Breaking News
Home / ਹਫ਼ਤਾਵਾਰੀ ਫੇਰੀ / ਰੇਤ ਮਾਫੀਆ ਖਿਲਾਫ ਹਵਾ ‘ਚ ਕਾਰਵਾਈ

ਰੇਤ ਮਾਫੀਆ ਖਿਲਾਫ ਹਵਾ ‘ਚ ਕਾਰਵਾਈ

ਹਵਾਈ ਸਫ਼ਰ ਦੌਰਾਨ ਮੁੱਖ ਮੰਤਰੀ ਨੇ ਅੱਖੀਂ ਵੇਖੀ ਸਤਲੁਜ ‘ਚ ਹੁੰਦੀ ਨਾਜਾਇਜ਼ ਮਾਈਨਿੰਗ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਰਾਹੀਂ ਜਦੋਂ ਜੰਗ-ਏ-ਅਜ਼ਾਦੀ ਯਾਦਗਾਰ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਆ ਰਹੇ ਸਨ ਤਾਂ ਸਤਲੁਜ ਦਰਿਆ ਕੰਢੇ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਉਨ੍ਹਾਂ ਪਹਿਲੀ ਵਾਰ ਅੱਖੀਂ ਦੇਖਿਆ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਤੋਂ ਲੰਘਦਿਆਂ ਉਨ੍ਹਾਂ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਹੋਰ ਨੇੜਿਓਂ ਦੇਖਣ ਲਈ ਹੈਲੀਕਾਪਟਰ ਨੂੰ ਹੇਠਾਂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਸਤਲੁਜ ਦਰਿਆ ਦੇ ਕੰਢਿਆਂ ਦੁਆਲੇ ਲੱਗੀਆਂ ਕਰੇਨਾਂ, ਟਿੱਪਰ, ਜੇਸੀਬੀ ਮਸ਼ੀਨਾਂ ਤੇ ਟਰੈਕਟਰ ਟਰਾਲੀਆਂ ਦੇਖਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਇਸ ਵਿਰੁੱਧ ਤੁਰੰਤ ਕਾਰਵਾਈ ਕਰਨ। ਮੁੱਖ ਮੰਤਰੀ ਵੱਲੋਂ ਮਾਈਨਿੰਗ ਵਿਰੁੱਧ ਮਿਲੇ ਆਦੇਸ਼ਾਂ ਕਾਰਨ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਨਵਾਂਸ਼ਹਿਰ ਇਲਾਕੇ ਵਿੱਚੋਂ ਮੌਕੇ ‘ਤੇ ਹੀ 30 ਟਿੱਪਰ, 21 ਕਰੇਨਾਂ, 5 ਜੇਸੀਬੀ ਮਸ਼ੀਨਾਂ, ਇਕ ਟਰੈਕਟਰ ਟਰਾਲੀ ਜ਼ਬਤ ਕਰ ਲਏ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਆਉਂਦਿਆਂ ਹੋਇਆਂ ਜੋ ਮਾਈਨਿੰਗ ਦਾ ਨਜ਼ਾਰਾ ਅਸਮਾਨ ਵਿਚੋਂ ਤੱਕਿਆ ਉਸ ਦੀਆਂ ਤਸਵੀਰਾਂ ਉਨ੍ਹਾਂ ਟਵਿਟਰ ‘ਤੇ ਸਾਂਝੀਆਂ ਕੀਤੀਆਂ, ਜਿਸ ਨਾਲ ਅਧਿਕਾਰੀਆਂ ਤੇ ਮਾਈਨਿੰਗ ਅਫਸਰਾਂ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਮਾਈਨਿੰਗ ਕਰਨ ਵਾਲੇ ਕੌਣ ਬੰਦੇ ਸਨ ਤੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ। ਮਾਈਨਿੰਗ ਵਿੱਚ ਆ ਰਹੀਆਂ ਖਾਮੀਆਂ ਨੂੰ ਵੀ ਦੂਰ ਕਰਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੂੰ ਤੁਰੰਤ ਠੀਕ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਲੰਘੀ 28 ਫਰਵਰੀ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਈਨਿੰਗ ‘ਤੇ ਕੰਟਰੋਲ ਕਰਨ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਦੀ ਮੀਟਿੰਗ ਸੱਦ ਕੇ ਹਦਾਇਤਾਂ ਕੀਤੀਆਂ ਸਨ ਕਿ ਉਹ ਇਸ ਨੂੰ ਕੰਟਰੋਲ ਕਰਨ।
ਖੰਨਾ ਤੇ ਨਵਾਂਸ਼ਹਿਰ ਵਿਚ ਰੇਤ ਮਾਫ਼ੀਆ ਖ਼ਿਲਾਫ਼ ਕਾਰਵਾਈ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਤੇ ਨਵਾਂਸ਼ਹਿਰ ਦੇ ਐੱਸਐੱਸਪੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿੱਚ ਵੱਖ-ਵੱਖ ਸਰਕਾਰੀ ਰੇਤ ਖੱਡਾਂ ਵਿਚ ਛਾਪੇ ਮਾਰੇ ਗਏ। ਜ਼ਿਲ੍ਹਾ ਨਵਾਂਸ਼ਹਿਰ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਚੱਲਦੀਆਂ ਸਰਕਾਰੀ ਰੇਤ ਖੱਡਾਂ ਮਲਕਪੁਰ, ਲੁਬਾਣਗੜ੍ਹ, ਬੈਰਸਾਲ, ਸਿਕੰਦਰਪੁਰ ਵਿਚ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ઠਰਹੀ ਸੀ ਜਿਸ ‘ਤੇ ਪੁਲਿਸ ਨੇ ਛਾਪਾ ਮਾਰ ਕੇ ਇਨ੍ਹਾਂ ਖੱਡਾਂ ਵਿਚੋਂ ਕਰੀਬ ਦੋ ਦਰਜਨ ਟਿੱਪਰ, 10 ਪੋਕਲੈਂਡ ਅਤੇ 3 ਜੇਸੀਬੀ ਮਸ਼ੀਨਾਂ ਜ਼ਬਤ ਕਰ ਲਈਆਂ ਹਨ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੋਟੇ ਕਾਰੋਬਾਰ ਦੇ 5 ਹਿੱਸੇਦਾਰ
ਲੀਡਰ : ਸੱਤਾਧਾਰੀ ਹੋਣ ਜਾਂ ਵਿਰੋਧੀ ਲੀਡਰ, ਗੈਰ ਕਾਨੂੰਨੀ ਮਾਈਨਿੰਗ ਕਾਰੋਬਾਰ ਨਾਲ ਸਾਰੇ ਜੁੜੇ ਹਨ। ਇਹ ਆਪਣੇ ਕਰਿੰਦਿਆਂ ਨੂੰ ਠੇਕੇ ਦਿਵਾਉਂਦੇ ਹਨ ਤੇ ਕਮਾਈ ਦਾ ਇਕ ਵੱਡਾ ਹਿੱਸਾ ਇਨ੍ਹਾਂ ਕੋਲ ਜਾਂਦਾ ਹੈ।
ਪ੍ਰਸ਼ਾਸਨ : ਖਣਨ ਵਿਭਾਗ ਦੇ ਅਫਸਰ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਰੱਖਦੇ ਹਨ। ਗੈਰ ਕਾਨੂੰਨੀ ਮਾਈਨਿੰਗ ਦੀ ਕਮਾਈ ਇਨ੍ਹਾਂ ਦੇ ਹਿੱਸੇ ਵੀ ਆਉਂਦੀ ਹੈ।
ਮਾਫੀਆ : ਸਥਾਨਕ ਮਾਫੀਆ ਦੀ ਗੈਰ ਕਾਨੂੰਨੀ ਮਾਈਨਿੰਗ ਵਾਲੇ ਖੇਤਰ ਵਿਚ ਪੱਤੀ ਲੱਗਦੀ ਹੈ। ਇਹ ਠੇਕੇਦਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ।
ਪੁਲਿਸ : ਬਿਨਾ ਪਰਚੀ ਤੇ ਰਜਿਸਟ੍ਰੇਸ਼ਨ ਦੇ ਚੱਲਣ ਵਾਲੇ ਟਿੱਪਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਚਲਦਾ ਕਰ ਦਿੰਦੇ ਹਨ। ਇਸ ਚੱਕਰ ‘ਚ ਵੱਡਾ ਹਿੱਸਾ ਵੱਡੇ ਅਫ਼ਸਰਾਂ ਤੱਕ ਪਹੁੰਚਦਾ ਹੈ।
ਠੇਕੇਦਾਰ : ਹੁਣ ਠੇਕੇਦਾਰ ਸਾਰੇ ਨਿਯਮ ਤੋੜ ਕੇ ਅੰਧਾ ਧੁੰਦ ਖਣਨ ਕਰਦਾ ਹੈ। ਆਪਣੇ ਸਾਰੇ ਖਰਚੇ ਕੱਢ ਕੇ ਦੋ ਤੋਂ ਤਿੰਨ ਗੁਣਾ ‘ਤੇ ਰੇਤ ਵੇਚ ਦਿੰਦਾ ਹੈ।
ਨਜਾਇਜ਼ ਖਣਨ ਅਜਿਹਾ ਮੁੱਦਾ, ਜਾ ਚੁੱਕੀ ਹੈ ਮੰਤਰੀ ਦੀ ਕੁਰਸੀ : ਪਿਛਲੇ ਸਾਲ ਜੂਨ ਵਿਚ ਅਲਾਟ ਹੋਈਆਂ ਖੱਡਾਂ ਵਿਚ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ‘ਤੇ ਆਪਣੇ ਮੁਲਾਜ਼ਮਾਂ ਦੇ ਨਾਮ ‘ਤੇ ਹੀ ਰੇਤ ਦੀਆਂ ਖੱਡਾਂ ਅਲਾਟ ਕਰਨ ਦੇ ਇਲਾਜ਼ਮ ਲੱਗੇ। ਰਾਣਾ ਨੂੰ ਅਸਤੀਫਾ ਦੇਣਾ ਪਿਆ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …