ਭਾਜਪਾ ਆਗੂਆਂ ਨੇ ਮਮਤਾ ਦੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਤ੍ਰਿਪੁਰਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰੋਪ ਲਗਾਇਆ ਕਿ ਹਾਲ ਹੀ ਵਿੱਚ ਉਨ੍ਹਾਂ ਦੇ ਭਤੀਜੇ, ਟੀਐੱਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸਮੇਤ ਹੋਰਨਾਂ ਪਾਰਟੀ ਵਰਕਰਾਂ ‘ਤੇ ਹੋਏ ਜਾਨਲੇਵਾ ਹਮਲੇ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਉਹ ਨਿਰਾਸ਼ ਹੋਣ ਵਾਲੇ ਨਹੀਂ ਹਨ। ਇਹ ਪ੍ਰਤੀਕਰਮ ਉਨ੍ਹਾਂ ਅਭਿਸ਼ੇਕ ਬੈਨਰਜੀ ਤੇ ਪਾਰਟੀ ਵਰਕਰਾਂ ‘ਤੇ ਹਮਲਾ ਹੋਣ ਤੋਂ ਕਈ ਦਿਨਾਂ ਬਾਅਦ ਦਿੱਤਾ ਹੈ। ਸਥਾਨਕ ਸਰਕਾਰੀ ਹਸਪਤਾਲ ਐੱਸਐੱਸਕੇਐੱਮ ਵਿੱਚ ਜ਼ੇਰੇ ਇਲਾਜ ਪਾਰਟੀ ਵਰਕਰਾਂ ਨੂੰ ਮਿਲਣ ਮਗਰੋਂ ਉਨ੍ਹਾਂ ਕਿਹਾ, ‘ਤ੍ਰਿਪੁਰਾ, ਅਸਾਮ, ਉੱਤਰ ਪ੍ਰਦੇਸ਼ ਅਤੇ ਹੋਰਨਾਂ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਭਾਜਪਾ ਅਰਾਜਕ ਢੰਗ ਨਾਲ ਸਰਕਾਰ ਚਲਾ ਰਹੀ ਹੈ। ਅਸੀਂ ਤ੍ਰਿਪੁਰਾ ਵਿੱਚ ਅਭਿਸ਼ੇਕ ਅਤੇ ਹੋਰਨਾਂ ਪਾਰਟੀ ਵਰਕਰਾਂ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹਾਂ।’ ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਸਿੱਧੇ ਦਖ਼ਲ ਤੋਂ ਬਿਨਾਂ ਅਜਿਹੇ ਹਮਲੇ ਸੰਭਵ ਨਹੀਂ ਹਨ, ਕਿਉਂਕਿ ਇਹ ਹਮਲੇ ਤ੍ਰਿਪੁਰਾ ਪੁਲਿਸ ਦੇ ਸਾਹਮਣੇ ਕੀਤੇ ਗਏ ਹਨ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ ਹੈ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਵਿੱਚ ਵੀ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਨ ਦੀ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਗੱਡੀ ਵਿੱਚ ਪਾਰਟੀ ਕਾਰਕੁਨ ਦੇਬਾਂਗਸ਼ੂ ਭੱਟਾਚਾਰਿਆ, ਜਯਾ ਦੱਤਾ ਤੇ ਸੁਦੀਪ ਰਾਹਾ ਜਾ ਰਹੇ ਸਨ, ਉਸ ‘ਤੇ ਪੱਥਰਬਾਜ਼ੀ ਕੀਤੀ ਗਈ ਤੇ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਇਹ ਸਭ ਕੁਝ ਪੁਲੀਸ ਦੇ ਸਾਹਮਣੇ ਵਾਪਰਿਆ। ਇਸੇ ਦੌਰਾਨ ਪੱਛਮੀ ਬੰਗਾਲ ਭਾਜਪਾ ਦੇ ਆਗੂਆਂ ਨੇ ਮਮਤਾ ਬੈਨਰਜੀ ਵਲੋਂ ਲਗਾਏ ਆਰੋਪਾਂ ਨੂੰ ਖਾਰਜ ਕਰ ਦਿੱਤਾ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …