9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਚੋਣ ਇਜਲਾਸ ਹੋਣ ਜਾ ਰਿਹਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਪ੍ਰਧਾਨ ਸਮੇਤ 15 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਜਾਵੇਗੀ। ਹਾਲਾਂਕਿ ਪ੍ਰਧਾਨਗੀ ਚੋਣ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ 185 ਮੈਂਬਰੀ ਹਾਊਸ ਵਿਚ ਬਹੁਮਤ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪ੍ਰਧਾਨ ਚੁਣਿਆ ਜਾਣਾ ਤੈਅ ਹੈ ਪਰ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਚੋਣ ਇਜਲਾਸ ਵਧੇਰੇ ਦਿਲਚਸਪੀ ਦਾ ਵਿਸ਼ਾ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ 28 ਮੈਂਬਰ ਪਿਛਲੇ 10 ਸਾਲਾਂ ਦੌਰਾਨ ਅਕਾਲ ਚਲਾਣਾ ਕਰ ਚੁੱਕੇ ਹਨ ਅਤੇ 2 ਅਸਤੀਫ਼ਾ ਦੇ ਚੁੱਕੇ ਹਨ। ਇਸ ਤਰ੍ਹਾਂ ਕੁੱਲ 155 ਮੈਂਬਰਾਂ ਵਿਚੋਂ 22 ਵਿਰੋਧੀ ਧਿਰ ਦੇ ਹੋਣ ਕਾਰਨ ਲਗਪਗ 133 ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਹਨ। ਰਵਾਇਤੀ ਤੌਰ ‘ਤੇ ਹੁਣ ਤੱਕ ਇਸ ਤਰ੍ਹਾਂ ਚੱਲਦਾ ਆਇਆ ਹੈ ਕਿ ਸਾਲਾਨਾ ਚੋਣ ਇਜਲਾਸ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੁਆਰਾ ਪ੍ਰਧਾਨ ਦੀ ਚੋਣ ਦੇ ਅਧਿਕਾਰ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਨੂੰ ਸੌਂਪੇ ਜਾਂਦੇ ਰਹੇ ਹਨ ਅਤੇ ਚੋਣ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਭੇਜੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਤਜਵੀਜ਼ਤ ਨਾਂਅ ‘ਤੇ ਬਹੁਸੰਮਤੀ ਮੈਂਬਰਾਂ ਵਲੋਂ ਹਾਊਸ ਵਿਚ ਜੈਕਾਰੇ ਗਜਾ ਕੇ ਮੋਹਰ ਲਗਾ ਦਿੱਤੀ ਜਾਂਦੀ ਹੈ। ਅੱਗੋਂ ਮਨੋਨੀਤ ਪ੍ਰਧਾਨ ਵਲੋਂ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਕਾਰਜਕਾਰਨੀ ਮੈਂਬਰ ਚੁਣੇ ਜਾਂਦੇ ਹਨ। ਪਿਛਲੇ ਸਾਲ ਵਿਰੋਧੀ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਐਲਾਨੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਰਾਬਰ ਮਿੱਠੂ ਸਿੰਘ ਕਾਹਨੇਕੇ ਨੂੰ ਪ੍ਰਧਾਨਗੀ ਉਮੀਦਵਾਰ ਐਲਾਨ ਕੇ ਵੋਟਾਂ ਪੁਆਈਆਂ ਸਨ, ਜਿਸ ਵਿਚ ਐਡਵੋਕੇਟ ਧਾਮੀ ਨੂੰ 122 ਅਤੇ ਮਿੱਠੂ ਸਿੰਘ ਕਾਹਨੇਕੇ ਨੂੰ 19 ਵੋਟਾਂ ਪਈਆਂ ਹਨ। ਇਸ ਵਾਰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਚੋਣ ਇਜਲਾਸ ਇਸ ਕਰਕੇ ਬੇਹੱਦ ਦਿਲਚਸਪੀ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੀ ਸਬੰਧਿਤ ਅਤੇ 4 ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ ਚੁੱਕੇ ਬੀਬੀ ਜਗੀਰ ਕੌਰ ਪ੍ਰਧਾਨਗੀ ਦੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਉਹ ਆਪਣੇ ਪਹਿਲੇ ਪ੍ਰਧਾਨਗੀ ਕਾਲਾਂ ਦੇ ਤਜਰਬੇ ਅਤੇ ਅਨੁਭਵ ਨੂੰ ਪੰਥਕ ਸੰਸਥਾ ਦੀ ਸੇਵਾ ਹਿਤ ਵਰਤਣ ਦੀ ਇੱਛਾ ਜਤਾਉਂਦਿਆਂ ਇਹ ਵੀ ਦਾਅਵਾ ਕਰ ਰਹੇ ਹਨ ਕਿ ਪਾਰਟੀ ਵਿਚ ਰਹਿ ਕੇ ਹੀ ਪ੍ਰਧਾਨਗੀ ਦੀ ਚੋਣ ਲੜ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ‘ਲਿਫ਼ਾਫ਼ਾ ਕਲਚਰ’ ਰਾਹੀਂ ਕਰਨ ਦੇ ਬਣੇ ਪ੍ਰਭਾਵ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਹਨ। ਹਾਲਾਂਕਿ ਪਿਛਲੀ ਵਾਰ 2020-21 ਵਿਚ ਵੀ ਬੀਬੀ ਜਗੀਰ ਕੌਰ ਵੋਟਾਂ ਰਾਹੀਂ ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਹਨੇਕੇ ਨੂੰ ਹਰਾ ਕੇ ਪ੍ਰਧਾਨ ਬਣੇ ਸਨ। ਬੇਸ਼ੱਕ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਹੀ ਬੀਬੀ ਜਗੀਰ ਕੌਰ ਵਲੋਂ ਚੋਣ ਲੜਣ ਦਾ ਐਲਾਨ ਕਰਨ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ 48 ਘੰਟਿਆਂ ਲਈ ਮੁਅੱਤਲ ਕਰਕੇ ਜਵਾਬ ਮੰਗ ਲਿਆ ਹੈ ਅਤੇ ਆਪਣੀ ਦਾਅਵੇਦਾਰੀ ਨੂੰ ਵਾਪਸ ਲੈਣ ਦੀ ਗੱਲ ਆਖੀ ਹੈ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੇਸ਼ੱਕ ਮੁੜ ਪ੍ਰਧਾਨ ਬਣਨ ਦੀ ਕੋਈ ਇੱਛਾ ਨਹੀਂ ਜਤਾ ਰਹੇ ਪਰ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦਾ ਇਕ ਸਾਲ ਦਾ ਕਾਰਜਕਾਲ ਪਾਰਟੀ ਅਤੇ ਸੰਸਥਾ ਦੀਆਂ ਉਮੀਦਾਂ ਪ੍ਰਤੀ ਜੇਕਰ ਪੂਰੀ ਤਰ੍ਹਾਂ ਸਾਕਾਰਾਤਮਿਕ ਨਹੀਂ ਤਾਂ ਨਾਕਾਰਾਤਮਿਕ ਵੀ ਨਹੀਂ ਰਿਹਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨਗੀ ਕਾਲ ਵਿਚ ਇਕ ਸਾਲ ਜਨਰਲ ਸਕੱਤਰ ਅਤੇ ਬੀਬੀ ਜਗੀਰ ਕੌਰ ਦੇ ਕਾਰਜਕਾਲ ਦੌਰਾਨ ਮੁੱਖ ਸਕੱਤਰ ਰਹੇ ਐਡਵੋਕੇਟ ਧਾਮੀ ਦੇ ਪ੍ਰਧਾਨਗੀ ਕਾਲ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜੇ ਸਾਕਾ ਗੂਰੂ ਕਾ ਬਾਗ ਅਤੇ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਈ ਜਾ ਚੁੱਕੀ ਹੈ। ਉਨ੍ਹਾਂ ਵਲੋਂ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਪੰਜਾਬੋਂ ਬਾਹਰ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਾਂ ਅਧੀਨ ਕੀਤੇ ਧਰਮ ਪ੍ਰਚਾਰ ਦੇ ਸਮਾਗਮਾਂ ਦੌਰਾਨ ਕੁੱਲ ਮਿਲਾ ਕੇ 65 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਧਰਮ ਪਰਿਵਰਤਨ ਦੀ ਲਹਿਰ ਨੂੰ ਰੋਕਣ ਲਈ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਪਿੰਡਾਂ ਵਿਚ ਇਕ ਸੌ ਵਾਲੰਟੀਅਰਾਂ, ਪ੍ਰਚਾਰਕਾਂ, ਰਾਗੀਆਂ ਅਤੇ ਢਾਡੀਆਂ ਨੂੰ ਸਰਗਰਮ ਕਰਕੇ ਧਰਮ ਪ੍ਰਚਾਰ ਦੀ ਲਹਿਰ ਚਲਾਉਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਉਮੀਦਵਾਰ ਬਣਾਏ ਜਾਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਉਹ ਇੱਕੀਵੀਂ ਸਦੀ ਦੇ ਪਹਿਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਨ, ਜਿਹੜੇ ਸੰਸਥਾ ਦੇ ਪ੍ਰਧਾਨ ਨਾਤੇ ਮਿਲੀ ਗੱਡੀ ਵਿਚ ਤੇਲ ਵੀ ਆਪਣੇ ਕੋਲੋਂ ਪਵਾਉਂਦੇ ਹਨ ਅਤੇ ਉਨ੍ਹਾਂ ਦੀ ਇਮਾਨਦਾਰੀ ਤੇ ਸਾਦਾ ਜੀਵਨ ਤੋਂ ਵਿਰੋਧੀ ਵੀ ਕਾਇਲ ਮੰਨੇ ਜਾਂਦੇ ਹਨ।
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ‘ਤੇ ਸਜਦਾ ਹੈ, ਇਹ ਤਾਂ 9 ਨਵੰਬਰ ਨੂੰ ਹੀ ਪਤਾ ਲੱਗੇਗਾ ਪਰ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇਕ ਸਮਰੱਥ ਧਾਰਮਿਕ ਸੰਸਥਾ ਹੋਣ ਕਾਰਨ ਇਸ ਦੀ ਭੂਮਿਕਾ, ਸਰੋਕਾਰਾਂ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਇਸ ਵੇਲੇ ਇਸ ਸੰਸਥਾ ਨੂੰ ਸਮਰਪਿਤ, ਦੂਰਅੰਦੇਸ਼, ਇਮਾਨਦਾਰ ਅਤੇ ਸਿਧਾਂਤਪ੍ਰਸਤ ਅਗਵਾਈ ਦੀ ਲੋੜ ਹੈ,ਤਾਂ ਜੋ ਪੰਥਕ ਸੰਸਥਾਵਾਂ ਦੇ ਭਰੋਸੇ ਅਤੇ ਵੱਕਾਰ ਨੂੰ ਮੁੜ ਉੱਚਾ ਚੁੱਕਿਆ ਜਾ ਸਕੇ।