ਕਿਹਾ : ਮਹਿੰਗਾਈ ਅਤੇ ਬੇਰੁਜ਼ਗਾਰੀ ਹੀ ਦੇਸ਼ ਅੱਗੇ ਵੱਡੀ ਚੁਣੌਤੀ
ਸ਼ਿਵਪੁਰੀ, ਗੁਨਾ/ਬਿਊਰੋ ਨਿਊਜ਼
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਦੇਸ਼ ਅੱਗੇ ਵੱਡੀਆਂ ਚੁਣੌਤੀਆਂ ਹਨ ਪਰ ਇਨ੍ਹਾਂ ਮੁੱਦਿਆਂ ਲਈ ਮੀਡੀਆ ‘ਚ ਕੋਈ ਥਾਂ ਨਹੀਂ ਹੈ।
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਮੁੜ ਸ਼ੁਰੂ ਹੋਈ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੀਡੀਆ ‘ਤੇ ਚੀਨ, ਪਾਕਿਸਤਾਨ, ਕ੍ਰਿਕਟ ਤੇ ਬੌਲੀਵੁੱਡ ਦੇ ਮਸਲੇ ਉਭਾਰ ਕੇ ਲੋਕਾਂ ਦਾ ਧਿਆਨ ਭਟਕਾਉਣ ਦਾ ਆਰੋਪ ਲਾਇਆ ਤੇ ਦਾਅਵਾ ਕੀਤਾ ਕਿ ਮੀਡੀਆ ਅੰਬਾਨੀ ਪਰਿਵਾਰ ਦੇ ਵਿਆਹ ਸਮਾਗਮ ਦੀ ਕਵਰੇਜ ‘ਚ ਰੁੱਝਿਆ ਰਿਹਾ ਪਰ ਇਸ ਕੋਲ ਮੁੱਖ ਮਸਲਿਆਂ ਲਈ ਸਮਾਂ ਨਹੀਂ ਹੈ। ਉਨ੍ਹਾਂ ਆਰੋਪ ਲਾਇਆ, ‘ਦੇਸ਼ ਇਸ ਸਮੇਂ ਤਿੰਨ ਵੱਡੀਆਂ ਚੁਣੌਤੀਆਂ ਬੇਰੁਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਨਾਲ ਜੂਝ ਰਿਹਾ ਹੈ ਪਰ ਇਹ ਮਸਲੇ ਮੀਡੀਆ ‘ਚੋਂ ਗਾਇਬ ਹਨ। ਮੀਡੀਆ ਤੁਹਾਨੂੰ ਇਹ ਮਸਲੇ ਨਹੀਂ ਦਿਖਾਏਗਾ ਬਲਕਿ ਚੀਨ, ਪਾਕਿਸਤਾਨ, ਕ੍ਰਿਕਟ ਤੇ ਬੌਲੀਵੁੱਡ ਦਿਖਾ ਕੇ ਧਿਆਨ ਭਟਕਾਏਗਾ।’ ਉਨ੍ਹਾਂ ਕਿਹਾ, ‘ਜਦੋਂ ਤੋਂ ਮੀਡੀਆ ‘ਤੇ ਅਰਬਪਤੀਆਂ ਦਾ ਕੰਟਰੋਲ ਹੋਇਆ ਹੈ ਉਹ ਜਾਂ ਤਾਂ ਫਿਲਮਾਂ ਦਿਖਾ ਰਹੇ ਹਨ ਜਾਂ ਕ੍ਰਿਕਟ ਪਰ ਆਮ ਲੋਕਾਂ ਦੀ ਜ ਿਨਾਲ ਜੁੜੇ 75 ਫੀਸਦ ਮਸਲੇ ਉਨ੍ਹਾਂ ਲਈ ਖ਼ਬਰ ਨਹੀਂ ਬਣ ਰਹੇ।’ ਉਨ੍ਹਾਂ ਇੱਕ ਸੁਰੱਖਿਆ ਕਰਮੀ ਦੀ ਰਾਈਫਲ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਪੁੱਛਿਆ ਇਸ ਦਾ ਨਿਰਮਾਣ ਕਿੱਥੇ ਹੋਇਆ ਹੈ। ਉਸ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਰਾਹੁਲ ਨੇ ਕਿਹਾ, ‘ਇਹ ਇਨਸਾਸ ਰਾਈਫਲ ਹੈ ਜਿਸ ਦਾ ਨਿਰਮਾਣ ਅਡਾਨੀ ਨੇ ਇਜ਼ਰਾਈਲ ਦੀ ਮਦਦ ਨਾਲ ਭਾਰਤੀ ਟੈਗ ਹੇਠ ਕੀਤਾ ਹੈ। ਇਸ ਤੋਂ ਪਹਿਲਾਂ ਇਸ ਰਾਈਫਲ ਦਾ ਨਿਰਮਾਣ ਹਥਿਆਰ ਬਣਾਉਣ ਵਾਲੀ ਫੈਕਟਰੀ ‘ਚ ਹੁੰਦਾ ਸੀ ਜੋ ਇਕਾਈ ਹੁਣ ਬੰਦ ਹੈ।’