-8.1 C
Toronto
Friday, January 23, 2026
spot_img
Homeਰੈਗੂਲਰ ਕਾਲਮਭਾਈਚਾਰਕ ਸਾਂਝ 'ਚ ਵੰਡੀਆਂ ਪਾਉਣ ਦਾ ਸ਼ੋਸ਼ਲ ਮੀਡੀਆ ਬਣਿਆ ਹਥਿਆਰ

ਭਾਈਚਾਰਕ ਸਾਂਝ ‘ਚ ਵੰਡੀਆਂ ਪਾਉਣ ਦਾ ਸ਼ੋਸ਼ਲ ਮੀਡੀਆ ਬਣਿਆ ਹਥਿਆਰ

ਦੀਪਕ ਸ਼ਰਮਾ ਚਨਾਰਥਲ, 98152-52959
ਹਰ ਚੀਜ਼ ਦੀ ਖੋਜ ਵਿਗਿਆਨਕ ਨੁਕਤੇ ਤੋਂ ਸਮਾਜ ਦੀ ਭਲਾਈ ਲਈ ਹੀ ਹੁੰਦੀ ਹੈ। ਉਸੇ ਤਰ੍ਹਾਂ ਇੰਟਰਨੈਟ, ਸੈਲਫੋਨ ਤੇ ਫਿਰ ਸ਼ੋਸ਼ਲ ਮੀਡੀਆ ਇਸ ਇੱਕੀਵੀਂ ਸਦੀ ਦੇ ਅਜਿਹੇ ਰਤਨ ਬਣ ਕੇ ਸਾਹਮਣੇ ਆਏ ਕਿ ਸੱਤ ਸਮੁੰਦਰ ਪਾਰ ਦੀ ਦੂਰੀ ਵੀ ਖਤਮ ਹੋ ਗਈ। ਪਲਾਂ ਵਿਚ ਤੁਸੀਂ ਲੱਖਾਂ ਲੋਕਾਂ ਤੱਕ ਪਹੁੰਚ ਰੱਖ ਸਕਦੇ ਹੋ ਤੇ ਆਪਣੀ ਗੱਲ ਜਿੱਥੇ ਚਾਹੋ, ਜਦੋਂ ਚਾਹੋ, ਜਿਵੇਂ ਚਾਹੋ ਪਹੁੰਚਾ ਸਕਦੇ ਹੋ। ਪਰ ਸੱਚਾਈ ਇਹ ਵੀ ਹੈ ਕਿ ਜਿਸ ਚੀਜ਼ ਦੇ ਜਿੰਨੇ ਫਾਇਦੇ, ਓਨੇ ਨੁਕਸਾਨ ਵੀ ਹੁੰਦੇ ਹਨ। ਇਹ ਸਹੂਲਤ ਲਈ ਬਣੀਆਂ ਚੀਜ਼ਾਂ ਕਿੰਨੀਆਂ ਖਤਰਨਾਕ ਹੋ ਸਕਦੀਆਂ ਹਨ ਇਸਦਾ ਅੰਦਾਜ਼ਾ ਅੱਜ ਦੇ ਦੌਰ ਵਿਚ ਵਾਪਰੀਆਂ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਤੋਂ ਲੱਗ ਜਾਂਦਾ ਹੈ। ਤਾਜ਼ੀ ਜੇ ਗੱਲ ਕਰੀਏ ਤਾਂ ਫਗਵਾੜਾ ਖੇਤਰ ਵਿਚ ਇਕ ਚੌਕ ਨੂੰ ਲੈ ਕੇ ਜਦੋਂ ਵਿਵਾਦ ਪਨਪਿਆ ਤਾਂ ਸ਼ੋਸ਼ਲ ਮੀਡੀਆ ਹਥਿਆਰ ਨਾ ਬਣ ਜਾਵੇ, ਇਸ ਲਈ ਸਮੇਂ-ਸਮੇਂ ‘ਤੇ ਸਰਕਾਰ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਕਪੂਰਥਲਾ ਇਨ੍ਹਾਂ ਚਾਰ ਜ਼ਿਲ੍ਹਿਆਂ ‘ਚ ਇੰਟਰਨੈਟ ‘ਤੇ ਰੋਕ ਲਾਉਂਦੀ ਰਹੀ।
ਇਸੇ ਸ਼ੋਸ਼ਲ ਮੀਡੀਆ ਦੀ ਆੜ ਲੈ ਕੇ ਭਗਵੇਂ ਰੰਗ ਦਾ ਚੋਲਾ ਪਾਈ ਸੰਤ ਦਾ ਰੂਪ ਧਾਰ ਕੇ ਆਪਣੇ ਬੋਲਾਂ ਰਾਹੀਂ ਇਕ ਵਿਅਕਤੀ ਵਖਰੇਵੇਂ ਪਾਉਣ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ। ਆਪਣੀ ਗੱਲ ਦੀ ਭੂਮਿਕਾ ਬੰਨਦਿਆਂ ਇਹ ਸੰਤ ਦੇ ਚੋਲੇ ਵਾਲਾ ਵਿਅਕਤੀ ਜਿਸਦਾ ਨਾਂ ਨਰਾਇਣ ਦਾਸ ਦੱਸਿਆ ਜਾ ਰਿਹਾ ਹੈ। ਪਹਿਲਾਂ ਤਾਂ ਗੁਰੂ ਸਾਹਿਬ ਦੀ, ਗੁਰਬਾਣੀ ਦੀ ਤਾਰੀਫ ਕਰਦਾ ਹੈ ਤੇ ਤਾਰੀਫ ਕਰਦਿਆਂ-ਕਰਦਿਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਵਿਵਾਦਤ ਟਿੱਪਣੀਆਂ ਕਰਦਿਆਂ ਫਿਰਕੂਵਾਦ ਵਾਲਾ ਭਾਸ਼ਣ ਦਿੰਦਾ ਹੈ। ਉਹ ਇਹ ਜਚਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਭਗਤਾਂ ਦੀ ਬਾਣੀ ਨਾਲ ਜਾਣ ਬੁੱਝ ਕੇ ਗੁਰੂ ਸਾਹਿਬ ਨੇ ਛੇੜ-ਛਾੜ ਕੀਤੀ ਸੀ ਤੇ ਫਿਰ ਉਹ ਅਜਿਹਾ ਸ਼ਬਦ ਵੀ ਵਰਤਦਾ ਹੈ ਕਿ ਭਗਤਾਂ ਦਾ ਗੁਰੂ ਸਾਹਿਬ ਨੂੰ ਸਰਾਪ ਲੱਗਿਆ, ਜਿਸਦੀ ਸਜ਼ਾ ਸਦਕਾ ਉਨ੍ਹਾਂ ਨੂੰ ਤੱਤੀ ਤਵੀ ‘ਤੇ ਬਹਿਣਾ ਪਿਆ। ਜਦੋਂ ਕਿ ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਭੱਟਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਹਾਸਲ ਹੈ। ਇਸ ਮੌਕੇ ‘ਤੇ ਅਜਿਹੇ ਸ਼ਰਾਰਤੀ ਤੱਤ ਸ਼ੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਜਦੋਂ ਫਿਰਕੂਵਾਦ ਫੈਲਾਉਂਦੇ ਹਨ, ਜਦੋਂ ਆਰਥਿਕ ਅਤੇ ਸਮਾਜਿਕ ਤੌਰ ‘ਤੇ ਪਛੜੇ ਹੋਏ ਲੋਕਾਂ ਨੂੰ ਇਸ ਭਰਮ ਵਿਚ ਪਾਉਂਦੇ ਹਨ ਕਿ ਤੁਸੀਂ ਜਿਨ੍ਹਾਂ ਨੂੰ ਆਦਰਸ਼ ਮੰਨਦੇ ਹੋ, ਤੁਸੀਂ ਜਿਨ੍ਹਾਂ ਨੂੰ ਗੁਰੂ ਮੰਨਦੇ ਹੋ, ਉਨ੍ਹਾਂ ਦੀ ਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਛੇੜਛਾੜ ਹੋਈ ਹੈ। ਅਜਿਹੇ ਸ਼ਰਾਰਤੀ ਲੋਕਾਂ ਦੀ ਮਨਸ਼ਾ ਵੱਖ-ਵੱਖ ਭਾਈਚਾਰਿਆਂ ਨੂੰ ਇਕ ਦੂਜੇ ਖਿਲਾਫ ਭੜਕਾਉਣਾ, ਲੜਾਉਣਾ ਤੇ ਵੰਡੀਆਂ ਪਾਉਣਾ ਹੈ। ਅਜਿਹੇ ਫਿਰਕੂਵਾਦ ਤੋਂ ਜਿੱਥੇ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ, ਉਥੇ ਹਰ ਇਨਸਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਮਾਜਿਕ ਵੰਡੀਆਂ ਨਾਲ ਕਿਸੇ ਵੀ ਸਮਾਜ ਦਾ, ਕਿਸੇ ਵੀ ਭਾਈਚਾਰੇ ਦਾ, ਕਿਸੇ ਵੀ ਸੂਬੇ ਦਾ ਤੇ ਕਿਸੇ ਵੀ ਦੇਸ਼ ਦਾ ਵਿਕਾਸ ਨਹੀਂ ਹੁੰਦਾ। ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਪ੍ਰਤੀ, ਗੁਰੂ ਸਾਹਿਬਾਨਾਂ ਪ੍ਰਤੀ, ਭਗਤਾਂ ਪ੍ਰਤੀ ਮੰਦੀ ਸੋਚ ਰੱਖਣ ਵਾਲੇ ਅਜਿਹੇ ਲੋਕਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਵੱਖੋ-ਵੱਖ ਭਾਈਚਾਰਿਆਂ ਨਾਲ ਸਬੰਧਤ ਸੰਸਥਾਵਾਂ ਦੇ ਨੁਮਾਇੰਦੇ ਇਸ ਮੌਕੇ ‘ਤੇ ਸਹਿਜਪਣ ਨਾਲ ਆਪਣੀ ਗੱਲ ਰੱਖਣ ਤੇ ਸ਼ੋਸ਼ਲ ਮੀਡੀਆ ਨੂੰ ਹਥਿਆਰ ਬਣਾ ਕੇ ਫਿਰਕੂਵਾਦ ਫੈਲਾਉਣ ਵਾਲੇ ਅਜਿਹੇ ਲੋਕਾਂ ਨੂੰ ਕਾਨੂੰਨੀ ਦਾਇਰੇ ਅਨੁਸਾਰ ਜਿੱਥੇ ਬਣਦੀ ਸਜ਼ਾ ਮਿਲਣੀ ਲਾਜ਼ਮੀ ਹੈ, ਉਥੇ ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਹੋਣਾ ਵੀ ਜ਼ਰੂਰੀ ਹੈ। ਜਾਗਦੇ ਰਹਿਣਾ।

RELATED ARTICLES
POPULAR POSTS