ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਸੁਲਾਹ ਸਫਾਈ ਦੇ ਸਾਰੇ ਰਸਤੇ ਬੰਦ ਹੁੰਦੇ ਨਜ਼ਰ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੈਬਨਿਟ ਵਿਚ ਖਾਲੀ ਹੋਏ ਅਹੁਦੇ ਨੂੰ ਭਰਨ ਦੀ ਤਿਆਰੀ ਕਰ ਲਈ ਹੈ। ਇਸ ਥਾਂ ਨੂੰ ਭਰਨ ਲਈ ਜਿੱਥੇ ਸਭ ਤੋਂ ਵੱਡਾ ਨਾਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਅਤੇ ਹਲਕਾ ਆਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੇ ਪੀ ਸਿੰਘ ਦਾ ਚੱਲ ਰਿਹਾ ਹੈ, ਉਥੇ ਹੀ ਰਾਣਾ ਕੇ ਪੀ ਨੂੰ ਮੰਤਰੀ ਬਣਾਉਣ ਤੋਂ ਬਾਅਦ ਸਪੀਕਰ ਕਿਸ ਨੂੰ ਬਣਾਉਣਾ ਇਸ ਨੂੰ ਲੈ ਕੇ ਵੀ ਦੁਬਿਧਾ ਹੈ। ਇਸ ਲਈ ਨਾਲੋ-ਨਾਲ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਕੈਬਨਿਟ ਮੰਤਰੀ ਬਣਨ ਦੀ ਦੌੜ ਵਿਚ ਇਕ ਵਾਰ ਫਿਰ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੂਤਰਾਂ ਅਨੁਸਾਰ ਇਸ ਅਹੁਦੇ ਨੂੰ ਭਰਨ ਦਾ ਇਕ ਕਾਰਨ ਵੱਖ-ਵੱਖ ਵਿਧਾਇਕਾਂ ਵਲੋਂ ਅਪਣਾਏ ਜਾ ਰਹੇ ਬਗਾਵਤੀ ਸੁਰ ਵੀ ਹਨ।
ਸਰਕਾਰ ਦੇ ਸਿਰਫ ਦੋ ਸਾਲ ਬਚੇ ਹਨ, ਅਜਿਹੇ ਵਿਚ ਤਮਾਮ ਵਿਧਾਇਕਾਂ ਦੀ ਨਜ਼ਰ ਇਸ ਖਾਲੀ ਪਏ ਅਹੁਦੇ ‘ਤੇ ਹੈ। ਮੰਤਰੀ ਬਣਨ ਦੀ ਦੌੜ ਵਿਚ ਸਪੀਕਰ ਰਾਣਾ ਕੇ.ਪੀ. ਸਿੰਘ ਤੇ ਰਾਣਾ ਗੁਰਜੀਤ ਜਿੱਥੇ ਸ਼ਾਮਲ ਹਨ, ਉਥੇ ਹੀ ਹਲਕਾ ਫਤਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਵੀ ਇਸ ਦੌੜ ਵਿਚ ਸ਼ਾਮਲ ਹੋਣ ਦੇ ਚਰਚੇ ਹਨ। ਉਹ ਰਾਹੁਲ ਗਾਂਧੀ ਦੇ ਕਰੀਬੀ ਆਗੂਆਂ ਵਿਚੋਂ ਇਕ ਮੰਨੇ ਜਾਂਦੇ ਹਨ। ਧਿਆਨ ਰਹੇ ਕਿ ਨਵਜੋਤ ਸਿੱਧੂ ਨੇ ਜੁਲਾਈ ਵਿਚ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਰਾਣਾ ਨੂੰ ਘੁਟਾਲੇ ਦੇ ਆਰੋਪ ਵਿਚ ਦੇਣਾ ਪਿਆ ਸੀ ਅਸਤੀਫਾ
ਰਾਣਾ ਗੁਰਜੀਤ ਮਾਰਚ 2017 ਵਿਚ ਬਣੀ ਕੈਬਨਿਟ ਦਾ ਹਿੱਸਾ ਸਨ। ਉਨ੍ਹਾਂ ਨੇ ਪਿਛਲੇ ਸਾਲ ਜਨਵਰੀ ਵਿਚ ਪੰਜ ਕਰੋੜ ਰੁਪਏ ਦੇ ਰੇਤ ਘੁਟਾਲੇ ਵਿਚ ਫਸਣ ਦੇ ਚੱਲਦਿਆਂ ਅਸਤੀਫਾ ਦੇ ਦਿੱਤਾ ਸੀ। ਜਾਂਚ ਵਿਚ ਕਲੀਨ ਚਿੱਟ ਮਿਲਣ ਨਾਲ ਰਾਣਾ ਗੁਰਜੀਤ ਫਿਰ ਤੋਂ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਹੋ ਗਏ ਸਨ, ਪਰ ਉਸ ਸਮੇਂ ਕੋਈ ਸੀਟ ਖਾਲੀ ਨਹੀਂ ਸੀ।
Check Also
ਟਰੂਡੋ ਸਰਕਾਰ ਦੇ ਮੰਤਰੀ ਚੋਣਾਂ ਲੜਨ ਤੋਂ ਕਿਨਾਰਾ ਕਰਨ ਲੱਗੇ
ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਮੁੜ ਅਧਿਆਪਨ ਕਿੱਤੇ ਨਾਲ ਜੁੜਨ ਦੀ ਇੱਛਾ ਜਤਾਈ ਓਟਵਾ/ਬਿਊਰੋ ਨਿਊਜ਼ …