ਸੁਪਰੀਮ ਕੋਰਟ ਨੇ ਇਸ ਘਟਨਾ ਨੇ ਮੰਦਭਾਗਾ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀਪੁਰ ਵਿਚ ਭੀੜ ਵਲੋਂ ਦੋ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਸੜਕ ‘ਤੇ ਘੁਮਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਘਟਨਾ ਲੰਘੀ 4 ਮਈ ਨੂੰ ਰਾਜਧਾਨੀ ਇੰਫਾਲ ਤੋਂ ਕਰੀਬ 35 ਕਿਲੋਮੀਟਰ ਦੂਰ ਕਾਂਗਪੋਕਪੀ ਜ਼ਿਲ੍ਹੇ ਵਿਚ ਹੋਈ। ਇਸਦਾ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਘਟਨਾ ਦੇ ਵਿਰੋਧ ਵਿਚ ਮਨੀਪੁਰ ਦੇ ਚੂੜਾਚਾਂਦਪੁਰ ਵਿਚ ਰੋਸ ਪ੍ਰਦਰਸ਼ਨ ਵੀ ਸ਼ੁਰੂ ਗਿਆ ਹੈ। ਹਜ਼ਾਰਾਂ ਵਿਅਕਤੀ ਕਾਲੇ ਕੱਪੜੇ ਪਹਿਨ ਕੇ ਇਕੱਠੇ ਹੋ ਗਏ ਅਤੇ ਆਰੋਪੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਮੁੱਖ ਮਤਰੀ ਬੀਰੇਨ ਸਿੰਘ ਨੇ ਕਿਹਾ ਕਿ ਸਾਈਬਲ ਸੈਲ ਨੂੰ ਵੀਡੀਓ ਵੈਰੀਫਾਈ ਕਰਨ ਲਈ ਕਿਹਾ ਗਿਆ ਹੈ। ਸਰਕਾਰ ਅਪਰਾਧੀਆਂ ਲਈ ਸਖਤ ਸਜ਼ਾ ‘ਤੇ ਵਿਚਾਰ ਕਰ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕ ਅਰੋਪੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਮਨੀਪੁਰ ਵਿਚ ਮਹਿਲਾਵਾਂ ਨਾਲ ਹੋਈ ਅਸ਼ਲੀਲ ਹਰਕਤ ਸੰਬੰਧੀ ਭਾਰਤ ਦੇ ਮਾਨਯੋਗ ਮੁੱਖ ਜੱਜ ਡੀ.ਵਾਈ. ਚੰਦਰਚੂੜ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਪ੍ਰਦਾਇਕ ਝਗੜੇ ਦੇ ਖ਼ੇਤਰ ਵਿਚ ਮਹਿਲਾਵਾਂ ਦੀ ਵਰਤੋਂ ਕਰਨਾ ਬੇਹੱਦ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਜੋ ਵੀਡੀਓ ਸਾਹਮਣੇ ਆਏ ਹਨ ਉਹ ਸਾਨੂੰ ਪਰੇਸ਼ਾਨ ਕਰ ਰਹੇ ਹਨ। ਜੇਕਰ ਸਰਕਾਰ ਕਾਰਵਾਈ ਨਹੀਂ ਕਰੇਗੀ ਤਾਂ ਅਸੀਂ ਕਰਾਂਗੇ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਸਲ ਵਿਚ ਕਦਮ ਚੁੱਕੇ ਅਤੇ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਸੰਵਿਧਾਨਿਕ ਲੋਕਤੰਤਰ ਵਿਚ ਇਹ ਘਟਨਾ ਨਾ ਸਹਿਣਯੋਗ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਘਟਨਾ ਨੇ 140 ਕਰੋੜ ਭਾਰਤੀਆਂ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰੋਪੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰੋ। ਇਸੇ ਦੌਰਾਨ ਰਾਜ ਸਭਾ ਵਿਚ ਮਨੀਪੁਰ ਘਟਨਾ ਬਾਰੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਨੀਪੁਰ ਸੜ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਦੇ ਬਾਹਰ ਬਿਆਨ ਦੇ ਰਹੇ ਹਨ।
ਭਗਵੰਤ ਮਾਨ ਨੇ ਮਨੀਪੁਰ ਘਟਨਾ ਦੀ ਕੀਤੀ ਨਿਖੇਧੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਪੁਰ ਵਿਚ ਦੋ ਮਹਿਲਾਵਾਂ ‘ਤੇ ਜਿਨਸੀ ਹਮਲੇ ਦੀ ਵਾਪਰੀ ਘਿਨੌਣੀ ਕਾਰਵਾਈ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਭਗਵੰਤ ਮਾਨ ਨੇ ਇਸ ਅਣਮਨੁੱਖੀ ਜੁਰਮ ਨੂੰ ਅੰਜਾਮ ਦੇਣ ਵਾਲਿਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਅਤੇ ਇਹ ਵਹਿਸ਼ੀ ਘਟਨਾ ਮੁਲਕ ਦੀ ਜ਼ਮੀਰ ‘ਤੇ ਵੱਡਾ ਕਲੰਕ ਹੈ। ਉਨ੍ਹਾਂ ਕਿਹਾ ਕਿ ਇ ਘਟਨਾ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਘਿਨੌਣਾ ਅਤੇ ਅਣਮਨੁੱਖੀ ਕਾਰਾ ਹੈ, ਜਿਸ ਕਾਰਨ ਅੱਜ ਹਰ ਦੇਸ਼ ਵਾਸੀ ਸ਼ਰਮ ਮਹਿਸੂਸ ਕਰ ਰਿਹਾ ਹੈ।