Breaking News
Home / ਹਫ਼ਤਾਵਾਰੀ ਫੇਰੀ / ’84 ਸਿੱਖ ਕਤਲੇਆਮ ‘ਚ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ

’84 ਸਿੱਖ ਕਤਲੇਆਮ ‘ਚ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਪਟਿਆਲਾ ਹਾਊਸ ਅਦਾਲਤ ਦਾ ਫੈਸਲਾ : 1984 ‘ਚ ਦਿੱਲੀ ਸਿੱਖ ਕਤਲੇਆਮ ਦੌਰਾਨ ਦੋ ਸਿੱਖਾਂ ਦੇ ਕਾਤਲਾਂ ‘ਚੋਂ ਇਕ ਨੂੰ ਫਾਂਸੀ ਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਮਾਮਲਿਆਂ ਵਿਚ ਪਟਿਆਲਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ। ਇਸੇ ਮਾਮਲੇ ਵਿਚ ਦੂਜੇ ਦੋਸ਼ੀ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਪਟਿਆਲਾ ਹਾਊਸ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪੀੜਤ ਪੱਖ ਨੇ ਇਸ ਫੈਸਲੇ ‘ਤੇ ਤਸੱਲੀ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਦੂਜੇ ਦੋਸ਼ੀਆਂ ਨੂੰ ਵੀ ਸਜ਼ਾ ਮਿਲੇਗੀ।
ਇਸ ਤੋਂ ਪਹਿਲਾਂ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਗਠਿਤ ਐਸਆਈਟੀ ਨੇ ਲੰਘੇ ਵੀਰਵਾਰ ਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਏ ਗਏ ਦੋ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਇਹ ਅਪਰਾਧ ਇਕ ਭਾਈਚਾਰੇ ਖਿਲਾਫ ‘ਨਸਲਕੁਸ਼ੀ’ ਦਾ ਹਿੱਸਾ ਸੀ। ਧਿਆਨ ਰਹੇ ਕਿ ਦੱਖਣੀ ਦਿੱਲੀ ਦੇ ਮਹਿਪਾਲਪੁਰ ਵਿਚ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੀ ਹੱਤਿਆ ਲਈ ਨਰੇਸ਼ ਸ਼ਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਠਹਰਾਇਆ ਸੀ। ਸਾਲ 2015 ਵਿਚ ਗਠਿਤ ਐਸਆਈਟੀ ਵਲੋਂ ਦੁਬਾਰਾ ਖੋਲ੍ਹੇ ਗਏ ਮਾਮਲਿਆਂ ਵਿਚ ਕਿਸੇ ਨੂੰ ਦੋਸ਼ੀ ਠਹਿਰਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ। ਹਾਲਾਂਕਿ ਦਿੱਲੀ ਪੁਲਿਸ ਨੇ 1994 ਵਿਚ ਇਹ ਮਾਮਲਾ ਬੰਦ ਕਰ ਦਿੱਤਾ ਸੀ। ਪਰ ਕਤਲੇਆਮ ਦੀ ਜਾਂਚ ਲਈ ਗਠਿਤ ਐਸਆਈਟੀ ਨੇ ਮਾਮਲੇ ਨੂੰ ਦੁਬਾਰਾ ਖੋਲ੍ਹਿਆ ਸੀ।
ਅਦਾਲਤ ਦੀ ਕਾਰਵਾਈ ਦੌਰਾਨ ਐਸਆਈਟੀ ਵਲੋਂ ਪੇਸ਼ ਹੋਏ ਸਰਕਾਰੀ ਵਕੀਲ ਸੁਰਿੰਦਰ ਮੋਹਿਤ ਸਿੰਘ ਨੇ ਕਿਹਾ ਕਿ ਇਹ 25 ਸਾਲਾ ਦੋ ਨਿਰਦੋਸ਼ ਵਿਅਕਤੀਆਂ ਦੀ ਨਿਰਦਈ ਢੰਗ ਨਾਲ ਕੀਤੀ ਗਈ ਹੱਤਿਆ ਸੀ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਯੋਜਨਾਬੰਦ ਢੰਗ ਨਾਲ ਕੀਤੀ ਗਈ ਹੱਤਿਆ ਸੀ ਕਿਉਂਕਿ ਦੋਸ਼ੀ ਮਿੱਟੀ ਦਾ ਤੇਲ ਅਤੇ ਹਾਕੀ ਆਦਿ ਨਾਲ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਇਕਮਾਤਰ ਮਾਮਲਾ ਨਹੀਂ ਸੀ ਅਤੇ ਕਰੀਬ 3 ਹਜ਼ਾਰ ਵਿਅਕਤੀਆਂ ਨੂੰ ਮਾਰਿਆ ਗਿਆ। ਸੁਰਿੰਦਰ ਮੋਹਿਤ ਸਿੰਘ ਨੇ ਕਿਹਾ ਕਿ ਇਹ ਨਸਲਕੁਸ਼ੀ ਸੀ ਅਤੇ ਇਨ੍ਹਾਂ ਘਟਨਾਵਾਂ ਦਾ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਪ੍ਰਭਾਵ ਪਿਆ ਅਤੇ ਨਿਆਂ ਮਿਲਣ ਵਿਚ 34 ਸਾਲ ਦਾ ਸਮਾਂ ਲੱਗ ਗਿਆ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …