ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਹਵਾਈ ਫੌਜ ਨੇ ਸਿੱਖ ਏਅਰਮੈਨ ਨੂੰ ਦਾੜ੍ਹੀ, ਦਸਤਾਰ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕੀ ਹਵਾਈ ਫੌਜ ਵਿਚ ਧਰਮ ਦੇ ਆਧਾਰ ‘ਤੇ ਅਜਿਹੀ ਛੋਟ ਦਾ ਇਹ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿਚ ਹਵਾਈ ਫੌਜ ‘ਚ ਸ਼ਾਮਲ ਹੋਇਆ ਸੀ ਪਰ ਫ਼ੌਜ ਦੀ ਸ਼ਾਖਾ ਵੱਲੋਂ ਡਰੈੱਸ ਕੋਡ ਨੂੰ ਲੈ ਕੇ ਬਣਾਏ ਗਏ ਨੇਮਾਂ ਕਾਰਨ ਉਹ ਆਪਣੇ ਧਰਮ ਦਾ ਪਾਲਣ ਨਹੀਂ ਕਰ ਪਾ ਰਿਹਾ ਸੀ। ਜਾਣਕਾਰੀ ਮੁਤਾਬਕ ਹਵਾਈ ਫੌਜ ਨੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵਫ਼ਦ ਦੀ ਨੁਮਾਇੰਦਗੀ ਮਗਰੋਂ ਉਨ੍ਹਾਂ ਨੂੰ ਇਹ ਛੋਟ ਦਿੱਤੀ। ਮੈਕਕੋਰਡ ਏਅਰ ਫੋਰਸ ਸਟੇਸ਼ਨ ਵਿਚ ਚਾਲਕ ਦਲ ਦੇ ਮੁਖੀ ਬਾਜਵਾ ਡਿਊਟੀ ‘ਤੇ ਹਾਜ਼ਰ ਰਹਿਣ ਵਾਲੇ ਅਜਿਹੇ ਪਹਿਲੇ ਹਵਾਈ ਸੈਨਿਕ ਬਣ ਗਏ ਹਨ ਜਿਨ੍ਹਾਂ ਨੂੰ ਹਵਾਈ ਫੌਜ ‘ਚ ਸੇਵਾਵਾਂ ਦਿੰਦਿਆਂ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲੀ ਹੈ। ਬਾਜਵਾ ਨੇ ਕਿਹਾ, ”ਮੈਨੂੰ ਜ਼ਿਆਦਾ ਖੁਸ਼ੀ ਹੈ ਕਿ ਹਵਾਈ ਫੌਜ ਨੇ ਮੈਨੂੰ ਧਰਮ ਦੇ ਪਾਲਣ ਦੀ ਇਜਾਜ਼ਤ ਦੇ ਦਿੱਤੀ।” ਉਨ੍ਹਾਂ ਕਿਹਾ ਕਿ ਇੰਜ ਜਾਪ ਰਿਹਾ ਹੈ ਕਿ ਮੇਰੇ ਮੁਲਕ (ਅਮਰੀਕਾ) ਨੇ ਸਿੱਖ ਵਿਰਸੇ ਨੂੰ ਅਪਣਾ ਲਿਆ ਹੈ ਅਤੇ ਉਹ ਅਜਿਹਾ ਮੌਕਾ ਦੇਣ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ। ਉਨ੍ਹਾਂ ਕਿਹਾ ਕਿ ਸਾਲ ਕੁ ਪਹਿਲਾਂ ਚਾਰਲਸਟਨ (ਦੱਖਣੀ ਕੈਰੋਲਿਨਾ) ਵਿਚ ਤਕਨੀਕੀ ਸਿਖਲਾਈ ਦੌਰਾਨ ਉਸ ਨੂੰ ਕਿਹਾ ਗਿਆ ਸੀ ਕਿ ਉਹ ਰਾਹਤ ਦੀ ਮੰਗ ਕਰ ਸਕਦਾ ਹੈ ਪਰ ਉਸ ਨੂੰ ਕਦੇ ਵੀ ਅਫ਼ਸਰਾਂ ਨੇ ਨਾਂਹ ਨਹੀਂ ਕਿਹਾ ਸੀ। ਬਾਜਵਾ ਦਾ ਜਨਮ ਭਾਰਤ ਤੋਂ ਪਰਵਾਸ ਕਰਕੇ ਅਮਰੀਕਾ ਗਏ ਪਰਿਵਾਰ ਵਿਚ ਹੋਇਆ ਹੈ। 2016 ‘ਚ ਕੈਪਟਨ ਸਿਮਰਤਪਾਲ ਸਿੰਘ ਨੂੰ ਅਮਰੀਕੀ ਥਲ ਫੌਜ ਵਿਚ ਲੰਬੇ ਕੇਸ, ਦਾੜ੍ਹੀ ਅਤੇ ਦਸਤਾਰ ਰੱਖਣ ਦੀ ਇਜਾਜ਼ਤ ਮਿਲੀ ਸੀ।
Home / ਹਫ਼ਤਾਵਾਰੀ ਫੇਰੀ / ਅਮਰੀਕੀ ਹਵਾਈ ਫੌਜ ਨੇ ਸਿੱਖ ਏਅਰਮੈਨ ਨੂੰ ਦਾੜ੍ਹੀ, ਦਸਤਾਰ ਤੇ ਲੰਬੇ ਕੇਸ ਰੱਖਣ ਦੀ ਦਿੱਤੀ ਇਜਾਜ਼ਤ
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …