Breaking News
Home / ਮੁੱਖ ਲੇਖ / ਕਰੋਨਾ ਵਾਇਰਸ : ਕੈਨੇਡਾ ਦੀ ਧੜਕਦੀ ਜ਼ਿੰਦਗੀ ਨੂੰ ਲੱਗੀ ਬਰੇਕ

ਕਰੋਨਾ ਵਾਇਰਸ : ਕੈਨੇਡਾ ਦੀ ਧੜਕਦੀ ਜ਼ਿੰਦਗੀ ਨੂੰ ਲੱਗੀ ਬਰੇਕ

ਹਰਪ੍ਰੀਤ ਸੇਖਾ
ਕਰੀਲੀਆਂ ਸਰਦੀਆਂ ਤੋਂ ਬਾਅਦ ਕੈਨੇਡਾ ਵਿਚ ਈਸਟਰ ਵੀਕਐਂਡ ਪਹਿਲਾ ਲੌਂਗ ਵੀਕਐਂਡ ਹੁੰਦਾ ਹੈ। ਮੌਸਮ ਪੱਧਰਾ ਹੋ ਜਾਂਦਾ ਹੈ, ਖਾਸ ਕਰਕੇ ਵੈਨਕੂਵਰ ਇਲਾਕੇ ਵਿਚ। ਲੋਕ ਫੁੱਲ-ਬੂਟੇ ਲਿਆਉਣ ਲਈ ਨਰਸਰੀਆਂ ਵੱਲ ਭੱਜਦੇ ਹਨ। ਇਸ ਵਾਰ ਮੌਸਮ ਬਹੁਤ ਸੁਹਾਵਣਾ ਹੈ। ਕਰੋਨਾ ਵਾਇਰਸ ਕਾਰਨ ਅੰਦਰੀਂ ਤੜੇ ਲੋਕਾਂ ਵਿਚੋਂ ਬਹੁਤਿਆਂ ਨੇ ਸਰਕਾਰ ਦੀ ਤਾੜਨਾ ਦੇ ਬਾਵਜੂਦ ਸ਼ਹਿਰੋਂ ਬਾਹਰ ਜਾਣ ਦੇ ਪ੍ਰੋਗਰਾਮ ਬਣਾ ਲਏ। ਲਗਦਾ ਹੈ, ਜਿਵੇਂ ਇਸ ਹਫਤੇ ਹੀ ਸਾਰਿਆਂ ਨੇ ਗਰਮੀਆਂ ਵਾਸਤੇ ਬਣਾਈਆਂ ਆਪਣੀਆਂ ਕੈਬਿਨਾਂ ਦੀ ਦੇਖ-ਭਾਲ ਕਰਨ ਜਾਣਾ ਹੋਵੇ!
ਹਾਈਵੇ ਉੱਪਰ ਕਾਰਾਂ ਅਤੇ ਫੈਰੀ ਵਿਚ ਲੋਕਾਂ ਦੀ ਭੀੜ ਦੇਖ ਕੇ ਸਰਕਾਰ ਨੇ ਚਿਤਾਵਨੀ ਦਿੱਤੀ ਕਿ ਲੋਕਾਂ ਨੂੰ ਘਰੀਂ ਰੱਖਣ ਲਈ ਹੋਰ ਸਖਤ ਕਦਮ ਚੁੱਕਣੇ ਪੈਣਗੇ। ਗਲਿਆਨੋ ਵਰਗੇ ਛੋਟੇ ਟਾਪੂਆਂ ‘ਤੇ ਰਹਿੰਦੇ ਲੋਕਾਂ ਨੂੰ ਮੇਨਲੈਂਡ ਤੋਂ ਆਏ ਯਾਤਰੀਆਂ ਦੀ ਭਰਮਾਰ ਦੇਖ ਕੇ ਫਿਕਰ ਲੱਗ ਗਿਆ। ਇਕ ਹਜ਼ਾਰ ਦੇ ਕਰੀਬ ਵਸਨੀਕਾਂ ਵਾਲੇ ਟਾਪੂ ਵਿਚ ਸਿਰਫ ਇੱਕ ਨਰਸ ਪ੍ਰੈਟੀਸ਼ਨਰ ਅਤੇ ਇਕ ਡਾਕਟਰ ਹੈ; ਕੋਈ ਵੈਂਟੀਲੇਟਰ ਨਹੀਂ, ਸੰਕਟ ਦੇ ਸਮੇਂ ਏਅਰ ਐਂਬੂਲੈਂਸ ਰਾਹੀਂ ਦੂਰ ਕਿਸੇ ਹਸਪਤਾਲ ਲਿਜਾਇਆ ਜਾਂਦਾ ਹੈ। ਉਹ ਕਹਿੰਦੀ ਹੈ ਕਿ ਸਾਡਾ ਟਾਪੂ ਹੋਰਾਂ ਲਈ ਵਿਰਾਮਘਰ ਜਾਂ ਪਨਾਹਗਾਹ ਨਹੀਂ ਹੈ। ਜਦੋਂ ਸਮਾਂ ਆਇਆ, ਪ੍ਰਾਹੁਣਿਆਂ ਦਾ ਮੁੜ ਤੋਂ ਸਵਾਗਤ ਹੋਣ ਲੱਗੇਗਾ ਪਰ ਹੁਣ ਰਹਿਮ ਕੀਤਾ ਜਾਵੇ।
ਇਸ ਵੀਕਐਂਡ ਤੇ ਵੈਨਕੂਵਰ ਵਿਚ ਵਿਸਾਖੀ ਮਨਾਈ ਜਾਣੀ ਸੀ ਪਰ ਨਗਰ ਕੀਰਤਨ ਦਾ ਪ੍ਰੋਗਰਾਮ ਮਹੀਨਾ ਪਹਿਲਾਂ ਹੀ ਰੱਦ ਹੋ ਗਿਆ। ਇਸੇ ਤਰ੍ਹਾਂ ਹੀ ਰਮਜ਼ਾਨ ਤੇ ਈਸਟਰ ਦੇ ਜਨਤਕ ਸਮਾਗਮ ਰੱਦ ਹੋ ਗਏ। ਈਸਟਰ ਮੌਕੇ ਕੋਵਿਡ-19 ਨੂੰ ਧਿਆਨ ਵਿਚ ਰੱਖ ਕੇ ਦੁਨੀਆਂ ਦੇ ਹੋਰ ਹਿੱਸਿਆ ਵਾਂਗ ਵੈਨਕੂਵਰ ਦੀਆਂ ਕੈਥੋਲਿਕ ਚਰਚਾਂ ਦੇ ਪਾਦਰੀਆਂ ਨੇ ਵੀ ਗੁਨਾਹਾਂ ਦੇ ਇਕਬਾਲ ਲਈ ‘ਡਰਾਈਵ ਥਰੂ’ ਸੇਵਾਵਾਂ ਪੇਸ਼ ਕੀਤੀਆਂ। ਵੈਨਕੂਵਰ ਦੀ ਮੇਨ ਸਟਰੀਟ ਤੇ ਸੇਂਟ ਪੈਟਰਿਕਜ਼ ਰੋਮਨ ਕੈਥੋਲਿਕ ਚਰਚ ਦੇ ਮੁੱਖ ਪਾਦਰੀ ਨੇ ਗੁਨਾਹ ਸੁਣਨ ਲਈ ਦੋ ਹੋਰ ਪਾਦਰੀਆਂ ਨਾਲ ਰਲ਼ ਕੇ ਚਰਚ ਦੀ ਪਾਰਕਿੰਗ ਲਾਟ ਦੇ ਵਿਚਕਾਰ ਦੋ ਸਟੇਸ਼ਨ ਸੈੱਟ ਕਰ ਲਏ। ਗੁਨਾਹਾਂ ਦਾ ਇਕਬਾਲ ਕਰਨ ਵਾਲਿਆਂ ਦੀ ਲਾਈਨ ਮੈਕਡੋਨਲਡ ਰੈਸਟੋਰੈਂਟ ਦੇ ਡਰਾਈਵ ਥਰੂ ਨਾਲੋਂ ਵੀ ਲੰਮੀ ਸੀ।
ਪਿਛਲੇ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਏਡਰੀਅਨ ਡਿਕਸ ਨੇ ਸਿੱਖ ਬਲੱਡ ਡਰਾਈਵ ਸੰਸਥਾ ਦੇ ਵਲੰਟੀਅਰਾਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਅਤੇ ਸੂਬੇ ਦੇ ਪ੍ਰੀਮੀਅਰ ਜੌਨ ਹੌਰਗਨ ਦੇ ਸੱਦੇ ‘ਤੇ ਖੂਨ ਦਾਨ ਕੀਤਾ। ਮੰਤਰੀਆਂ ਅਤੇ ਸਿਹਤ ਅਫਸਰਾਂ ਨਾਲ ਪੱਤਰਕਾਰਾਂ ਦੇ ਰੋਜ਼ਾਨਾ ਸਨਮੁੱਖ ਹੁੰਦੇ ਸਾਈਨ ਲੈਂਗੂਏਜ਼ ਇੰਟਰਪਰੈਟਰ ਲੋਕਾਂ ਲਈ ਜਾਣੇ-ਪਛਾਣੇ ਚਿਹਰੇ ਬਣ ਗਏ। ਸਿਹਤ ਅਫਸਰ ਡਾ. ਬੋਨੀ ਹੈਨਰੀ ਨਾਲ ਆਉਣ ਵਾਲਾ ਸਾਈਨ ਲੈਂਗੂਏਜ਼ ਇੰਟਰਪਰੈਟਰ ਨਿਜਲ ਹੋਵਰਡ ਆਪਣੇ ਭਾਵਪੂਰਤ ਸਟਾਈਲ ਕਾਰਨ ਹਰਮਨਪਿਆਰਾ ਹੋ ਗਿਆ। ਫੇਸਬੁੱਕ ‘ਤੇ ਉਸ ਦੇ ਫੈਨ ਕਲੱਬ ਨੇ ਉਸ ਨੂੰ ‘ਸਾਈਨ ਲੈਂਗੂਏਜ਼ ਹੀਰੋ’ ਦਾ ਖਿਤਾਬ ਦਿੱਤਾ। ਅਲਬਰਟਾ ਸੂਬੇ ਦੀ ਸਿਹਤ ਅਫਸਰ ਡਾ. ਡੀਨਾ ਹਿਨਸ਼ਾਅ ਭਿਆਨਕ ਖਬਰ ਨੂੰ ਵੀ ਸ਼ਾਂਤੀ ਤੇ ਭਰੋਸੇ ਨਾਲ ਕਹਿਣ ਦੀ ਸਮਰੱਥਾ ਰੱਖਣ ਕਾਰਨ ਹਰਮਨਪਿਆਰੀ ਹੋ ਗਈ। ਸੂਬੇ ਵਿਚ ਮਹਾਂਮਾਰੀ ਦੀ ਹਾਲਤ ਦੱਸਣ ਲਈ ਉਸ ਦੀ ਥਾਂ ਸੂਬੇ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਸੰਬੋਧਨ ਕੀਤਾ। ਝੱਟ ਹੀ ਲੋਕ ਸੋਸ਼ਲ ਮੀਡੀਏ ਉੱਪਰ ਡਾ. ਡੀਨਾ ਨੂੰ ਵਾਪਸ ਲਿਆਉਣ ਦੀ ਮੰਗ ਰੱਖਣ ਲੱਗੇ। ਉਨ੍ਹਾਂ ਦਾ ਵਿਚਾਰ ਸੀ ਕਿ ਉਹ ਮਹਾਂਮਾਰੀ ਦੀ ਹਾਲਤ ਨੂੰ ਕਿਸੇ ਰਾਜਨੀਤੀਵਾਨ ਨਾਲੋਂ ਸਿਰੇ ਦੇ ਡਾਕਟਰ ਤੋਂ ਜਾਣਨ ਨੂੰ ਜ਼ਿਆਦਾ ਭਰੋਸੇਯਗ ਮੰਨਦੇ ਹਨ।ਇਨ੍ਹਾਂ ਦਿਨਾਂ ਵਿਚ ਘਰੇਲੂ ਹਿੰਸਾ ਵਿਚ ਵਾਧਾ ਹੋਣ ਦੀਆਂ ਖ਼ਬਰਾਂ ਹਨ। ਵੈਨਕੂਵਰ ਵਿਚ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਸਹਾਇਤਾ ਵਾਲੀ ਫੋਨ ਲਾਈਨ ਉੱਪਰ ਪਿਛਲੇ ਤਿੰਨ ਹਫ਼ਤਿਆਂ ਦੌਰਾਨ 300% ਵਾਧਾ ਹੋਇਆ ਹੈ। ਇਕ ਸਰਵੇਖਣ ਅਨੁਸਾਰ ਇਸ ਮਹਾਮਾਰੀ ਦੌਰਾਨ 54% ਕੈਨੇਡੀਅਨ ਇਕੱਲੇ ਇਕੱਲੇ ਅਤੇ ਵੱਖ ਹੋਏ ਮਹਿਸੂਸ ਕਰ ਰਹੇ ਹਨ।
ਬਜ਼ੁਰਗਾਂ ਦੀ ਦੇਖ ਭਾਲ ਵਾਲੇ ਕਈ ਕੇਅਰਹੋਮਜ਼ ਵਿਚ ਕਰੋਨਾ ਫੈਲਣ ਨਾਲ ਇਹ ਮਿਸ਼ਨ ਸ਼ਹਿਰ ਦੀ ਜੇਲ੍ਹ ਵਿਚ ਪਹੁੰਚ ਗਿਆ ਹੈ ਜਿੱਥੇ 23 ਕੈਦੀ ਅਤੇ 3 ਸਟਾਫ਼ ਮੈਂਬਰ ਇਸ ਤੋਂ ਪ੍ਰਭਾਵਤ ਹੋਏ ਹਨ। ਵੈਨਕੂਵਰ ਦੇ ਕ੍ਰਿਮੀਨਲ ਵਕੀਲ ਏਡਰੀਅਨ ਸਮਿੱਥ ਨੇ ਕਿਹਾ ਕਿ ਜੇਲ੍ਹਾਂ ਵੀ ਕੇਅਰਹੋਮਜ਼ ਵਾਂਗ ਹੀ ਹੁੰਦੀਆਂ ਹਨ, ਜਿੱਥੇ ਕੈਦੀ ਇੱਕ-ਦੂਜੇ ਦੇ ਨੇੜੇ ਨੇੜੇ ਤਾੜੇ ਹੁੰਦੇ ਹਨ ਤੇ ਕਾਮੇ ਅੰਦਰ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਵਾਇਰਸ ਅੰਦਰ ਲਿਆ ਤੇ ਬਾਹਰ ਲਿਜਾ ਸਕਦੇ ਹਨ। ਕੁਰੈਕਸ਼ਨਲ ਸਰਵਿਸ ਆਫ ਕੈਨੇਡਾ ਨੇ ਕਿਹਾ ਹੈ ਕਿ ਜੇਲ੍ਹਾਂ ਵਿਚ ਇਸ ਵਾਇਰਸ ਦੇ ਫੈਲਣ ਦੀ ਹਾਲਤ ਨਾਲ ਨਜਿੱਠਣ ਦੇ ਉਹ ਯੋਗ ਹਨ ਅਤੇ ਉਹ ਪਰੋਲ ਬੋਰਡ ਆਫ ਕੈਨੇਡਾ ਨਾਲ ਮਿਲ ਕੇ ਕੁਝ ਘੱਟ ਖਤਰਨਾਕ ਕੈਦੀਆਂ ਨੂੰ ਪਹਿਲਾਂ ਰਿਹਾਈ ਦੇਣ ਲਈ ਵੀ ਵਿਚਾਰ ਕਰ ਰਹੇ ਹਨ। ਕੋਵਿਡ-19 ਦੌਰਾਨ ਖਬਰਾਂ ਵਿਚ ‘ਫਲੈਟਨ ਦਿ ਕਰਵ’ ਮੁਹਾਵਰੇ ਦਾ ਬਹੁਤ ਇਸਤੇਮਾਲ ਹੋਣ ਲੱਗਾ ਹੈ। ਬੀਸੀ ਸੂਬੇ ਵਿਚ ਇੱਕ ਵਾਰ ਤਾਂ ਗਰਾਫ ਦੀ ਉਚਾਈ ਵੱਲ ਜਾਂਦੀ ਲਾਈਨ ਨੂੰ ਮੋੜਾ ਪੈ ਗਿਆ ਹੈ। ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਘਟ ਹੁੰਦੀ ਗਈ ਅਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧਣ ਲੱਗੀ ਹੈ। ਕੈਨੇਡਾ ਸਰਕਾਰ ਦੀ ਐਲਾਨੀ ਦੋ ਹਜ਼ਾਰ ਡਾਲਰ ਦੀ ਰਾਸ਼ੀ ਬੈਂਕ ਖਾਤਿਆਂ ਵਿਚ ਜਮ੍ਹਾਂ ਹੋ ਗਈ। ਕਈਆਂ ਨੂੰ ਫਿਕਰ ਲੱਗ ਗਿਆ ਕਿ ਉਨ੍ਹਾਂ ਦੇ ਖਾਤੇ ਵਿਚ ਗਲਤੀ ਨਾਲ ਦੋ ਵਾਰ ਦੋ ਹਜ਼ਾਰ ਜਮ੍ਹਾਂ ਹੋ ਗਿਆ। ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਗਲਤੀ ਨਾਲ ਨਹੀਂ ਹੋਇਆ, ਇਹ ਅਗਲੇ ਮਹੀਨੇ ਦੀ ਰਾਸ਼ੀ ਹੈ।
ਦੁਨੀਆਂ ਦੇ ਹੋਰ ਹਿੱਸਿਆ ਵਾਂਗ ਕੈਨੇਡਾ ਵਿਚ ਵੀ ਮੈਡੀਕਲ ਸਪਲਾਈ, ਮਾਸਕ, ਦਸਤਾਨੇ ਤੇ ਵੈਂਟੀਲੇਟਰਾਂ ਦੀ ਕਮੀ ਦੀਆਂ ਖਬਰਾਂ ਆਉਂਦੀਆਂ ਰਹੀਆਂ।
ਕੈਨੇਡਾ ਦੇ ਵੱਡੇ ਭਾਈ ਦੇਸ਼ ਦੇ ਰਾਸ਼ਟਰਪਤੀ ਨੇ ਅਮਰੀਕਾ ਦੀ ਮਾਸਕ ਬਣਾਉਣ ਵਾਲੀ ਕੰਪਨੀ 3 ਐਮ ਨੂੰ ਚਿਤਾਵਨੀ ਦਿੱਤੀ ਕਿ ਉਹ ਕੈਨੇਡਾ ਨੂੰ ਮਾਸਕ ਨਾ ਭੇਜੇ। ਜਵਾਬ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਈ ਜਵਾਬੀ ਕਾਰਵਾਈ ਨਹੀਂ ਕਰਨਗੇ। ਵੈਨਕੂਵਰ ਵਿਚ ਪਿਛਲੇ ਹਫਤੇ ਨਸ਼ੇ ਦੀ ਵਧੇਰੇ ਮਾਤਰਾ ਦੇ ਸੇਵਨ ਨਾਲ ਅੱਠ ਮੌਤਾਂ ਹੋਈਆਂ। ਇਸ ਨਾਲ ਬੀਸੀ ਵਿਚ ਇਕੋ ਵੇਲੇ ਦੋ ਸਿਹਤ ਸੰਕਟਾਂ ਦੀ ਹਾਲਤ ਬਣ ਗਈ ਹੈ। ਸੂਬਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਹਾਮਾਰੀ ਦੌਰਾਨ ਨਸ਼ੇ ਕਰਨ ਵਾਲਿਆਂ ਨੂੰ ਸਹੀ ਮਾਤਰਾ ਵਿਚ ਨਸ਼ੇ ਮਿਲਣ ਤਾਂ ਕਿ ਵਧੇਰੇ ਮਾਤਰਾ ਦੇ ਸੇਵਨ ਨਾਲ ਹੋਰ ਮੌਤਾਂ ਨਾ ਹੋਣ। ਵੈਨਕੂਵਰ ਦੀ ਮੇਨ ਸਟਰੀਟ ਅਤੇ ਹੇਸਟਿੰਗਜ਼ ਸਟਰੀਟ ਦੇ ਇਲਾਕੇ, ਜਿੱਥੇ ਜ਼ਿਆਦਾ ਗਿਣਤੀ ਵਿਚ ਬੇਘਰੇ ਲੋਕ ਰਹਿੰਦੇ ਹਨ, ਵਿਚ ਦੇਖਣ ਵਿਚ ਜਨ ਜੀਵਨ ਪਹਿਲਾਂ ਵਾਂਗ ਹੀ ਲਗਦਾ ਹੈ, ਜਦੋਂ ਕਿ ਇਸ ਦੇ ਪੱਛਮ ਵਿਚ, ਜਿਹੜਾ ਸ਼ਹਿਰ ਦਾ ਮੁਖ ਕੇਂਦਰ ਹੈ, ਸੁੰਨ ਵਰਤੀ ਹੋਈ ਹੈ।
ਇੱਥੋਂ ਦੇ ਇੱਕ ਅਖਬਾਰ ਵਿਚ ਕੋਵਿਡ-19 ਦੌਰਾਨ ਨਵੀਂ ਦਿੱਲੀ ਦੇ ਕਨਾਟ ਪਲੇਸ ਦੀ ਪ੍ਰਦੂਸ਼ਨ ਰਹਿਤ ਆਕਾਸ਼ ਦੀ ਖੂਬਸੂਰਤ ਫੋਟੋ ਛਪੀ ਹੈ। ਸਾਫ ਆਕਾਸ਼ ਹਮੇਸ਼ਾਂ ਹੀ ਖੂਬਸੂਰਤ ਹੁੰਦੇ ਹਨ। ਅੱਜਕੱਲ੍ਹ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਦੇ ਪੰਜਾਬੀ ਸਾਹਿਤ ਦੇ ਆਕਾਸ਼ ਵੀ ਖੂਬਸੂਰਤ ਦਿਖਾਈ ਦਿੰਦੇ ਹਨ। ਆਏ ਦਿਨ ਇੱਕ-ਦੂਜੇ ਦੀ ਪਿੱਠ ਖੁਰਕਣ ਲਈ ਕੀਤੇ ਜਾਂਦੇ ਰੂ-ਬ-ਰੂ/ਸਨਮਾਨ ਸਮਾਰੋਹਾਂ ਦੀਆਂ ਤਸਵੀਰਾਂ ਤੋਂ ਦੇਸੀ ਅਖ਼ਬਾਰ ਮੁਕਤ ਹਨ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …