਾਂ ਸਮੇਤ ਸਾਰੇ ਕਿਰਤੀਆਂ ਦੇ ਮਸਲੇ ਹੱਲ ਨਹੀਂ ਹੋ ਸਕਦੇ। ਇਸ ਤੋਂ ਬਾਅਦ ਸਾਬਕਾ ਐਮ ਪੀ ਭਗਤ ਰਾਮ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਸ ‘ਤੇ ਇੰਨੇ ਘੱਟ ਸਮੇਂ ਵਿੱਚ ਗੱਲ ਨਹੀਂ ਹੋ ਸਕਦੀ। ਉਹਨਾਂ ਕਿਹਾ ਦਲਿਤ ਸਮਾਜ ਦੋਹਰੀ ਮਾਰ ਦਾ ਸ਼ਿਕਾਰ ਹੈ ਇੱਕ ਪਾਸੇ ਜਾਤੀ ਤੇ ਦੂਜੇ ਪਾਸੇ ਜਮਾਤੀ। ਭਗਤੀ ਲਹਿਰ ਨੇ ਕੁੱਝ ਜਾਗਰਤੀ ਤਾਂ ਲਿਆਂਦੀ ਪਰ ਬ੍ਰਾਹਮਣਵਾਦ ਨੇ ਉਹਨਾਂ ਨੂੰ ਉੱਠਣ ਨਹੀਂ ਦਿੱਤਾ। ਆਜ਼ਾਦੀ ਤੋਂ ਬਾਅਦ ਵੀ ਦਲਿਤਾਂ ਦੀ ਹਾਲਤ ਅਤੇ ਉਹਨਾਂ ਨਾਲ ਹੁੰਦੇ ਵਰਤਾਓ ਵਿੱਚ ਕੋਈ ਫਰਕ ਨਹੀਂ ਪਿਆ। ਮੌਜੂਦਾ ਸਰਕਾਰ ਜਿਸਦੀ ਅਗਵਾਈ ਆਰ ਐਸ ਐਸ ਦੇ ਹੱਥ ਹੈ ਸਮੇਂ ਜਿੱਥੇ ਘੱਟ ਗਿਣਤੀਆਂ ‘ਤੇ ਨਿੱਤ ਹਮਲੇ ਹੋ ਰਹੇ ਹਨ ਤੇ ਉਹਨਾਂ ਦੇ ਖਾਣ ਪੀਣ ਅਤੇ ਪਹਿਨਣ ਤੇ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ ਉੱਥੇ ਦਲਿਤਾਂ ਤੇ ਤਾਂ ਪਹਿਲਾਂ ਨਾਲੋਂ ਵੀ ਵੱਧ ਅੱਤਿਆਚਾਰ ਅਤੇ ਹਮਲੇ ਹੋ ਰਹੇ ਹਨ।
ਜਾਤ-ਪਾਤ ਅਤੇ ਫਿਰਕਾਪ੍ਰਸਤੀ ਦੇ ਇਸ ਮੌਜੂਦਾ ਰੁਝਾਨ ਸਬੰਧੀ ਵਿਚਾਰ ਪੇਸ਼ ਕਰਨ ਲਈ ਭਾਰਤ ਤੋਂ ਆਏ ਪ੍ਰਸਿੱਧ ਸਕਾਲਰ ਆਨੰਦ ਤੇਲਤੁੰਬਡੇ ਜੋ ਕਿ ਮੈਨੇਜਮੈਂਟ ਪਰੋਫੈਸ਼ਨਲ, ਸਿਵਲ ਹੱਕਾਂ ਲਈ ਕਾਰਕੁੰਨ, ਰਾਜਨੀਤਕ ਪੜਚੋਲਕ, ਕਈ ਕਿਤਾਬਾਂ ਦੇ ਲੇਖਕ ਅਤੇ ਦਲਿਤਾਂ ਦੀਆਂ ਸਮੱਸਿਆਵਾਂ ਨੂੰ ਧੁਰ ਤੱਕ ਸਮਝਣ ਵਾਲੇ ਹਨ । ਉਹਨਾਂ ਇਸ ਸਮਾਗਮ ਦੇ ਮੁੱਖ ਬਲਾਰੇ ਦੇ ਤੌਰ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਦੀਆਂ ਤੋਂ ਦਲਿਤ ਬ੍ਰਾਹਮਣਵਾਦ ਅਤੇ ਮਨੂੰਵਾਦੀ ਨੀਤੀਆਂ ਦਾ ਸ਼ਿਕਾਰ ਹੋ ਕੇ ਬਹੁਤ ਹੀ ਜ਼ਿੱਲਤ ਭਰੀ ਜਿੰਦਗੀ ਭੋਗ ਰਹੇ ਹਨ। ਉਹਨਾਂ ਦੇ ਹਾਲਾਤ ਸੁਧਾਰਨ ਲਈ ਕਈ ਲਹਿਰਾਂ ਚੱਲੀਆਂ । ਭਗਤੀ ਲਹਿਰ ਸਮੇਂ ਭਗਤ ਰਵਿਦਾਸ , ਕਬੀਰ ਅਤੇ ਨਾਮ ਦੇਵ ਨੇ ਜਾਤੀਵਾਦ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ। ਇਸ ਨਾਲ ਦਲਿਤਾਂ ਵਿੱਚ ਥੋੜ੍ਹੀ ਬਹੁਤ ਜਾਗਰਤੀ ਤਾਂ ਆਈ ਪਰ ਬ੍ਰਾਹਮਣਵਾਦ ਦੀ ਮਜ਼ਬੂਤ ਜਕੜ ਕਾਰਣ ਉਹਨਾਂ ਦੇ ਜੀਵਨ ਦੀ ਦੁਰਦਸ਼ਾ ਵਿੱਚ ਕੋਈ ਅੰਤਰ ਨਾ ਆਇਆ। ਵੀਹਵੀਂ ਸਦੀ ਵਿੱਚ ਦਲਿਤਾਂ ਦੇ ਨਾਂ ਤੇ ਪੈਂਥਰ ਪਾਰਟੀ ਅਤੇ ਰਿਪਬਲਿਕਨ ਪਾਰਟੀਆਂ ਬਣੀਆਂ ਪਰ ਇਹ ਆਪਣਾ ਬਣਦਾ ਰੋਲ ਨਿਭਾ ਨਾ ਸਕੀਆਂ ਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਆਜ਼ਾਦੀ ਦੇ ਬਾਅਦ ਭਾਰਤੀ ਸੰਵਿਧਾਨ ਵਿੱਚ ਦਲਿਤਾਂ ਲਈ ਰਿਜ਼ਰਵੇਸ਼ਨ ਕਰ ਕੇ ਇਹ ਕਿਹਾ ਗਿਆ ਕਿ ਹੁਣ ਦਲਿਤਾਂ ਦੇ ਦਿਨ ਫਿਰ ਜਾਣਗੇ ਪਰੰਤੂ ਇਸ ਦਾ ਲਾਭ ਕੁੱਝ ਕੁ ਪਰਿਵਾਰ ਹੀ ਲੈ ਗਏ ਤੇ ਖੁਸ਼ਹਾਲ ਹੋ ਕੇ ਆਪਣੇ ਭਾਈਚਾਰੇ ਨੂੰ ਭੁੱਲ ਗਏ। ਇਸਦਾ ਉਲਟ ਅਸਰ ਇਹ ਹੋਇਆ ਕਿ ਮਨੁੱਖਾਂ ਦੀ ਜਾਤਾਂ ਵਿੱਚ ਵੰਡ ਸੰਵਿਧਾਨਕ ਬਣ ਗਈ। ਭਾਰਤੀ ਸੰਵਿਧਾਨ ਦਾ ਰਚੇਤਾ ਡਾ: ਅੰਬੇਦਕਰ ਨੂੰ ਐਲਾਨਿਆ ਗਿਆ ਤਾਂ ਜੋ ਦਲਿਤਾਂ ਦੀ ਵੋਟ ਖਿੱਚੀ ਜਾ ਸਕੇ ਪਰ ਅੰਬੇਦਕਰ ਨੇ 1953 ਵਿੱਚ ਹੀ ਰਾਜ ਸਭਾ ਵਿੱਚ ਐਲਾਨ ਕਰ ਦਿੱਤਾ ਸੀ, ”ਇਹ ਸੰਵਿਧਾਨ ਮੈਂ ਨਹੀਂ ਲਿਖਿਆ ਮੈਨੂੰ ਵਰਤਿਆ ਗਿਆ ਹੈ।” ਗਦਰ ਪਾਰਟੀ ਦੇ ਰੋਲ ਦੀ ਪ੍ਰਸੰਸਾ ਕਰਦਿਆਂ ਇਹ ਕਿਹਾ ਕਿ ਉਹਨਾਂ ਵਿੱਚ ਵਿੱਚ ਕੋਈ ਜਾਤੀ ਅਤੇ ਧਾਰਮਿਕ ਭੇਦ-ਭਾਵ ਨਹੀਂ ਸੀ ਤੇ ਸਭਨਾਂ ਦਾ ਖਾਣਾ ਇੱਕੋ ਹੀ ਚੁਲ੍ਹੇ ‘ਤੇ ਬਣਦਾ ਸੀ। ਆਨੰਦ ਮੁਤਾਬਕ ਅੱਜ ਆਰ ਐਸ ਐਸ ਦੀ ਅਗਵਾਈ ਵਾਲੀ ਸਰਕਾਰ ਸਮੇਂ ਦਲਿਤਾਂ ਨਾਲ ਅਣਮਨੁੱਖੀ ਵਿਹਾਰ ਹੋ ਰਿਹਾ ਹੈ ਅਤੇ ਉਹਨਾਂ ਤੇ ਆਏ ਦਿਨ ਹਮਲੇ ਹੋ ਰਹੇ ਹਨ। ਉਹਨਾਂ ਮੁਤਾਬਕ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਪਰ ਅੱਗੇ ਤੋਂ ਦਲਿਤਾਂ ਦੀ ਹਾਲਤ ਸੁਧਾਰਨ ਲਈ ਜ਼ਰੂਰੀ ਹੈ ਕਿ ਹਰ ਪੈਦਾ ਹੋਣ ਵਾਲੇ ਬੱਚੇ ਲਈ ਸਿਹਤ ਅਤੇ ਸਿੱਖਿਆ ਦੀਆਂ ਬਰਾਬਰ ਸਹੂਲਤਾਂ ਲਈ ਗਾਰੰਟੀ ਹੋਵੇ। ਸਾਰੇ ਬੱਚੇ ਇੱਕ ਸਮਾਨ ਹਾਲਤਾਂ ਵਿੱਚ ਪਾਲਣ ਪੋਸ਼ਣ ਪ੍ਰਾਪਤ ਕਰਨ ਅਤੇ ਉਹਨਾਂ ਨੂੰ ਘਰਾਂ ਦੇ ਲਾਗੇ ਹੀ ਬਰਾਬਰ ਦੀ ਸਿੱਖਿਆ ਲਈ ਪਰਬੰਧ ਹੋਣ। ਇਸ ਵਾਸਤੇ ਉਹਨਾਂ ਨੇ ਭਗਤ ਸਿੰਘ -ਅੰਬੇਦਕਰ ਸਟੱਡੀ ਸਰਕਲ ਬਣਾਇਆ ਹੋਇਆ ਹੈ ਤੇ ਉਹ ਵਿਦਿਆਰਥੀਆਂ ਨੂੰ ਲਾਮਬੰਦ ਕਰ ਰਹੇ ਹਨ। ਉਸ ਤੋਂ ਬਾਅਦ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਹੋਇਆ ਜਿਸ ਦੇ ਉੱਤਰ ਡਾ: ਆਨੰਦ ਵਲੋਂ ਦਿੱਤੇ ਗਏ। ਇਸ ਪਰੋਗਰਾਮ ਵਿੱਚ ਇੰਡੋ-ਕੈਨੇਡੀਅਨ ਵਰਕਰਜ਼ ਐਸੋ: ਤੋਂ ਬਿਨਾਂ ਤਰਕਸ਼ੀਲ ਸੁਸਾਇਟੀ, ਡਾ ਅੰਬੇਦਕਰ ਇੰਟਰਨੈਸ਼ਨਲ ਮਿਸ਼ਨ ਅਤੇ ਰਵਿਦਾਸ ਸਭਾ ਟੋਰਾਂਟੋ ਦੇ ਕਾਰਕੁੰਨਾਂ ਨੇ ਵੀ ਭਾਗ ਲਿਆ। ਇੰਡੋ-ਕੈਨੇਡੀਅਨ ਐਸੋ: ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੁਰਿੰਦਰ ਸੰਧੂ (416-721-9671) ਜਾਂ ਸੁਰਜੀਤ ਸਹੋਤਾ (416-704-0745) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …