ਸੁਨੀਲ ਜਾਖੜ ਦੀ ਜਿੱਤ
ਮੋਦੀ ਦੀਆਂ ਨੀਤੀਆਂ ਹਾਰੀਆਂ ਜਾਂ ਲੰਗਾਹ ਤੇ ਸਲਾਰੀਆ ਦੀਆਂ ਚਰਚਿਤ ਕਰਤੂਤਾਂ ਹਾਰ ਦਾ ਕਾਰਨ
1 ਲੱਖ 93 ਹਜ਼ਾਰ 219 ਵੋਟਾਂ ਨਾਲ
ਜਿੱਤੇ ਕਾਂਗਰਸੀ ਉਮੀਦਵਾਰ
ਚੰਡੀਗੜ੍ਹ/ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਆਪਣੇ ਪਿੱਛੇ ਕਈ ਸਵਾਲ ਛੱਡ ਗਏ ਹਨ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ 2 ਲੱਖ ਦੇ ਕਰੀਬ ਵੋਟਾਂ ਦੇ ਫਰਕ ਨਾਲ ਹੋਈ ਜਿੱਤ ਸਵਾਲ ਪੈਦਾ ਕਰਦੀ ਹੈ ਕਿ ਕੀ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਖੁਸ਼ ਹਨ ਜਾਂ ਨੋਟਬੰਦੀ, ਜੀਐਸਟੀ ਤੇ ਅਸਹਿਣਸ਼ੀਲਤਾ ਵਰਗੇ ਮੁੱਦਿਆਂ ਦੇ ਚਲਦਿਆਂ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਲੋਕ ਅੱਕ ਗਏ ਹਨ ਜਾਂ ਫਿਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਤੇ ਸਲਾਰੀਆ ਦੀਆਂ ਚਰਚਿਤ ਤਸਵੀਰਾਂ ਹਾਰ ਦਾ ਕਾਰਨ ਹਨ। ਇਸ ਦੇ ਨਾਲ-ਨਾਲ ਚਿੰਤਾ ਵਾਲੀ ਗੱਲ ਇਹ ਵੀ ਹੈ ਕੀ ਲੋਕਾਂ ਇਸ ਵੋਟਤੰਤਰ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ ਜਾਂ ਜ਼ਿਮਨੀ ਚੋਣ ਦੇ ਚਲਦਿਆਂ ਵੋਟਰਾਂ ਨੇ ਇਸ ਵਿਚ ਜ਼ਿਆਦਾ ਰੁਚੀ ਨਹੀਂ ਵਿਖਾਈ। ਕਿਉਂਕਿ 15 ਲੱਖ ਦੇ ਕਰੀਬ ਵੋਟਰਾਂ ਵਿਚੋਂ ਸਿਰਫ਼ 8 ਕੁ ਲੱਖ ਵੋਟਰ ਹੀ ਭੁਗਤਿਆ, 7 ਲੱਖ ਤੋਂ ਵੱਧ ਲੋਕ ਵੋਟ ਪਾਉਣ ਹੀ ਨਹੀਂ ਆਏ। ਫਿਰ ਵੀ ਸੁਨੀਲ ਜਾਖੜ ਦੀ ਵੱਡੀ ਜਿੱਤ ਨੇ ਇਹ ਤਾਂ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਸੂਬੇ ਵਿਚ ਨਵੀਂ ਬਣੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਉਮੀਦਾਂ ਕਾਇਮ ਹਨ ਪਰ ਨਤੀਜੇ ਇਹ ਵੀ ਸਾਬਤ ਕਰ ਗਏ ਕਿ 2019 ਨਰਿੰਦਰ ਮੋਦੀ ਲਈ ਆਸਾਨ ਨਹੀਂ ਹੋਵੇਗਾ ਕਿਉਂਕਿ ਜੇਕਰ ਸੱਤਾ ਦੀ ਹੀ ਗੱਲ ਹੋਵੇ ਤਾਂ ਗੁਰਦਾਸਪੁਰ ਚੋਣ ਦੋ ਸੱਤਾਧਾਰੀਆਂ ਵਿਚਾਲੇ ਮੁਕਾਬਲਾ ਸੀ। ਇਕ ਧਿਰ ਉਹ ਜਿਸ ਦੀ ਕੇਂਦਰ ਵਿਚ ਸਰਕਾਰ ਹੈ ਤੇ ਇਕ ਧਿਰ ਉਹ ਜਿਸ ਦੀ ਸੂਬੇ ਵਿਚ ਸਰਕਾਰ ਹੈ। ਇਸ ਲਈ ਚੋਣ ਹਾਰਨ ਵਾਲੇ ਨੂੰ ਸੋਚਣਾ ਹੋਵੇਗਾ ਕਿ ਇਹ ਰੁੱਸੇ ਲੋਕ ਕਿਤੇ 2019 ਵਿਚ ਵੀ ਸੱਤਾ ਨਾ ਪਲਟ ਦੇਣ, ਫਿਲਹਾਲ ਗੁਰਦਾਸਪੁਰ ਚੋਣ ਨਤੀਜਾ ਕਈ ਸਵਾਲ ਛੱਡ ਗਿਆ ਹੈ।
ਆਮ ਆਦਮੀ ਪਾਰਟੀ ਦਾ ਪੰਜਾਬ ‘ਚ ਭਵਿੱਖ ਧੁੰਦਲਾ !
ਛੇ ਕੁ ਮਹੀਨੇ ਪਹਿਲਾਂ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਪਨਾ ਲੈ ਕੇ ਵੱਡੀ ਚਰਚਾ ਵਿਚ ਰਹਿਣ ਵਾਲੀ ਆਮ ਆਦਮੀ ਪਾਰਟੀ ਇਸ ਸਮੇਂ ਪੂਰੀ ਤਰ੍ਹਾਂ ਪੰਜਾਬ ਦੇ ਨਕਸ਼ੇ ਤੋਂ ਗਾਇਬ ਹੁੰਦੀ ਨਜ਼ਰ ਆ ਰਹੀ ਹੈ। ਗੁਰਦਾਸਪੁਰ ਹਲਕੇ ਵਿਚ ‘ਆਪ’ ਉਮੀਦਵਾਰ ਸੁਰੇਸ਼ ਖਜ਼ੂਰੀਆ ਦੀ ਜ਼ਮਾਨਤ ਹੀ ਜ਼ਬਤ ਨਹੀਂ ਹੋਈ ਬਲਕਿ ਵੋਟਾਂ ਵੀ 23 ਕੁ ਹਜ਼ਾਰ ਹੀ ਨਿਕਲੀਆਂ। ਕੁੱਲ 56 ਫੀਸਦੀ ਪਈਆਂ ਵੋਟਾਂ ਵਿਚੋਂ ਇਕ-ਦੋ ਬੂੰਦ ਹੀ ਆਮ ਆਦਮੀ ਪਾਰਟੀ ਨੂੰ ਨਸੀਬ ਹੋਈ। ਵੱਡਾ ਮਸਲਾ ਇਹ ਸੀ ਕਿ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਜਿੱਥੇ ਖਜ਼ੂਰੀਆ ਦੇ ਨਾਲ ਖੜ੍ਹੇ ਉਥੇ ਨਾ ਤਾਂ ਵਾਈਸ ਪ੍ਰਧਾਨ ਅਮਨ ਅਰੋੜਾ, ਨਾ ਹੀ ਐਚ ਐਸ ਫੂਲਕਾ ਤੇ ਕੰਵਰ ਸੰਧੂ ਆਦਿ ਵਰਗੇ ਲੀਡਰ ਕਿਤੇ ਨਜ਼ਰ ਆਏ। ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਵੀ ਹੁਣ ਪੰਜਾਬ ਟੀਮ ਨੂੰ ਸ਼ਾਇਦ ਲਾਵਾਰਿਸ ਛੱਡ ਦਿੱਤਾ ਹੈ। ਫਿਲਹਾਲ ਗੁਰਦਾਸਪੁਰ ਹਲਕੇ ਵਿਚ ਚਰਚਾਵਾਂ ਗਰਮ ਹਨ ਕਿ ਆਮ ਆਦਮੀ ਪਾਰਟੀ ਨੇ ਚੋਣ ‘ਤੇ ਖਰਚਾ ਲੱਖਾਂ ‘ਚ ਕੀਤਾ ਤੇ ਵੋਟਾਂ ਹਜ਼ਾਰਾਂ ‘ਚ ਹੀ ਮਿਲੀਆਂ।