Breaking News
Home / ਰੈਗੂਲਰ ਕਾਲਮ / ਕਹਾਣੀਆਂ ਦਾ ਨਾਤਾ ਕਿਸਾਨਾਂ ਤੇ ਫੌਜੀਆਂ ਨਾਲ਼

ਕਹਾਣੀਆਂ ਦਾ ਨਾਤਾ ਕਿਸਾਨਾਂ ਤੇ ਫੌਜੀਆਂ ਨਾਲ਼

ਦੂਜਾ ਕਹਾਣੀ ਸੰਗ੍ਰਹਿ
‘ਮਨੁੱਖ ਤੇ ਮਨੁੱਖ’
ਜਰਨੈਲ ਸਿੰਘ
(ਕਿਸ਼ਤ 1)
ਗਿਆਰਾਂ ਕਹਾਣੀਆਂ ਦਾ ਇਹ ਸੰਗ੍ਰਹਿ ਦੀਪਕ ਪਬਲਿਸ਼ਰਜ਼ ਜਲੰਧਰ ਨੇ 1983 ‘ਚ ਛਾਪਿਆ। ਸੰਗ੍ਰਹਿ ਦੀਆਂ ਨੌਂ ਕਹਾਣੀਆਂ ਕਿਸਾਨੀ ਤੇ ਫੌਜੀ ਜੀਵਨ ਨਾਲ਼ ਸੰਬੰਧਿਤ ਹਨ। ਦੋ ਕਹਾਣੀਆਂ ਜ਼ਮੀਨ ਅਤੇ ਪੈਸੇ ਦੇ ਮਾਮਲਿਆਂ ਵਿਚ ਦੂਜਿਆਂ ਦੇ ਹੱਕਾਂ ‘ਤੇ ਛਾਪਾ ਮਾਰਨ ਵਾਲ਼ੇ ਲੋਕਾਂ ਬਾਰੇ ਹਨ। ਕਿਸਾਨੀ ਤੇ ਫੌਜੀ ਜੀਵਨ ਬਾਰੇ ਮੈਨੂੰ ਨੇੜਲਾ ਅਨੁਭਵ ਹੈ। ਇਹ ਅਨੁਭਵ ਦੋਨਾਂ ਵਰਗਾਂ ਦੇ ਮਸਲਿਆਂ ਨੂੰ ਯਥਾਰਥਕ ਰੂਪ ਵਿਚ ਪੇਸ਼ ਕਰਨ ‘ਚ ਸਹਾਈ ਹੋਇਆ।
ਸਵੈ ਜੀਵਨੀ ਦੇ ਆਕਾਰ ਨੂੰ ਧਿਆਨ ‘ਚ ਰੱਖਦਿਆਂ ਸਾਰੀਆਂ ਕਹਾਣੀਆਂ ਦੀ ਰਚਨਾ ਪ੍ਰਕਿਰਿਆ ਪੇਸ਼ ਕਰਨੀ ਸੰਭਵ ਨਹੀਂ। ਸਾਰੇ ਸੰਗ੍ਰਿਹਾਂ ਵਿੱਚੋਂ ਕੁਝ ਕਹਾਣੀਆਂ ਦਾ ਰਚਨਾਤਮਿਕ ਅਮਲ ਹੀ ਪੇਸ਼ ਕਰਾਂਗਾ।
ਇਸ ਸੰਗ੍ਰਹਿ ਦੀਆਂ ਤਿੰਨ ਕਹਾਣੀਆਂ ਦੇ ਉਸਾਰ-ਪਾਸਾਰ ਦਾ ਸੰਖੇਪ ਸਰੂਪ:
ਕਹਾਣੀ ‘ਕਾਣਸੂਤੇ ਵਗਦੇ ਬਲਦ’: ਹਰੇ ਇਨਕਲਾਬ ਨਾਲ਼ ਲਾਹੇਵੰਦ ਬਣੀ ਖੇਤੀ ਘਾਟੇ ਦਾ ਕਿੱਤਾ ਬਣ ਗਈ ਸੀ। ਖਰਚਿਆਂ ਦੇ ਮੁਕਾਬਲੇ ਕਿਸਾਨ ਦੀ ਪੈਦਾਵਾਰ ਦਾ ਭਾਅ ਬਹੁਤ ਥੋੜ੍ਹਾ ਸੀ। ਇਸ ਕਹਾਣੀ ਦੇ ਦ੍ਰਿਸ਼ ਵਿਚਇਕ ਕਿਸਾਨ ਪਰਿਵਾਰ ਆਲੂ ਲਾ ਰਿਹੈ। ਨਵੀਂ ਫ਼ਸਲ ਬੀਜਣ ਦੇ ਚਾਅ ਨੂੰ ਆਲੂਆਂ ਦੇ ਭਾਅ ਦੀ ਅਨਿਸ਼ਚਿਤਤਾ ਨੇ ਦਬੋਚਿਆ ਹੋਇਆ ਹੈ। ਪਰਿਵਾਰ ਦੇ ਜੀਅ ਆਪਸੀ ਗੱਲਬਾਤ ਰਾਹੀਂ ਕਿਸਾਨ ਦੀ ਜਿਣਸ ਦੀ ਬੇਕਦਰੀ ਲਈ ਜਿੱਥੇ ਹਕੂਮਤਾਂ ਨੂੰ ਕੋਸਦੇ ਹਨ, ਓਥੇ ਕਿਸਾਨਾਂ ਨੂੰ ਵੀ ਦੋਸ਼ ਦਿੰਦੇ ਹਨ, ਜਿਹੜੇ ਸਰਕਾਰਾਂ ਨਾਲ਼ ਲੜਨ ਲਈ ਇਕਜੁੱਟ ਨਹੀਂ ਹੋ ਰਹੇ, ਕਾਣਸੂਤੇ ਵਗਦੇ ਹਨ ਤੇ ਮਾਰ ਖਾਈ ਜਾ ਰਹੇ ਸਨ। ਮੈਨੂੰ ਯਾਦ ਹੈ ਉਦੋਂ ਲਗਾਤਾਰ ਦੋ ਸਾਲ ਆਲੂਆਂ ਨੂੰ ਕਿਸੇ ਨੇ ਕੌਡੀਆਂ ਦੇ ਭਾਅ ਨਹੀਂ ਸੀ ਪੁੱਛਿਆ। ਅਨੇਕ ਕਿਸਾਨਾਂ ਵਾਂਗ ਅਸੀਂ ਵੀ ਆਲੂ ਪੁੱਟਣ ਦੀ ਬਜਾਇ ਜ਼ਮੀਨ ਵਿਚ ਹੀ ਵਾਹ ਦਿੱਤੇ ਸਨ। ਪਰ ਕਹਾਣੀ ਵਿਚਲੇ ਜੀਪ ਵਾਲ਼ੇ ਸਰਦਾਰ ਨੇ ਆਪਣੇ ਆਲੂ ਠੀਕ ਭਾਅ ‘ਤੇ ਵੇਚ ਲਏ ਸਨ।
ਕਹਾਣੀ ‘ਕੰਡਿਆਲ਼ੀ ਧਰਤੀ’: ਇਸ ਕਹਾਣੀ ਵਿਚ ਮੈਂ ਕਿਸਾਨੀ ਦੀਆਂ ਦੂਜੇ ਵਰਗਾਂ ਨਾਲ਼ ਵਿਰੋਧਤਾਈਆਂ ਦਰਸਾਈਆਂ ਹਨ। ਇਕ ਵਿਰੋਧ ਮੁੱਖ ਪਾਤਰ ਕੁੰਦਨ ਤੇ ਖੇਤ ਮਜ਼ਦੂਰ ਚੇਤੂ ਦਾ ਹੈ। ਕੁੰਦਨ ਛੱਲੀਆਂ ਦੇ ਕਲਾਵੇ ਬਦਲੇ ਚੇਤੂ ਤੋਂ ਕੰਮ ਲੈਣਾ ਚਾਹੁੰਦਾ ਹੈ, ਜਦੋਂ ਕਿ ਚੇਤੂ ਉਸ ਨਾਲ਼ ਪੂਰਾ ਦਿਨ ਮੱਕੀ ਵਢਾ ਕੇ ਭਰੀ ਦੇ ਸਿਰ ਹੋਣਾ ਚਾਹੁੰਦਾ ਹੈ। ਦੂਜਾ ਵਿਰੋਧ ਕੁੰਦਨ ਤੇ ਲੋਕਾਂ ਨੂੰ ਵਿਆਜੂ ਪੈਸੇ ਦੇਣ ਵਾਲ਼ੇ ਤੁਲਸੀ ਰਾਮ ਦਾ ਹੈ। ਕੁੰਦਨ ਨੇ ਬੈਂਕ ਦੇ ਕਰਜੇ ਦਾ ਨਿਪਟਾਰਾ ਕਰਨ ਲਈ ਆਪਣਾ ਚਾਰ ਕਨਾਲ਼ ਦਾ ਖੱਤਾ ਤੁਲਸੀ ਕੋਲ਼ ਗਹਿਣੇ ਰੱਖਿਆ ਹੋਇਐ। ਵਾਹੁੰਦਾ ਉਹ ਆਪ ਹੀ ਹੈ ਅੱਧ ‘ਤੇ। ਉਹ ਚੇਤੂ ਨੂੰ ਨਾਲ਼ ਲੈ ਕੇ ਉਸ ਖੱਤੇ ਦੀ ਮੱਕੀ ਵੱਢ ਲੈਂਦਾ ਹੈ ਤੇ ਜਦੋਂ ਉਸ ਖੱਤੇ ਦੀਆਂ ਭਰੀਆਂ ਵਿਚੋਂ ਇਕ ਭਰੀ ਚੇਤੂ ਨੂੰ ਦੇ ਰਿਹਾ ਹੈ ਤਾਂ ਤੁਲਸੀ ਆਖਦੈ, ”ਇਹਨੂੰ ਤੂੰ ਆਪਣੇ ਖੇਤ ‘ਚੋਂ ਦੇ।” ਕੁੰਦਨ ਜਵਾਬ ਦਿੰਦੈ ਕਿ ਇਸ ਭਰੀ ਵਿਚ ਅੱਧ ਮੇਰਾ ਵੀ ਹੈ। ਪਰ ਤੁਲਸੀ ਨੂੰ ਇਹ ਗੱਲ ਪ੍ਰਵਾਨ ਨਹੀਂ। ਬਹਿਸ ਛਿੜ ਪੈਂਦੀ ਹੈ। ਤੁਲਸੀ ਹੁਕਮਰਾਨਾ ਅੰਦਾਜ਼ ‘ਚ ਆਖਦੈ, ”ਅਗਾਂਹ ਤੋਂ ਮੇਰੇ ਖੱਤੇ ‘ਚ ਹਲ਼ ਨਾ ਵਾੜੀਂ।” ਖੇਤੀ ਦੇ ਧੰਦੇ ਵਿਚ ਆਪਣੀ ਤੇ ਆਪਣੇ ਪਰਿਵਾਰ ਦੀ ਧੱਕੇ-ਧੋੜਿਆਂ ਵਾਲ਼ੀ ਜ਼ਿੰਦਗੀ ਤੋਂ ਅਤਿ ਦੁਖੀ ਹੋਏ ਕੁੰਦਨ ਨੂੰ ਜਾਪਦਾ ਹੈ ਕਿ ਜਿਹੜੀ ਜ਼ਮੀਨ ਕਦੇ ਕਿਸਾਨ ਦੀ ਮਾਂ ਹੁੰਦੀ ਸੀ ਅੱਜ ਉਹੀ ਜ਼ਮੀਨ ਆਪਣੇ ਪੁੱਤਾਂ ਭਾਵ ਕਿਸਾਨਾਂ ਨੂੰ ਖਾਣ ਲੱਗ ਪਈ ਹੈ। ਕੁੰਦਨ ਦੇ ਪਾਤਰ ਦਾ ਮੂਲ ਭਰਾ ਕੁਲਦੀਪ ਹੈ, ਚੇਤੂ ਦਾ ਮੂਲ ਖੇਤ ਮਜ਼ਦੂਰ ਪਾਲ ਸਿੰਘ ਤੇ ਤੁਲਸੀ ਦਾ ਮੂਲ ਪੰਡਤ ਰਾਮ ਰੱਖਾ ਹੈ।
ਕਹਾਣੀ ‘ਮਨੁੱਖ ਤੇ ਮਨੁੱਖ’: ਕਹਾਣੀਆਂ ਦੀ ਥੀਮਕ ਭਿੰਨਤਾ ਦੇ ਨਾਲ਼-ਨਾਲ਼ ਮੇਰੇ ਪਾਤਰਾਂ ਦਾ ਘੇਰਾ ਵੀ ਵਸੀਹ ਹੋ ਰਿਹਾ ਸੀ। ਤੇ ਪੰਜਾਬ ਤੋਂ ਬਾਹਰਲੇ ਸਥਾਨ ਕਹਾਣੀਆਂ ਦੇ ਲੋਕੇਲ ਬਣ ਰਹੇ ਸਨ। ਏਅਰ ਫੋਰਸ ਵਿਚ ਮੇਰੀ ਦੋਸਤੀ ਗੈਰ ਪੰਜਾਬੀਆਂ ਨਾਲ਼ ਵੀ ਸੀ। ਆਗਰਾ ਵਿਖੇ ਮੇਰੇ ਦੋਸਤਾਂ ਵਿਚ ਦੋ ਬੰਗਾਲੀ ਸਨਂ ਸਚਿਨ ਭੱਟਾਚਾਰੀਆ ਤੇ ਸੇਨਗੁਪਤਾ। ਸੇਨਗੁਪਤਾ ਕਮਿਸ਼ਨ ਲੈ ਗਿਆ ਸੀ। ਸਚਿਨ ਤੇ ਮੈਂ ਤਿੰਨ ਸਾਲ ਇਕੋ ਸੁਕਆਡਰਨ ‘ਚ ਰਹੇ। ਫਿਰ ਮੇਰੀ ਬਦਲੀ ਪੂਨੇ ਦੀ ਹੋ ਗਈ ਤੇ ਉਸਦੀ ਕਲਕੱਤੇ ਲਾਗੇ ਪੈਂਦੇ ਏਅਰ ਫੋਰਸ ਸਟੇਸ਼ਨ ਬੈਰਕਪੁਰ ਦੀ। ਉਹ ਬਹੁਤ ਖੁਸ਼ ਸੀ, ਆਪਣੇ ਘਰ ਦੇ ਲਾਗੇ ਜਾ ਰਿਹਾ ਸੀ। ਪਰ ਕੌਣ ਜਾਣਦਾ ਸੀ ਕਿ ਬੈਰਕਪੁਰ ਵਿਚ ਉਸਨੂੰ ਉਸਦੀ ਮੌਤ ਉਡੀਕ ਰਹੀ ਸੀ। ਉਹ ਤੇ ਕੁਝ ਹੋਰ ਤਕਨੀਸ਼ਨ ਏਅਰ ਫੋਰਸ ਦੇ ਟਰਾਂਸਪੋਰਟ ਜਹਾਜ਼ ਵਿਚ ਕਿਤੇ ਟੈਂਪਰੇਰੀ ਡਿਊਟੀ ‘ਤੇ ਜਾ ਰਹੇ ਸਨ ਕਿ ਜਹਾਜ਼ ਕਰੈਸ਼ ਹੋ ਗਿਆ। ਸਚਿਨ ਸਮੇਤ ਸਾਰੇ ਤਕਨੀਸ਼ਨ ਤੇ ਪਾਇਲਟ ਮੌਤ ਨੇ ਹੜਪ ਲਏ।
ਸਚਿਨ ਦੀ ਮੌਤ 1969 ‘ਚ ਹੋਈ ਸੀ। 1982 ਵਿਚ ਮੈਂ ਉਸਨੂੰ ‘ਮਨੁੱਖ ਤੇ ਮਨੁੱਖ’ ਕਹਾਣੀ ਵਿਚ ‘ਮੁਕਤੀ ਬਾਹਿਨੀ’ ਦੇ ਕੈਪਟਨ ਜਾਵੇਦ ਹੁਸੈਨ ਦੇ ਪਾਤਰ ਵਜੋਂ ਪੇਸ਼ ਕੀਤਾ। ਸਚਿਨ ਦੇ ਮੂਲ ਵਿਚੋਂ ਉਸਰਿਆ ਜਾਵੇਦ ਆਪਣੀ ਵੱਖਰੀ ਹਸਤੀ ਦਾ ਮਾਲਕ ਹੈ। ਜਾਵੇਦ ਨਾਲ਼ ਦੂਜਾ ਮੁੱਖ ਪਾਤਰ ਹੌਲਦਾਰ ਬਲਜੀਤ ਸਿੰਘ ਹੈ। ਬਲਜੀਤ ਦਾ ਪਾਤਰ ਮੈਂ ਆਪਣੇ ਮਿੱਤਰ ਪੈਰਾਸ਼ੂਟ ਇੰਸਟਰਕਟਰ ਚਿਤਰੰਜਨ ਸਿੰਘ ਚੀਮਾ ਵਿਚੋਂ ਸਿਰਜਿਆ। ਕਹਾਣੀ, 1971 ਦੀ ਭਾਰਤ-ਪਾਕਿ ਜੰਗ ਨਾਲ਼ ਸੰਬੰਧਿਤ ਹੈ। ਉਸ ਜੰਗ ਦੇ ਵੇਰਵੇ ਮੈਂ ਜੋਧਪੁਰ ਵਾਲ਼ੇ ਕਾਂਡ ਵਿਚ ਬਿਆਨ ਕਰ ਚੁੱਕਾ ਹਾਂ। ਇਸ ਕਹਾਣੀ ਵਿਚ ਹਵਾਈ ਸੈਨਾ ਦੇ ਜਹਾਜ਼ ਰਾਹੀਂ ਪੈਰਾਟਰੁਪਰਜ਼ ਦੀ ਇਕ ਟੁਕੜੀ ਤੰਗੋਲ ਸ਼ਹਿਰ ਲਾਗਲੇ ਜੰਗਲ ‘ਚ ਉਤਾਰੀ ਗਈ ਹੈ। ਟੁਕੜੀ ਦਾ ਇੰਚਾਰਜ ਹੌਲਦਾਰ ਬਲਜੀਤ ਸਿੰਘ ਹੈ। ਇਸ ਟੁਕੜੀ ਨੇ ਆਪਣੀ ਬਟਾਲੀਅਨ, ਜੋ ਪਹਿਲਾਂ ਹੀ ਉਤਾਰੀ ਜਾ ਚੁੱਕੀ ਹੈ, ਨਾਲ਼ ਪਾਕਿਸਤਾਨੀ ਫੌਜ ਦੇ ਗੜ੍ਹ, ਢਾਕੇ ਵੱਲ ਨੂੰ ਮਾਰਚ ਕਰਨਾ ਹੈ। ਬਟਾਲੀਅਨ ਨੂੰ ਉਸ ਏਰੀਏ ‘ਚ ਪਾਕਿਸਤਾਨੀ ਫੌਜ ਦੇ ਵੇਰਵੇ ਦੱਸਣ ਲਈ ਕੈਪਟਨ ਜਾਵੇਦ ਹੁਸੈਨ ਜੰਗਲ਼ ਵਿਚ ਮੌਜੂਦ ਹੈ। ਢਾਕਾ ਯੂਨੀਵਰਸਟੀ ਦਾ ਵਿਦਿਆਰਥੀ ਜਾਵੇਦ ਉਨ੍ਹਾਂ ਹਜ਼ਾਰਾਂ ਪੀੜਤਾਂ ਵਿਚੋਂ ਹੈ ਜਿਨ੍ਹਾਂ ਦੇ ਪੂਰੇ ਦੇ ਪੂਰੇ ਪਰਿਵਾਰ ਪਾਕਿਸਤਾਨੀ ਫੌਜ ਨੇ ਕੋਹ-ਕੋਹ ਕੇ ਮਾਰ ਛੱਡੇ ਹਨ। ਜੰਗਲ ਵਿਚ ਜਾਵੇਦ ਦੀ ਮਾਂ ਵੀ ਉਸਦੇ ਨਾਲ਼ ਹੈ। ਪਰਵਿਾਰ ਦੇ ਪੰਜ ਜੀਆਂ ਦੀ ਮੌਤ ਦੇ ਸਦਮੇ ਕਾਰਨ ਉਸ ਵਿਚਾਰੀ ਦਾ ਦਿਮਾਗ ਹਿੱਲ ਗਿਆ ਹੈ। ਟੈਂਕਾਂ, ਤੋਪਾਂ, ਰਾਈਫਲਾਂ ਤੇ ਸਟੇਨਾਂ ਨਾਲ਼ ਹਜਾਰਾਂ ਲੋਕਾਂ ਦੇ ਵਹਿਸ਼ੀਆਨਾ ਕਤਲ, ਹਜ਼ਾਰਾਂ ਔਰਤਾਂ ਦੇ ਬਲਾਤਕਾਰ ਅਤੇ ਚੁਣ-ਚੁਣ ਕੇ ਖ਼ਤਮ ਕੀਤੇ ਗਏ ਬੁੱਧੀਜੀਵੀਆਂ ਬਾਬਤ ਜਾਵੇਦ ਵਲੋਂ ਬਿਆਨ ਕੀਤੀ ਵਾਰਤਾ ਰੋਂਗਟੇ ਖੜ੍ਹੇ ਕਰਨ ਵਾਲ਼ੀ ਹੈ।
ਜਾਵੇਦ ਦੀ ਸਲਾਹ ਨਾਲ਼ ਢੁੱਕਵਾਂ ਰੂਟ ਉਲੀਕ ਕੇ ਕਮਾਂਡਰਾਂ ਵੱਲੋਂ ਮਾਰਚ ਦਾ ਆਰਡਰ ਹੋ ਜਾਂਦਾ ਹੈ। ਹੌਲਦਾਰ ਬਲਜੀਤ ਸਿੰਘ, ਮਾਰਚ ਵਿਚ ਸਭ ਤੋਂ ਮੂਹਰੇ ‘ਫਰੰਟ ਗਾਰਡ’ ਦੀ ਟੁਕੜੀ ਵਿਚ ਹੈ। ਦੁਸ਼ਮਣ ਫੌਜ ਦੀ ਨਕਲੋ-ਹਰਕਤ ਘੋਖਣ ਅਤੇ ਉਨ੍ਹਾਂ ਨਾਲ਼ ਸਿਝਣ ਲਈ ਉਹ ਚੌਕਸ ਤੇ ਦ੍ਰਿੜ ਹੈ ਪਰ ਮਨ ਦੇ ਕਿਸੇ ਕੋਨੇ ਵਿਚ ਫ਼ਿਕਰ ਵੀ ਉੱਭਰ ਰਿਹਾਹੈ ਕਿ ਜੇਕਰ ਉਸਨੂੰ ਕੁਝ ਹੋ ਗਿਆ ਤਾਂ ਉਸਦੇ ਪਰਿਵਾਰ ਦਾ ਕੀ ਬਣੇਗਾ…।
ਮਾਰਚ ਦੌਰਾਨ ਬਟਾਲੀਅਨ ਦੀ, ਇਕ ਪਾਕਿਸਤਾਨੀ ਫੌਜੀ ਟੁਕੜੀ ਨਾਲ਼ ਹੋਈ ਮੁੱਠ-ਭੇੜ ਵਿਚ ਹੌਲਦਾਰ ਬਲਜੀਤ ਸਿੰਘ ਤੇ ਕੁਝ ਹੋਰ ਫੌਜੀ ਜ਼ਖਮੀ ਹੋ ਜਾਂਦੇ ਹਨ। ਡਾਕਟਰ ਉਨ੍ਹਾਂ ਦੀ ਮਲ੍ਹਮ-ਪੱਟੀ ਕਰ ਰਿਹਾ ਹੈ। ਜ਼ਖਮੀਆਂ ਲਾਗੇ ਗੁਆਚਿਆਂ ਵਾਂਗ ਘੁੰਮ ਰਹੀ ਜਾਵੇਦ ਦੀ ਮਾਂ ਵੱਲ ਤੱਕਦਿਆਂ ਬਲਜੀਤ ਅੰਦਰੋਂ ਚੀਸ ਉੱਠਦੀ ਹੈ, ‘ਇਸ ਵਿਚਾਰੀ ਦੀ ਟਹਿਕਦੀ ਫੁਲਵਾੜੀ ਨੂੰ ਮਸਲਣ ਦਾ ਜ਼ਿੇਂਮੇਵਾਰ ਕੌਣ ਹੈ? ਮਨੁੱਖ ਰਾਕਸ਼-ਰੂਪੀ ਮਨੁੱਖ।… ਮਨੁੱਖ ਹੀ ਮਨੁੱਖ ਦਾ ਲਹੂ ਪੀਂਦਾ ਹੈ… ਪਰ ਮਨੁੱਖ, ਮਨੁੱਖ ਵਾਸਤੇ ਆਪਣਾ ਲਹੂ ਵੀ ਡੋਲ੍ਹਦਾ ਹੈ।
ਜੰਗਾਂ ਦਾ ਸਿਲਸਿਲਾ ਮੁੱਢ-ਕਦੀਮ ਤੋਂ ਚੱਲਿਆ ਆ ਰਿਹੈ। ਬਹੁਤੀਆਂ ਜੰਗਾਂ ਸਿਆਸਤ ਵਿਚੋਂ ਉੱਗਦੀਆਂ ਹਨ। ਜੰਗਾਂ ਵਿਚ ਸਭ ਤੋਂ ਵੱਧ ਕਹਿਰ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਢਹਿੰਦਾ ਹੈ। ਜੰਗਾਂ ਦੀ ਭੇਟ ਚੜ੍ਹੇ ਤੇ ਅੰਗਹੀਣ ਹੋਏ ਫੌਜੀਆਂ ਦੇ ਘਰਾਂ ਵਿਚ ਉਮਰਾਂ ਜੇਡੇ ਹਨ੍ਹੇਰੇ ਛਾ ਜਾਂਦੇ ਹਨ।
ਇਸ ਕਿਤਾਬ ‘ਤੇ ਹੋਈ ਗੋਸ਼ਟੀ ਵਿਚ ਡਾ.ਕਰਮਜੀਤ ਸਿੰਘ ਤੇ ਪ੍ਰੋ.ਪਰਬਿੰਦਰ ਸਿੰਘ (ਸਰਕਾਰੀ ਕਾਲਜ ਹੁਸ਼ਿਆਰਪੁਰ) ਨੇ ਪਰਚੇ ਪੜ੍ਹੇ। ਪ੍ਰੋ.ਪਰਬਿੰਦਰ ਸਿੰਘ ਦਾ ਪਰਚਾ ਮੈਥੋਂ ਗੁੰਮ ਹੋ ਗਿਆ ਹੈ। ਪਰ ਮੈਨੂੰ ਯਾਦ ਹੈ ਕਿ ਉਸਨੇ ਕਹਾਣੀਆਂ ਦੇ ਵਿਸ਼ਾ- ਵਸਤੂ ਤੇ ਪੇਸ਼ਕਾਰੀ ਬਾਰੇ ‘ਹਾਂ ਪੱਖੀ’ ਵਿਚਾਰ ਪ੍ਰਗਟਾਏ ਸਨ। ਡਾ.ਕਰਮਜੀਤ ਸਿੰਘ ਦੇ ਪਰਚੇ ਵਿਚੋਂ ਕੁਝ ਸਤਰਾਂ: ‘ਜਰਨੈਲ ਸਿੰਘ ਫੌਜੀ ਨੂੰ ਬਾਹਰੀ ਕੱਪੜਿਆਂ ਤੋਂ ਨਹੀਂ ਪਛਾਣਦਾ, ਉਹ ਤਾਂ ਉਸਦੇ ਫੌਜ ਵਿਚ ਭਰਤੀ ਹੋਣ ਦੀਆਂ ਮਜ਼ਬੂਰੀਆਂ ਅਤੇ ਵਰਦੀ ਹੇਠ ਧੜਕਦੇ ਦਿਲ ਦੀਆਂ ਉਮੰਗਾਂ-ਭਾਵਨਾਵਾਂ ਨੂੰ ਸ਼ਾਬਦਿਕ ਰੂਪ ਪਹਿਨਾਉਂਦਾ ਹੈ… ਕਿਸਾਨੀ ਜੀਵਨ ਨਾਲ਼ ਸੰਬੰਧਿਤ ਕਹਾਣੀਆਂ ਵਿਚ ਉਹ ਪ੍ਰਕਿਰਤਕ ਚਿਤਰਣ ਰਾਹੀਂ ਪਾਤਰਾਂ ਦੀ ਮਾਨਸਿਕਤਾ ਨੂੰ ਉਭਾਰਨ ਵਿਚ ਸਫਲ ਹੋਇਆ ਹੈ।’ ਪ੍ਰੋ.ਨਿਰੰਜਣ ਸਿੰਘ ਢੇਸੀ (ਲਾਇਲਪੁਰ ਖਾਲਸਾ ਕਾਲਜ ਜਲੰਧਰ), ਡਾ.ਪ੍ਰਿਤਪਾਲ ਸਿੰਘ ਮਹਿਰੋਕ ਤੇ ਗੁਰਮੀਤ ਹੇਅਰ ਨੇ ਵੀ ਵਿਚਾਰ ਪੇਸ਼ ਕੀਤੇ।
ਪੰਜਾਬੀ ਟ੍ਰਿਬਿਊਨ (14 ਅਗਸਤ 1983) ‘ਚ ਪ੍ਰੀਤਮ ਸਿੰਘ ਪੀ.ਸੀ.ਐੱਸ ਵੱਲੋਂ ਕੀਤੇ ਰੀਵਿਊ ਵਿਚੋਂ ਕੁਝ ਸ਼ਬਦ: ‘ਜਰਨੈਲ ਸਿੰਘ ਦੇ ਹਥਲੇ ਕਹਾਣੀ ਸੰਗ੍ਰਹਿ ਨੂੰ ਪੜ੍ਹ ਕੇ ਤਾਜ਼ਾ ਹਵਾ ਦਾ ਬੁਲਾ ਮਾਨਣ ਦਾ ਅਹਿਸਾਸ ਹੋਇਆ ਹੈ… ਉਸਨੇ ਜਿਨ੍ਹਾਂ ਵਿਸ਼ਿਆਂ ਉੱਤੇ ਕਹਾਣੀਆਂ ਲਿਖੀਆਂ ਹਨ, ਉਨ੍ਹਾਂ ਦਾ ਉਸ ਨੂੰ ਡੂੰਘਾ ਗਿਆਨ ਹੈ… ਇਸ ਲੇਖਕ ਤੋਂ ਭਵਿੱਖ ਵਿਚ ਕਥਾਕਾਰੀ ਦੇ ਖੇਤਰ ‘ਚ ਵੱਡੀਆਂ ਪ੍ਰਾਪਤੀਆਂ ਦੀ ਆਸ ਕੀਤੀ ਜਾ ਸਕਦੀ ਹੈ।’
ਜਲੰਧਰ ਰੇਡੀਓ ਸਟੇਸ਼ਨ ਦੇ ‘ਦਿਹਾਤੀ ਪ੍ਰੋਗਰਾਮ’ ਦਾ ਕੰਪੀਅਰ, ਮਾਸਟਰ ਜੀ ਵਜੋਂ ਪੇਸ਼ ਹੁੰਦਾ, ਅਵਿਨਾਸ਼ ਭਾਖੜੀ, ਆਦਮਪੁਰ ਸਾਡੇ ਘਰ ਦੇ ਸਾਹਮਣੇ ਹੀ ਰਹਿੰਦਾ ਸੀ। ਮੈਂ ਉਸਨੂੰ ‘ਮੈਨੂੰ ਕੀ’ ਸੰਗ੍ਰਹਿ ਭੇਟ ਕੀਤਾ। ਉਦੋਂ ਰੇਡੀਓ ਤੋਂ ਹਫ਼ਤੇ ‘ਚ ਇਕ ਦਿਨ ‘ਕਥਾ ਲੋਕ’ ਪ੍ਰੋਗਰਾਮ ਪ੍ਰਸਾਰਤ ਹੁੰਦਾ ਸੀ। ਉਸ ਪ੍ਰੋਗਰਾਮ ਵਿਚ ਕਿਸੇ ਲੇਖਕ ਦੀ ਕਹਾਣੀ ਦਾ ਅੱਧਾ ਕੁ ਨਾਟਕੀਕਰਨ ਕੀਤਾ ਹੁੰਦਾ ਸੀਂ ਰੇਡੀਓ ਦਾ ਇਕ ਕਲਾਕਾਰ ਕਹਾਣੀ ਨੂੰ ਬੋਲ ਕੇ ਪੜ੍ਹਦਾ ਸੀ। ਜਿੱਥੇ ਡਾਇਲਾਗ ਹੁੰਦੇ, ਓਥੇ ਉਹ ਰੁਕ ਜਾਂਦਾ। ਡਾਇਲਾਗ ਹੋਰ ਕਲਾਕਾਰਾਂ ਵੱਲੋਂ ਪਾਤਰ ਬਣ ਕੇ ਬੋਲੇ ਜਾਂਦੇ ਸਨ। ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਕਹਾਣੀ ਵਿਚਲੀ ਸਥਿਤੀ ਤੇ ਪਾਤਰਾਂ ਦੀ ਟੋਨ ਅਨੁਸਾਰ ਹੁੰਦਾ ਸੀ। ਪ੍ਰੋਗਰਾਮ ਦੀ ਪ੍ਰੋਡਿਊਸਰ ਸੁਖਜਿੰਦਰ ਚੂੜਾਮਨੀ ਸੀ। ਅਵਿਨਾਸ਼ ਨੇ ਕਿਤਾਬ ਵਿਚਲੀ ਕਹਾਣੀ ‘ਸੁਆਹ ਦੀ ਢੇਰੀ’ ਉਸਨੂੰ ਪੜ੍ਹਾਈ। ਚੂੜਾਮਨੀ ਨੇ ਨਾਟਕੀਕਰਨ ਕਰਵਾ ਕੇ ਪ੍ਰਸਾਰਤ ਕਰ ਦਿੱਤੀ। ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਣ ‘ਤੇ ‘ਬੰਨ ਉਠਾਈ ਪੋਟਲੀ’ ਅਤੇ ‘ਕੰਡਿਆਲੀ ਧਰਤੀ’ ਵੀ ‘ਕਥਾ ਲੋਕ’ ‘ਚ ਪੇਸ਼ ਕੀਤੀਆਂ ਗਈਆਂ। ਤਿੰਨੇ ਕਹਾਣੀਆਂ ਦਾ ਨਾਟਕੀ ਰੂਪ ‘ਕਥਾ ਲੋਕ’ ‘ਚ ਕਈ ਵਾਰ ਦੁਹਰਾਇਆ ਗਿਆ। ਕੁਝ ਕਹਾਣੀਆਂ ਮੈਂ ‘ਦਿਹਾਤੀ ਪ੍ਰੋਗਰਾਮ’ ‘ਚ ਆਪ ਵੀ ਪੜ੍ਹੀਆਂ।
ਕਬੀਲਦਾਰੀ ਕਹਾਣੀਆਂ ਨਾਲ਼ ਨਹੀਂ, ਨੌਕਰੀ ਨਾਲ਼ ਚੱਲਦੀ ਸੀ। ਸੋ ਨੌਕਰੀ ਬਾਰੇ ਵੀ ਗੱਲ ਕਰਨੀ ਬਣਦੀ ਹੈ। ਪੰਜ ਸਾਲ ਤੋਂ ਵੱਧ ਡਿਫਾਲਰ ਸੁਸਾਇਟੀਆਂ ਦੀ ਇਨਵੈਸਟੀਗੇਸ਼ਨ ਦਾ ਕੰਮ ਮੁੱਕਣ ਬਾਅਦ ਏਪੈੱਕਸ ਬੈਂਕ ਚੰਡੀਗੜ੍ਹ ਨੇ ‘ਫੀਲਡ ਇਕਨਾਮਿਕਸ ਇਨਵੈਸਟੀਗੇਟਰਾਂ’ ਦੀਆਂ ਪੋਸਟਾਂ ਜੂਨੀਅਰ ਅਕਾਊਂਟੈਂਟਾਂ ‘ਚ ਕਨਵਰਟ ਕਰ ਦਿੱਤੀਆਂ। ਜਨਰਲ ਮੈਨੇਜਰ ਸ. ਅਮਰ ਸਿੰਘ ਨੇ ਮੇਰੀ ਊਣੀ ਹੋਈ ਡਿਊਟੀ ਲਿਸਟ ਵਿਚ ਰਿਜ਼ਰਵ ਬੈਂਕ ਦੀ ਇਨਸਪੈਕਸ਼ਨ ਦੀ ਕੰਪਲਾਇੰਸ (Compliance) ਅਤੇ ਔਡੀਟਰ ਰਿਪੋਰਟ ਦੀ ਕੰਪਲਾਇੰਸ ਦੇ ਕੰਮ ਪਾ ਦਿੱਤੇ। ਇਹ ਕੰਮ ਪਹਿਲਾਂ ਅਸਿਸਟੈਂਟ ਮੈਨੇਜਰ ਕਰਦਾ ਸੀ। ਉਸ ਕੋਲ਼ ਵਰਕ-ਲੋਡ ਜ਼ਿਆਦਾ ਹੋਣ ਕਾਰਨ ਕੰਪਲਾਇੰਸ ਦਾ ਕਾਰਜ ਠੀਕ ਤਰ੍ਹਾਂ ਨਹੀਂ ਸੀ ਹੋ ਰਿਹਾ। ਰਿਜ਼ਰਵ ਬੈਂਕ ਦੀ ਇਨਸਪੈਕਸ਼ਨ ਹਰ ਦੋ ਸਾਲ ਬਾਅਦ ਹੁੰਦੀ ਸੀ। ਇਨਸਪੈਕਸ਼ਨ ਮੈਂ ਤੇ ਬੰਗਾ ਕਰਵਾਉਂਦੇ ਸਾਂ। ਇਨਸਪੈਕਸ਼ਨ ਟੀਮ ਦੇ ਕਰਮਚਾਰੀ ਢਾਈ-ਤਿੰਨ ਹਫ਼ਤੇ ਲਾ ਕੇ ਹੈੱਡ ਆਫਿਸ ਤੇ ਕੁਝ ਬਰਾਂਚਾਂ ਦੇ ਰਿਕਾਰਡਾਂ ਦੀ ਘੋਖਵੀਂ ਪੜਤਾਲ ਕਰਦੇ ਸਨ। ਤੇ ਫਿਰ ਉਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਤੋਂ ਵਿਸਥਾਰਤ ਇੰਨਸਪੈਕਸ਼ਨ ਰਿਪੋਰਟ ਆਉਂਦੀ ਸੀ। ਪੰਜਾਬ ਕੋਆਪ੍ਰੇਟਿਵ ਮਹਿਕਮੇ ਦੇ ਔਡੀਟਰਾਂ ਵੱਲੋਂ ਹੈੱਡ ਆਫਿਸ ਤੇ ਸਾਰੀਆਂ ਬਰਾਂਚਾਂ ਦੀ ਪੜਤਾਲ ਸਾਰਾ ਸਾਲ ਚੱਲਦੀ ਰਹਿੰਦੀ ਤੇ ਸਾਲ ਦੇ ਅਖੀਰ ਵਿਚ ਵਿਸਥਾਰਤ ਔਡਿਟ ਰਿਪੋਰਟ ਜਾਰੀ ਹੁੰਦੀ ਸੀ। ਇਨਸਪੈਕਸ਼ਨ ਰਿਪੋਰਟਾਂ ਅੰਗ੍ਰੇਜ਼ੀ ‘ਚ ਹੁੰਦੀਆਂ ਸਨ। ਕੰਪਲਾਇੰਸ ਵੀ ਅੰਗ੍ਰੇਜ਼ੀ ‘ਚ ਕੀਤੀ ਜਾਂਦੀ ਸੀ।
ਰਿਪੋਰਟਾਂ ਵਿਚ ਦਰਜ ਛੋਟੇ-ਵੱਡੇ ਇਤਰਾਜ਼ ਜਿਨ੍ਹਾਂ ਬਰਾਂਚਾਂ ਅਤੇ ਹੈੱਡ ਆਫਿਸ ਦੇ ਕਰਮਚਾਰੀਆਂ ਨਾਲ਼ ਸੰਬੰਧਿਤ ਹੁੰਦੇ, ਉਨ੍ਹਾਂ ਨੂੰ ਭੇਜ ਕੇ ਕੰਪਲਾਇੰਸ ਕਰਵਾਉਣੀ ਹੁੰਦੀ ਸੀ। ਜਨਰਲ ਹਦਾਇਤਾਂ ਸਾਰੀਆਂ ਬਰਾਂਚਾਂ ਤੇ ਹੈੱਡ ਆਫਿਸ ਦੇ ਸੰਬੰਧਿਤ ਸੈਕਸ਼ਨਾਂ ਨੂੰ ਭੇਜਦਾ ਸਾਂ। ਜਦੋਂ ਬਰਾਂਚਾਂ ਤੇ ਹੈੱਡ ਆਫਿਸ ਵਲੋਂ ਕੀਤੀ ਕੰਪਲਾਇੰਸ ਆ ਜਾਂਦੀ ਤਾਂ ਸਾਰੇ ਕੁਝ ਨੂੰ ਪੈਰ੍ਹਾ-ਵਾਈਜ਼ ਤੇ ਪੇਜ-ਵਾਈਜ਼ ਸੰਕਲਿਤ (compile) ਕਰਦਾ ਸਾਂ। ਸ਼ੁਰੂ ਵਿਚ ਮੈਂ ਇਹ ਸਾਰਾ ਕੁਝ ਹੱਥ ਨਾਲ਼ ਲਿਖਦਾ ਸਾਂ। ਕਲਰਕ ਉਸਨੂੰ ਟਾਈਪ ਕਰਦਾ ਸੀ। ਫਿਰ ਜਦੋਂ ਤਜ਼ਰਬਾ ਹੋ ਗਿਆ ਮੈਂ ਕਲਰਕ ਨੁੰ ਡਿਕਟੇਸ਼ਨ ਦੇਈ ਜਾਂਦਾ ਤੇ ਉਹ ਨਾਲ਼ ਦੀ ਨਾਲ਼ ਟਾਈਪ ਕਰੀ ਜਾਂਦਾ। ਜਦੋਂ ਸਮੁੱਚੀ ਕੰਪਲਾਇੰਸ ਤਿਆਰ ਹੋ ਜਾਂਦੀ ਆਪਣੇ ਦਸਤਖਤਾਂ ਨਾਲ਼ ਜਨਰਲ ਮੈਨੇਜਰ ਦੇ ਦਸਤਖਤ ਕਰਵਾ ਕੇ ਸਬੰਧਿਤ ਦਫ਼ਤਰਾਂ ਨੂੰ ਭੇਜ ਦੇਂਦਾ।
ਰਿਜ਼ਰਵ ਬੈਂਕ ਤੇ ਆਡੀਟਰਾਂ ਦੀਆਂ ਇਨਸਪੈਕਸ਼ਨਾਂ ਦੀ ਕੰਪਲਾਇੰਸ ਦਾ ਇਹ ਕੰਮ ਦਿਨਾਂ-ਹਫਤਿਆਂ ‘ਚ ਨਹੀਂ, ਮਹੀਨਿਆਂ ‘ਚ ਮੁੱਕਦਾ ਸੀ।
ਕੰਮ ਦੇ ਨਾਲ਼-ਨਾਲ਼ ਸ਼ੁਗਲ-ਮੇਲਾ ਵੀ ਚਲਦਾ ਰਹਿੰਦਾ। ਮੈਂ, ਬੰਗਾ ਤੇ ਲਾਲਾ ਤਿੰਨੇ ਪੇਂਡੂ ਪਿਛੋਕੜ ਵਾਲ਼ੇ ਸਾਂ। ਲਾਲਾ ਟਿੱਚਰੀ ਸੀ। ਮੇਰੇ ਤੇ ਬੰਗੇ ਦੀਆਂ ਸੀਟਾਂ ਨਾਲ਼ ਸੰਬੰਧਿਤ ਕੰਮਾਂ ਦੇ ਸਿਲਸਿਲੇ ਵਿਚ ਬਰਾਂਚਾਂ ਦੇ ਕਰਮਚਾਰੀ ਆਉਂਦੇ ਰਹਿੰਦੇ ਸਨ। ਜਦੋਂ ਕਦੀ ਬੰਗਾ ਬਾਥਰੂਮ ‘ਚ ਹੁੰਦਾ, ਉਸ ਨੂੰ ਮਿਲਣ ਆਇਆ ਕਰਮਚਾਰੀ, ਬੰਗੇ ਦੀ ਖਾਲੀ ਕੁਰਸੀ ਦੇਖ ਕੇ ਪੁੱਛਦਾ, ”ਜੀ! ਬੰਗਾ ਸਾਹਿਬ ਆਏ ਨਹੀਂ?”
ਲਾਲੇ ਦਾ ਤਟਫਟ ਜਵਾਬ ਹੁੰਦਾ, ”ਆਇਓ ਆ। ਪਰ ਉਨ੍ਹਾਂ ਦਾ ਪਿਸ਼ਾਬ ਨਿਕਲ਼ ਗਿਆ।”
ਹੈਰਾਨਗੀ ਤੇ ਸਵਾਲੀਆ ਟੋਨ ਵਿਚ ਅਗਲੇ ਦੇ ਮੂੰਹੋਂ, ”ਹੈਂਅ ਜੀ।”ਨਿੱਕਲ਼ ਜਾਂਦਾ।
ਲਾਲਾ ਮੁਸਕਰਾ ਕੇ ਆਖਦਾ, ”ਉਹ ਪਿਸ਼ਾਬ ਕਰਨ ਗਏ ਆ।”
ਇਸੇ ਤਰ੍ਹਾਂ ਜਦੋਂ ਮੈਂ ਟੂਰ ‘ਤੇ ਹੁੰਦਾ, ਮੈਨੂੰ ਮਿਲਣ ਆਇਆ ਬੰਦਾ ਪੁੱਛਦਾ, ”ਸ.ਜਰਨੈਲ ਸਿੰਘ ਹੁਰੀਂ ਨਹੀਂ ਦੀਹਦੇ।”
”ਉਨ੍ਹਾਂ ਨੂੰ ਦੌਰਾ ਪੈ ਗਿਆ।”ਲਾਲਾ ਡੇਅ-ਬੁੱਕ ਤੋਂ ਨਜ਼ਰਾਂ ਉਠਾ ਕੇ ਦੱਸਦਾ। ਝਟਕਾ ਜਿਹਾ ਮਹਿਸੂਸਦਿਆਂ ਅਗਲੇ ਦੇ ਮੂੰਹੋਂ, ”ਓ-ਹੋਅ” ਨਿਕਲ਼ ਜਾਂਦਾ।
”ਉਹ ਦੌਰੇ ‘ਤੇ ਗਇਓ ਆ ਜੀ।”ਖਚਰੀ ਮੁਸਕਰਾਹਟ ਕੇਰਦਾ ਲਾਲਾ ਆਖਦਾ
ਲਾਲਾ ਹੁੱਕਾ ਪੀਂਦਾ ਸੀ। ਉਸਨੇ ਲੰਮੀ ਪਾਈਪ ਵਾਲ਼ਾ ਹੁੱਕਾ ਮਾਲੀ ਦੇ ਕੁਆਟਰ ‘ਚ ਰੱਖਿਆ ਹੋਇਆ ਸੀ। ਉਹ ਉੱਥੇ ਜਾ ਕੇ ਸੂਟ੍ਹੇ ਲਾਉਂਦਾ ਸੀ। ਅਜਿਹੇ ਮੌਕੇ ਜੇ ਕਿਸੇ ਨੇ ਆ ਕੇ ਪੁੱਛਣਾ, ”ਲਾਲਾ ਜੀ ਕਿੱਧਰ ਗਏ?”
”ਉਨ੍ਹਾਂ ਦੇ ਮੂੰਹ ‘ਚ ਨਾਲ਼ੀ ਲੱਗ ਗਈ ਆ।” ਮੇਰਾ ਜਵਾਬ ਹੁੰਦਾ।
” ਹੈਂਅ, ਉਨ੍ਹਾਂ ਨੂੰ ਕੀ ਹੋ ਗਿਆ, ਚੰਗੇ ਭਲੇ ਸੀ।” ਅਗਲਾ ਹੈਰਾਨੀ ‘ਚ ਡੁੱਬ ਜਾਂਦਾ।
”ਜ਼ਬਾਨ ਟਪਲਾ ਖਾ ਗਈ ਜੀ, ਉਹ ਹੁੱਕਾ ਪੀਂਦੇ ਆ।” ਮੈਂ ਮੱਥੇ ‘ਤੇ ਹੱਥ ਮਾਰ ਕੇ ਆਖਦਾ।
ਬੈਂਕ ਦਾ ਜਨਰਲ ਮੈਨੇਜਰ ਸ.ਅਮਰ ਸਿੰਘ ਮੁੜ ਲੁਧਿਆਣੇ ਚਲਾ ਗਿਆ। ਉਸਦੀ ਜਗ੍ਹਾ ਲੁਧਿਆਣੇ ਤੋਂ ਸ.ਜਗਤਾਰ ਸਿੰਘ ਸੰਧੂ ਆ ਗਿਆ।
ਮੈਂ ਕੰਪਲਾਇੰਸ ਦੇ ਕੰਮ ਤੋਂ ਇਲਾਵਾ ਰੀਵੀਊ ਕਮੇਟੀ ਦੀਆਂ ਤ੍ਰੈਮਾਸਕ ਮੀਟਿੰਗਾਂ ਅਤੇ ਬਰਾਂਚਾਂ ਦੇ ਡਿਪਾਜ਼ਿਟ-ਟਾਰਗਿਟ ਦੀਆਂ ਡਿਊਟੀਆਂ ਵੀ ਨਿਭਾ ਰਿਹਾ ਸਾਂ।

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …