4 C
Toronto
Saturday, November 8, 2025
spot_img
Homeਪੰਜਾਬਐੱਮਬੀਬੀਐੱਸ ਲਈ ਫੀਸ 'ਚ 5 ਫ਼ੀਸਦੀ ਵਾਧਾ

ਐੱਮਬੀਬੀਐੱਸ ਲਈ ਫੀਸ ‘ਚ 5 ਫ਼ੀਸਦੀ ਵਾਧਾ

ਪਰਵਾਸੀ ਵਿਦਿਆਰਥੀਆਂ ਦੀ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ
ਫਰੀਦਕੋਟ/ਬਿਊਰੋ ਨਿਊਜ਼ : ਪੰਜਾਬ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਪੰਜਾਬ ਦੇ 12 ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਕਰੀਬ 1550 ਵਿਦਿਆਰਥੀਆਂ ਦੀ ਸਾਲਾਨਾ ਫੀਸ ਵਿੱਚ 5 ਫੀਸਦੀ ਵਾਧਾ ਕੀਤਾ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਇਥੇ ਪੜ੍ਹਾਈ ਕਰਨ ਲਈ ਆਉਣ ਵਾਲੇ ਪਰਵਾਸੀ ਵਿਦਿਆਰਥੀਆਂ ਦੀ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਕਿਉਂਕਿ ਉਹ ਪਹਿਲਾਂ ਹੀ ਐੱਮਬੀਬੀਐੱਸ ਲਈ 1 ਕਰੋੜ 10 ਲੱਖ ਰੁਪਏ ਫੀਸ ਅਦਾ ਕਰ ਰਹੇ ਹਨ। ਕਰੀਬ 4 ਸਾਲਾਂ ਬਾਅਦ ਐੱਮਬੀਬੀਐੱਸ ਦੀਆਂ ਫੀਸਾਂ ਵਿੱਚ ਕੀਤੇ ਗਏ ਵਾਧੇ ਮੁਤਾਬਕ ਸਰਕਾਰੀ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੁਣ 9 ਲੱਖ 5 ਹਜ਼ਾਰ ਦੀ ਥਾਂ 9 ਲੱਖ 50 ਹਜ਼ਾਰ ਰੁਪਏ ਫੀਸ ਭਰਨੀ ਪਵੇਗੀ। ਨਿੱਜੀ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਪਹਿਲਾਂ 55 ਲੱਖ ਫੀਸ ਅਦਾ ਕਰਦੇ ਸਨ ਅਤੇ ਹੁਣ ਉਹ 58 ਲੱਖ ਰੁਪਏ ਫੀਸ ਭਰਨਗੇ।
ਪਿਛਲੇ ਕਰੀਬ ਪੰਜ ਸਾਲਾਂ ਤੋਂ ਪੰਜਾਬ ਦੇ 12 ਮੈਡੀਕਲ ਕਾਲਜਾਂ ਨੂੰ ਲੋੜੀਂਦੇ ਵਿਦਿਆਰਥੀ ਨਹੀਂ ਮਿਲ ਰਹੇ ਸਨ ਕਿਉਂਕਿ ਪੰਜਾਬ ਦੇ ਬਹੁਤੇ ਵਿਦਿਆਰਥੀ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਹੋਰ ਯੂਰੋਪੀ ਮੁਲਕਾਂ ਵਿੱਚ ਜਾ ਰਹੇ ਸਨ ਪਰੰਤੂ ਹੁਣ ਬਹੁਤੇ ਮੁਲਕਾਂ ਨੇ ਭਾਰਤ ਦੇ ਵਿਦਿਆਰਥੀਆਂ ਨੂੰ ਉੱਥੇ ਪੜ੍ਹਨ ਲਈ ਗ੍ਰੈਜੂਏਸ਼ਨ ਲਾਜ਼ਮੀ ਕਰ ਦਿੱਤੀ ਹੈ ਅਤੇ ਇਸ ਤੋਂ ਬਾਅਦ ਹੀ ਵਰਕ ਪਰਮਿਟ ਵੀਜ਼ਾ ਅਤੇ ਪੀਆਰ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਹੁਣ ਐੱਮਬੀਬੀਐੱਸ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਸ਼ੁਰੂ ਹੋ ਗਏ ਹਨ ਅਤੇ ਲਗਪਗ ਸਾਰੇ ਕਾਲਜਾਂ ਦੀਆਂ ਸੀਟਾਂ ਭਰ ਗਈਆਂ ਹਨ ਜਦਕਿ ਬਾਬਾ ਫਰੀਦ ਯੂਨੀਵਰਸਿਟੀ ਨੇ ਚਿੰਤਪੁਰਨੀ ਮੈਡੀਕਲ ਕਾਲਜ ਨੂੰ ਇਸ ਵਾਰ ਐੱਮਬੀਬੀਐੱਸ ਦੀ ਪੜ੍ਹਾਈ ਲਈ ਮਾਨਤਾ ਨਹੀਂ ਦਿੱਤੀ ਗਈ। ਬਾਬਾ ਫਰੀਦ ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ‘ਤੇ ਇਸ ਵਾਧੇ ਦਾ ਕੋਈ ਬੋਝ ਨਹੀਂ ਪਵੇਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਅਜਿਹੇ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਂਦਾ ਹੈ ਅਤੇ ਕਮਜ਼ੋਰ ਵਰਗ ਦੇ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਖਰਚਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ।

 

RELATED ARTICLES
POPULAR POSTS