ਮੋਦੀ ਤੇ ਡਾ.ਮਨਮੋਹਨ ਸਿੰਘ ਸਮੇਤ ਕਈ ਆਗੂਆਂ ਨੇ ਕੀਤੀ ਸ਼ਮੂਲੀਅਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਵਸਥਾ ਵਿੱਚ ਅਨੁਸ਼ਾਸਨ ਦੇ ਮਹੱਤਵ ਨੂੰ ਪਹਿਲ ਦਿੰਦਿਆਂ ਕਿਹਾ ਕਿ ਅੱਜ-ਕੱਲ੍ਹ ਅਨੁਸ਼ਾਸਨ ਦੀ ਪਾਲਣਾ ਕਰਨ ਲਈ ਕਹਿਣ ਵਾਲੇ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ ਜਾਂਦਾ ਹੈ। ਮੋਦੀ ਨੇ ਐਤਵਾਰ ਨੂੰ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੀ ਪੁਸਤਕ ‘ਮੂਵਿੰਗ ਆਨ੩ਮੂਵਿੰਗ ਫਾਰਵਰਡ’ ਦੇ ਰਿਲੀਜ਼ ਸਮਾਗਮ ਵਿੱਚ ਉਪ ਰਾਸ਼ਟਰਪਤੀ ਦੀ ਅਨੁਸ਼ਾਸਨ ਪਸੰਦ ਕਾਰਜਸ਼ੈਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਿੰਮੇਵਾਰੀਆਂ ਦੀ ਪੂਰਤੀ ਵਿੱਚ ਸਫ਼ਲਤਾ ਲਈ ਨਿਯਮਬੱਧ ਕਾਰਜਪ੍ਰਣਾਲੀ ਜ਼ਰੂਰੀ ਹੈ। ਵਿਵਸਥਾ ਅਤੇ ਵਿਅਕਤੀ ਦੋਵਾਂ ਲਈ ਇਹ ਗੁਣ ਲਾਭਦਾਇਕ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਂਕਈਆ ਦੀ ਇਹ ਪੁਸਤਕ ਉਨ੍ਹਾਂ ਦੇ ਇਕ ਸਾਲ ਦੇ ਤਜਰਬੇ ‘ਤੇ ਆਧਾਰਤ ਤਾਂ ਹੈ ਹੀ, ਨਾਲ ਹੀ ਉਨ੍ਹਾਂ ਇਸ ਦੇ ਜ਼ਰੀਏ ਇਕ ਸਾਲ ਵਿੱਚ ਕੀਤੇ ਗਏ ਕੰਮਾਂ ਦਾ ਹਿਸਾਬ ਦੇਸ਼ ਅੱਗੇ ਰੱਖਿਆ ਹੈ। ਇਸੇ ਦੌਰਾਨ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਭਾਰਤੀ ਸੰਸਕ੍ਰਿਤੀ ਨੂੰ ਵਿਸ਼ਵ ਸੰਸਕ੍ਰਿਤੀ ਦੱਸਦੇ ਹੋਏ ਕਿਹਾ ਹੈ ਕਿ ਸਾਰਿਆਂ ਦੇ ਕਲਿਆਣ ਅਤੇ ਸੁੱਖ ਦੀ ਕਾਮਨਾ ਕਰਨ ਵਾਲੀ ਸੰਸਕ੍ਰਿਤੀ ਵਿੱਚ ਧਰਮ, ਜਾਤ ਅਤੇ ਲਿੰਗ ਜਾਂ ਕਿਸੇ ਹੋਰ ਆਧਾਰ ‘ਤੇ ਭੇਦਭਾਵ ਕਿਸੇ ਵੀ ਰਾਸ਼ਟਰਵਾਦੀ ਲਈ ਸਵੀਕਾਰਨ ਯੋਗ ਨਹੀਂ ਹੈ। ਨਾਇਡੂ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ ਵਿੱਚ ਇਕ ਸਾਲ ਦੇ ਕਾਰਜਕਾਲ ਦੇ ਤਜਰਬਿਆਂ ‘ਤੇ ਆਧਾਰਤ ਆਪਣੀ ਪੁਸਤਕ ‘ਮੂਵਿੰਗ ਆਨ੩ਮੂਵਿੰਗ ਫਾਰਵਰਡ’ ਦੇ ਰਿਲੀਜ਼ ਸਮਾਗਮ ਵਿੱਚ ਕਿਹਾ, ”ਭਾਰਤੀ ਸੰਸਕ੍ਰਿਤੀ ਵਿਸ਼ਵ ਦੀ ਸਰਵਉੱਚ ਸੰਸਕ੍ਰਿਤੀ ਹੈ।” ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਰਾਜ ਸਭਾ ਵਿੱਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਨੇ ਨਾਇਡੂ ਵੱਲੋਂ ਲਿਖੀ ਪੁਸਤਕ ਰਿਲੀਜ਼ ਕੀਤੀ।
ਮਾਂ ਬੋਲੀ ‘ਚ ਹੀ ਹੋਣੀ ਚਾਹੀਦੀ ਹੈ ਸਕੂਲੀ ਸਿੱਖਿਆ : ਨਾਇਡੂઠ
ਕਿਹਾ, ਗੂਗਲ ਕਦੇ ਵੀ ਗੁਰੂ ਦੀ ਥਾਂ ਨਹੀਂ ਲੈ ਸਕਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਉਪ ਰਾਸ਼ਟਰਪਤੀ ਐਮ ਵੀ ਨਾਇਡੂ ਨੇ ਦੇਸ਼ ਭਰ ਵਿਚ ਵਿਦਿਆਰਥੀਆਂ ਨੂੰ ਮਾਂ ਬੋਲੀ ਵਿਚ ਸਕੂਲੀ ਸਿੱਖਿਆ ਦੇਣ ਦੀ ਗੱਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਵਿਚ ਆਪਣੇ ਚੰਗੇ ਕੰਮਾਂ ਨਾਲ ਦੇਸ਼ ਦਾ ਨਾਂ ਚਮਕਾਉਣ ਵਾਲੀਆਂ ਸਥਾਨਕ ਸ਼ਖ਼ਸੀਅਤਾਂ ਅਤੇ ਪ੍ਰਸਿੱਧ ਭਾਰਤੀਆਂ ਨਾਲ ਸਬੰਧਿਤ ਪਾਠ ਵੀ ਹੋਣੇ ਚਾਹੀਦੇ ਹਨ। ਅਧਿਆਪਕ ਦਿਵਸ ਮੌਕੇ 45 ਅਧਿਆਪਕਾਂ, ਜਿਨ੍ਹਾਂ ਵਿਚ ਲੁਧਿਆਣਾ ਦੇ ਕਿਰਨਦੀਪ ਸਿੰਘ ਤੇ ਪਟਿਆਲਾ ਦੇ ਹਰਿੰਦਰ ਸਿੰਘ ਗਰੇਵਾਲ ਸ਼ਾਮਿਲ ਸਨ, ਨੂੰ ਰਾਸ਼ਟਰੀ ਐਵਾਰਡ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਆਪਣੀ ਮਾਤ੍ਰਭੂਮੀ ਪ੍ਰਤੀ ਇਕ ਮਜ਼ਬੂਤ ਖਿੱਚ ਹੋਣੀ ਚਾਹੀਦੀ ਹੈ ਅਤੇ ਪੱਛਮ ਦਾ ਪ੍ਰਭਾਵ ਤਿਆਗ ਕੇ ਆਪਣੇ ਮਨ ਵਿਚ ਭਾਰਤੀਅਤਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਤਕਨੀਕ ਨੇ ਵਿੱਦਿਆ ਦੇ ਖੇਤਰ ਵਿਚ ਕਈ ਨਵੇਂ ਮਾਰਗ ਤਿਆਰ ਕੀਤੇ ਹਨ ਪਰ ਅਧਿਆਪਕ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਕਿਉਂਕਿ ਸਿਰਫ਼ ਅਧਿਆਪਕ ਹੀ ਵਿਦਿਆਰਥੀਆਂ ਨੂੰ ਚੰਗੇ ਸ਼ਹਿਰੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਗੂਗਲ ‘ਤੇ ਖੋਜ ਕਰਨ ਵਾਲੇ ਬੱਚਿਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਗੂਗਲ ਕਦੇ ਵੀ ਗੁਰੂ ਦੀ ਥਾਂ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਦੇ ਨਾਲ ਨਾਲ ਸੂਬਾ ਸਰਕਾਰ ਨੂੰ ਵੀ ਸਲਾਹ ਦੇਣੀ ਚਾਹੁੰਦਾ ਹਾਂ ਕਿ ਸਿੱਖਿਆ ਅਸਲ ਵਿਚ ਮਾਂ ਬੋਲੀ ਵਿਚ ਹੀ ਹੋਣੀ ਚਾਹੀਦੀ ਹੈ। ਨਾਇਡੂ ਨੇ ਇਹ ਵੀ ਸਾਫ ਕੀਤਾ ਹੈ ਕਿ ਉਹ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਖ਼ਿਲਾਫ਼ ਨਹੀਂ ਹਨ। ਉਹ ਸਿਰਫ਼ ਇਸ ਧਾਰਨਾ ਨੂੰ ਦੂਰ ਕਰਨਾ ਚਾਹੁੰਦੇ ਹਨ ਕਿ ਇਕੱਲੇ ਅੰਗਰੇਜ਼ੀ ਸਕੂਲਾਂ ਦੇ ਵਿਦਿਆਰਥੀ ਹੀ ਕਾਮਯਾਬ ਹੁੰਦੇ ਹਨ। ਉਨ੍ਹਾਂ ਖੁਦ ਦੀ, ਪ੍ਰਧਾਨ ਮੰਤਰੀ ਮੋਦੀ ਅਤੇ ਕਈ ਹੋਰ ਮੰਤਰੀਆਂ ਦੀਆਂ ਉਦਾਹਰਨਾਂ ਦਿੱਤੀਆਂ ਜੋ ਗ਼ਰੀਬ ਪਿਛੋਕੜ ਤੋਂ ਸੰਵਿਧਾਨਕ ਅਹੁਦਿਆਂ ‘ਤੇ ਅੱਪੜੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …