Breaking News
Home / ਰੈਗੂਲਰ ਕਾਲਮ / ਗੁਰੂ ਤੇਗ਼ ਬਹਾਦਰ ਜੀ

ਗੁਰੂ ਤੇਗ਼ ਬਹਾਦਰ ਜੀ

ਸੁਣੋ ਸੁਣੋ ਐ ਦੁਨੀਆਂ ਵਾਲਿਓ,
ਤੇਗ ਬਹਾਦਰ ਦੀ ਅਮਰ ਕਹਾਣੀ।
ਅੱਜ ਤੱਕ ਸਾਰੀ ਦੁਨੀਆਂ ਅੰਦਰ,
ਕੋਈ ਨਾ ਹੋਇਆ ਉਸ ਦਾ ਸਾਨੀ।

ਮਾਤਾ ਨਾਨਕੀ ਜੀ ਦੇ ਘਰ ‘ਚ,
ਤੇਗ ਬਹਾਦਰ ਦਾ ਜਨਮ ਹੋਇਆ।
ਵੇਖ ਨੂਰਾਨੀ ਮੁੱਖੜਾ ਉਸ ਦਾ,
ਮਾਤ-ਪਿਤਾ ਬੜਾ ਖੁਸ਼ ਹੋਇਆ।
ਲੋਕਾਂ ਨੇ ਗੁਰ ਮਹਿਲੀਂ ਆ ਕੇ,
ਮਾਤਾ ਨੂੰ ਦਿੱਤੀਆਂ ਵਧਾਈਆਂ।
ਸੰਗਤ ਵਿਚ ਗੁਰੂ ਹਰਗੋਬਿੰਦ,
ਵੰਡੇ ਲੱਡੂ, ਤੇ ਮਠਿਆਈਆਂ।

ਦਰਸ਼ਨ ਕੀਤੇ ਭੁੱਖ ਲਹਿ ਜਾਵੇ,
ਐਸੀ ਚਮਕ ਦਾਤਾਰ ਦੀ ਹੈ ਸੀ।
ਹੱਸਣੀ ਉਸ ਦੀ ਲੁਟਾਂਦੀ ਹਾਸੇ,
ਨਜ਼ਰ ਜਮਾਨੇ ਨੂੰ ਤਾਰਦੀ ਹੈ ਸੀ।
ਦੇਵਾਂ ਮੈਂ ਤਸ਼ਬੀਹ ਨਾਲ ਕਿਸਦੀ,
ਮੂਰਤ ਉਹ ਨਿਰੰਕਾਰ ਦੀ ਹੈ ਸੀ।
ਚੰਨ ਵਰਗਾ ਸੀ ਮੁੱਖੜਾ ਉਹਦਾ,
ਤੱਕਣੀ ਦੁੱਖ ਨਿਵਾਰਦੀ ਹੈ ਸੀ।
ਸੋਢੀ ਕੁੱਲ ਨਾਂ ਰੋਸ਼ਨ ਹੋਇਆ,
ਰੋਸ਼ਨੀ ਉਹ ਸੰਸਾਰ ਦੀ ਹੈ ਸੀ।
ਦੁੱਖ ਮਿਟਾਏ ਦੀਦਾਰੀਆਂ ਦੇ ਉਹ,
ਐਸੀ ਨੂਰੀ ਨੁਹਾਰ ਦੀ ਹੈ ਸੀ।

ਟੇਵਾ ਲਾ ਕੇ ਜੋਤਸ਼ੀ ਦੱਸਿਆ,
ਦੁੱਖੀਆਂ ਦੇ ਦੁੱਖ ਹਰੇਗਾ ਇਹ।
ਜੌਹਰ ਦਿਖਾਵੇਗਾ ਵੱਡਾ ਹੋ ਕੇ,
ਰੱਤ ਦੀ ਨਦੀ ਨੂੰ ਤਰੇਗਾ ਇਹ।
ਜੱਗ ਕਰੇਗਾ ਇਸ ਦੀ ਪੂਜਾ,
ਪੈਰ ਜਿੱਥੇ ਵੀ ਧਰੇਗਾ ਇਹ।
ਸਾਲ ਛੱਬੀ ਨੌ ਮਹੀਨੇ ਤੇਰਾਂ ਦਿਨ,
ਰੱਬ ਦੀ ਭਗਤੀ ਕਰੇਗਾ ਇਹ।
ਜੂਝੇਗਾ ਵਿੱਚ ਮੈਦਾਨ ਦੇ ਜਦ,
ਮੌਤ ਤੋਂ ਨਾ ਕਦੇ ਡਰੇਗਾ ਇਹ।
ਇਜ਼ਤ ਪੱਤ ਬਚਾਵਣ ਦੇ ਲਈ,
ਦੁੱਖੀਆਂ ਦਾ ਦੁੱਖ ਹਰੇਗਾ ਇਹ।

ਹਰਗੋਬਿੰਦ ਦਾ ਲਾਲ ਇਹ ਸੋਹਣਾ,
ਧਰਮ ਲਈ ਆਪਾ ਕੁਰਬਾਨ ਕੀਤਾ।
ਮਾਤਾ ਨਾਨਕੀ ਦੇ ਸੋਹਣੇ ਲਾਡਲੇ,
ਪਰਉਪਕਾਰ ਜੱਗ ‘ਤੇ ਮਹਾਨ ਕੀਤਾ।
ਮਿਸਾਲ ਜਿਸਦੀ ਨਹੀਂ ਮਿਲ ਸਕਦੀ,
ਹਿੰਦੂ ਧਰਮ ਲਈ ਜੀਵਨ ਦਾਨ ਕੀਤਾ।
ਬਾਬੇ ਗੁਰੂ ਅਰਜਨ ਦੇ ਵਾਂਗ ਜਿਸਨੇ,
‘ਘਈ’ ਹੱਸ ਮੌਤ ਨੂੰ ਪਰਵਾਨ ਕੀਤਾ।
– ਪ੍ਰਿੰ. ਗਿਆਨ ਸਿੰਘ ਘਈ
ਫ਼ੋਨ: 647-624-7733

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …