ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਵੱਲੋਂ ਚੀਨ ਵਿੱਚ ਫੈਲੇ ਇਨਫਲੂਐਂਜਾ ਅਤੇ ਬੱਚਿਆਂ ਵਿੱਚ ਸਾਹ ਰੋਗ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਦੇਸ਼ ਇਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਚੀਨ ਵਿੱਚ ਐੱਚ9ਐੱਨ2 ਫੈਲਣ ਅਤੇ ਉੱਥੋਂ ਦੇ ਬੱਚਿਆਂ ਵਿੱਚ ਸਾਹ ਰੋਗ ਦੇ ਮਾਮਲੇ ਵਧਣ ਦੀਆਂ ਰਿਪੋਰਟਾਂ ਹਨ। ਸਰਕਾਰ ਨੇ ਕਿਹਾ ਕਿ ਇਨ੍ਹਾਂ ਦੋਵਾਂ ਬਿਮਾਰੀਆਂ ਦਾ ਭਾਰਤ ਵਿੱਚ ਜ਼ੋਖ਼ਮ ਘੱਟ ਹੈ। ਮੰਤਰਾਲੇ ਨੇ ਕਿਹਾ ਕਿ ਮੀਡੀਆ ਦੀਆਂ ਕੁੱਝ ਖ਼ਬਰਾਂ ਵਿੱਚ ਉੱਤਰੀ ਚੀਨ ਵਿੱਚ ਬੱਚਿਆਂ ਵਿੱਚ ਸਾਹ ਰੋਗਾਂ ਦੇ ਮਾਮਲੇ ਸਾਹਮਣੇ ਆਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਵੀ ਬਿਆਨ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਮੁਤਾਬਕ, ਚੀਨ ਵਿੱਚ ਪਿਛਲੇ ਕੁੱਝ ਹਫ਼ਤਿਆਂ ਤੋਂ ਸਾਹ ਸਬੰਧੀ ਰੋਗਾਂ ਦੇ ਮਾਮਲੇ ਵਧ ਰਹੇ ਹਨ। ਮੰਤਰਾਲੇ ਨੇ ਕਿਹਾ, ”ਬੱਚਿਆਂ ਵਿੱਚ ਸਾਹ ਰੋਗਾਂ ਦੇ ਆਮ ਕਾਰਨਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਕਿਸੇ ਖਾਸ ਲੱਛਣ ਦੀ ਪਛਾਣ ਨਹੀਂ ਕੀਤੀ ਗਈ।”
ਦੇਸ਼ ‘ਚ ਕੋਈ ਨਵੀਂ ਬਿਮਾਰੀ ਨਹੀਂ ਫੈਲੀ : ਚੀਨੀ ਅਧਿਕਾਰੀ
ਜਨੇਵਾ: ਵਿਸ਼ਵ ਸਿਹਤ ਸੰਸਥਾ ਵੱਲੋਂ ਚੀਨ ਵਿੱਚ ਸਾਹ ਰੋਗ ਅਤੇ ਨਿਮੋਨੀਆ ਦੇ ਮਾਮਲਿਆਂ ‘ਚ ਸੰਭਾਵੀ ਚਿੰਤਾਜਨਕ ਵਾਧਾ ਹੋਣ ਸਬੰਧੀ ਅਧਕਾਰਿਤ ਅਪੀਲ ਕੀਤੇ ਜਾਣ ਮਗਰੋਂ ਚੀਨੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਕੋਈ ਨਵੀਂ ਬਿਮਾਰੀ ਜਾਂ ਲੱਛਣ ਸਾਹਮਣੇ ਨਹੀਂ ਆਇਆ।
ਚੀਨ ਦੇ ਬੱਚਿਆਂ ‘ਚ ਸਾਹ ਦੀ ਬਿਮਾਰੀ ਫੈਲਣ ਮਗਰੋਂ ਭਾਰਤ ਨੇ ਆਪਣੇ ਤਿੰਨ ਰਾਜਾਂ ਨੂੰ ਚੌਕਸ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ, ਗੁਜਰਾਤ ਅਤੇ ਉੱਤਰਾਖੰਡ ਨੇ ਚੀਨ ਵਿੱਚ ਬੱਚਿਆਂ ਵਿੱਚ ਸਾਹ ਦੀਆਂ ਬਿਮਾਰੀਆਂ ਵਿੱਚ ਵਾਧੇ ਦੇ ਮੱਦੇਨਜ਼ਰ ਤਿਆਰੀ ਦੀ ਸਮੀਖਿਆ ਕਰਨ ਦੇ ਕੇਂਦਰ ਦੇ ਨਿਰਦੇਸ਼ਾਂ ਤੋਂ ਬਾਅਦ ਆਪਣੇ ਸਿਹਤ ਬੁਨਿਆਦੀ ਢਾਂਚੇ ਨੂੰ ਚੌਕਸ ਕਰ ਦਿੱਤਾ ਹੈ। ਉਨਾਂ ਨੇ ਹਸਪਤਾਲਾਂ ਅਤੇ ਸਿਹਤ ਸੰਭਾਲ ਸਟਾਫ ਨੂੰ ਕਿਹਾ ਹੈ ਕਿ ਉਹ ਚੀਨ ਵਿੱਚ ਬੱਚਿਆਂ ਵਿੱਚ ਸਾਹ ਦੀਆਂ ਬਿਮਾਰੀਆਂ ਵਿੱਚ ਵਾਧੇ ਦੀਆਂ ਰਿਪੋਰਟਾਂ ਤੋਂ ਬਾਅਦ ਸਾਹ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਕਰਨ ਵਾਲੇ ਮਰੀਜ਼ਾਂ ਨਾਲ ਨਜਿੱਠਣ ਲਈ ਤਿਆਰੀ ਯਕੀਨੀ ਬਣਾਉਣ।
ਚੌਕਸੀ ਲਈ ਜਾਰੀ ਤਾਜ਼ਾ ਸਲਾਹ ਮੁਤਾਬਕ ਬਿਮਾਰੀ ਦੇ ਲੱਛਣਾਂ ਵਿੱਚ ਮੌਸਮੀ ਬੁਖਾਰ (ਫਲੂ), ਠੰਢ ਲੱਗਣਾ, ਬੇਚੈਨੀ, ਭੁੱਖ ਨਾ ਲੱਗਣਾ, ਦਿਲ ਕੱਚਾ ਹੋਣਾ, ਛਿੱਕਾਂ ਅਤੇ ਸੁੱਕੀ ਖੰਘ ਸ਼ਾਮਲ ਹਨ। ਖੰਘ ਕਮਜ਼ੋਰ ਵਿਅਕਤੀਆਂ ‘ਚ ਤਿੰਨ ਹਫ਼ਤਿਆਂ ਤੱਕ ਰਹਿ ਸਕਦੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਖੰਘਣ ਜਾਂ ਛਿੱਕਣ ਵੇਲੇ ਮੂੰਹ ਅਤੇ ਨੱਕ ਨੂੰ ਢੱਕਣ, ਵਾਰ-ਵਾਰ ਹੱਥ ਧੋਣ, ਚਿਹਰੇ ਨੂੰ ਵਾਰ ਵਾਰ ਹੱਥ ਨਾ ਲਾਉਣ ਤੇ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਦੀ ਵਰਤੋਂ ਕਰਨ।
Check Also
ਸੁਨੀਤਾ ਵਿਲੀਅਮ ਸਪੇਸ ਸਟੇਸ਼ਨ ਤੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਪਾਵੇਗੀ ਵੋਟ
ਧਰਤੀ ਤੋਂ 400 ਕਿਲੋਮੀਟਰ ਦੂਰ ਤੋਂ ਕੀਤੀ ਪ੍ਰੈਸ ਕਾਨਫਰੰਸ ਵਾਸ਼ਿੰਗਟਨ/ਬਿਊਰੋ ਨਿਊਜ਼ : 100 ਦਿਨ ਤੋਂ …