ਚੰਡੀਗੜ੍ਹ : ਨਵੇਂ ਵਰ੍ਹੇ ਤੋਂ ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਨਾਲ ਜੁੜੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਥਾਣਿਆਂ ਦੀ ਪੁਲਿਸ ਪੇਪਰ ਰਹਿਤ ਡਿਜੀਟਲ ਢੰਗ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰੇਗੀ। ਇਸ ਤਹਿਤ ਪੁਲਿਸ ਵੈਰੀਫਿਕੇਸ਼ਨ ਦਾ ਕੰਮ ਜਿੱਥੇ ਪੂਰੀ ਤਰ੍ਹਾਂ ਪੇਪਰਲੈੱਸ ਹੋ ਜਾਵੇਗਾ ਉਥੇ ਡਿਜੀਟਲ ਸਿਸਟਮ ਤਹਿਤ ਇਸ ਦੌਰਾਨ ਹੁੰਦੇ ਵਿਆਪਕ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਵੇਗੀ। ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਵੱਲੋਂ ਤਿਆਰ ਕੀਤੀ ‘ਪਾਸਪੋਰਟ ਪੁਲਿਸ ਐਪ’ ਤਹਿਤ ਫਿਲਹਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਹਰੇਕ ਜ਼ਿਲ੍ਹੇ ਵਿੱਚੋਂ ਇੱਕ ਥਾਣੇ ਨੂੰ ਇਸ ਨਾਲ ਜੋੜ ਕੇ ਡਿਜੀਟਲ ਢੰਗ ਨਾਲ ਪਾਸਪੋਰਟ ਵੈਰੀਫਿਕੇਸ਼ਨ ਕਰਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਅਤੇ 1 ਜਨਵਰੀ 2018 ਤੋਂ ਪੰਜਾਬ ਤੇ ਹਰਿਆਣਾ ਅਤੇ ਯੂਟੀ ਚੰਡੀਗੜ੍ਹ ਵਿਚਲੇ ਇਸ ਦਫਤਰ ਅਧੀਨ ਆਉਂਦੇ ਸਮੂਹ ਥਾਣੇ ‘ਐਪ’ ਨਾਲ ਜੁੜ ਜਾਣਗੇ। ਖੇਤਰੀ ਪਾਸਪੋਰਟ ਅਫਸਰ ਚੰਡੀਗੜ੍ਹ (ਆਰਪੀਓ) ਸਿਬਾਸ਼ ਕਬੀਰਾਜ ਨੇ ‘ਪਾਸਪੋਰਟ ਪੁਲਿਸ ਐਪ’ ਬਣਾਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 1 ਜਨਵਰੀ 2018 ਤੋਂ ਇਸ ਦਫਤਰ ਅਧੀਨ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਮੂਹ ਥਾਣੇ ਇਸ ਸਿਸਟਮ ਅਧੀਨ ਆ ਜਾਣਗੇ ਅਤੇ ਪਾਸਪੋਰਟ ਹੋਰ ਜਲਦੀ ਤਿਆਰ ਹੋਣ ਦੇ ਰਾਹ ਖੁੱਲ੍ਹਣਗੇ ਕਿਉਂਕਿ ਪਾਸਪੋਰਟ ਬਣਨ ਵਿੱਚ ਦੇਰੀ ਜ਼ਿਆਦਾ ਕਰਕੇ ਪੁਲਿਸ ਵੈਰੀਫਿਕੇਸ਼ਨ ਲੇਟ ਆਉਣ ਕਾਰਨ ਹੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨਾਲ ਪੁਲਿਸ ਪੱਧਰ ‘ਤੇ ਭ੍ਰਿਸ਼ਟਾਚਾਰ ਹੋਣ ਦੇ ਆਸਾਰ ਜਿਥੇ ਘਟਣਗੇ ਉਥੇ ਫਰਜ਼ੀ ਪੁਲਿਸ ਵੈਰੀਫਿਕੇਸ਼ਨ ਕਰਨ ਦੀਆਂ ਸੰਭਾਵਨਾਵਾਂ ਨੂੰ ਵੀ ਰੋਕ ਲੱਗੇਗੀ। ਇਸ ਐਪ ਤਹਿਤ ਸਾਰਾ ਸਿਸਟਮ ਮੋਬਾਈਲ ਵਿੱਚ ਹੀ ਫਿੱਟ ਹੋ ਜਾਵੇਗਾ, ਜਿਸ ਤਹਿਤ ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਕਰਨ ਮੌਕੇ ਪੁਲਿਸ ਮੁਲਾਜ਼ਮਾਂ ਕੋਲ ਕਾਗਜ਼ਾਂ ਦਾ ਥੱਬਾ ਨਹੀਂ ਹੋਵੇਗਾ ਸਗੋਂ ਮੋਬਾਈਲ ਰਾਹੀਂ ਹੀ ਫਾਰਮ ਭਰ ਕੇ ਵੈਰੀਫਿਕੇਸ਼ਨ ਕੀਤੀ ਜਾਵੇਗੀ ਤੇ ਸਾਰੀ ਪ੍ਰਕਿਰਿਆ ਪੇਪਰਲੈੱਸ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਬੰਧਿਤ ਪੁਲਿਸ ਮੁਲਾਜ਼ਮ ਮੌਕੇ ‘ਤੇ ਹੀ ਮੋਬਾਈਲ ਰਾਹੀਂ ਬਿਨੈਕਾਰ ਤੇ ਗਵਾਹਾਂ ਦੀਆਂ ਫੋਟੋਆਂ ਵੀ ਖਿੱਚੇਗਾ, ਜੋ ਫਾਰਮਾਂ ਸਮੇਤ ਬਕਾਇਦਾ ਐਪ ਰਾਹੀਂ ਸਰਵਰ ‘ਤੇ ਰਿਕਾਰਡ ਵੀ ਆ ਜਾਣਗੀਆਂ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …