ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਵਲੈਤ ਦੀਆਂ ਸਾਹਿਤਕ ਮਹਿਫਿਲਾਂ ਨਹੀਂ ਭੁਲਦੀਆਂ ਚਾਹੇ ਸੱਤ ਸਾਲ ਹੋ ਚੱਲੇ ਹਨ ਚਾਰ ਮਹੀਨੇ ਦੀ ਵਲੈਤ ਯਾਤਰਾ ਨੂੰ। ਉਦੋਂ ਬਹੁਤ ਸਾਰੇ ਸਾਹਿਤਕ ਸਮਾਗਮਾਂ ਵਿੱਚ ਜਾਣ ਦਾ ਮੌਕਾ ਮਿਲਿਆ। ਮੈਂ ਮਹਿਸੂਸ ਕੀਤਾ ਕਿ ਸਮਾਗਮਾਂ ਵਿੱਚ ਪਾਠਕ ਭਾਵੇਂ ਆਉਣ ਨਾ ਆਉਣ ਪਰ ਲੇਖਕ ਬਿਚਾਰੇ ਦੂਰ-ਦੂਰ ਤੀਕ ਹੁੰਮ-ਹੁੰਮਾ ਕੇ ਪੁਜਦੇ। ਕਵੀਆਂ ਸੱਜਣਾਂ ਦੀਆਂ ਕੱਛਾਂ ਵਿੱਚ ਮੋਟੀਆਂ-ਮੋਟੀਆਂ ਸੈਂਚੀਆਂ ਜਿੱਡੇ ਭਾਰੀ-ਭਾਰੀ ਖਰੜੇ ਹੁੰਦੇ! ਇਕ ਕਵੀ ਸੱਜਣ ਨੂੰ ਮੈਂ ਪੁੱਛ ਬੈਠਾ ਕਿ ਕਵਿਤਾ ਤਾਂ ਤੁਸੀਂ ਇੱਕ ਹੀ ਪੜ੍ਹਨੀ ਐਂ ਤੇ ਆਹ ਐਨਾ ਭਾਰ ਨਾਲ ਚੁੱਕਣ ਦਾ ਕੀ ਫੈਦਾ ਐ…? ਉਹਨੇ ਹੱਸ ਕੇ ਕਿਹਾ ਕਿ ਕੀ ਪਤੈ ਦੂਹਰ ਲੱਗ ਜਾਵੇ ਤੇ ਫਿਰ ਤੀਹਰ ਵੀ। ਭਾਵ ਕਿ ਦੂਜੀ ਵਾਰ ਜਾਂ ਤੀਜੀ ਵਾਰ ਵੀ ਕਵਿਤਾ ਪੜ੍ਹਨ ਦੀ ਵਾਰੀ ਮਿਲ ਜਾਏ!
ਮੈਂ ਇਹ ਵੀ ਮਹਿਸੂਸ ਕੀਤਾ ਕਿ ਸੁਣਨ ਨਾਲੋਂ ਹਰੇਕ ‘ਆਪਣੀ’ ਸੁਣਾਉਣ ਲਈ ਬਹੁਤ ਬੇਹਬਲ ਤੇ ਕਾਹਲਾ ਦਿਖਾਈ ਦੇ ਰਿਹਾ ਸੀ। ਮੈਂ ਸੋਚਿਆ ਕਿ ਜੇ ਏਹ ਸਾਹਿਤਕ ਸਮਾਗਮ ਵਲੈਤ ਵਿੱਚ ਨਾ ਹੁੰਦੇ ਹੋਣ ਤਾਂ ‘ਕਵੀ ਬਿਚਾਰੇ’ ਕਿੱਧਰ ਜਾਣ? ਘਰ ਦੇ ਤਾਂ ਉਹਨਾਂ ਦੀਆਂ ਕਵਿਤਾਵਾਂ ਸੁਣਦੇ ਨਹੀਂ। ਵਕਤ ਹੈ ਹੀ ਕੀਹਦੇ ਕੋਲ? ਚੰਗਾ ਪੱਖ ਇਹ ਕਿ ਇਹਨਾਂ ਮੁਲਕਾਂ ਵਿੱਚ ਵਕਤ ਦੀ ਗਹਿਰੀ ਕਿੱਲਤ ਦੇ ਬਾਵਜੂਦ ਵੀ ਸਾਹਿਤਕ ਸਮਾਗਮਾਂ ਵਿੱਚ ਚੋਖਾ ਇਕੱਠ ਜੁੜ ਜਾਂਦਾ। ਵਲੈਤ ਦੇ ਸਾਹਿਤਕ ਸਮਾਗਮਾਂ ਵਿੱਚ ਖਾਣ-ਪੀਣ ਦੀਆਂ ਖੁੱਲ੍ਹੀਆਂ ਵਸਤਾਂ ਦੇਖ ਕੇ ਮੈਨੂੰ ਫਰੀਦਕੋਟ ਸੀ ਸਾਹਿਤ ਸਭਾ ਚੇਤੇ ਆਉਂਦੀ, ਜਿੱਥੇ ਮੈਂ ਆਪਣੇ ਮੁਢਲੇ ਵਰ੍ਹੇ (ਬਹੁਤ ਸਾਲ) ਜਾਂਦਾ ਰਿਹਾ ਸੀ। ਭੰਗ ਭੁਜਦੀ ਹੁੰਦੀ ਸੀ। ਨਿੱਕੇ-ਨਿੱਕੇ ਬਿਸਕੁਟ ਹੁੰਦੇ ਤੇ ਨਿੱਕੇ-ਨਿੱਕੇ ਗਲਾਸਾਂ ਵਿੱਚੋਂ ਇੱਕੋ ਘੁਟ ਵਿੱਚ ਹੀ ਚਾਹ ਸੜਾਕ ਜਾਣ ਬਾਅਦ ਕਈ ਕਵੀ ਸੱਜਣਾਂ ਨੂੰ ਚਾਹ ਹੋਰ ਪੀਣ ਚਾਹਤ ਹੁੰਦੀ। ਹਲਕੀ-ਹਲਕੀ ਘਿਸਰ-ਘਿਸਰ ਘੈਂ-ਘੈਂ ਕਰਦਿਆਂ ਅਹੁਦੇਦਾਰ ਪੰਜ-ਪੰਜ ਰੁਪੱਈਏ ਇਕੱਠੇ ਕਰਦੇ ਤੇ ਚਾਹ ਵਾਲੇ ਨੂੰ ਨਕਦੋ-ਨਕਦ ਦਿੰਦੇ ਹੁੰਦੇ ਸਨ।
ਪਰ ਵਲੈਤ ਵਿੱਚ ਸਾਹਿਤਕ ਸਮਾਗਮਾਂ ਤੇ ਮੀਟਿੰਗਾਂ ਵਿੱਚ ਦੇਖ ਕੇ ਹੈਰਾਨੀ ਤੇ ਤਸੱਲੀ ਹੋਈ ਕਿ ਚਾਹ, ਪਕੌੜੇ, ਸਮੋਸੇ, ਜੂਸ, ਕੋਕ, ਕੌਫੀ ਨਾਲੋ ਨਾਲ ਤੇ ਸਮਾਗਮ ਦੇ ਅੰਤ ਉੱਤੇ ਪਹਿਲਾਂ ਬੀਅਰ ਦੀ ਭਰਤੀ…(ਕਵੀ ਭਾਈਏ ਗਲਾਸੀ ਲਾਉਣ ਤੋਂ ਪਹਿਲਾਂ ਆਖਦੇ..ਲਓ ਵਈ ਪਹਿਲਾਂ ਬੀਅਰ ਦੀ ਭਰਤੀ ਪਾ ਲਓ..ਫੇ ਪੱਕੀ ਲਾਵਾਂਗੇ) ਉਸ ਬਾਅਦ ਫੇਮਸ ਗਰਾਊਸ ਵਿਸਕੀ (ਜਿਸ ਨੂੰ ਕਵੀ ਭਾਈਏ ‘ਤਿੱਤਰ ਮਾਰਕਾ’ ਆਖਦੇ) ਖੁੱਲ੍ਹੀ-ਡੁੱਲ੍ਹੀ ਵਰਤਾਈ ਜਾਂਦੀ। ਨੁਕਲ-ਪਾਣੀ ਮਗਰੋਂ ਦਾਲ ਤੇ ਮੀਟ ਨਾਲ ਰੋਟੀ-ਟੁੱਕਰ। ਮੈ ਦੇਖਿਆ ਕਿ ਵਲੈਤੀ ਲੇਖਕ ਘੁਟ-ਘੁਟ ਪੀ ਕੇ ਦੁਖ-ਸੁਖ ਵੀ ਸਾਂਝੇ ਕਰਦੇ, ਉਲਾਂਭੇ ਦਿੰਦੇ-ਲੈਂਦੇ ਤੇ ਥੋੜ੍ਹੀ ਬਹੁਤ ਘੈਂਸ-ਘੈਂਸ ਵੀ ਕਰ ਲੈਂਦੇ ਤੇ ਆਪਣਾ-ਆਪਣਾ ਗੁੱਭ-ਗੁਭਾਰ ਕਢਦੇ। ਅਜਿਹੇ ਮੌਕੇ ਹੀ ਲਿਖਾਰੀ ਸੱਜਣ ਇੱਕ ਦੂਜੇ ਨਾਲ ਈਮੇਲਾਂ ਵਟਾਉਂਦੇ ਤੇ ਨਵੇਂ ਫੋਨ ਨੰਬਰ ਨੋਟ ਕਰਵਾਉਂਦੇ। ਕਿਤਾਬਾਂ ਦੀ ਭੇਟ-ਭਟਾਈ ਵੀ ਕਰ ਲੈਂਦੇ। ਮੂੰਹ ਉਤੇ ਇੱਕ-ਦੂਜੇ ਦੀਆਂ ਸਿਫਤਾਂ ਦੇ ਪੁਲ ਖੂਬ ਬੰਨ੍ਹਦੇ ਤੇ ਬੰਦਾ ਜ਼ਰਾ ਪਰ੍ਹੇ ਹੋਇਆ ਨਹੀਂ ਤੇ ਤਵਾ ਵੀ ਇੱਕ ਦੂਜੇ ਦਾ ਚੱਜ ਨਾਲ ਲਾਉਂਦੇ। ਏਕਤਾ ਤੇ ਸਦਭਾਵਨਾ ਘੱਟ ਥਾਵਾਂ ‘ਤੇ ਦੇਖਣ ਨੂੰ ਮਿਲੀ। ਇੱਕ ਦੂਜੇ ਨੂੰ ਦੇਖ-ਦੇਖ ਕੁੜ੍ਹਦੇ ਤੇ ਸੌਕਣਾਂ ਵਾਂਗ ਬੁੜ-ਬੁੜ ਕਰਦੇ। ਮੈਂ ਬੜਾ ਹੈਰਾਨ ਹੁੰਦਾ ਕਿ ਇਹੋ ਬੰਦਾ ਹੁਣੇ ਉਸਦੇ ਮੂੰਹ ‘ਤੇ ਉਹਦੀ ਵਡਿਆਈ ਕਰ ਕੇ ਉਸ ਨੂੰ ਅਸਮਾਨੀ ਚਾੜ੍ਹੀ ਜਾ ਰਿਹਾ ਸੀ ਤੇ ਹੁਣ ਪਲ ਵਿੱਚ ਭੁੰਜੇ ਲਾਹੀ ਜਾ ਰਿਹਾ ਹੈ।
ਸਮਾਗਮਾਂ ਦੇ ਦੋ ਜਾਂ ਤਿੰਨ ਪੜਾਅ ਹੁੰਦੇ। ਆਮ ਸਮਾਗਮ ਦੁਪਹਿਰੇ ਸ਼ੁਰੂ ਹੁੰਦੇ ਤੇ ਦੇਰ ਰਾਤ ਤੀਕਰ ਚਲਦੇ। ਮੀਟਿੰਗਾਂ ਵੀ ਬਹੁਤੀਆਂ ਆਥਣ ਵੇਲੇ ਹੁੰਦੀਆਂ। ਸਮਾਗਮਾਂ ਦੇ ਵੱਖ-ਵੱਖ ਪੜਾਵਾਂ ਵਿੱਚ ਪੁਸਤਕਾਂ ਵੀ ਰਿਲੀਜ਼ ਹੋਈ ਜਾਂਦੀਆਂ। ਪਰਚੇ ਵੀ ਪੜ੍ਹੇ ਜਾਂਦੇ। ਬਹਿਸ ਵੀ ਹੋਈ ਜਾਂਦੀ। ਕਵੀ ਦਰਬਾਰ ਵੀ ਹੁੰਦੇ। ਗੀਤ ਸੰਗੀਤ ਵੀ ਹੋਈ ਜਾਂਦਾ। ਮੈਂ ਦੇਖਿਆ ਕਿ ਬਹੁਤੇ ਕਵੀ ਤਾਂ ਆਪਣੀ ਕਵਿਤਾ ਪੜ੍ਹਨ ਤੀਕ ਹੀ ਸੀਮਤ ਹੁੰਦੇ, ਉਹਨਾਂ ਦਾ ਜਿਵੇਂ ਦੂਜੇ ਸੈਸ਼ਨਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਹੁੰਦਾ। ਉਹ ਆਪਣੀ ਕਵਿਤਾ ਸੁਣਾ ਕੇ ਭੱਜਣ ਲਈ ਤਰਲੋ-ਮੱਛੀ ਹੋਈ ਜਾਂਦੇ। ਇੱਕ ਹੋਰ ਗੱਲ, ਜੁ ਮੈਂ ਮਹਿਸੂਸ ਕੀਤੀ ਕਿ ਮੈਂ ਕਾਫੀ ਸਾਰੇ ਵਲੈਤੀ ਲੇਖਕਾਂ ਪਾਸ ਪੰਜਾਬ ਰਹਿੰਦੇ ਬਹੁਤ ਪ੍ਰਸਿੱਧ ਲੇਖਕਾਂ ਤੇ ਉਹਨਾਂ ਦੀਆਂ ਬਹੁ-ਚਰਚਿਤ ਰਚਨਾਵਾਂ ਦੀ ਗੱਲ ਕੀਤੀ ਤਾਂ ਉਹ ਉਹਨਾਂ ਤੋਂ ਅਨਜਾਣ ਸਨ। ਇਸ ਗੱਲ ਤੋਂ ਮੈਨੂੰ ਲੱਗਿਆ ਕਿ ਇਹ ਸੱਜਣ ਜਿਵੇਂ ਕਿਸੇ ਦਾ ਲਿਖਿਆ ਕੁਝ ਪੜ੍ਹਦੇ ਨਹੀਂ ਸਿਰਫ ਆਪੇ ਲਿਖਣ ਤੇ ਸੁਣਾਉਣ ਤੱਕ ਹੀ ਸੀਮਤ ਹਨ। ਜਦ ਕਿਸੇ ਖਾਸ ਬੰਦੇ ਕੋਲ ਮੈਂ ਇਹ ਗੱਲ ਚਿਤਾਰੀ ਵੀ ਤਾਂ ਉਸਦਾ ਆਖਣਾ ਸੀ ਕਿ ਉਹਨਾਂ ਪਾਸ ਪੰਜਾਬ ਤੋਂ ਸਾਹਿਤ ਪੁਜਦਾ ਹੀ ਨਹੀਂ…ਉਹ ਪੜ੍ਹਨ ਕਿੱਥੋਂ? ਫਿਰ ਮੈਂ ਆਖਦਾ ਸਾਂ ਕਿ ਦੂਜੇ ਤੁਹਾਡੇ ਸਾਥੀ ਵੀ ਤਾਂ ਹੈਨ?ਉਹ ਕਿੱਥੋਂ ਲੈ ਲੈ ਕੇ ਪੜ੍ਹਦੇ ਹਨ?ਉਹ ਕਿਉਂ ਨਹੀਂ ਅਨਜਾਣ? ਉਹ ਪੰਜਾਬ ਦੇ ਸਾਹਿਤ ਤੇ ਸਾਹਿਤਕਾਰਾਂ ਨਾਲ ਲੰਬੇ ਸਮੇਂ ਤੋਂ ਕਿਵੇਂ ਵਾਬਸਤਗੀ ਰੱਖ ਰਹੇ ਹਨ? ਫਿਰ ਇਸ ਗੱਲ ਦਾ ਉਹਨਾਂ ਕੋਲ ਕੋਈ ਠੋਸ ਜੁਆਬ ਨਹੀਂ ਸੀ ਹੁੰਦਾ।
ਵਲੈਤ ਵਿੱਚ ਬਹੁਤ ਭਾਂਤ-ਸੁਭਾਂਤੇ ਲੇਖਕ ਰਹਿੰਦੇ ਹਨ, ਜਿੰਨ੍ਹਾਂ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਉਤੇ ਕਲਮ ਅਜ਼ਮਾਈ ਹੈ। ਮੋਟੀਆਂ-ਮੋਟੀਆਂ ਸੱਜਰ ਸੂਈ ਮੱਝ ਜਿਹੀਆਂ ਨਰੋਈਆਂ ਕਿਤਾਬਾਂ ਲਿਖੀਆਂ ਤੇ ਛਪਵਾਈਆਂ ਹਨ। ਕਈਆਂ ਨੂੰ ਭਾਸ਼ਾ ਵਿਭਾਗ ਪੰਜਾਬ ਸਰਕਾਰ ਤਰਫੋਂ ‘ਸ੍ਰੋਮਣੀ ਪੰਜਾਬੀ ਪਰਵਾਸੀ ਲੇਖਕ’ ਵਾਲੀ ‘ਕਲਗੀ’ ਲੱਗ ਚੁੱਕੀ ਹੇ ਤੇ ਕਈ ਲਗਵਾਉਣ ਲਈ ਯਤਨਸ਼ੀਲ ਹਨ ਪਰ ਹਾਲੇ ‘ਲਾਈਨ ਬਿਜ਼ੀ ਹੈ’! ਕੁਝ ਲੇਖਕ ਆਏ ਸਾਲ ਪੰਜਾਬ ਜਾਂਦੇ ਹਨ। ਕਿਸੇ ਦਾ ਰੂਬਰੂ ਹੁੰਦਾ ਹੈ। ਕਿਸੇ ਦੀ ਕਿਤਾਬ ‘ਤੇ ਗੋਸ਼ਟ ਰਚਾਈ ਜਾਂਦੀ ਹੈ। ਕਿਸੇ ਦਾ ਮਾਣ-ਸਨਮਾਣ ਹੁੰਦਾ ਹੈ। ਏਨੇ ਨਾਲ ਵਾਹਵਾ ਰੌਣਕ ਮੇਲਾ ਜਿਹਾ ਲੱਗਾ ਰਹਿੰਦਾ ਹੈ। ਕੋਈ ਕਿਸੇ ਯੂਨੀਵਰਸਿਟੀ ਦਾ ਗੇੜਾ ਵੀ ਘੱਤਦਾ ਹੈ, ਸ਼ਾਇਦ ਕੋਈ ਰਚਨਾ ਬਾਰੇ ਖੋਜ-ਕਾਰਜ ਹੋ ਜਾਏ ਤਾਂ ਰਚਨਾ ਦਾ ਮੁੱਲ ਪੈ ਜਾਂਦੈ। ਏਨੇ ਨਾਲ ਲੇਖਕ ਦੀ ਪੰਜਾਬ ਫੇਰੀ ਹੋਰ ਵੀ ਦਿਲਚਸਪ ਬਣ ਜਾਂਦੀ ਹੈ। ਪੰਜਾਬੋਂ ਗਏ ਕਲਮਕਾਰਾਂ ਦਾ ਮਾਣ ਸਨਮਾਣ ਤੇ ਟਹਿਲ-ਸੇਵਾ ਕਰਨੋਂ ਵਲੈਤੀਏ ਲੇਖਕ ਕੰਨੀਂ ਨਹੀਂ ਕਤਰਾਉਂਦੇ ਪਰ ਉਹਨਾਂ ਦਾ ਦਿਲ ਉਦੋਂ ਟੁੁੱਟ ਜਾਂਦਾ ਹੈ…ਜਦ ਉਹ ਪੰਜਾਬ ਆਉਂਦੇ ਹਨ ਤਾਂ ਵਲੈਤ ਵਿੱਚ ਸਨਮਾਨਿਆਂ ਉਹ ਲੇਖਕ ਚਾਹ ਦੇ ਇੱਕ ਕੱਪ ਦੀ ਫੋਕੀ ਸੁਲਾਹ ਵੀ ਨਹੀਂ ਮਾਰਦਾ।
ਸਾਊਥਾਲ ਵਿੱਚ ਹਰਜੀਤ ਅਟਵਾਲ ਦੇ ਘਰ ਇੱਕ ਸਾਹਿਤਕ ਇਕੱਤਰਤਾ ਹੋਈ। ਪੰਜਾਬ ਤੋਂ ਗਈ ਗਈ ਇੱਕ ਪ੍ਰੋਫੈਸਰਨੀ ਮੁੱਖ ਮਹਿਮਾਨ ਸੀ। ਚਰਚਾ ਹੋ ਰਹੀ ਸੀ ਜਿੰਦਰ ਦੀ ਕਹਾਣੀ ਕਲਾ ਬਾਰੇ। ਇਕੱਤਰਤਾ ਵਿੱਚ ਬੈਠਾ ਬਜ਼ੁਰਗ ਲੇਖਕ ਸੰਤੋਖ ਸਿੰਘ ਸੰਤੋਖ ਆਖਣ ਲੱਗਾ, ”ਜਿੰਦਰ ਤਾਂ ਇੰਡੀਆ ਬੈਠਾ ਆ…ਕਹਾਣੀ ਬਾਰੇ ਚਰਚਾ ਏਥੇ ਹੋ ਰਹੀ ਆ…ਏਹ ਚੱਕਰ ਕੀ ਆ? ਕੀ ਹੋਰ ਕੋਈ ਅਜਿਹਾ ਲੇਖਕ ਲੰਡਨ ਵਿੱਚ ਨਹੀਂ…ਜੁ ਇਸ ਇਕੱਤਰਤਾ ਵਿੱਚ ਮੌਜੂਦ ਵੀ ਹੋਵੇ ਤੇ ਉਸਦੀ ਕਹਾਣੀ ਬਾਰੇ ਗੱਲ ਤੁਰੇ। ਪੰਜਾਬ ਤੋਂ ਬੀਬੀ ਲੰਡਨ ਆਈ ਹੈ ਤੇ ਪੰਜਾਬ ਦੇ ਇੱਕੋ ਲੇਖਕ ਦੀ ਕਹਾਣੀ ਬਾਰੇ ਗੱਲ ਕਰ ਰਹੀ ਆ…ਏਹ ਗੱਲ ਸਮਝੋਂ ਬਾਹਰ ਆ…ਹਾਂ ਜਾਂ ਫਿਰ ਪੰਜਾਬ ਦੀ ਸਮੁੱਚੀ ਕਹਾਣੀ ਬਾਰੇ ਚਰਚਾ ਹੁੰਦੀ।”
ਸੰਤੋਖ ਜੀ ਦਾ ਗੱਲ ਦਾ ਜੁਆਬ ਕਿਸੇ ਕੋਲ ਨਹੀਂ ਸੀ। ਖੈਰ! ਹਰਜੀਤ ਅਟਵਾਲ ਦੇ ਸਾਰੇ ਪਰਿਵਾਰ ਨੇ ਘਰ ਆਏ ਲਿਖਾਰੀਆਂ ਦੀ ਜਿੰਨੀ ਨਿੱਘ ਤੇ ਅਪਣੱਤ ਨਾਲ ਸੇਵਾ ਕੀਤੀ, ਇਹ ਦੇਖ ਮੇਰਾ ਦੂਰੋਂ ਆਏ ਦਾ ਥਕੇਵਾਂ ਲੱਥ ਗਿਆ। ਮੈਂ ਸਿੱਧਾ ਬਰਮਿੰਘਮ ਤੋਂ ਤਿੰਨ ਘੰਟੇ ਬੱਸ ਵਿੱਚ ਬੈਠਾ ਆਇਆ ਸਾਂ। ਘੁਟ-ਘੁਟ ਲਾ ਕੇ ਲੇਖਕ ਸੱਜਣ ਕਿਸੇ ਨਿਰਾਲੇ ਸੰਸਾਰ ਵਿੱਚ ਪੁੱਜ ਚੁੱਕੇ ਸਨ। ਗਿਆਨ-ਗੋਸ਼ਟਾਂ ਹੋਣ ਲੱਗੀਆਂ ਫੋਟੋਆਂ ਦੀ ਖਿੱਚ੍ਹ ਖਿਚਾਈ ਵਿੱਚ ਕੈਮਰੇ ਲਿਸ਼ਕ ਉੱਠੇ। ਹਨੇਰ੍ਹਾ ਖਾਸਾ ਉੱਤਰ੍ਹ ਆਇਆ ਸੀ ਤੇ ਨਾਲ ਹੀ ਜ਼ੋਰ ਦਾ ਮੀਂਹ ਵੀ। ਵਲੈਤੀ ਲੇਖਕਾਂ ਦੇ ਮੋਹ ਨੇ ਮੇਰਾ ਮਨ ਮੋਹ ਲਿਆ ਸੀ।
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …