Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਫੈਸਟੀਵਲ ਆਫ ਇੰਡੀਆ ਪ੍ਰੋਗਰਾਮ ਲਈ ਸੈਂਟਰ ਆਈਲੈਂਡ ਦਾ ਟੂਰ

ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਫੈਸਟੀਵਲ ਆਫ ਇੰਡੀਆ ਪ੍ਰੋਗਰਾਮ ਲਈ ਸੈਂਟਰ ਆਈਲੈਂਡ ਦਾ ਟੂਰ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਟਰਿੱਪ ਅਤੇ ਮੇਲਿਆਂ ਵਿੱਚ ਜਾਣ ਦਾ ਪ੍ਰਬੰਧ ਕਰਕੇ ਆਪਣੇ ਮੈਂਬਰਾਂ ਦੇ ਮਨੋਰੰਜਨ ਅਤੇ ਸੈਰ ਸਪਾਟੇ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਆਪਣੀ ਇਸ ਪਰੰਪਰਾ ਅਨੁਸਾਰ ਪਿਛਲੇ ਦਿਨੀਂ ਕਲੱਬ ਵਲੋਂ ਪ੍ਰਧਾਨ ਗੁਰਨਾਮ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ ਸੈਂਟਰ ਆਈਲੈਂਡ ਟੋਰਾਂਟੋ ਵਿੱਚ ਲੱਗੇ 47ਵੇਂ ਫੈਸਟੀਵਲ ਇੰਡੀਆ ਵਿੱਚ ਜਾਣ ਦਾ ਪ੍ਰਬੰਧ ਕੀਤਾ ਗਿਆ। ਬੀਬੀਆਂ ਅਤੇ ਮਰਦ ਮੈਂਬਰ ਤਿੰਨ ਬੱਸਾਂ ਵਿੱਚ ਸਵਾਰ ਹੋ ਕੇ ਸਵੇਰੇ ਤਕਰੀਬਨ 9:30 ਵਜੇ ਡਾਊਨ ਟੋਰਾਂਟੋ ਲਈ ਚੱਲ ਪਏ।
ਇਸ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਨਾਲ ਅਮਰਜੀਤ ਸਿੰਘ, ਜੋਗੰਦਰ ਸਿੰਘ ਪੱਡਾ, ਮਾਸਟਰ ਕੁਲਵੰਤ ਸਿੰਘ, ਸ਼ਿਵਦੇਵ ਸਿੰਘ ਰਾਏ, ਮਹਿੰਦਰ ਕੌਰ ਪੱਡਾ, ਨਿਰਮਲਾ ਪਰਾਸ਼ਰ ਅਤੇ ਬਲਜੀਤ ਸੇਖੋਂ ਅਤੇ ਇੰਦਰਜੀਤ ਗਿੱਲ ਦੀ ਟੀਮ ਦੁਆਰਾ ਕੀਤਾ ਗਿਆ। ਟੋਰਾਂਟੋ ਪਹੁੰਚ ਕੇ ਫੈਰੀ ਰਾਹੀਂ ਸੈਂਟਰ ਆਈਲੈਂਡ ਜਾਣ ਲਈ ਲੰਬੀ ਲਾਈਨ ਵਿੱਚ ਲੱਗਣਾ ਪਿਆ ਕਿਉਂਕਿ ਇਸ ਦਿਨ ਫੈਸਟੀਵਲ ਕਾਰਣ ਭੀੜ ਬਹੁਤ ਸੀ।
ਫੈਰੀ ਦੇ ਸਫਰ ਦੌਰਾਨ ਸਾਹਮਣੇ ਟੋਰਾਂਟੋ ਦੀਆਂ ਉਚੀਆਂ ਬਿਲਡਿੰਗਾਂ ਖਾਸ ਤੌਰ ‘ਤੇ ਸੀ ਐਨ ਟਾਵਰ ਦਾ ਨਜਾਰਾ ਬਹੁਤ ਹੀ ਖੂਬਸੂਰਤ ਲਗਦਾ ਸੀ। ਸੈਂਟਰ ਆਈਲੈਂਡ ਵਿੱਚ ਵੱਖੋ ਵੱਖ ਰੰਗਾਂ ਨਸਲਾਂ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਬੜਾ ਹੀ ਦਿਲਕਸ਼ ਲੱਗ ਰਿਹਾ ਸੀ। ਮੈਂਬਰਾਂ ਨੇ ਉੱਥੇ ਪਹੁੰਚ ਕੇ ਇਕੱਠੇ ਹੋ ਕੇ ਚਾਹ ਪਾਣੀ ਦਾ ਆਨੰਦ ਮਾਣਿਆ ਅਤੇ ਵੱਖ ਵੱਖ ਗਰੁੱਪਾਂ ਵਿੱਚ ਫੈਸਟੀਵਲ ਦੀਆਂ ਆਈਟਮਾਂ ਦੇਖਣ ਦਾ ਮੌਕਾ ਪ੍ਰਾਪਤ ਕੀਤਾ।
ਫੈਸਟੀਵਲ ਵਿੱਚ ਵੱਖ ਵੱਖ ਤਰ੍ਹਾਂ ਦੇ ਸਮਾਨ ਦੀ ਨੁਮਾਇਸ਼ ਲੱਗੀ ਹੋਈ ਸੀ ਕੁੱਝ ਇੱਕ ਨੇ ਨਿਸ਼ਾਨੀ ਵਜੋਂ ਛੋਟੀਆਂ ਛੋਟੀਆਂ ਚੀਜਾਂ ਦੀ ਖਰੀਦਦਾਰੀ ਕੀਤੀ। ਹਰੇ ਰਾਮਾ ਮਿਸ਼ਨ ਦੁਆਰਾ ਕਰਵਾਏ ਜਾਂਦੇ ਇਸ ਫੈਸਟੀਵਲ ਵਿੱਚ ਸਾਦੇ ਪਰ ਸੁਆਦੀ ਸ਼ਾਕਾਹਾਰੀ ਲੰਗਰ ਦਾ ਖੁੱਲ੍ਹਾ ਪ੍ਰਬੰਧ ਹੁੰਦਾ ਹੈ ਜਿੱਥੋਂ ਮੈਬਰਾਂ ਨੇ ਲੋੜ ਅਨੁਸਾਰ ਪੇਟ-ਪੂਰਤੀ ਕੀਤੀ। ਇਸ ਬਾਅਦ ਫਿਰ ਪੰਡਾਲ ਵਿੱਚ ਜਾ ਕੇ ਕਲਾਸੀਕਲ ਨਾਚ, ਗੀਤਾਂ ਅਤੇ ਨਾਟਕੀ ਝਾਕੀਆ ਦਾ ਆਨੰਦ ਮਾਣਦੇ ਰਹੇ। ਬਹੁਤ ਸਾਰੇ ਮੈਂਬਰਾਂ ਨੇ ਸੁੰਦਰ ਅਤੇ ਵਿਸ਼ਾਲ ਪਾਰਕ ਦੀ ਸੈਰ ਕੀਤੀ। ਲੇਕ ਤੇ ਬੀਚ ਉੱਤੇ ਗੇੜਾ ਲਾਇਆ। ਬੀਬੀਆਂ ਨੇ ਪਾਰਕ ਦੇ ਇੱਕ ਹਿੱਸੇ ਵਿੱਚ ਇਕੱਠੇ ਹੋ ਕੇ ਆਪਣੇ ਬਚਪਨ ਨੂੰ ਯਾਦ ਤਾਜਾ ਕਰਦੇ ਹੋਏ ਗਿੱਧੇ ਦਾ ਪਿੜ ਭਖਾ ਲਿਆ। ਦੂਜੀਆਂ ਕਮਿਊਨਿਟੀਆਂ ਦੇ ਲੋਕ ਗਿੱਧੇ ਵਿੱਚ ਬੋਲੀਆਂ ਪਾਕੇ ਨੱਚ ਰਹੀਆਂ ਬੀਬੀਆਂ ਦੀ ਕਲਾ ਨੇ ਮੰਤਰ ਮੁਗਧ ਕਰ ਦਿੱਤੇ । ਬਹੁਤ ਸਾਰੇ ਲੋਕਾਂ ਨੇ ਨੇੜੇ ਆ ਕੇ ਗਿੱਧੇ ਦੀਆਂ ਧਮਾਲਾਂ ਦਾ ਅਨੰਦ ਮਾਣਿਆ। ਇਸ ਤਰ੍ਹਾਂ ਦੇ ਰੁਝੇਵਿਆਂ ਵਿੱਚ ਸਮਾਂ ਜਿਵੇਂ ਖੰਭ ਲਾ ਕੇ ਉੱਡ ਗਿਆ ਹੋਵੇ ਤੇ ਵਾਪਸੀ ਦਾ ਸਮਾਂ ਹੋ ਗਿਆ। ਮੈਂਬਰਾਂ ਨੇ ਗਰੁੱਪਾਂ ਵਿੱਚ ਫੈਰੀ ‘ਤੇ ਚੜ੍ਹ ਕੇ ਡਾਊਨ ਟਾਊਨ ਤੋਂ ਬੱਸਾਂ ਤੇ ਘਰਾਂ ਨੂੰ ਵਾਪਸ ਜਾਣ ਲਈ ਤਿਆਰੀ ਕਰ ਕੇ ਵਾਪਸ ਚਾਲੇ ਪਾ ਦਿੱਤੇ ਤੇ ਬੱਸਾਂ ਤੇ ਸਵਾਰ ਹੋ ਕੇ ਰਾਹ ਵਿੱਚ ਮੌਜ ਮਸਤੀ ਕਰਦੇ ਹੋਏ ਪਾਰਕ ਵਿੱਚ ਪਹੁੰਚ ਗਏ। ਸਮੂਹ ਮੈਂਬਰਾਂ ਨੇ ਚੰਗੇ ਪ੍ਰਬੰਧ ਅਤੇ ਸੁਚੱਜੀ ਅਗਵਾਈ ਲਈ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕਾਂ ਵਲੋਂ ਸਮੂਹ ਮੈਂਬਰਾਂ ਦਾ ਭਰਵਾਂ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਅਜੇਹੇ ਟੂਰ ਅਤੇ ਇੰਡੀਆ ਦਾ ਅਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਸਾਂਝੇ ਤੌਰ ‘ਤੇ ਮਨਾਉਣ ਦਾ ਐਲਾਨ ਕੀਤਾ।
ਪਾਰਕ ਵਿੱਚ ਬੱਸਾਂ ਵਿੱਚੋਂ ਉੱਤਰ ਕੇ ਪਾਰਕ ਵਿੱਚੋਂ ਇੰਡੀਆ ਫੇਅਰ ਦੀਆਂ ਯਾਦਾਂ ਨੂੰ ਮਨਾਂ ਵਿੱਚ ਸਮੇਟਦੇ ਹੋਏ ਆਪਣੇ ਆਪਣੇ ਅਲ੍ਹਣਿਆਂ ਵਿੱਚ ਵਾਪਸ ਚਲੇ ਗਏ। ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪ੍ਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਉੱਪ-ਪ੍ਰਧਾਨ ਅਮਰਜੀਤ ਸਿੰਘ 416-268-6821, ਪਰਮਜੀਤ ਬੜਿੰਗ 647-963-0331, ਜੋਗਿੰਦਰ ਸਿੰਘ ਪੱਡਾ 416-219-2542 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …