ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ
ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਦਾ ਬਾਹਰੋਂ ਸਮਰਥਨ ਕਰ ਰਹੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਉਨ੍ਹਾਂ ਨਾਲ ਆਪਣਾ ਸਮਝੌਤਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸਦੇ ਚੱਲਦਿਆਂ ਕੈਨੇਡਾ ਵਿਚ ਹੁਣ ਸਮੇਂ ਤੋਂ ਪਹਿਲਾਂ ਜਸਟਿਨ ਟਰੂਡੋ ਸਰਕਾਰ ਡਿੱਗ ਸਕਦੀ ਹੈ। ਉਧਰ ਦੂਜੇ ਪਾਸੇ ਕੰਸਰਵੇਟਿਵ ਪਾਰਟੀ ਨੇ ਵੀ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣ ਦਾ ਮਨ ਬਣਾ ਲਿਆ ਹੈ। 2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ-ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਲਈ ਮਾਰਚ 2022 ਵਿਚ ‘ਭਰੋਸਾ ਤੇ ਸਪਲਾਈ’ ਸਮਝੌਤਾ ਕੀਤਾ ਸੀ, ਜਿਸ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਕੇ ਐਨ.ਡੀ.ਪੀ. ਨੇ ਭਵਿੱਖ ਵਿਚ ਮੁੱਦਿਆਂ ਦੇ ਆਧਾਰ ‘ਤੇ ਟਰੂਡੋ ਸਰਕਾਰ ਦਾ ਸਾਥ ਦੇਣ ਜਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਵਿਚ ਦੋ ਰਾਜਨੀਤਕ ਪਾਰਟੀਆਂ ਵਲੋਂ ਅਜਿਹਾ ਸਮਝੌਤਾ ਪਹਿਲੀ ਵਾਰੀ ਕੀਤਾ ਗਿਆ ਸੀ, ਜਿਸ ਦੀ ਇਤਿਹਾਸ ਵਿਚ ਮਿਸਾਲ ਨਹੀਂ ਮਿਲਦੀ। ਆਪਸੀ ਗਿਟਮਿਟ ਨਾਲ ਸਰਕਾਰ ਚਲਾਉਣ ਬਾਰੇ ਲਿਬਰਲ ਅਤੇ ਐਨਡੀਪੀ ਵਲੋਂ ਚੋਣਾਂ ਸਮੇਂ ਲੋਕਾਂ ਨੂੰ ਦੱਸਿਆ ਨਾ ਗਿਆ ਹੋਣ ਕਰਕੇ ਮੌਜੂਦਾ ਟਰੂਡੋ ਸਰਕਾਰ ਨੂੰ ਗੈਰ-ਲੋਕਤੰਤਰਿਕ ਵੀ ਦੱਸਿਆ ਜਾਣ ਲੱਗਾ ਸੀ।
ਜਗਮੀਤ ਸਿੰਘ ਵਲੋਂ ਐਕਸ (ਟਵਿੱਟਰ) ਰਾਹੀਂ ਜਾਰੀ ਕੀਤੇ ਵੀਡੀਓ ‘ਚ ਕਿਹਾ ਕਿ ਖੁਦਗਰਜ਼ ਅਤੇ ਕਮਜ਼ੋਰ ਸੱਤਾਧਾਰੀ ਲਿਬਰਲ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹੁਣ ਲਿਬਰਲ ‘ਚ ਭਰੋਸਾ ਨਹੀਂ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ। ਐਨਡੀਪੀ ਵਲੋਂ ਟਰੂਡੋ ਸਰਕਾਰ ਤੋਂ ਭਰੋਸਾ ਵਾਪਸ ਲੈਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ਬਾਰੇ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਬਕਾਇਦਾ ਸੂਚਿਤ ਕਰ ਦਿੱਤਾ ਗਿਆ ਸੀ। ਬੀਤੇ 9 ਕੁ ਸਾਲਾਂ ਦੇ ਲਿਬਰਲ ਸ਼ਾਸ਼ਨ ਕਾਲ ਦੌਰਾਨ ਦੇਸ਼ ‘ਚ ਇਸ ਸਮੇਂ ਮਹਿੰਗਾਈ ਸਿਖਰਾਂ ‘ਤੇ ਹੈ। ਘਰਾਂ ਦੀ ਥੋੜ੍ਹ ਹੈ। ਬੇਘਰੇ ਲੋਕ ਵਧੇ ਹਨ ਅਤੇ ਸਥਾਨਕ ਨੌਜਵਾਨਾਂ ‘ਚ ਬੇਰੁਜ਼ਗਾਰੀ ਵਧੀ ਹੈ। ਭ੍ਰਿਸ਼ਟਾਚਾਰ ਰੋਕਣ ਲਈ ਸਰਕਾਰ ਦੀ ਚਾਲ ਬੇਹੱਦ ਸੁਸਤ ਰਹੀ, ਜਿਸ ਕਰਕੇ ਕੈਨੇਡਾ ਦਾ ਯੂ.ਐਨ.ਓ. ਤੱਕ ਭੰਡੀ ਪ੍ਰਚਾਰ ਹੋ ਚੁੱਕਾ ਹੈ। ਅਜਿਹੇ ਵਿਚ ਸਾਰੇ ਸਰਵੇਖਣ ਲਿਬਰਲ ਅਤੇ ਐਨਡੀਪੀ ਦੇ ਖਿਲਾਫ ਆ ਰਹੇ ਹਨ। ਲੋਕਾਂ ਦਾ ਝੁਕਾਅ 2015 ‘ਚ ਹਰਾਈ ਗਈ ਕੰਸਰਵੇਟਿਵ ਪਾਰਟੀ ਵੱਲ ਆਪਣੇ ਆਪ ਹੋਇਆ ਹੈ।
ਟਰੂਡੋ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਤੋਂ ਕੀਤੀ ਨਾਂਹ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਅਤੇ ਆਪਣੇ ਸਮਾਜਿਕ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕਰਦਿਆਂ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਤੋਂ ਨਾਂਹ ਕਰ ਦਿੱਤੀ ਹੈ। ਇਕ ਸਕੂਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਚੋਣਾਂ ਅਗਲੇ ਸਾਲ ਹੀ ਹੋਣਗੀਆਂ, ਸੰਭਵ ਤੌਰ ‘ਤੇ ਅਗਲੀ ਪਤਝੜ ਰੁੱਤ ਤੋਂ ਪਹਿਲਾਂ ਨਹੀਂ, ਕਿਉਂਕਿ ਇਸ ਸਮੇਂ ਦੌਰਾਨ ਅਸੀਂ ਕੈਨੇਡੀਅਨਾਂ ਲਈ ਕਾਫੀ ਕੁਝ ਕਰਨਾ ਹੈ।
ਕਾਰਪੋਰੇਟਾਂ ਅੱਗੇ ਵਾਰ-ਵਾਰ ਝੁਕ ਰਹੇ ਹਨ ਪੀਐਮ ਜਸਟਿਨ ਟਰੂਡੋ : ਜਗਮੀਤ ਸਿੰਘ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੂੰ ਉਦੋਂ ਜ਼ੋਰਦਾਰ ਝਟਕਾ ਲੱਗਾ ਜਦੋਂ ਇਸ ਘੱਟਗਿਣਤੀ ਸਰਕਾਰ ਦੀ ਹਮਾਇਤ ਕਰ ਰਹੀ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ। ਜਗਮੀਤ ਸਿੰਘ ਨੇ ਕਿਹਾ ਕਿ ਪੀਐਮ ਟਰੂਡੋ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਕਾਰਪੋਰੇਟ ਲਾਲਚ ਅੱਗੇ ਝੁਕਦੇ ਰਹਿਣਗੇ। ਉਨ੍ਹਾਂ ਦਾ ਇਸ਼ਾਰਾ ਸਰਕਾਰ ਦੇ ਮਹਿੰਗਾਈ ਨੂੰ ਨੱਥ ਪਾਉਣ ‘ਚ ਨਾਕਾਮ ਰਹਿਣ ਵੱਲ ਸੀ। ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹ ਆਗਾਮੀ ਚੋਣਾਂ ‘ਚ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ।