Breaking News
Home / ਨਜ਼ਰੀਆ / ਸੁਖਬੀਰ ਸਿੱਧੂ ਦਾ ਦੁਖਦਾਈ ਵਿਛੋੜਾ

ਸੁਖਬੀਰ ਸਿੱਧੂ ਦਾ ਦੁਖਦਾਈ ਵਿਛੋੜਾ

ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਤੇ ਗੜ੍ਹਕਵੀਂ ਆਵਾਜ਼ ਦੇ ਮਾਲਕ ਸਨ ਸੁਖਬੀਰ ਸਿੱਧੂ
ਤਕਰੀਬਨ ਦੋ ਦਹਾਕੇ, 1320 ਏ ਐਮ ਰੇਡੀਓ ਤੇ ਦੁਪਿਹਰ 3 ਤੋਂ 4 ਵਜੇ ਤੱਕ ਆਪਣੀ ਗੜ੍ਹਕਵੀਂ ਆਵਾਜ਼ ਵਿਚ ਪੰਜਾਬੀ, ਖਾਸ ਕਰ ਬਠਿੰਡੇ ਦੇ ਆਸ ਪਾਸ ਦੀ ਪੇਂਡੂ ਬੋਲੀ ਵਿਚ, ਯਾਹੂ ਪ੍ਰੋਗਰਾਮ ਲੈ ਕੇ ਆਉਂਦੇ ਰਹੇ, ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ, ਨਿਰਵਿਵਾਦ ਸਖਸ਼ੀਅਤ ਦੇ ਮਾਲਕ, ਸੁਖਬੀਰ ਸਿੱਧੂ 66 ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਮਿਹਨਤ ਕਰਕੇ ਕੱਢੀਆਂ, ਸਮੇਂ ਨਾਲ ਢੁੱਕਵੀਆਂ ਟੂਕਾਂ ਨਾਲ ਪ੍ਰੋਗਰਾਮ ਸ਼ੁਰੂ ਕਰਨ ਦਾ ਉਨ੍ਹਾਂ ਦਾ ਆਪਣਾ ਅੰਦਾਜ਼ ਸੀ। ਜਿਸ ਕਿਸੇ ਬਿਜ਼ਨਸ ਦੀ ਵੀ ਮਸ਼ਹੂਰੀ ਕਰਦੇ, ਦਿਲੋਂ ਕਰਦੇ ਤੇ ਉਸ ਦੀਆਂ ਖੂਬੀਆਂ ਜੋ ਆਪ ਜਾ ਕੇ ਵੇਖੀਆਂ ਹੁੰਦੀਆਂ, ਉਨ੍ਹਾਂ ‘ਤੇ ਜ਼ੋਰ ਦਿੰਦੇ, ਜਿਸ ਕਾਰਨ ਜੋ ਬਿਜ਼ਨਸ ਇੱਕ ਵਾਰ ਉਨ੍ਹਾਂ ਦੇ ਪ੍ਰੋਗਰਾਮ ਨਾਲ ਜੁੜ ਜਾਂਦਾ, ਲੰਬੇ ਸਮੇ ਤੱਕ ਸਾਥ ਨਾ ਛੱਡਦਾ। ਮਸ਼ਹੂਰੀ ਨੂੰ ਰੌਚਿਕ ਬਣਾਉਣ ਲਈ, ਲੈਅ ਬੱਧ ਸ਼ਬਦ ਜੋੜ, ਚਲਦੀ ਗੱਲ ਨੂੰ ਸੁਣਨ ਲਈ ਮਜ਼ਬੂਰ ਕਰ ਦਿੰਦਾ। ”ਕੜਿਲਾਂ ਦੇ ਕੜਿਲ ਕੱਢ ਦਿੰਦੈ, ਖੁੰਡੀ ਲੈ ਕੇ ਜਾਓਗੇ, ਵਾਪਿਸ ਭੰਗੜਾ ਪਾਉਂਦੇ ਆਓਗੇ”, ”ਗਰਾਜ ਕਾਲਾ ਨਹੀਂ ਕਰਦੇ, ਸਾਰਾ ਸਮਾਨ ਟਰਾਲੇ ‘ઑਚ ਲੱਦ ਕੇ ਲਿਆਉਣਗੇ, ਖਾਣਾ ਬਣਾਉਣਗੇ”, ”ਖਾਣਾ ਖਾਓਗੇ, ਉਗਲੀਆਂ ਚਟਦੇ ਰਹਿ ਜਾਓਗੇ” ਵਰਗੇ ਬੋਲ ਸਰੋਤਿਆਂ ਨੂੰ ਮਸ਼ਹੂਰੀਆਂ ਵੇਲੇ ਵੀ ਚੈਨਲ ਬਦਲਣ ਤੋਂ ਰੋਕੀ ਰੱਖਦੇ। ਪ੍ਰੋਗਰਾਮ ਨੂੰ ਜਾਣਕਾਰੀ ਭਰਪੂਰ ਬਣਾਉਣ ਲਈ, ਉਹ ਇੱਕ ਜਾਂ ਦੋ ਹੋਰ ਵਿਅੱਕਤੀਆਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ। ਤਕਰੀਬਨ ਅੱਠ ਸਾਲ, ਅੰਕਲ ਦੁੱਗਲ (ਜੈਕਾਰ ਲਾਲ ਦੁੱਗਲ) ਅਪਣੀਆਂ ਨਿੱਕੀਆਂ ਤੇ ਤਿੱਖੀਆਂ ਖਬਰਾਂ ਸਾਂਝੀਆਂ ਕਰਦੇ ਰਹੇ। ਫਿਰ ਡਾ. ਬਲਜਿੰਦਰ ਸੇਖੋਂ ਆਪਣੇ ਵੱਲੋਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ-ਨਾਲ ਸਾਇੰਸ ਨਾਲ ਸਬੰਧਿਤ ਖਬਰਾਂ ਲੈ ਕੇ ਆਉਣ ਲੱਗ ਪਏ। ਡਾ. ਸੇਖੋਂ ਅਤੇ ਸੁਖਬੀਰ ਅਕਸਰ ਇਸ ਪ੍ਰੋਗਰਾਮ ਵਿਚ ਖਬਰਾਂ ਬਾਰੇ ਟੀਕਾ ਟਿਪਣੀ ਕਰਦੇ, ਜੋ ਸਰੋਤਿਆਂ ਨੂੰ ਖਾਸ ਕਰਕੇ ਪਸੰਦ ਆਉਂਦੀ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਕਈ ਪੁਰਾਣੇ ਸਰੋਤਿਆਂ ਦਾ ਕਹਿਣਾ ਸੀ ਕਿ ਇਹ ਗੱਲਾਂ ਉਨ੍ਹਾਂ ਨੂੰ ਅਪਣਾ ਵਤਨ ਯਾਦ ਕਰਵਾ ਦਿੰਦੀਆਂ ઑਤੇ ਇਉਂ ਲਗਦਾ ਜਿਵੇਂ ਘਰ ਦੀ ਬੈਠਕ ਵਿਚ ਬੈਠੇ ਇੱਕ ਦੂਜੇ ਨਾਲ ਗੱਲਬਾਤ ਕਰ ਤੇ ਸੁਣ ਰਹੇ ਹੋਣ। ਇਨ੍ਹਾਂ ਖੂਬੀਆਂ ਨੇ ਉਨ੍ਹਾਂ ਦਾ ਪ੍ਰੋਗਰਾਮ ਪੰਜਾਬੀ ਲੋਕਾਂ ਵਿਚ ਹਰਮਨ ਪਿਆਰਾ ਬਣਾ ਦਿੱਤਾ।
ਸੁਖਬੀਰ ਸਿੱਧੂ, ਬਠਿੰਡੇ ਦੇ ਨੇੜਲੇ ਪਿੰਡ ਚੱਕ ਫਤਿਹ ਸਿੰਘ ਵਿਚ 1954 ਵਿਚ ਜਨਮੇ। ਉਨ੍ਹਾਂ ਦੇ ਪਿਤਾ ਮਲਕੀਅਤ ਸਿੰਘ ਅਪਣੇ ਇਲਾਕੇ ਦੀ ਨਾਮਵਰ ਸਖਸ਼ੀਅਤ ਸਨ। ਸੁਖਬੀਰ ਦੇ ਪਿਤਾ ਅਤੇ ਚਾਚਿਆਂ ਨੇ ਮਿਹਨਤ ਕਰਕੇ ਅਪਣੇ ਸਮੇਂ ਜੱਦੀ ਜ਼ਮੀਨ ਦੇ ਨਾਲ ਹੋਰ ਜ਼ਮੀਨ ਖਰੀਦ ਕੇ ਘਰ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਸੁਖਬੀਰ ਨੇ ਅਪਣੀ ਕਾਲਜ ਦੀ ਪੜ੍ਹਾਈ, ਰਾਜਿੰਦਰਾ ਕਾਲਜ ਬਠਿੰਡਾ ਵਿਚ ਪੂਰੀ ਕੀਤੀ ਅਤੇ 1986 ਵਿਚ ਕੈਨੇਡਾ ਆ ਗਏ। ਇਥੇ ਆਕੇ ਉਨ੍ਹਾਂ ਟੈਕਸੀ, ਰੀਅਲ ਅਸਟੇਟ ਵਗੈਰਾ ਦਾ ਕੰਮ ਕੀਤਾ ਅਤੇ ਆਖਿਰ ઑਪੰਜਾਬ ਦੀ ਗੂੰਜ਼ ਦੇ ਪ੍ਰੋਡਿਊਸਰ ਤੇ ਹੋਸਟ ਕੁਲਦੀਪ ਦੀਪਕ ਦੀ ਰਾਇ ਨਾਲ ਰੇਡੀਓ ਪ੍ਰੋਗਰਾਮ ਲੈ ਲਿਆ, ਯਾਹੂ ਦੇ ਨਾਂ ਤੇ ਇਸ ਨੂੰ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੜੀ ਕਾਮਯਾਬੀ ਨਾਲ ਇਸ ਨੂੰ ਚਲਾਉਂਦੇ ਰਹੇ। 1320 ਏ ਐਮ ਦੇ ਸਾਰੇ ਹੋਸਟ ਉਨ੍ਹਾਂ ਨੂੰ ਇੱਕ ਮਿਲਣਸਾਰ ਦੋਸਤ ਦੇ ਤੌਰ ‘ਤੇ ਯਾਦ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ 12 ਜੂਨ ਦਾ ਦਿਨ ਮਨਹੂਸ ਬਣ ਕੇ ਆਇਆ ਜਦ ਉਨ੍ਹਾਂ ਦੇ ਦਿਹਾਂਤ ਦੀ ਦੁਖਦਾਈ ਖਬਰ ਪਤਾ ਲੱਗੀ। ਉਹ ਅਪਣੇ ਪਿੱਛੇ ਆਪਣਾ ਪਰਿਵਾਰ ਛੱਡ ਕੇ ਗਏ ਹਨ, ਜਿਸ ਵਿਚ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ, ਪੁਤਰ ਰਾਜੂ ਤੇ ਕੇਵਨ ਅਤੇ ਲੜਕੀ ਸ਼ੀਨਾ ਸ਼ਾਮਿਲ ਹਨ।
-ਡਾ. ਬਲਜਿੰਦਰ ਸੇਖੋਂ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …