ਸੁਖਬੀਰ ਦੀ ਭੈਣ ਨੇ ਕਿਹਾ ਖੇਮਕਰਨ ਤੋਂ ਮੈਂ ਹੀ ਲੜਾਂਗੀ ਚੋਣ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵਿਚ ਤਰਨਤਰਨ ਜ਼ਿਲ੍ਹੇ ਦੀ ਖੇਮਕਰਨ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਨੂੰ ਲੈ ਕੇ ਉਠਿਆ ਵਿਵਾਦ ਵਧਦਾ ਹੀ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਖੇਮਕਰਨ ਸੀਟ ਤੋਂ ਪਾਰਟੀ ਉਮੀਦਵਾਰ ਐਲਾਨ ਕਰਨ ਤੋਂ ਬਾਅਦ ਹੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਉਨ੍ਹਾਂ ਦੀ ਪਤਨੀ ਅਤੇ ਸੁਖਬੀਰ ਦੀ ਵੱਡੀ ਭੈਣ ਪਰਨੀਤ ਕੌਰ ਅਤੇ ਕੈਰੋਂ ਨੇ ਉਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ 15 ਮਾਰਚ ਨੂੰ ਅਮਰਕੋਟ ਰੈਲੀ ਵਿਚ ਸੁਖਬੀਰ ਬਾਦਲ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਉਮੀਦਵਾਰ ਐਲਾਨਣ ਨੂੰ ਖਾਰਜ ਕਰਦਿਆਂ ਕਿਹਾ ਕਿ ਕੈਰੋਂ ਪਰਿਵਾਰ ਨੇ ਤੈਅ ਕੀਤਾ ਹੈ ਕਿ ਪਰਨੀਤ ਕੌਰ ਖੇਮਕਰਨ ਤੋਂ ਹੀ ਅਗਲੀ ਚੋਣ ਲੜੇਗੀ। ਸਿਆਸਤ ਵਿਚ ਕੈਰੋਂ ਪਰਿਵਾਰ ਦਾ ਫੈਸਲਾ ਪਹਿਲਾ ਅਤੇ ਆਖਰੀ ਹੁੰਦਾ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 4 ਸਥਿਤ ਆਪਣੀ ਕੋਠੀ ਵਿਚ ਖੁਦ ਬੀਬਾ ਪਰਨੀਤ ਕੌਰ ਕੈਰੋਂ ਨੇ ਵੀ ਖੇਮਕਰਨ ਤੋਂ ਆਏ ਆਪਣੇ ਸਮਰਥਕਾਂ ਨਾਲ ਬੈਠਕ ਕੀਤੀ। ਇਸ ਮੀਟਿੰਗ ਵਿਚ ਪਰਨੀਤ ਕੌਰ ਕੈਰੋਂ ਨੇ ਕਿਹਾ, ਮੈਨੂੰ ਖੇਮਕਰਨ ਹਲਕੇ ਤੋਂ ਪਾਰਟੀ ਦਾ ਟਿਕਟ ਖੁਦ ਮੇਰੇ ਪਿਤਾ ਅਤੇ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਨੇ ਕਾਫੀ ਸਮਾਂ ਪਹਿਲਾਂ ਹੀ ਦੇ ਦਿੱਤਾ ਸੀ। 2022 ਵਿਚ ਮੈਂ ਖੇਮਕਰਨ ਤੋਂ ਚੋਣ ਲੜਨ ਜਾ ਰਹੀ ਹਾਂ ਅਤੇ ਜਦ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਵੇਗਾ ਤਾਂ ਮੈਂ ਹੀ ਇਸ ਹਲਕੇ ਤੋਂ ਪਾਰਟੀ ਦੀ ਅਧਿਕਾਰਤ ਉਮੀਦਵਾਰ ਹੋਵਾਂਗੀ।
ਆਦੇਸ਼ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਕੈਰੋਂ ਪਰਿਵਾਰ ਚਟਾਨ ਵਾਂਗ ਖੇਮਕਰਨ ਇਲਾਕੇ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਅੱਗੇ ਤੋਂ ਵੀ ਖੜ੍ਹਾ ਰਹੇਗਾ। ਉੱਧਰ, ਬਿਕਰਮ ਸਿੰਘ ਮਜੀਠੀਆ ਇਸ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਅੰਮ੍ਰਿਤਸਰ ਵਿਚ ਪਹਿਲਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਲਾਹਕਾਰ ਗੁਰਮੁਖ ਸਿੰਘ ਨੂੰ ਨਹੀਂ ਜਾਣਨ ਦੀ ਗੱਲ ਕਰਨ ਤੋਂ ਤੁਰੰਤ ਬਾਅਦ ਗੱਲ ਨੂੰ ਸੰਭਾਲਦੇ ਹੋਏ ਮਜੀਠੀਆ ਨੇ ਕਿਹਾ ਕਿ ਪਰਨੀਤ ਕੌਰ ਕੈਰੋਂ ਸਾਡੇ ਸਤਿਕਾਰਯੋਗ ਭੈਣ ਜੀ ਹਨ। ਜ਼ਰੂਰਤ ਪੈਣ ‘ਤੇ ਅਸੀਂ ਉਨ੍ਹਾਂ ਨੂੰ ਮਜੀਠਾ ਤੋਂ ਵੀ ਚੋਣ ਲੜਾ ਸਕਦੇ ਹਾਂ। ਇਸ ਮੁੱਦੇ ‘ਤੇ ਮੀਡੀਆ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜ਼ਿਕਰਯੋਗ ਹੈ ਕਿ ਮਜੀਠਾ ਬਿਕਰਮ ਸਿੰਘ ਮਜੀਠੀਆ ਦਾ ਆਪਣਾ ਵਿਧਾਨ ਸਭਾ ਹਲਕਾ ਹੈ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਮਜੀਠੀਆ ਵਿਚ ਪੁਰਾਣੀ ਖਿੱਚੋਤਾਣ
ਪਰਕਾਸ਼ ਸਿੰਘ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਵਿਧਾਨ ਸਭਾ ਸੀਟ ਤੋਂ ਚੋਣ ਲੜਦੇ ਰਹੇ ਹਾਂ। 2017 ਦੀਆਂ ਚੋਣਾਂ ਵਿਚ ਉਹ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਕੋਲੋਂ ਹਾਰ ਗਏ ਸਨ। ਕੈਰੋਂ ਪਰਿਵਾਰ ਕਹਿੰਦਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠਆ ਅਤੇ ਵਿਰਸਾ ਸਿੰਘ ਵਲਟੋਹਾ ਨੇ ਮਿਲ ਕੇ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਦੇ 7-8 ਹਜ਼ਾਰ ਵੋਟ ਕਾਂਗਰਸ ਦੇ ਪੱਖ ਵਿਚ ਭੁਗਤਾਏ ਤਾਂਕਿ ਆਦੇਸ਼ ਪ੍ਰਤਾਪ ਹਾਰ ਜਾਵੇ। ਸਿਆਸੀ ਮਾਹਿਰਾਂ ਮੁਤਾਬਕ, ਮਜੀਠੀਆ-ਵਲਟੋਹਾ ਦੇ ਚੱਲਦਿਆਂ ਮਿਲੀ ਹਾਰ ਨੂੰ ਕੈਰੋਂ ਪਰਿਵਾਰ ਭੁੱਲਣ ਦੇ ਮੂਡ ਵਿਚ ਨਹੀਂ ਹੈ ਅਤੇ ਹੁਣ ਉਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਖੇਮਕਰਨ ‘ਤੇ ਦਾਅਵਾ ਠੋਕ ਦਿੱਤਾ ਹੈ।
ਮਜੀਠੀਆ ਦੇ ਆਉਣ ਨਾਲ ਮਾਝਾ ‘ਚ ਘਟ ਗਿਆ ਕੈਰੋਂ ਪਰਿਵਾਰ ਦਾ ਦਬਦਬਾ
ਕੈਰੋਂ ਪਰਿਵਾਰ ਵੀ ਸਿਆਸਤ ਵਿਚ ਨਵਾਂ ਨਹੀਂ ਹੈ। ਉਸਦੀ ਰਿਸ਼ਤੇਦਾਰੀ ਬੇਸ਼ੱਕ ਬਾਦਲ ਪਰਿਵਾਰ ਦੇ ਨਾਲ ਹੈ, ਪਰ ਪਿਛੋਕੜ ਕਾਂਗਰਸੀ ਹੈ। ਜਦ ਤੱਕ ਸ਼੍ਰੋਮਣੀ ਅਕਾਲੀ ਦਲ ‘ਤੇ ਪਰਕਾਸ਼ ਸਿੰਘ ਬਾਦਲ ਦਾ ਕੰਟਰੋਲ ਸੀ, ਤਦ ਤੱਕ ਮਾਝਾ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਪੂਰਾ ਦਬਦਬਾ ਸੀ। ਤਰਨਤਾਰਨ ਜ਼ਿਲ੍ਹੇ ਵਿਚ ਤਾਂ ਉਨ੍ਹਾਂ ਦੀ ਸਹਿਮਤੀ ਤੋਂ ਬਗੈਰ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਆਸੀ ਕੰਮ ਨਹੀਂ ਹੁੰਦਾ ਸੀ। ਸੁਖਬੀਰ ਬਾਦਲ ਦੇ ਡਿਪਟੀ ਸੀਐਮ ਬਣਨ ਤੋਂ ਬਾਅਦ ਉਨ੍ਹਾਂ ਦੇ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਮਤਭੇਦ ਜੱਗ ਜ਼ਾਹਰ ਹੋਣ ਲੱਗੇ। ਮਾਝਾ ਖੇਤਰ ਵਿਚ ਬਿਕਰਮ ਸਿੰਘ ਮਜੀਠੀਆ ਦੇ ਆਉਣ ਤੋਂ ਬਾਅਦ ਕੈਰੋਂ ਪਰਿਵਾਰ ਦਾ ਦਬਦਬਾ ਘਟਦਾ ਚਲਾ ਗਿਆ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …