ਅਹਿਮਦਾਬਾਦ : ਗੁਜਰਾਤ ਵਿਚ ਗਾਂਧੀਨਗਰ ਦੀ ਇੱਕ ਅਦਾਲਤ ਨੇ ਆਸਾ ਰਾਮ ਨੂੰ 2013 ‘ਚ ਇੱਕ ਮਹਿਲਾ ਸ਼ਰਧਾਲੂ ਨਾਲ ਜਬਰ ਜਨਾਹ ਦੇ ਕੇਸ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਧਿਰ ਨੇ ਆਸਾ ਰਾਮ ਨੂੰ ‘ਆਦਤਨ ਅਪਰਾਧੀ’ ਦੱਸਦਿਆਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਆਸਾ ਰਾਮ ਨੂੰ ਇਸ ਕੇਸ ‘ਚ ਦੋਸ਼ੀ ਠਹਿਰਾਇਆ ਸੀ। ਵਧੀਕ ਸੈਸ਼ਨ ਜੱਜ ਡੀਕੇ ਸੋਨੀ ਨੇ ਆਸਾ ਰਾਮ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਜੁਰਮਾਨੇ ਤੋਂ ਮਿਲਣ ਵਾਲੀ ਰਾਸ਼ੀ ਪੀੜਤਾ ਨੂੰ ਦਿੱਤੀ ਜਾਵੇਗੀ।
ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਗੁਜਰਾਤ ਹਾਈਕੋਰਟ ‘ਚ ਚੁਣੌਤੀ ਦੇਣਗੇ। ਇਸ ਸਮੇਂ ਜੋਧਪੁਰ ਜੇਲ੍ਹ ‘ਚ ਬੰਦ 81 ਸਾਲਾ ਆਸਾ ਰਾਮ 2013 ‘ਚ ਰਾਜਸਥਾਨ ਵਿਚਲੇ ਆਪਣੇ ਆਸ਼ਰਮ ‘ਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਇੱਕ ਵੱਖਰੇ ਕੇਸ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਗਾਂਧੀਨਗਰ ਦੀ ਅਦਾਲਤ ‘ਚ ਆਸਾ ਰਾਮ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ ਅਤੇ ਇਸ ਦੌਰਾਨ ਜੱਜ ਨੇ ਫੈਸਲਾ ਸੁਣਾਇਆ। ਇੱਕ ਦਿਨ ਪਹਿਲਾਂ ਅਦਾਲਤ ਨੇ ਆਸਾ ਰਾਮ ਨੂੰ ਸੂਰਤ ਦੀ ਮਹਿਲਾ ਸ਼ਰਧਾਲੂ ਨਾਲ ਸਾਲ 2001 ਤੋਂ 2006 ਵਿਚਾਲੇ ਕਈ ਵਾਰ ਜਬਰ ਜਨਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ।
ਸਬੰਧਤ ਮਹਿਲਾ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਸਾਰਾਮ ਦੇ ਅਹਿਮਦਾਬਾਦ ਦੇ ਮੌਂਟੇਰਾ ਆਸ਼ਰਮ ‘ਚ ਰਹਿ ਰਹੀ ਸੀ।