Breaking News
Home / ਹਫ਼ਤਾਵਾਰੀ ਫੇਰੀ / ਬਿਜਨਸ ਅਦਾਰਿਆਂ ਦਾ ਤਿੰਨ ਮਹੀਨਿਆਂ ਦਾ ਰੈਂਟ ਫੈਡਰਲ ਸਰਕਾਰ ਕਵਰ ਕਰੇਗੀ

ਬਿਜਨਸ ਅਦਾਰਿਆਂ ਦਾ ਤਿੰਨ ਮਹੀਨਿਆਂ ਦਾ ਰੈਂਟ ਫੈਡਰਲ ਸਰਕਾਰ ਕਵਰ ਕਰੇਗੀ

ਟਰੂਡੋ ਦਾ ਐਲਾਨ ਐਮਰਜੈਂਸੀ ਸ਼ਰਤਾਂ ਵਿਚ ਢਿੱਲ ਦੇਣ ਦਾ ਅਜੇ ਕਈ ਹਫਤੇ ਇਰਾਦਾ ਨਹੀਂ
ਸਰਕਾਰੀ ਲੋਨ ਵਾਸਤੇ ਪੇਰੋਲ ਦੀ ਲਿਮਟ ਵੀ 20 ਹਜ਼ਾਰ ਡਾਲਰ ਤੱਕ ਘਟਾਈ
ਓਟਵਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਓਟਵਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੋ ਵੱਡੇ ਐਲਾਨ ਕੀਤੇ ਹਨ। 1. ਸਰਕਾਰੀ ਬੈਂਕਾਂ ਰਾਹੀਂ ਮਿਲਣ ਵਾਲੇ 40 ਹਜ਼ਾਰ ਡਾਲਰ ਦੇ ਸਰਕਾਰੀ ਲੋਨ ਲਈ ਲੋੜੀਂਦੀ 50 ਹਜ਼ਾਰ ਡਾਲਰ ਪੇਰੋਲ ਦੀ ਸ਼ਰਤ ਦੀ ਲਿਮਟ ਘਟਾ ਕੇ 20 ਹਜ਼ਾਰ ਡਾਲਰ ਕਰ ਦਿੱਤੀ ਗਈ ਹੈ ਤੇ ਉਪਰਲੀ ਲਿਮਟ ਵੀ 1 ਮਿਲੀਅਨ ਤੋਂ ਵਧਾ 1. 5 ਮਿਲੀਅਨ ਕਰ ਦਿੱਤੀ ਗਈ ਹੈ। 2. ਇਕ ਹੋਰ ਅਹਿਮ ਐਲਾਨ ਵਿਚ ਉਨ੍ਹਾਂ ਕਿਹਾ ਕਿ ਬਿਜਨਸ ਅਦਾਰਿਆਂ ਦਾ ਤਿੰਨ ਮਹੀਨੇ ਦਾ ਰੈਂਟ (ਅਪ੍ਰੈਲ, ਮਈ, ਜੂਨ) ਵੀ ਫੈਡਰਲ ਸਰਕਾਰ ਕਵਰ ਕਰੇਗੀ। ਇਸ ਬਾਰੇ ਸੂਬਾ ਸਰਕਾਰਾਂ ਨਾਲ ਗੱਲਬਾਤ ਕਰਕੇ ਸ਼ਰਤਾਂ ਤਹਿ ਕੀਤੀਆਂ ਜਾਣਗੀਆਂ। 3. ਇਕ ਹੋਰ ਅਹਿਮ ਐਲਾਨ ਰਾਹੀਂ ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਦੀ ਮਹੀਨਾਵਾਰ ਇਨਕਮ 1000 ਡਾਲਰ ਤੱਕ ਉਹ ਵੀ 2000 ਡਾਲਰ ਦੇ ਐਮਰਜੈਂਸੀ ਫੰਡ ਦੇ ਹੱਕਦਾਰ ਹੋਣਗੇ ਅਤੇ ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਦੀ ਈਆਈ (ਇੰਪਲਾਈਮੈਂਟ ਇੰਸ਼ੋਰੈਂਸ) ਕੁਝ ਮਹੀਨੇ ਪਹਿਲਾਂ ਖਤਮ ਹੋ ਗਈ ਸੀ। ਉਹ ਵੀ ਇਸ 2000 ਡਾਲਰ ਪ੍ਰਤੀ ਮਹੀਨਾ ਫੰਡ ਦੇ ਹੱਕਦਾਰ ਹੋਣਗੇ।
ਇਕ ਅਹਿਮ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਅਜੇ ਐਮਰਜੈਂਸੀ ਸ਼ਰਤਾਂ ਵਿਚ ਕੋਈ ਵੀ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਵਿਚ ਨਹੀਂ ਆ ਜਾਂਦੇ ਸਰਕਾਰ ਅਜਿਹੇ ਫੈਸਲੇ ਬਾਰੇ ਵਿਚਾਰ ਵੀ ਨਹੀਂ ਕਰ ਸਕਦੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਨਾਲ ਬਾਰਡਰ ਖੋਲ੍ਹਣ ਲਈ ਤਆਰ ਹਨ ਪ੍ਰੰਤੂ ਉਹ ਅਜਿਹਾ ਮਹਿਸੂਸ ਨਹੀਂ ਕਰਦੇ ਕਿਉਂਕਿ ਜਿੱਥੇ ਦੋਹਾਂ ਮੁਲਕਾਂ ਦੇ ਦਰਮਿਆਨ ਜ਼ਰੂਰੀ ਵਸਤਾਂ ਦੀ ਢੋਆ ਢੋਆਈ ਲਾਜ਼ਮੀ ਹੈ, ਉਥੇ ਬਾਰਡਰ ਨੂੰ ਪੂਰੀ ਤਰ੍ਹਾਂ ਖੋਲ੍ਹਣਾਂ ਦੋਵਾਂ ਮੁਲਕਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਰਾਸ਼ਟਰਪਤੀ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਂਦੇ ਫੰਡਾਂ ‘ਚ ਕਟੌਤੀ ਲਗਾਉਣ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਮੇਂ ਸੰਸਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਬਹੁਤ ਲੋੜ ਹੈ ਕਿਉਂਕਿ ਦੁਨੀਆ ਦੇ ਸਾਰੇ ਮੁਲਕ ਕਰੋਨਾ ਵਾਇਰਸ ਨਾਲ ਲੜਨ ਲਈ ਵੈਕਸੀਨ, ਦਵਾਈਆਂ ਅਤੇ ਹੋਰ ਖੋਜ ਉਪਰਾਲਿਆਂ ਲਈ ਵਿਸ਼ਵ ਸਿਹਤ ਸੰਗਠਨ ਨਾਲ ਹੀ ਤਾਲਮੇਲ ਕਰ ਰਹੇ ਹਨ। ਜੋ ਕਿ ਇਸ ਲੜਾਈ ਨਾਲ ਲੜਨ ਲਈ ਕੇਂਦਰ ਬਿੰਦੂ ਦਾ ਕੰਮ ਕਰ ਰਿਹਾ ਹੈ।

Check Also

ਇਕ ਨਵੇਂ ਸਰਵੇਖਣ ਅਨੁਸਾਰ

ਦੋ ਤਿਹਾਈ ਕੈਨੇਡੀਅਨਾਂ ਨੂੰ ਵਿਆਜ਼ ਦਰਾਂ ਵਿਚ ਕਟੌਤੀ ਦੀ ਹੈ ਜ਼ਰੂਰਤ ਕੈਲਗਰੀ/ਬਿਊਰੋ ਨਿਊਜ਼ : ਇੱਕ …