Breaking News
Home / ਭਾਰਤ / ਮਾਟੁੰਗਾ ਦੇਸ਼ ਦਾ ਪਹਿਲਾ ਆਲ ਵੂਮੈਨ ਸਟੇਸ਼ਨ

ਮਾਟੁੰਗਾ ਦੇਸ਼ ਦਾ ਪਹਿਲਾ ਆਲ ਵੂਮੈਨ ਸਟੇਸ਼ਨ

8-8 ਘੰਟੇ ਦੀਆਂ 3 ਸਿਫ਼ਟਾਂ ‘ਚ ਕੰਮ ਕਰਕੇ 41 ਮਹਿਲਾਵਾਂ ਸੰਭਾਲਦੀਆਂ ਹਨ ਮਾਟੁੰਗਾ ਸਟੇਸ਼ਨ, ਮੈਨੇਜਰ ਤੋਂ ਸਵੀਪਰ ਤੱਕ ਸਾਰਾ ਕੰਮ ਇਨ੍ਹਾਂ ਦੇ ਜ਼ਿੰਮੇ
1992 ‘ਚ ਮੁੰਬਈ ਦੀ ਪਹਿਲੀ ਮਹਿਲਾ ਸਟੇਸ਼ਨ ਮਾਸਟਰ ਬਣੀ ਮਮਤਾ ਹੀ ਹੁਣ ਸਟੇਸ਼ਨ ਦੀ ਮੈਨੇਜਰ
ਮੁੰਬਈ/ਬਿਊਰੋ ਨਿਊਜ਼ :
ਦੇਸ਼ ਦਾ ਪਹਿਲਾ ਆਲ-ਵੁਮੈਨ ਰੇਲਵੇ ਸਟੇਸ਼ਨ ਮੁੰਬਈ ਦਾ ਮਾਟੁੰਗਾ। ਪਿਛਲੇ ਹਫ਼ਤੇ ਹੀ ਲਿਮਕਾ ਬੁੱਕ ਆਫ਼ ਰਿਕਾਰਡ ‘ਚ ਇਸ ਦਾ ਨਾਮ ਦਰਜ ਹੋਇਆ ਹੈ। ਇਥੇ ਮੈਨੇਜਰ ਤੋਂ ਸਵੀਪਰ ਤੱਕ ਅਤੇ ਕਾਂਸਟੇਬਲ ਤੋਂ ਲੈ ਕੇ ਅਨਾਊਂਸਰ ਤੱਕ ਸਭ ਮਹਿਲਾਵਾਂ ਹੀ ਹਨ। ਕੋਈ ਪੁਰਸ਼ ਨਹੀਂ। ਕੁੱਲ ਸਟਾਫ 41 ਮਹਿਲਾਵਾਂ ਦਾ, 5 ਮਹੀਨੇ ਤੋਂ ਇਹ 41 ਮਹਿਲਾਵਾਂ ਹੀ ਪੂਰਾ ਸਟੇਸ਼ਨ ਸੰਭਾਲ ਰਹੀਆਂ ਹਨ। 8-8 ਘੰਟੇ ਦੀਆਂ ਤਿੰਨ ਸ਼ਿਫਟਾਂ ‘ਚ ਕੰਮ ਹੁੰਦਾ ਹੈ।
ਸਭ ਦੀ ਆਪਣੀ ਸ਼ਿਫਟ ਤਹਿ ਹੈ। ਪ੍ਰਬੰਧ ਵੀ ਵਧੀਆ ਹੈ। ਮਮਤਾ ਬੀ ਕੁਲਕਰਨੀ ਮਾਟੁੰਗਾ ਦੀ ਸਟੇਸ਼ਨ ਮੈਨੇਜਰ ਹੈ। ਉਹੀ ਮਮਤਾ ਜੋ 26 ਸਾਲ ਪਹਿਲਾਂ ਮੁੰਬਈ ਦੀ ਪਹਿਲੀ ਮਹਿਲਾ ਸਟੇਸ਼ਨ ਮਾਸਟਰ ਬਣੀ ਸੀ। ਜਦੋਂ ਸਟੇਸ਼ਨ ਨੂੰ ਆਲ ਵੂਮੈਨ ਬਣਾਉਣ ਦੀ ਯੋਜਨਾ ਬਣੀ ਤਾਂ ਕਮਾਨ ਮਮਤਾ ਨੂੰ ਹੀ ਸੌਂਪੀ ਗਈ। ਜ਼ਿੰਮੇਵਾਰੀ ਵੱਡੀ ਸੀ। ਮਮਤਾ ਨੇ ਵੀ 12-12 ਘੰਟੇ ਕੰਮ ਕੀਤਾ। ਉਹ ਦੱਸਦੀ ਹੈ ਕਿ ‘ਇਕ ਸਮੇਂ ਤਾਂ ਮੇਰੇ ਕੰਮ ਦਾ ਅਸਰ ਪਰਿਵਾਰ ਅਤੇ ਬੇਟੀ ਦੀ ਪੜ੍ਹਾਈ ‘ਤੇ ਵੀ ਹੋਣ ਲੱਗਿਆ ਸੀ ਪ੍ਰੰਤੂ ਇਸ ਚੁਣੌਤੀ ਨੂੰ ਵੀ ਪਾਰ ਕੀਤਾ। ਸ਼ੁਰੂਆਤ ‘ਚ ਲੋਕ ਸਾਨੂੰ ਪਹਿਚਾਣਦੇ ਹੀ ਨਹੀਂ ਸਨ। ਯਾਤਰੂ ਵੀ ਸਹਿਯੋਗ ਨਹੀਂ ਕਰਦੇ ਸਨ। ਦਿੱਕਤ ਤਾਂ ਆਉਂਦੀ ਸੀ ਪ੍ਰੰਤੂ ਹੌਲੀ-ਹੌਲੀ ਸਭ ਪਰਿਵਾਰਕ ਹੋ ਕੇ ਗਏ। ਪਿਛਲੇ ਸਾਲ 29 ਅਗਸਤ ਨੂੰ ਜਦੋਂ ਮੁੰਬਈ ‘ਚ ਹੜ੍ਹ ਜਿਹੇ ਹਾਲਾਤ ਬਣੇ, ਤਾਂ ਮਾਟੁੰਗਾ ਸਟੇਸ਼ਨ ‘ਤੇ ਵੀ ਡੇਢ ਫੁੱਟ ਪਾਣੀ ਭਰ ਗਿਆ ਸੀ। ਮੇਰੀ ਟੀਮ ਨੇ 34 ਘੰਟੇ ਲਗਾਤਾਰ ਕੰਮ ਕਰਕੇ ਪੂਰਾ ਪ੍ਰਬੰਧ ਸੰਭਾਲਿਆ। ਮਮਤਾ ਦੀ ਟੀਮ ‘ਚ 20 ਮਹਿਲਾਵਾਂ ਯੂਪੀ, ਹਰਿਆਣਾ, ਗੁਜਰਾਤ ਤੋਂ ਹਨ, ਬਾਕੀ ਮਹਾਰਾਸ਼ਟਰ ਤੋਂ ਹੀ ਹਨ।
ਸਭ ਦਾ ਆਪਣਾ ਕੰਮ ਫਿਕਸ ਹੈ। 17 ਮਹਿਲਾਵਾਂ ਸਟੇਸ਼ਨ ਅਪ੍ਰੇਸ਼ਨ ਸੰਭਾਲਦੀਆਂ ਹਨ। ਛੇ ਆਰਪੀਐਫ ‘ਚ ਹਨ। 8 ਟਿਕਟ ਚੈਕਿੰਗ ਕਰਦੀਆਂ ਹਨ, 2 ਅਨਾਊਂਸਰ ਹਨ ਅਤੇ 7 ਮਹਿਲਾਵਾਂ ਸਟੇਸ਼ਨ ਦੇ ਬਾਕੀ ਛੋਟੇ-ਵੱਡੇ ਕੰਮ ਪੂਰੇ ਕਰਦੀਆਂ ਹਨ। ਹਰਿਆਣਾ ਤੋਂ ਆਉਣ ਵਾਲੀ ਆਰਪੀਐਫ ਕਾਂਸਟੇਬਲ ਰੂਬੀ ਜਾਟ ਦੇ ਜ਼ਿੰਮੇ ਸਟੇਸ਼ਨ ਦੀ ਸੁਰੱਖਿਆ ਹੈ।
ਰੂਬੀ ਕਹਿੰਦੀ ਹੈ-ਇਥੇ ਜਨਤਾ ਬਹੁਤ ਫਾਸਟ ਹੈ। ਸ਼ੁਰੂ ‘ਚ ਤਾਂ ਲੋਕ ਸਾਫ਼ ਕਹਿ ਦਿੰਦੇ ਸਨ ਕਿ ਤੁਸੀਂ ਕਿਸੇ ਜੈਂਟਸ ਪੁਲਿਸ ਵਾਲੇ ਨੂੰ ਬੁਲਾਓ, ਅਸੀਂ ਉਨ੍ਹਾਂ ਨੂੰ ਹੀ ਆਪਣੀ ਸਮੱਸਿਆ ਦੱਸਾਂਗੇ। ਮਜ਼ਾਕ ਉਡਾਉਂਦੇ ਸਨ ਕਿ ਮਾਟੁੰਗਾ ਨੂੰ ਤਾਂ ਪੂਰਾ ਮਹਿਲਾ ਸਟੇਸ਼ਨ ਬਣਾ ਦਿੱਤਾ ਹੈ। ਹੌਲੀ-ਹੌਲੀ ਲੋਕਾਂ ਨੇ ਪ੍ਰਬੰਧ ਨੂੰ ਸਵੀਕਾਰ ਕਰ ਲਿਆ ਤੇ ਇਸ ਦੀ ਸ਼ਲਾਘਾ ਵੀ ਕੀਤੀ। ਮਾਟੁੰਗਾ ਬਿਜੀ ਸਟੇਸ਼ਨ ਹੈ। ਕੋਲ ਹੀ ਦਾਦਰ ਸਟੇਸ਼ਨ ਵੀ ਹੈ।
ਸਟੇਸ਼ਨ ਤੋਂ ਰੋਜ਼ਾਨਾ 20-25 ਕਿਲੋ ਕੂੜਾ ਨਿਕਲਦਾ ਹੈ। ਸਫ਼ਾਈ ਦਾ ਜ਼ਿੰਮਾ ਅਰਚਨਾ ਸੰਭਾਲਦੀ ਹੈ। ਨੀਟ ਐਂਡ ਕਲੀਨ ਮਾਟੁੰਗਾ ਸਟੇਸ਼ਨ ਨੂੰ ਦੇਖ ਕੇ ਅੰਦਾਜ਼ਾ ਲਗ ਜਾਂਦਾ ਹੈ ਕਿ ਉਨ੍ਹਾਂ ਦਾ ਕੰਮ ਵਧੀਆ ਹੈ।
ਐਜੂਕੇਸ਼ਨ ਹੱਬ ਹੈ ਮਾਟੁੰਗਾ, ਇਸ ਲਈ ਇਸ ਸਟੇਸ਼ਨ ਨੂੰ ਆਲ ਵੁਮੈਨ ਬਣਾਇਆ ਗਿਆ
ਮੱਧ ਰੇਲ ਦੇ ਜਨਸੰਪਰਕ ਅਧਿਕਾਰੀ ਸੁਨੀਲ ਉਦਾਸੀ ਦੱਸਦੇ ਹਨ ਕਿ ਮਾਟੁੰਗਾ ਮੁੰਬਈ ਸਬਅਰਬਨ ਦਾ ਐਜੂਕੇਸ਼ਨ ਹੱਬ ਹੈ। ਕੋਲ ਹੀ ਦਾਦਰ ਸਟੇਸ਼ਨ ਵੀ ਹੈ। ਇਸ ਲਈ ਇਥੋਂ ਯਾਤਰਾ ਕਰਨ ਵਾਲਿਆਂ ‘ਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਮਹਿਲਾ-ਪੁਰਸ਼ ਬਰਾਬਰੀ ਦੀ ਸੋਚ ਨੂੰ ਅੱਗੇ ਵਧਾਉਣ ਦੇ ਲਈ ਵਿਦਿਆਰਥੀਆਂ ਨਾਲੋਂ ਵਧੀਆ ਰਸਤਾ ਹੋਰ ਕੋਈ ਨਹੀਂ ਹੋ ਸਕਦਾ। ਇਸ ਲਈ ਅਸੀਂ ਮਾਟੁੰਗਾ ਸਟੇਸ਼ਨ ਨੂੰ ਹੀ ਚੁਣਿਆ, ਜਿਸ ਤਰ੍ਹਾਂ ਨਾਲ ਮਹਿਲਾਵਾਂ ਪੂਰਾ ਘਰ ਸੰਭਾਲਦੀਆਂ ਹਨ, ਉਸੇ ਤਰ੍ਹਾਂ ਇਸ ਪੂਰੇ ਸਟੇਸ਼ਨ ਨੂੰ ਵੀ ਸੰਭਾਲਦੀਆਂ ਹਨ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …