Breaking News
Home / ਰੈਗੂਲਰ ਕਾਲਮ / ਸ਼ੁਭ ਸ਼ਗਨ ਹੈ ‘ਈਦੂ’ ਦੇ ਘਰ ‘ਸਿੱਧੂ’ ਦਾ ਜਾਣਾ!

ਸ਼ੁਭ ਸ਼ਗਨ ਹੈ ‘ਈਦੂ’ ਦੇ ਘਰ ‘ਸਿੱਧੂ’ ਦਾ ਜਾਣਾ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਮੀਡੀਆ ਵਿਚ ਕਾਫੀ ਚਰਚਾ ਚੱਲ ਰਹੀ ਸੀ ਹੈ ਆਰਥਿਕ ਤੰਗੀਆਂ-ਤੁਰਸ਼ੀਆਂ ਤੇ ਬੀਮਾਰੀ ਦੀ ਹਾਲਤ ਵਿਚ ਦਿਨ ਬਸਰ ਕਰ ਰਹੇ ਸ੍ਰੋਮਣੀ ਢਾਡੀ-ਲੋਕ ਗਾਇਕ ਈਦੂ ਸ਼ਰੀਫ਼ ਨਾਲ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਘਰ ਜਾ ਕੇ ਮੁਲਾਕਾਤ ਤੇ ਕੁਝ ਆਰਥਿਕ ਮੱਦਦ ਕੀਤੀ ਹੈ। ਹਾਲੇ ਇਹ ਖਬਰ ਦੀ ਚਰਚਾ ਜਾਰੀ ਸੀ ਕਿ ਸਿੱਧੂ ਸਾਹਬ ਸ਼ਹੀਦ ਭਗਤ ਸਿੰਘ ਦੇ ਸਥਾਨ ਖੇਖੜ ਕਲਾਂ ਗਏ ਤੇ ਜਿਲਾ ਨਵਾਂ ਸ਼ਹਿਰ ਦੀ ਡਿਪੇੀ ਕਮਿਸ਼ਨਰ ਨੇ ਦੱਸਿਆ ਕਿ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਕੂਨੈਕਸ਼ਨ ਕੱਟ ਹੋ ਗਿਆ ਹੈ ਤਾਂ ਸਿੱਧੂ ਨੇ ਆਪਣੀ ਜੇਬ ਵਿਚੋਂ ਮੌਕੇ ਉਤੇ ਢਾਈ ਲੱਖ ਰੁਪੈ ਅਦਾ ਕਰ ਕੇ ਬੁਝੇ ਲਾਟੂ ਜਗਵਾਏ। ਇਸ ਖਬਰ ਦੀ ਚਰਚਾ ਹਾਲੇ ਜਾਰੀ ਸੀ ਕਿ ਸਿੱਧੂ ਸਾਹਬ ਉਹਨਾਂ ਕਿਸਾਨਾਂ ਨੂੰ ਚੌਦਾਂ ਲੱਖ ਰੁਪੈ ਦਾ ਮੁਆਵਜਾ ਆਪਣੀ ਜੇਬ ਵਿਚੋਂ ਦੇਣ ਚਲੇ ਗਏ, ਜਿੰਨਾਂ ਦੀ ਫਸਲ ਅੱਗ ਦੀ ਭੇਟ ਚੜੀ੍ਹ ਸੀ। ਸਿੱਧੂ ਦੇ ਇਸ ਸਮਾਜ ਸੇਵੀ ਕਾਰਜਾਂ ਤੋਂ ਉਸਦੇ ਵਿਰੋਧੀਆਂ ਨੂੰ ਸਿਵਾਏ ਨੁਕਤਾ-ਚੀਨੀ ਤੋਂ ਕੁਝ ਹੋਰ ਨਹੀਂ ਲੱਭਿਆ। ਅਜਿਹੇ ਨੁਕਤਾਚੀਨਾਂ ਉਤੇ ਇਹ ਗੱਲ ਸੌ ਪ੍ਰਤੀਸ਼ਤ ਢੁਕਦੀ ਹੈ ਕਿ ਨਾ ਖੇਡ੍ਹਣਾ ਤੇ ਨਾ ਖੇਡ੍ਹਣ ਦੇਣਾ ਸਗੋਂ ਖੁੱਤੀ ਵਿਚ ਮੂਤਣਾ! ਕਹਿਣ ਤੋਂ ਭਾਵ ਇਹ ਨੁਕਤਾਚੀਨ ਕਿਸੇ ਨੂੰ ਜੇਬ ਵਿਚੋਂ ਧੇਲੀ ਦੇਣ ਜੋਕਰੇ ਨਹੀਂ ਹਨ। ਸਿਰਫ ਆਲੋਚਨਾ ਕਰਨ ਜੋਕਰੇ ਹਨ।
ਜਿਸ ਮੌਕੇ ਈਦੂ ਸ਼ਰੀਫ਼ ਤੇ ਉਸਦੇ ਪੁੱਤਰ ਨੇ ਮਿਲ ਕੇ ਸਿੱਧੂ ਦੇ ਘਰ ਜਾਣ ਉਤੇ ਇੱਕ ਗੀਤ ਦੇ ਬੋਲ ਚੁੱਕੇ:
ਜ਼ਿੰਦਗੀ ਦੇ ਰੰਗ ਸੱਜਣਾ
ਅੱਜ ਹੋਰ ਤੇ ਕੱਲ੍ਹ ਨੂੰ ਹੋਰ…
ਇਹ ਦੇਖ-ਸੁਣ ਕੇ ਮੈਨੂੰ ਸਾਲ 1991 ਦੇ ਅੰਤਲੇ ਦਿਨ ਚੇਤੇ ਆ ਗਏ ਹਨ। ਉਸਤਾਦ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਆਪਣੇ ਡੇਰੇ ਜਵਾਹਰ ਨਗਰ ਵਿਚ ਬੀਮਾਰ ਪਏ ਹੋਏ ਸਨ। ਉਨਾਂ ਦੇ ਚੂਕਣੇ ‘ਤੇ ਸੱਟ ਲੱਗੀ ਹੋਈ ਸੀ। ਉਸ ਸਮੇਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਐਸ ਐਸ ਚੰਨੀ, ਪ੍ਰੋ ਗੁਰਭਜਨ ਗਿੱਲ ਤੇ ਡਾਇਰੈਕਟਰ ਸਭਿਆਚਾਰਕ ਮਾਮਲੇ ਐਸ ਕੇ ਆਹਲੂਵਾਲੀਆ ਨਾਲ ਪਂਜਾਬ ਦੇ ਗਵਰਨਰ ਸ੍ਰੀ ਸੁਰਿੰਦਰ ਨਾਥ ਉਸਤਾਦ ਯਮਲਾ ਜੀ ਦਾ ਹਾਲ ਚਾਲ ਜਾਨਣ ਲਈ ਡੇਰੇ ਪੁੱਜੇ। ਤਾਂ ਉਸ ਮੌਕੇ ‘ਤੇ ਉਹਨਾਂ ਨੇ ਤੂੰਬੀ ਨਾਲ ਗੀਤ ਗਾ ਕੇ ਸੁਣਾਇਆ ਸੀ, ਬੋਲ ਸਨ:
ਦੇਸ਼ ਦੇ ਜੁਆਨਾ, ਸਾਨੂੰ ਤੇਰੇ ਉਤੇ ਮਾਣ ਏਂ
ਤੂੰ ਰਖਵਾਲਾ ਸਾਡਾ, ਤੇਰੇ ਨਾਲ ਸ਼ਾਨ ਏਂ
ਢੋਲਕੀ ‘ਤੇ ਸੰਗਤ ਉਸਤਾਦ ਜੀ ਦੇ ਬੇਟੇ ਖੁੱਡੂ ਨੇ ਕੀਤੀ ਸੀ। ਗਵਰਨਰ ਦੀ ਪਤਨੀ ਗਾਰਗੀ ਦੇਵੀ ਵੀ ਗੀਤ ਸੁਣ ਕੇ ਬਹੁਤ ਪ੍ਰਸੰਨ ਹੋਈ ਸੀ। ਗੀਤ ਗਾਉਂਦੇ ਸਮੇਂ ਉਸਤਾਦ ਜੀ ਦੀਆਂ ਅੱਖਾਂ ਆਪ-ਮੁਹਾਰੇ ਨਮ ਹੋ ਗਈਆਂ ਸਨ।
ਹੁਣ ਜਦ ਸ੍ਰ ਨਵਜੋਤ ਸਿੰਘ ਸਿੱਧੂ ਨੇ ਈਦੂ ਸ਼ਰੀਫ਼ ਦੇ ਮੋਢਿਆਂ ਉਤੇ ਦੋਵੇਂ ਹੱਥ ਧਰ ਕੇ ਆਖਿਆ ਕਿ ਉਸਤਾਦ ਜੀ ਤੁਸੀਂ ਰਤਾ ਫਿਕਰ ਨਾ ਕਰੋ, ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕਰ ਕੇ ਥੋਡੀ ਹੋਰ ਮੱਦਦ ਵੀ ਕਰੂੰਗਾ, ਜਨਾਬ ਤੁਸੀਂ ਤਾਂ ਸਾਡੇ ਲਾਲ ਹੋ ਲਾਲ…। ਤਾਂ ਈਦੂ ਸ਼ਰੀਫ਼ ਨੇ ਅੱਖਾਂ ਭਰੀਆਂ। ਇਸ ਤੋਂ ਬਾਅਦ ਇੱਕ ਪੱਤਰਕਾਰ ਮਿੱਤਰ ਨੇ ਪੁੱਿਛਆ ਕਿ ਸਿੱਧੂ ਸਾਹਬ ਤੁਹਾਡੇ ਮਨ ਵਿਚ ਕਿਵੇਂ ਆਈ ਇਹ ਗੱਲ! ਉਹਨਾਂ ਦਾ ਜੁਆਬ ਸੀ, ”ਪਿਆਸਾ ਆਪ ਚੱਲ ਕੇ ਖੂਹ ਕੋਲ ਆਉਂਦਾ ਐ, ਸੋ ਅਸੀਂ ਤਾਂ ਪਿਆਸੇ ਆਂ ਤੇ ਈਦੂ ਸ਼ਰੀਫ਼ ਜੀ ਸੰਗੀਤ ਦੇ ਸਮੁੰਦਰ ਹਨ।”
ਘਰਾਂ ਵਿਚ ਬੀਮਾਰ ਪਏ ਸਾਹਿਤਕਾਰਾਂ ਤੇ ਕਲਾਕਾਰਾਂ ਦਾ ਸਾਡੇ ਹਾਕਮਾਂ ਜਾਂ ਅਫਸਰਸ਼ਾਹੀ ਵੱਲੋਂ ਜਾ ਕੇ ਹਾਲ ਚਾਲ ਜਾਨਣ ਜਾਂ ਕਿਸੇ ਕਿਸਮ ਦੀ ਸਹਾਇਤਾ ਕਰਨ ਦਾ ਰੁਝਾਨ ‘ਨਾਂਹ’ ਦੇ ਬਰਾਬਰ ਹੀ ਹੈ, ਸੋ ਸਿੱਧੂ ਸਾਹਬ ਇਹ ਪਿਰਤ ਜਾਰੀ ਰੱਖਣਗੇ ਤਾਂ ਕਲਾ ਜਗਤ ਦੇ ਲੋਕਾਂ ਦੇ ਢੱਠੇ ਹੌਸਲੇ ਬੱਝਣ ਲੱਗਣਗੇ। ਪਿਛਲੇ ਦਿਨੀਂ ਹੀ ਸਭਿਆਚਾਰਕ ਮਾਮਲੇ ਵਿਭਾਗ ਦੀ ਇੱਕ ਇੱਕਤਰਤਾ ਸੀ। ਉਦੋਂ ਫੋਰਟਿਸ ਵਿਚ ਦਾਖਲ ਸਾਡੇ ਮਾਣਯੋਗ ਨਾਟਕਕਾਰ ਸ੍ਰ ਅਜਮੇਰ ਸਿੰਘ ਔਲਖ ਦਾ ਮੁੱਦਾ ਮੈਂ ਚੁੱਕਿਆ ਸੀ, ਤਾਂ ਸਿੱਧੂ ਸਾਹਬ ਨੇ ਫੌਰੀ ਆਪਣੀ ਜੇਬ ਵਿਚੋਂ ਅੱਠ ਲੱਖ ਰੁਪਏ ਖੁਦ ਸਾਡੇ ਨਾਲ ਜਾ ਕੇ ਹਸਤਪਾਲ ਵਿਚ ਭੇਟ ਕੀਤੇ ਸਨ ਤੇ ਕਲਾ ਜਗਤ ਵਿਚ ਇਸ ਗੱਲ ਦੀ ਸਿਫਤ ਵੀ ਹੋਈ ਸੀ। ਹੁਣ ਆਰਟ ਕੌਂਸਲ ਦੇ ਪ੍ਰਧਾਨ ਸੁਰਜੀਤ ਪਾਤਰ ਨੇ ਸਾਡੇ ਸਭਨਾਂ ਦੀ ਹਾਜ਼ਰੀ ਵਿਚ ਸਿੱਧੂ ਅੱਗੇ ਈਦੂ ਸ਼ਰੀਫ਼ ਦੀ ਬਾਤ ਪਾਈ ਤਾਂ ਕੁਝ ਦਿਨਾਂ ਬਾਅਦ ਹੀ ਫਰੀਦਕੋਟ ਦੀ ਧਰਤੀ ਉਤੇ ਲੱਗਣ ਵਾਲਾ ਬਾਬਾ ਸੇਖ ਫਰੀਦ ਮੇਲਾ ਆ ਗਿਆ। ਇਸ ਮੌਕੇ ਸ੍ਰ ਸਿੱਧੂ ਨੂੰ ‘ਬਾਬਾ ਫਰੀਦ ਇਮਾਨਦਾਰੀ ਪੁਰਸਕਾਰ’ ਦਿੱਤਾ ਗਿਆ ਤਾਂ ਇਸ ਵਿਚ ਇੱਕ ਲੱਖ ਰੁਪੈ ਨਕਦ ਰਾਸ਼ੀ ਸੀ। ਪੁਰਸਕਾਰ ਪ੍ਰਾਪਤ ਕਰਨ ਉਪਰੰਤ ਮੌਕੇ ‘ਤੇ ਹੀ ਆਪਣੇ ਸੰਬੋਧਨ ਵਿਚ ਉਹਨਾਂ ਇੱਕ ਲੱਖ ਇਨਾਮੀ ਰਾਸ਼ੀ ਤੇ ਇੱਕ ਲੱਖ ਆਪਣੀ ਜੇਬੋਂ ਪਾ ਕੇ ਈਦੂ ਸ਼ਰੀਫ ਨੂੰ ਭੇਟ ਕਰਨ ਦਾ ਐਲਾਨ ਹਜਾਰਾਂ ਲੋਕਾਂ ਦੇ ਇਕੱਠ ਵਿਚ ਕੀਤਾ। ਸੰਗਤਾਂ ਨੇ ਜੈਕਾਰੇ ਬੁਲਾ ਕੇ ਇਸਦਾ ਸਵਾਗਤ ਕੀਤਾ।
ਇਸ ਲਿਖਤ ਰਾਹੀਂ ਮੈਂ ਆਪਣਾ ਇੱਕ ਸੁਝਾਵ ਦੇਣਾ ਚਾਹੁੰਦਾ ਹਾਂ ਕਿ ਕਿੰਨਾ ਚੰਗਾ ਹੋਵੇ ਕਿ ਸਾਡੇ ਮੁਲਕ ਦੇ ਸਾਰੇ ਛੋਟੇ-ਵੱਡੇ ਨੇਤਾ ਇੱਕ ਸਰਵ-ਸਾਂਝਾ ਸਮਾਜ ਭਲਾਈ ਫੰਡ ਸਥਾਪਿਤ ਕਰ ਕੇ ਆਪੋ-ਆਪਣੀ ਜੇਬ ਵਿਚੋਂ ਜੇਕਰ ਇੱਕ-ਇੱਕ ਰੁਪੱਈਆ ਵੀ ਪਾਉਣ ਤਾਂ ਇੱਕ ਵੱਡਾ ਸਮਾਜ ਸੇਵੀ ਉਪਰਾਲਾ ਸਿੱਧ ਹੋ ਸਕਦਾ ਹੈ ਅਤੇ ਇਸ ਨਾਲ ਕਲਾ ਖੇਤਰ ਦੇ ਬਹੁਤ ਸਾਰੇ ਬੇਸਹਾਰਾ, ਬੀਮਾਰ, ਗਰੀਬਾਂ ਤੇ ਲਾਚਾਰ ਲੋਕਾਂ ਦਾ ਕਾਫੀ ਭਲਾ ਹੋ ਸਕੇਗਾ। ਫਿਰ ਸਤੀਸ਼ ਕੌਲ ਵਰਗੇ ਅਦਾਕਾਰਾਂ ਤੇ ਪ੍ਰੀਤਮ ਵਰਗੇ ਕਹਾਣੀਕਾਰਾਂ ਨੂੰ ਬਿਰਧ ਆਸ਼ਰਮਾਂ ਵਿਚ ਨਹੀਂ ਰੁਲਣਾ ਪਏਗਾ।
ਗੱਲ ਕਿਥੇ ਦੀ ਕਿੱਥੇ ਤੱਕ ਜਾ ਪੁਜੇਗੀ ਜੇਕਰ ਇਹ ਲੋਕ ਸਚਮੁੱਚ ਹੀ ਰਲ-ਮਿਲ ਹੰਭਲਾ ਮਾਰ ਕੇ ਦੇਖਣ ਤਾਂ! ਨੇਤਾ ਜਨ ਤਾਂ ਆਮ ਲੋਕਾਂ ਨੂੰ ਵੀ ਪ੍ਰੇਰ ਕੇ ਤੇ ਆਪਣੇ ਨਾਲ ਜੋੜ ਕੇ ਇੱਕ ਵੱਡਾ ਸਮਾਜ ਸੇਵੀ ਉੱਦਮ ਕਰ ਸਕਣ ਦੇ ਪੂਰੇ-ਪੂਰੇ ਸਮਰੱਥ ਹੁੰਦੇ ਹਨ। ਇਸ ਗੱਲ ਵਿਚ ਕੋਈ ਝੂਠ ਨਹੀਂ ਹੈ ਕਿ ਸਾਡੇ ਮੁਲਕ ਦੇ ਸਾਰੇ ਵੱਡੇ ਨੇਤਾਵਾਂ, ਐਕਟਰਾਂ, ਸਾਧਾਂ-ਸੰਤਾਂ ਤੇ ਅਜੋਕੇ ਗਾਇਕਾਂ ਕੋਲ ਮਣਾਮੂੰਹੀ ਦੌਲਤ ਹੈ, ਰੱਬ ਨੇ ਕੋਈ ਤੋਟ ਰੱਖੀ ਹੀ ਨਹੀਂ। ਅਜਿਹੀ ਹਾਲਤ ਵਿਚ ਅਜਿਹਾ ਚੰਗੇਰਾ ਉੱਦਮ ਹੋਰ ਵੀ ਸਾਰਥਕ ਸਿੱਧ ਹੋਵੇ ਕਿ ਇਹ ਲੋਕ ਸਾਲ-ਛਿਮਾਹੀਂ ਇਕੱਠੇ ਹੋ ਕੇ ਆਪਣੀ ਜੇਬ ਨੂੰ ਹਵਾ ਲੁਵਾਉਂਦੇ ਰਹਿਣ।
ਜੇਬ ਢਿੱਲੀ ਕਰਨ ਵਾਲੀ ਸਿੱਧੂ ਦੀ ਇਸ ਦਰਿਆ ਦਿਲੀ ਬਾਰੇ ਕੁਝ ਦੋਸਤਾਂ ਵਿਚ ਚਰਚਾ ਚੱਲ ਰਹੀ ਸੀ ਤਾਂ ਇੱਕ ਦੋਸਤ ਬੋਲਿਆ, ”ਏਸ ਕੋਲ ਬਥੇਰੇ ਪੇਸੇ ਹੈਗੇ ਆ।” ਦੂਜਾ ਕਹਿਣ ਲੱਗਿਆ, ”ਬਾਈ ਪੈਸੇ ਤਾਂ ਇਹਦੇ ਤੋਂ ਵੱਧ ਹੋਰਨਾਂ ਬਥੇਰਿਆਂ ਕੋਲ ਹੈਗੇ ਆ ਪਰ ਦਿਲ ਨਹੀਂ ਹੈਗਾ, ਦਿਲ ਕਿਥੋਂ ਲਿਆਉਣ?” ਇਹ ਗੱਲ ਸੱਚ ਹੈ ਕਿ ਜੇਬ ਢਿੱਲੀ ਕਰਨ ਵਾਸਤੇ ਵੀ ਵੱਡਾ ਦਿਲ ਚਾਹੀਦਾ ਹੈ, ਏਥੇ ਕੌਣ ਕਿਸੇ ਨੂੰ ਵੰਡਦਾ ਫਿਰਦਾ ਹੈ ਪੈਸੇ? ਅੰਬਾਨੀ, ਮਿੱਤਲ, ਚੱਢੇ ਤੇ ਵਿਜੈ ਮਾਲਿਆ ਵਰਗੇ ਅਨੇਕ ਸੱਜਣ ਮਾਇਆ ਨਾਲ ਮਾਲਾ-ਮਾਲ ਹਨ। ਸੁਈ ਫਿਰ ਦਿਲ ‘ਤੇ ਆਣ ਰੁਕਦੀ ਹੈ! ਸਿੱਧੂ ਸਭ ਨੂੰ ਕਹਿੰਦਾ ਹੈ ਕਿ ਸਾਡੀ ਅਸਲੀ ਦੌਲਤ ਤਾਂ ਸਾਡੇ ਫ਼ਨਕਾਰ ਤੇ ਕਲਮਕਾਰ ਹੀ ਨੇ, ਇਹਨਾਂ ਨੂੰ ਸਾਂਭਣਾ ਸਾਡਾ ਅਹਿਮ ਫਰਜ਼ ਹੈ।

 

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …