ਪੁਸਤਕ ਰਿਵਿਊ
ਰਿਵਿਊ ਕਰਤਾ
ਡਾ. ਡੀ ਪੀ ਸਿੰਘ 416-859-1856
ਪੁਸਤਕ ਦਾ ਨਾਮ : ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ
ਲੇਖਕ : ਡਾ. ਜਸਬੀਰ ਸਿੰਘ ਸਰਨਾ
ਪ੍ਰਕਾਸ਼ਕ : ਸੰਤ ਐਂਡ ਸਿੰਘ ਪਬਲਿਸ਼ਰ,
ਜੰਮੂ-ਕਸ਼ਮੀਰ, ਇੰਡੀਆ ।
ਪ੍ਰਕਾਸ਼ ਸਾਲ : 2020,
ਕੀਮਤ : 150 ਰੁਪਏ ; ਪੰਨੇ: 48
ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਨਟਾਰੀਓ, ਕੈਨੇਡਾ ।
ਕਿਤਾਬ ”ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ” ਦੇ ਲੇਖਕ ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਨੇ ਡਾ. ਸਰਨਾ ਨੂੰ ਗੁਰੂ ਸਾਹਿਬਾਨ ਦੇ ਜੀਵਨ ਸੰਬੰਧਤ ਸਥਾਨਾਂ ਦੀ ਨਿਸ਼ਾਨਦੇਹੀ ਅਤੇ ਸਿੱਖ ਇਤਹਾਸ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀਨ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ। ਡਾ. ਜਸਬੀਰ ਸਿੰਘ ਸਰਨਾ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਾਹਿਤਕ ਤੇ ਗੁਰ-ਇਤਹਾਸ ਜਾਗਰੂਕਤਾ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।
”ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ” ਡਾ. ਜਸਬੀਰ ਸਿੰਘ ਸਰਨਾ ਦੀ ਵਿਭਿੰਨ ਧਾਰਮਿਕ ਸਥਾਨਾਂ ਦੀ ਯਾਤਰਾ ਬਾਰੇ ਕਿਤਾਬ ਹੈ। ਜਿਸ ਵਿਚ ਚਾਰ ਸਫ਼ਰਨਾਮੇ ਸ਼ਾਮਿਲ ਕੀਤੇ ਗਏ ਹਨ। ਲੇਖਕ, ਕਿਤਾਬ ਦਾ ਆਗਾਜ਼ ”ਦੀਦਾਰੀ ਹਰਫ਼” ਲੇਖ ਨਾਲ ਕਰਦਾ ਹੈ। ਜਿਸ ਵਿਚ ਉਸ ਨੇ ਆਪਣੇ ਪਿੰਡ ”ਭਟਪੁਰਾ” ਪਰਗਨਾ ਹਮਲ, ਬਾਰਮੂਲਾ ਤੇ ਆਪਣੇ ਪੁਰਖਿਆਂ ਦਾ ਬਿਰਤਾਂਤ ਸਾਂਝਾ ਕੀਤਾ ਹੈ। ਆਪਣੇ ਪੁਰਖਿਆਂ ਦਾ ਇਤਿਹਾਸ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਅਤੇ ”ਸਾਸਨ” ਬਿਰਾਦਰੀ ਨਾਲ ਜੋੜਦਾ ਨਜ਼ਰ ਆਉਂਦਾ ਹੈ। ਇਸੇ ਰਚਨਾ ਵਿਚ ਉਸ ਨੇ ਸਾਸਨਾਂ ਦੇ ਇਤਹਾਸਿਕ ਪਿਛੋਕੜ ਦੀ ਦਾਸਤਾਂ ਦਾ ਵਿਸਥਾਰ ਵੀ ਦਿੱਤਾ ਹੈ। ਪਿੰਡ ਟਾਂਡਾ ਵਿਖੇ ਉਸ ਦੇ ਬਚਪਨ ਦੀਆਂ ਘਟਨਾਵਾਂ ਦਾ ਸੰਖੇਪ ਜ਼ਿਕਰ ਵੀ ਇਸੇ ਲੇਖ ਵਿਚ ਅੰਕਿਤ ਹੈ।
ਇਹ ਕਿਤਾਬ ਦਾ ਮੁੱਖ ਲੇਖ ਹੈ ”ਮੇਰਾ ਪਾਕਿਸਤਾਨ ਦਾ ਸਫ਼ਰਨਾਮਾ”, ਜਿਸ ਵਿਚ ਲੇਖਕ ਨੇ 21-30 ਨਵੰਬਰ 2018 ਦੌਰਾਨ ਪਾਕਿਸਤਾਨ ਵਿਖੇ ਮੌਜੂਦ ਵਿਭਿੰਨ ਗੁਰਧਾਮਾਂ ਤੇ ਇਤਹਾਸਿਕ ਸਥਾਨਾਂ ਦੀ ਕੀਤੀ ਯਾਤਰਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਵਿਭਿੰਨ ਗੁਰਧਾਮਾਂ ਦੇ ਦਰਸ਼ਨ ਦੀਦਾਰਿਆਂ ਦੀ ਗੱਲ ਕਰਦਾ ਹੋਇਆ ਲੇਖਕ, ਹਰ ਗੁਰਦੁਆਰੇ ਨਾਲ ਜੁੜੀਆਂ ਸਾਖੀਆਂ ਦਾ ਵਰਨਣ ਵੀ ਨਾਲੋਂ ਨਾਲ ਕਰਦਾ ਜਾਂਦਾ ਹੈ। ਅਜੋਕੇ ਸਮੇਂ ਵਿਚ ਇਨ੍ਹਾਂ ਗੁਰਧਾਮਾਂ ਦੇ ਮੌਜੁਦਾ ਹਾਲਾਤਾਂ, ਸਾਂਭ-ਸੰਭਾਲ, ਤੇ ਸਮੇਂ ਸਮੇਂ ਕੀਤੇ ਜਾਂਦੇ ਜੋੜ-ਮੇਲਿਆਂ ਦਾ ਜ਼ਿਕਰ ਵੀ ਮੌਜੂਦ ਹੈ। ਪਾਕਿਸਤਾਨੀ ਅਧਿਕਾਰੀਆਂ ਵਲੋਂ ਸਿੱਖ ਜੱਥੇ ਨਾਲ ਬਾਸਲੂਕ ਵਿਵਹਾਰ ਦੇ ਨਾਲ ਨਾਲ ਪਾਕਿਸਤਾਨ ਦੇ ਆਮ ਲੋਕਾਂ ਵਲੋਂ ਸਿੱਖ ਸੰਗਤਾਂ ਨਾਲ ਪਿਆਰ ਭਰੇ ਵਰਤਾਓ ਦਾ ਬਿਰਤਾਂਤ ਵੀ ਹੈ। ਸਿੱਖ ਰਾਜ ਅਤੇ ਸਿੱਖ ਇਤਹਾਸ ਨਾਲ ਸੰਬੰਧਤ ਅਨੇਕ ਸਥਾਨਾਂ ਤੇ ਉਨ੍ਹਾਂ ਦੀ ਮੌਜੂਦਾ ਹਾਲਾਤ ਦਾ ਜ਼ਿਕਰ ਵੀ ਵਿਸੇ ਲੇਖ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਸਫ਼ਰਨਾਮਾ ਪੜ੍ਹ ਕਿ ਪਾਠਕ ਸਹਿਜੇ ਹੀ ਬਹੁਤ ਦੁਖ਼ਦ ਅਹਿਸਾਸ ਨਾਲ ਭਰ ਜਾਂਦਾ ਹੈ ਕਿ ਦੇਸ਼ ਦੀ ਵੰਡ ਸਮੇਂ ਅਸੀਂ ਸਿੱਖ ਵਿਰਾਸਤ ਦਾ ਵੱਡਾ ਹਿੱਸਾ ਪਾਕਿਸਤਾਨ ਵਿਖੇ ਹੀ ਛੱਡ ਆਏ ਹਾਂ। ੲਸ ਕਿਤਾਬ ਦਾ ਦੂਜਾ ਲੇਖ ”ਨੀਲਮ ਦਰਿਆ ਦੇ ਆਰ ਪਾਰ” ਲੇਖਕ ਦੀ ਨੀਲਮ ਦਰਿਆ ਦੇ ਚੋਗਿਰਦੇ ਵਿਚ ਫੈਲੀ ਵਾਦੀ ਦੀ ਖੂਬਸੂਰਤ ਗੋਦ ਵਿਚ ਵਸੇ ਪਿੰਡ ਕੈਰਨ ਦੀ ਯਾਤਰਾ ਦਾ ਵਰਨਣ ਕਰਦਾ ਹੈ। ਇਹ ਰਚਨਾ ਪਹਾੜੀ ਵਾਦੀ ਦੇ ਉੱਚੇ ਨੀਵੇਂ ਰਸਤਿਆਂ ਦੇ ਨਾਲ ਨਾਲ ਬਦਲਦੇ ਕੁਦਰਤੀ ਨਜ਼ਾਰਿਆਂ ਦਾ ਜ਼ਿਕਰ ਕਰਦੀ ਹੈ। ਇਸੇ ਲੇਖ ਵਿਚ, ਨੀਲਮ ਵਾਦੀ ਦਾ ਮੁਕਾਮ ਸਰਹੱਦੀ ਇਲਾਕਾ ਹੋਣ ਕਾਰਣ ਭਾਰਤੀ ਫੌਜ਼ ਦੀ ਮੂਸਤੈਦੀ ਦਾ ਵਰਨਣ ਵੀ ਹੈ। ਇਸੇ ਰਚਨਾ ਵਿਚ ਲੇਖਕ ਨੇ ਨੀਲਮ ਵਾਦੀ ਦੀ ਸੱਭਿਅਤਾ ਤੇ ਸਭਿਆਚਾਰ ਦੇ ਦਰਸ਼ਨ ਦੀਦਾਰੇ ਵੀ ਕਰਵਾਏ ਹਨ।
”ਸਫ਼ਰਨਾਮਾ-ਏ-ਪਟਨਾ ਸਾਹਿਬ” ਲੇਖ, ਲੇਖਕ ਵਲੋਂ ਦਸੰਬਰ 2017- ਜਨਵਰੀ 2018 ਦੌਰਾਨ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਦੇ ਦਰਸ਼ਨ ਕਰਨ ਲਈ ਕੀਤੀ ਯਾਤਰਾ ਦਾ ਬ੍ਰਿਤਾਂਤ ਕਰਦਾ ਹੈ। ਜੰਮੂ ਤੋਂ ਪਟਨਾ ਸਾਹਿਬ ਤਕ ਦੀ ਰੇਲ ਯਾਤਰਾ ਦੌਰਾਨ,ਅਲੱਗ ਅਲੱਗ ਰਾਜਾਂ ਤੇ ਸ਼ਹਿਰਾਂ ਵਿਚੋਂ ਲੰਘਦਿਆਂ ਲੇਖਕ ਪ੍ਰਮੁੱਖ ਸ਼ਹਿਰਾਂ ਦਾ ਇਤਹਾਸਿਕ ਪਿਛੋਕੜ ਵੀ ਖੰਘੋਲ ਜਾਂਦਾ ਹੈ। ਲੇਖਕ, ਯਾਤਰਾ ਦੌਰਾਨ ਮਿਲੇ ਅਨੇਕ ਸੰਗੀ-ਸਾਥੀ ਯਾਤਰੀਆਂ ਦੇ ਸੁਭਾਆਂ, ਮੇਲ-ਜੋਲ, ਰਹਿਣੀ ਬਹਿਣੀ ਤੇ ਵਿਚਾਰ-ਧਾਰਾਵਾਂ ਦਾ ਵਰਨਣ ਵੀ ਸਹਿਜ ਰੂਪ ਵਿਚ ਕਰ ਜਾਂਦਾ ਹੈ। ਅਜੋਕੇ ਬਿਹਾਰ ਸੂਬੇ ਦੀ ਰਾਜਧਾਨੀ ਪਟਨਾ ਸਾਹਿਬ ਵਿਖੇ ਮੌਜੂਦ ਅਨੇਕ ਗੁਰਧਾਮਾਂ ਦੇ ਇਤਹਾਸਿਕ ਪਿਛੋਕੜ੍ਹ ਤੇ ਮੌਜੂਦਾ ਸਥਿਤੀ ਦੀ ਤਫ਼ਸੀਲ ਵੀ ਇਸੇ ਲੇਖ ਵਿਚ ਮੌਜੂਦ ਹੈ। ਇਥੇ ਮੌਜੂਦ ਸਿੱਖ ਅਜਾਇਬ ਘਰ ਵਿਖੇ ਗੁਰੂ ਸਾਹਿਬਾਨ ਸੰਬੰਧਤ ਮੌਜੂਦ ਦੁਰਲੱਭ ਵਸਤਾਂ ਦਾ ਵਰਨਣ ਤਾਂ ਹੈ ਹੀ ਪਰ ਇਨ੍ਹਾਂ ਦੀ ਨੁਮਾਇਸ਼ ਵਿਚ ਸਲੀਕੇ ਦੀ ਘਾਟ ਲੇਖਕ ਨੂੰ ਚੁੱਭਦੀ ਹੈ।
ਇਸ ਕਿਤਾਬ ਦਾ ਆਖ਼ਰੀ ਲੇਖ ਹੈ ”ਹਜ਼ੂਰ ਸਾਹਿਬ ਨਾਂਦੇੜ ਦੀ ਯਾਤਰਾ” ਜੋ ਲੇਖਕ ਨੇ ਜਨਵਰੀ 2018 ਦੇ ਪਹਿਲੇ ਹਫ਼ਤੇ ਸੰਪਨ ਕੀਤੀ। ਇਸ ਰਚਨਾ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਤਖ਼ਤ ਸ੍ਰੀ ਨਾਂਦੇੜ ਸਾਹਿਬ ਦੀ ਰੇਲ ਯਾਤਰਾ ਦਾ ਰੌਚਕਮਈ ਜ਼ਿਕਰ ਹੈ। ਇਸ ਯਾਤਰਾ ਦੌਰਾਨ ਰੇਲ ਮਾਰਗ ਵਿਚ ਪੈਂਦੇ ਸ਼ਹਿਰਾਂ ਬਾਰੇ ਇਤਹਾਸਿਕ ਤੱਥਾਂ ਦਾ ਬ੍ਰਿਤਾਂਤ ਦਿੱਤਾ ਗਿਆ ਹੈ। ਤਖ਼ਤ ਸ੍ਰੀ ਨਾਂਦੇੜ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਸਥਿਤ ਗੁਰਧਾਮਾਂ, ਸੰਬੰਧਤ ਗੁਰ-ਸਾਖੀਆਂ ਅਤੇ ਪ੍ਰਸਿੱਧ ਗੁਰਸਿੱਖਾਂ ਦੇ ਯਾਦਗਾਰੀ ਸਥਾਨਾਂ ਦੇ ਇਤਹਾਸਿਕ ਪਿਛੋਕੜ ਦਾ ਸੰਖੇਪ ਵਰਨਣ ਵੀ ਇਸੇ ਰਚਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸੇ ਰਚਨਾ ਦੇ ਅੰਤਲੇ ਹਿੱਸੇ ਵਿਚ ਦਿੱਲੀ ਦੇ ਇਤਹਾਸਿਕ ਗੁਰਦੁਆਰਿਆਂ ਦੀ ਯਾਤਰਾ ਦਾ ਸੰਖੇਪ ਬ੍ਰਿਤਾਂਤ ਵੀ ਮੌਜੂਦ ਹੈ। ਕਿਤਾਬ ”ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ” ਵਿਚ ਲੇਖਕ ਨੇ ਸਿੱਖ ਧਰਮ ਨਾਲ ਸੰਬੰਧਤ ਅਨੇਕ ਗੁਰਧਾਮਾਂ ਦੇ ਇਤਿਹਾਸਕ ਪੱਖਾਂ ਨੂੰ ਬੜੇ ਰੌਚਿਕ ਢੰਗ ਨਾਲ ਬਿਆਨ ਕਰਦੇ ਹੋਏ ਬਹੁਤ ਹੀ ਅਹਿਮ ਤੱਥ ਪੇਸ਼ ਕੀਤੇ ਹਨ। ਇਸ ਲੇਖ ਲੜੀ ਵਿਚ ਲੇਖਕ ਨੇ ਗੁਰ ਇਤਹਾਸ, ਸਿੱਖ ਇਤਹਾਸ ਅਤੇ ਗੁਰਧਾਮਾਂ ਦੇ ਮੌਜੂਦਾ ਹਾਲਾਤਾਂ ਦੇ ਵਿਭਿੰਨ ਪੱਖਾਂ ਬਾਰੇ ਤੱਥ ਅਧਾਰਿਤ ਮਹੱਤਵਪੂਰਣ ਜਾਣਕਾਰੀ ਮੁਹਈਆ ਕਰਵਾਈ ਹੈ। ਲੈਖਕ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ।
ਡਾ. ਸਰਨਾ ਇਕ ਖੇਤੀਬਾੜੀ ਮਾਹਿਰ ਹੋਣ ਦੇ ਨਾਲ ਨਾਲ ਧਾਰਮਿਕ ਤੇ ਇਤਹਾਸਿਕ ਖੋਜ ਲਈ ਤਤਪਰ ਸਖ਼ਸੀਅਤ ਅਤੇ ਸਾਹਿਤਕ ਲੇਖਣ ਕਾਰਜਾਂ ਵਿਚ ਨਿਰੰਤਰ ਕਾਰਜ਼ਸ਼ੀਲ ਹੋਣ ਕਾਰਣ ਅਨੁਸਰਣਯੋਗ ਮਾਡਲ ਹਨ। ਉਨ੍ਹਾਂ ਦੀ ਇਹ ਰਚਨਾ ਸਿੱਖ ਗੁਰਧਾਮਾਂ ਬਾਰੇ ਜਾਣਕਾਰੀ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਡਾ. ਸਰਨਾ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ”ਸਫ਼ਰਨਾਮਾ-ਏ-ਪਾਕਿਸਤਾਨ ਅਤੇ ਹੋਰ ”ਇਕ ਅਜਿਹੀ ਕਿਤਾਬ ਹੈ ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ ਮਹਾਨ ਗੁਰੂ ਸਾਹਿਬਾਨ ਦੇ ਯਾਦਗਾਰੀ ਗੁਰਧਾਮਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਗੁਰੂ ਸਾਹਿਬ ਦੇ ਜੀਵਨ ਤੇ ਚਲਣ ਤੋਂ ਸਹੀ ਸੇਧ ਪ੍ਰਾਪਤ ਕਰਦੇ ਹੋਏ ਆਪਣਾ ਜੀਵਨ ਸਫ਼ਲ ਕਰ ਸਕਣ।
…………….
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ।ਈਮੇਲ: [email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …