Breaking News
Home / ਹਫ਼ਤਾਵਾਰੀ ਫੇਰੀ / ਬਰਗਾੜੀ ਬੇਅਦਬੀ ਕਾਂਡ : ਹਿਰਾਸਤ ‘ਚ ਲਏ ਡੇਰਾ ਪ੍ਰੇਮੀਆਂ ਨੇ ਕੀਤਾ ਖੁਲਾਸਾ

ਬਰਗਾੜੀ ਬੇਅਦਬੀ ਕਾਂਡ : ਹਿਰਾਸਤ ‘ਚ ਲਏ ਡੇਰਾ ਪ੍ਰੇਮੀਆਂ ਨੇ ਕੀਤਾ ਖੁਲਾਸਾ

ਪਿੰਡ ਬੁਰਜ ਦੇ ਗੁਰੂਘਰ ‘ਚੋਂ ਬੇਅਦਬੀ ਖਾਤਰ ਚੋਰੀ ਕੀਤਾ ਸੀ ਪਾਵਨ ਸਰੂਪ
ਮੋਗਾ/ਬਿਊਰੋ ਨਿਊਜ਼ : ਮੋਗਾ ਪੁਲਿਸ ਨੇ ਬਰਗਾੜੀ ਬੇਅਦਬੀ ਕਾਂਡ ਅਤੇ ਮੋਗਾ ਵਿਚ ਭੰਨ ਤੋੜ ਕਰਕੇ ਬੱਸ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਹਿਰਾਸਤ ਵਿਚ ਲਏ 10 ਡੇਰਾ ਪ੍ਰੇਮੀਆਂ ਦਾ ਮੰਗਲਵਾਰ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿਚ ਵੀਡੀਓ ਕਾਨਫਰੰਸ ਦੇ ਜਰੀਏ ਪੇਸ਼ੀ ਕਰਵਾਈ। ਦੂਜੇ ਪਾਸੇ ਸੀਬੀਆਈ ਦੇ ਐਸਪੀ ਅਤੇ ਸਹਾਇਕ ਐਸਪੀ ਦੀ ਟੀਮ ਲਗਾਤਾਰ ਆਰੋਪੀ ਡੇਰਾ ਪ੍ਰੇਮੀਆਂ ਕੋਲੋਂ ਇਕ-ਇਕ ਕਰਕੇ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਦੀਆਂ ਦੂਜੀਆਂ ਏਜੰਸੀਆਂ ਦੁਆਰਾ ਵੀ ਮੋਗਾ ਸੀਆਈਏ ਵਿਚ ਜਾ ਕੇ ਪੁੱਛਗਿੱਛ ਕੀਤੀ ਗਈ। ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤੇ ਦਸਤਾਵੇਜ਼ਾਂ ਵਿਚ ਆਰੋਪੀਆਂ ਦਾ ਰਿਮਾਂਡ ਲੈਣ ਦੀ ਬਜਾਏ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਣ ਦੀ ਗੁਜਾਰਿਸ਼ ਕੀਤੀ ਗਈ ਸੀ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਦਿੱਲੀ ਤੋਂ ਆਏ ਸੀਬੀਆਈ ਦੇ ਆਈਜੀ ਰੈਂਕ ਦੇ ਅਧਿਕਾਰੀਆਂ ਨੇ ਵੀ ਮੋਗਾ ਸੀਆਈਏ ਪਹੁੰਚ ਕੇ ਡੇਰਾ ਪ੍ਰੇਮੀਆਂ ਵਿਚ ਪੁੱਛ ਗਿੱਛ ਕੀਤੀ। ਨਾਲ ਹੀ ਸੀਬੀਆਈ ਵਲੋਂ ਹੁਣ ਤੱਕ ਮੋਗਾ ਪੁਲਿਸ ਦੁਆਰਾ ਡੇਰਾ ਪ੍ਰੇਮੀਆਂ ਕੋਲੋਂ ਕਿਲੇ ਸਬੂਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਪੁੱਛਗਿੱਛ ਵਿਚ ਆਰੋਪੀ ਬਲਜੀਤ ਸਿੰਘ ਨੇ ਦੱਸਿਆ ਕਿ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਆਪਣੇ ਘਰ ਲਿਆਂਦਾ ਅਤੇ ਲੋਹੇ ਦੀ ਪੇਟੀ ਵਿਚ ਬੰਦ ਕਰ ਦਿੱਤਾ ਗਿਆ ਸੀ। ਉਸ ਨੇ ਆਰੋਪੀ ਸ਼ਕਤੀ ਨਾਲ ਮਿਲ ਕੇ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜੇ ਅਤੇ ਬਾਕੀ ਬਚਿਆ ਪਾਵਨ ਸਰੂਪ ਕਾਰ ਵਿਚ ਰੱਖ ਕੇ ਆਪਣੇ ਘਰ ਲੈ ਗਿਆ। ਸੁਖਜਿੰਦਰ ਸਿੰਘ ਸੰਨੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਚੋਰੀ ਕਰਨ ਲਈ ਰਣਦੀਪ ਸਿੰਘ ਨੀਲਾ ਦੇ ਨਾਲ ਗਿਆ ਸੀ। ਰਣਦੀਪ ਸਿੰਘ ਬਾਈਕ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਰਿਹਾ। ਸੰਨੀ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਦੋਵੇਂ ਉਥੋਂ ਫਰਾਰ ਹੋ ਗਏ ਸਨ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ 25 ਸਤੰਬਰ 2015 ਦੀ ਰਾਤ ਨੂੰ ਸੰਨੀ ਅਤੇ ਰਣਜੀਤ ਸਿੰਘ ਭੋਲਾ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚ ਪੋਸਟਰ ਲਗਾਏ ਸਨ।
ਬਸ ਅੱਡੇ ਤੱਕ ਸੁੱਟੇ ਗਏ ਗੁਰੂ ਗ੍ਰੰਥ ਸਾਹਿਬ ਦੇ ਅੰਗ : ਇਸ ਤੋਂ ਬਾਅਦ ਆਰੋਪੀ ਸੰਨੀ, ਨਿਸ਼ਾਨ ਸਿੰਘ ਅਤੇ ਰਣਜੀਤ ਸਿੰਘ ਨੇ 12 ਅਕਤੂਬਰ 2016 ਨੂੰ ਨਿਸ਼ਾਨ ਸਿੰਘ ਦੀ ਕਾਰ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਲਿਜਾ ਕੇ ਪੰਨੇ ਬਰਗਾੜੀ ਵਿਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਸ ਅੱਡੇ ਤੱਕ ਸੁੱਟ ਦਿੱਤੇ ਸਨ। ਉਸਦੀ ਵੀ ਨਿਸ਼ਾਨਦੇਹੀ ਕਰਵਾਈ ਗਈ ਹੈ। ਆਰੋਪੀ ਰਣਦੀਪ ਸਿੰਘ ਨੀਲਾ ਨੇ 1 ਜੂਨ 2015 ਨੂੰ ਸੰਨੀ ਨਾਲ ਮਿਲ ਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਨੂੰ ਕੱਪੜੇ ਸਮੇਤ ਚੋਰੀ ਕੀਤਾ ਸੀ।
ਫਰੀਦਕੋਟ ਜੇਲ੍ਹ ਭੇਜੇ ਆਰੋਪੀ : ਮੰਗਲਵਾਰ ਨੂੰ ਮੋਗਾ ਪੁਲਿਸ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ 10 ਡੇਰਾ ਪ੍ਰੇਮੀਆਂ ਦੀ ਅਦਾਲਤ ਵਿਚ ਪੇਸ਼ੀ ਤੋਂ ਬਾਅਦ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਮੋਗਾ ਪੁਲਿਸ ਨੇ ਸਾਰੇ ਆਰੋਪੀਆਂ ਨੂੰ ਸਖਤ ਸੁਰੱਖਿਆ ਵਿਚ ਫਰੀਦਕੋਟ ਦੀ ਜੇਲ੍ਹ ਵਿਚ ਪਹੁੰਚਾ ਦਿੱਤਾ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …