Breaking News
Home / ਰੈਗੂਲਰ ਕਾਲਮ / ਭਾਰਤ-ਪਾਕਿ ਜੰਗਂ1965

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਕਿਸ਼ਤ 19ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੁਕਆਡਰਨ ‘ਚ ਮੇਰੀ ਡਿਊਟੀ ‘ਰੋਜ਼ਾਨਾ ਸਰਵਿਸਿੰਗ ਸੈਕਸ਼ਨ ‘ਤੋਂ ਬਦਲ ਕੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ‘ਚ ਲੱਗ ਗਈ। ਇਸ ਸੈਕਸ਼ਨ ਵਿਚ ਕੈਨਬਰਾ ਜਹਾਜ਼ਾਂ ਦੀਆਂਮਿਆਦੀ ਸਮੇਂ ਵਾਲ਼ੀਆਂ ਸਰਵਿਸਾਂ (Periodical Services) ਕੀਤੀਆਂ ਜਾਂਦੀਆਂ ਸਨ। ਜਹਾਜ਼ ਬਣਾਉਣ ਵਾਲ਼ੀਆਂ ਕੰਪਨੀਆਂ ਨੇ ਆਪਣੇ ਜਹਾਜ਼ਾਂ ਦੇ ਫਰੇਮ, ਇੰਜਣ ਤੇ ਖਾਸ-ਖਾਸ ਪੁਰਜਿਆਂ ਦੀ ਉਮਰ ਨਿਰਧਾਰਤ ਕੀਤੀ ਹੁੰਦੀ ਹੈ। ਉਦਾਹਾਰਣ ਦੇ ਤੌਰ ‘ਤੇ ਕਿਸੇ ਜਹਾਜ਼ ਦੇ ਫਰੇਮ ਦੀ ਉਮਰ 800 ਉਡਣ-ਘੰਟੇ, ਇੰਜਣ ਦੀ 600 ਉਡਣ-ਘੰਟੇ, ਆਇਲ ਪੰਪ ਦੀ 500 ਉਡਣ-ਘੰਟੇ ਹੋ ਸਕਦੀ ਹੈ। ਇਹ ਉਮਰ ਜਹਾਜ਼ ਦੇ ਉਡਣ-ਘੰਟਿਆਂ ਦਾ ਜਮ੍ਹਾਂ-ਜੋੜ ਹੁੰਦਾ ਹੈ। ਨਵੇਂ ਜਹਾਜ਼ ਦੀ ਉਮਰ ਸਿਫਰ ਤੋਂ ਸ਼ੁਰੂ ਹੁੰਦੀ ਹੈ। ਫਿਰ ਜਿਉਂ-ਜਿਉਂ ਉਡਣ-ਘੰਟੇ ਵਧਦੇ ਹਨ, ਜਹਾਜ਼ਾਂ ਦੇ ਸਾਰੇ ਟਰੇਡਾਂ ਦੀਆਂ ਮਿਆਦੀ ਸਮੇਂ ਦੀਆਂ ਸਰਵਿਸਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਕੈਨਬਰਾ ਜਹਾਜ਼ ਦੀ ਇਸ ਤਰ੍ਹਾਂ ਦੀ ਪਹਿਲੀ ਸਰਵਿਸ 25 ਘੰਟੇ ਬਾਅਦ ਹੁੰਦੀ ਸੀ, ਅਗਲੀਆਂ ਸਰਵਿਸਾਂ 50, 75, 100, 125, 150 ਘੰਟੇ ਬਾਅਦ ਅਤੇ ਅਗਾਂਹ ਵਾਲੀਆਂ ਇਸੇ ਤਰ੍ਹਾਂ ਉਮਰ ਪੁੱਗਣ ਤੱਕ ਜਾਰੀ ਰਹਿੰਦੀਆਂ ?ਨ। ਉਮਰ ਪੁੱਗਣ ਉਪਰੰਤ ਜਹਾਜ਼ਾਂ ਦੀ ਓਵਰਹਾਲਿੰਗ ਕੀਤੀ ਜਾਂਦੀ ਹੈ। ਰੋਜ਼ਾਨਾ ਤੇ ਮਿਆਦੀ ਸਮੇਂ ਦੀਆਂ ਸਰਵਿਸਾਂ ਅਤੇ ਓਵਰਹਾਲਿੰਗ ਨਾਲ਼ ਸੰਬੰਧਿਤ ਚੈਕਿੰਗਾਂ-ਮੁਰੰਮਤਾਂ ਦੇ ਵੇਰਵੇ, ਜਹਾਜ਼ਾਂ ਦੀਆਂ ਨਿਰਮਾਤਾ-ਕੰਪਨੀਆਂ ਵੱਲੋਂ ਸਪਲਾਈ ਕੀਤੀਆਂ ‘ਏਅਰ ਪਬਲੀਕੇਸ਼ਨਜ਼’ ਵਿਚ ਦਰਜ ਹੁੰਦੇ ਹਨ।
ਹਰ ਟਰੇਡ ਦੇ ਤਕਨੀਸ਼ਨ ਆਪਣੇ ਸਾਰੇ ਕੰਮ ਪੂਰੀ ਸਾਵਧਾਨੀ ਨਾਲ਼ ਕਰਦੇ ਹਨ। ਆਪਣੇ ਕੀਤੇ ਕੰਮਾਂ ਦੀ ਜ਼ਿੰਮੇਵਾਰੀ ਵਜੋਂ ਉਨ੍ਹਾਂ ਨੂੰ ਸੰਬੰਧਿਤ ਫਾਰਮਾਂ ‘ਤੇ ਦਸਤਖਤ ਕਰਨੇ ਹੁੰਦੇ ਹਨ। ਜਹਾਜ਼ ਦੇ ਹਾਸਤਾਗ੍ਰਸਤ ਹੋਣ ਦੀ ਸੂਰਤ ਵਿਚ, ਜਿਨ੍ਹਾਂ ਤਕਨੀਸ਼ਨਾਂ ਨੇ ਉਸ ਜਹਾਜ਼ ‘ਤੇ ਸਰਵਿਸ ਕੀਤੀ ਹੁੰਦੀ ਹੈ, ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾਂਦੀ ਹੈ।
ਪਰ ਸਾਵਧਾਨੀ ਨਾਲ਼ ਕੀਤੀਆਂ ਸਰਵਿਸਾਂ ਦੇ ਬਾਵਜੂਦ, ਕਦੀ-ਕਦੀ ਮਸ਼ੀਨਰੀਆਂ ਪਾਇਲਟਾਂ ਦੇ ਆਦੇਸ਼ ਅਨੁਸਾਰ ਫੰਕਸ਼ਨ ਨਹੀਂ ਕਰਦੀਆਂ। ਇਕ ਵਾਰ ਸਾਡੇ ਸੁਕਆਡਰਨ ਦਾ ਇਕ ਨਵਾਂ ਪਾਇਲਟ ਲੋਕਲ ਫਲਾਈਂਗ ਕਰ ਰਿਹਾ ਸੀ। ਉਤਰਨ ਦੀ ਤਿਆਰੀ ਸਮੇਂ ਜਹਾਜ਼ ਦਾ ਚੁੰਝ ਹੇਠਲਾ ਪਹੀਆ ਬਾਹਰ ਨਾ ਆਇਆ। ਉਸਨੇ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ। ਹਵਾਈ ਅੱਡੇ ਲਈ ਸੰਕਟ ਖੜ੍ਹਾ ਹੋ ਗਿਆ।
ਜਹਾਜ਼ ਨੂੰ ਉਤਾਰਨ ਸਮੇਂ, ਪਾਇਲਟ ਪਹਿਲਾਂ ਦੋ ਮੁੱਖ ਪਹੀਏ ਹੀ ਰੱਨਵੇਅ ਤੇ ਲਾਉਂਦਾ ਹੈ। ਚੁੰਝ ਹੇਠਲਾ ਪਹੀਆ ਬਿੰਦ ਕੁ ਬਾਅਦ ਲਾਇਆ ਜਾਂਦਾ ਹੈ। ਜਹਾਜ਼ ਦਾ ਜ਼ਮੀਨ ‘ਤੇ ਸੰਤੁਲਿਨ ਬਣਾਉਣ ਤੇ ਜਹਾਜ਼ ਨੂੰ ਆਸੇ-ਪਾਸੇ ਮੋੜਨ ਲਈ ਚੁੰਝ ਹੇਠਲਾ ਪਹੀਆ ਜਹਾਜ਼ ਦਾ ਅਤਿ ਮਹੱਤਵਪੂਰਨ ਪਾਰਟ ਹੈ।
ਨਵਾਂ ਪਾਇਲਟ ਜੇ ਇਸ ਪਹੀਏ ਤੋਂ ਬਗੈਰ ਲੈਂਡ ਕਰਦਾ ਤਾਂ ਜਹਾਜ਼ ਦੇ ਮੂਹਰਲੇ ਹਿੱਸੇ ਨੇ ਰੱਨਵੇਅ ‘ਤੇ ਰਗੜ ਖਾਣੀ ਸੀ। ਸਿੱਟੇ ਵਜੋਂ ਜਹਾਜ਼ ਦੀ ਟੁੱਟ-ਭੱਜ ਤਾਂ ਹੋਣੀ ਹੀ ਸੀ, ਅੱਗ ਲੱਗਣ ਦਾ ਖ਼ਤਰਾ ਵੀ ਸੀ। ਹੱਲ ਇਹ ਸੀ ਕਿ ਰੱਨਵੇਅ ਨੂੰ ਛੋਹਣ ਬਾਅਦ, ਪਾਇਲਟ ਦੋ ਪਹੀਆਂ ‘ਤੇ ਦੌੜਦੇ ਜਹਾਜ਼ ਦਾ ਸੰਤੁਲਿਨ ਬਣਾਈ ਰੱਖੇ ਅਤੇ ਮੂਹਰਲਾ ਹਿੱਸਾ ਰੱਨਵੇਅ ‘ਤੇ ਉਦੋਂ ਲਾਵੇ ਜਦੋਂ ਸਪੀਡ ਕਾਫ਼ੀ ਘਟ ਗਈ ਹੋਵੇ।
ਸੁਕਆਡਰਨ ਕਮਾਂਡਰ ਨੇ ਫੌਰੀ ਐਕਸ਼ਨ ਲੈਂਦਿਆਂ ਇਕ ਹੰਢੇ-ਵਰਤੇ ਪਾਇਲਟ ਦੀ ਡਿਊਟੀ ਲਾ ਦਿੱਤੀ ਕਿ ਉਹ ਇਹ ਜੁਗਤ ਨਵੇਂ ਪਾਇਲਟ ਨੂੰ ਪ੍ਰੈਕਟੀਕਲੀ ਕਰਕੇ ਵਿਖਾਏ। ਅਸੀਂ ਸਾਰੇ ਤਕਨੀਸ਼ਨ ਹੈਂਗਰਾਂ (ਵਿਸ਼ਾਲ ਸ਼ੈੱਡਾਂ) ਤੋਂ ਬਾਹਰ ਖੜ੍ਹੇ ਵੇਖ ਰਹੇ ਸਾਂ। ਉਹ ਪਾਇਲਟ ਜਹਾਜ਼ ਲੈ ਕੇ ਉੱਡਿਆ ਤੇ ਉੱਪਰ ਗੇੜਾ ਕੱਢ ਕੇ ਲੈਂਡ ਕਰਦਿਆਂ ਮੂਹਰਲਾ ਪਹੀਆ, ਆਮ ਪ੍ਰੈਕਟਿਸ ਨਾਲ਼ੋਂ ਦੇਰ ਨਾਲ਼ ਰੱਨਵੇਅ ‘ਤੇ ਲਾਇਆ। ਸੰਕਟਗ੍ਰਸਤ ਪਾਇਲਟ ਨੇ ਜਹਾਜ਼ ਨੂੰ ਕਾਫ਼ੀ ਨੀਵਾਂ ਲਿਆ ਕੇ ਜੁਗਤ ਵੇਖ ਲਈ। ਸੁਰੱਖਿਆ ਯਕੀਨੀ ਬਣਾਉਣ ਲਈ, ਰੱਨਵੇਅ ਦੇ ਅੱਧ ਤੋਂ ਅਗਲੇ ਹਿੱਸੇ ਵਿਚ ਝੱਗ ਦੀ ਸੰਘਣੀ ਤਹਿ ਵਿਛਾਈ ਗਈ। ਹਵਾਈ ਸੈਨਾ ਦੀਆਂ ਅੱਗ-ਬੁਝਾਊ ਗੱਡੀਆਂ ਵਿਚ ਝੱਗ ਦਾ ਇੰਤਜ਼ਾਮ ਵੀ ਹੁੰਦਾ ਹੈ। ਨਵੇਂ ਪਾਇਲਟ ਨੇ ਜੁਗਤ ਅਨੁਸਾਰ ਲੈਂਡ ਕੀਤਾ। ਮੂਹਰਲੇ ਹਿੱਸੇ ਦੀ ਥੋੜ੍ਹੀ ਕੁ ਟੁੱਟ-ਭੱਜ ਹੋਈ ਬਾਕੀ ਸਭ ਠੀਕ ਰਿਹਾ। ਕੁਝ ਹਫ਼ਤੇ ਪਹਿਲਾਂ ਉਸ ਜਹਾਜ਼ ਦੀ 50 ਘੰਟੇ ਵਾਲ਼ੀ ਸਰਵਿਸ ਹੋਈ ਸੀ। ਏਅਰਫਰੇਮ ਟਰੇਡ ਦੇ ਤਕਨੀਸ਼ਨਾਂ ਨੇ ਜਹਾਜ਼ ਨੂੰ ਤਿੰਨ ਜੈਕਾਂ ‘ਤੇ ਉਠਾ ਕੇ ‘ਰਿਟ੍ਰੈਕਸ਼ਨ ਟੈਸਟ’ ਕੀਤਾ ਸੀ। ਤਿੰਨੇ ਪਹੀਏ ਠੀਕ ਤਰ੍ਹਾਂ ਅੰਦਰ ਵੀ ਜਾਂਦੇ ਸਨ ਤੇ ਬਾਹਰ ਵੀ ਨਿਕਲ਼ਦੇ ਸਨ।
ਹਰ ਟਰੇਡ ਦੀ ਮਿਆਦੀ ਸਰਵਿਸ ਦੀਆਂ ਆਈਟਮਾਂ ਕਾਫ਼ੀ ਹੁੰਦੀਆਂ ਹਨ। ਆਪਣੇ ਇੰਜਣ ਟਰੇਡ ਦੀ ਇਕ ਮਿਆਦੀ ਸਰਵਿਸ ਬਾਰੇ ਜੇ ਮੈਂ ਸਾਰੀਆਂ ਆਈਟਮਾਂ ਦਾ ਵੇਰਵਾ ਲਿਖਣਾ ਹੋਵੇ ਤਾਂ ਇਹ ਕਈ ਸਫਿਆਂ ਤੱਕ ਜਾਏਗਾ। ਕੁਝ ਮੁੱਖ ਆਈਟਮਾਂ ਲਿਖ ਰਿਹਾਂ:
ਇਮਪੈਲਰ ਤੇ ਟਰਬਾਈਨ ਦੇ ਬਲੇਡਾਂ ਦੀ ਚੈਕਿੰਗ ਇਹ ਦੇਖਣ ਲਈ ਕਰਦਾ ਸਾਂ ਕਿ ਕੋਈ ਟੁੱਟ-ਭੱਜ ਨਾ ਹੋਈ ਹੋਵੇ।
ਆਇਲ (ਤੇਲ) ਫਿਲਟਰਾਂ ਦੀ ਚੈਕਿੰਗ ਰਾਹੀਂ ਇਹ ਦੇਖਦਾ ਸਾਂ ਕਿ ਫਿਲਟਰਾਂ ‘ਤੇ ਕਿਸੇ ਧਾਤ ਦੇ ਕਣ ਤਾਂ ਨਹੀਂ ਲੱਗੇ ਹੋਏ। ਕਣਾਂ ਦੀ ਮੌਜੂਦਗੀ, ਇੰਜਣ ਦੇ ਕਿਸੇ ਪੁਰਜੇ ਦਾ ਦੂਜੇ ਪੁਰਜੇ ਨਾਲ਼ ਰਗੜ ਖਾਣ ਦਾ ਸੰਕੇਤ ਹੁੰਦਾ ਸੀ।
ਜਹਾਜ਼ ਦੇ ਦੋਨੋਂ ਇੰਜਣ ਵਾਰੀ ਵਾਰੀ ਸਟਾਰਟ ਕਰਕੇ ਸਲੋਅ ਰਨਿੰਗ ਆਰ.ਪੀ.ਐਮ, ਮੈਕਸੀਮਮ ਆਰ.ਪੀ.ਐਮ, ਆਇਲ ਪ੍ਰੈਸ਼ਰ, ਫਿਊਲ ਪ੍ਰੈਸ਼ਰ, ਜੈੱਟ ਪਾਈਪ ਟੈਂਪਰੇਚਰ ਆਦਿ ਸੈੱਟ ਕਰਦਾ ਸਾਂ।
ਇੰਜਣ ਟਰੇਡ ਦੇ ਸਾਡੇ ਸਾਥੀਆਂ ਵਿਚ ਮੱਛਰ ਵੀ ਸ਼ਾਮਿਲ ਸੀ। ਬਰੇਕ-ਟਾਈਮ ‘ਚ ਚਾਹ-ਪਾਣੀ ਪੀਂਦਿਆਂ ਅਸੀਂ ਕਮਿਸ਼ਨ ਦੇ ਟੈਸਟਾਂ ਦੀ ਤਿਆਰੀ ਬਾਰੇ ਪ੍ਰੋਗਰਾਮ ਵੀ ਉਲੀਕ ਲੈਂਦੇ। ਉਹ ਸੇਨਗੁਪਤਾ ਨੂੰ ਦੱਸ ਦੇਂਦਾ। ਮਿੱਥੇ ਹੋਏ ਦਿਨ ‘ਤੇ ਸਮੇਂ ਅਨੁਸਾਰ ਮੈਂ ਉਨ੍ਹਾਂ ਦੀ ਬੈਰਕ ਵਿਚ ਪਹੁੰਚ ਜਾਂਦਾ।
ਪਹਿਲਾਂ ਸੇਨਗੁਪਤਾ ਨੂੰ ਸੱਦਾ-ਪੱਤਰ ਆਇਆ। ਉਹ ਸਿਲੈਕਟ ਹੋ ਗਿਆ। ਬੜੀ ਖੁਸ਼ੀ ਹੋਈ। ਫਿਰ ਮੈਨੂੰ ਆਇਆ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ ਤੋਂ। ਮੈਂ ਕਰਨਲ ਖਹਿਰਾ ਨੂੰ ਖ਼ਬਰ ਕਰ ਦਿੱਤੀ। ਉਸਨੇ ਜੱਬਲਪੁਰ ਛਾਉਣੀ ‘ਚ ਤਾਇਨਾਤ ਆਪਣੇ ਇਕ ਬਰਿਗੇਡੀਅਰ ਦੋਸਤ ਨੂੰ ਕਹਿ ਦਿੱਤਾ। ਟੈਸਟ ਵਧੀਆ ਹੋ ਰਹੇ ਸਨ। ਇਕ ਦਿਨ ਵਿਹਲ ਮਿਲਣ ‘ਤੇ ਮੈਂ ਜਬੱਲਪੁਰ ਦੀ ਮਸ਼ਹੂਰ ਥਾਂ ‘ਮਾਰਬਲ ਹਿਲਜ਼’ ਦੇਖਣ ਚਲਾ ਗਿਆ। ਉੱਥੇ ਨਰਮਦਾ ਨਦੀ ਧਰਤੀ ਦੇ ਲੈਵਲ ਤੋਂ ਕਾਫ਼ੀ ਹੇਠਾਂ ਵਗਦੀ ਹੈ। ਭਾਂਤ-ਭਾਂਤ ਦੇ ਰੰਗਾਂ ਵਾਲੀਆਂ ਸੰਗਮਰਮਰ ਦੀਆਂ ਚਟਾਨਾਂ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਨਦੀ ‘ਚ ਜਾ ਕੇ ਹੀ ਮਾਣਿਆਂ ਜਾ ਸਕਦਾ ਹੈ। ਮੈਂ ਇਕ ਕਿਸ਼ਤੀ-ਚਾਲਕ ਨਾਲ਼ ਕਿਰਾਇਆ ਮੁੱਕਾ ਲਿਆ। ਪਾਣੀ ਦਾ ਵਹਾਅ ਕਾਫ਼ੀ ਧੀਮਾ ਸੀ। ਕਿਸ਼ਤੀ-ਚਾਲਕ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕਿਸ਼ਤੀ ਰੋਕ ਲੈਂਦਾ ਤਾਂ ਕਿ ਮੈਂ ਦੋਨਾਂ ਪਾਸਿਆਂ ਦੇ ਅਨੂਠੇ ਦ੍ਰਿਸ਼ਾਂ ਨੂੰ ਰੱਜ ਕੇ ਮਾਣ ਸਕਾਂ। ਚਿੱਟੇ, ਗੁਲਾਬੀ, ਨੀਲੇ, ਕਾਲ਼ੇ ਆਦਿ ਰੰਗਾਂ ਦੀ ਸੰਗਮਰਮਰ ਦੇ ਦ੍ਰਿਸ਼ਾਂ ਨੂੰ ਮਾਣਦਿਆਂ ਮੇਰੇ ਮੂੰਹੋਂ ਆਪਮੁਹਾਰੇ ਹੀ ‘ਵਾਹ ਬਈ ਵਾਹ’ ਦੇ ਸ਼ਬਦ ਨਿੱਕਲ਼ ਜਾਂਦੇ। ਧੁੱਪ ‘ਚ ਲਿਸ਼ਕਦੀਆਂ ਬਹੁਰੰਗੀ ਚਟਾਨਾਂ ਦੇ ਚਿੱਤਕਬਰੇ ਅਕਸ, ਨਦੀ ਦੇ ਸਵਛ ਪਾਣੀ ‘ਤੇ ਰੂਪਮਾਨ ਹੋ ਰਹੇ ਸਨ। ਉਨ੍ਹਾਂ ਅਕਸਾਂ ਨੂੰ ਨੀਝ ਨਾਲ਼ ਤਕੱਦਿਆਂ ਇੰਜ ਲਗਦਾ ਸੀ ਜਿਵੇਂ ਪਾਣੀ ‘ਤੇ ਚਿੱਤਰਕਾਰੀ ਹੋ ਰਹੀ ਹੋਵੇ।
ਟੈਸਟਾਂ ਦੇ ਅਖੀਰ ਵਿਚ ਬੋਰਡ ਦੇ ਪ੍ਰੈਜ਼ੀਡੈਂਟ ਨਾਲ਼ ਇੰਟਰਵਿਊ ਹੋਈ। ਉਹ ਨੇਵੀ ਦਾ ਅਫਸਰ ਸੀ। ਇੰਟਰਵਿਊ ਠੀਕ ਚੱਲੀ। ਆਖਰ ਵਿਚ ਉਸਨੇ ਐਸ.ਐਸ.ਬੀ ਦੇ ਟੈਸਟਾਂ ਬਾਰੇ ਮੇਰੀ ਰਾਇ ਪੁੱਛੀ। ਮੈਂ ਕਿਹਾ, ”ਉਮੀਦਵਾਰਾਂ ਨੂੰ ਅੰਦਰੋਂ-ਬਾਹਰੋਂ ਪਰਖ ਕੇ ਡਿਜ਼ਰਵਿੰਗ ਉਮੀਦਵਾਰ ਲੱਭਣ ਲਈ ਇਹ ਟੈਸਟ ਬਹੁਤ ਵਧੀਆ ਹਨ।”
ਪ੍ਰੈਜ਼ੀਡੈਂਟ ਨਿਹੋਰਾ ਮਾਰਦਾ ਬੋਲਿਆ, ”ਇਸ ਬੋਰਡ ਵੱਲੋਂ ਕੀਤੀ ਜਾਂਦੀ ਸਿਲੈਕਸ਼ਨ ਸਿਰਫ਼ ਤੇ ਸਿਰਫ਼ ਟੈਸਟਾਂ ‘ਤੇ ਆਧਾਰਿਤ ਹੁੰਦੀ ਹੈ। ਸਿਫਾਰਸ਼ੀਆਂ ਨੂੰ ਸਿੱਧੀ ‘ਨੋ’, ਟੈਸਟਾਂ ‘ਚੋਂ ਪਾਸ ਹੋਣ ਵਾਲਿਆਂ ਨੂੰ ਵੀ, ਅਜਿਹੇ ਉਮੀਦਵਾਰਾਂ ਨੂੰ ਆਪਣੇ ਆਪ ‘ਤੇ ਕੌਨਫਿਡੈਂਸ (ਵਿਸ਼ਵਾਸ) ਨਹੀਂ ਹੁੰਦਾ।”
ਪ੍ਰੈਜ਼ੀਡੈਂਟ ਦੇ ਬੋਲ ਮੇਰੇ ਦਿਮਾਗ ‘ਤੇ ਹਥੌੜਿਆਂ ਵਾਂਗ ਵੱਜੇ…। ਸਰੀਰ ਨੂੰ ਧੂੰਹਦਾ ਮੈਂ ਉਸਦੇ ਦਫ਼ਤਰ ਤੋਂ ਬਾਹਰ ਆ ਗਿਆ। ਨਿੱਖਰਿਆ ਧੁਪੀਲਾ ਦਿਨ ਕਾਲ਼ਾ-ਕਲੂਟਾ ਹੋ ਗਿਆ ਜਾਪਿਆ… ਮੇਰੇ ਨਾਲ਼ ਅਨਹੋਣੀ ਹੋਈ ਸੀ। ਟੈਸਟਾਂ ਵਿਚੋਂ ਪਾਸ ਹੋਣ ਦੇ ਬਾਵਜੂਦ ਵੀ ਮੈਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਬਾਜ਼ੀ ਜਿੱਤ ਕੇ ਹਾਰ ਗਿਆ ਸਾਂ।
ਦੁੱਖ ਕੁਲਵੰਤ ਨੂੰ ਵੀ ਹੋਇਆ। ਪਰ ਇਹ ਮੇਰੇ ਨਾਲ਼ੋਂ ਵੱਧ ਧੀਰਜਵਾਨ ਹੈ। ਕਹਿਣ ਲੱਗੀ, ”ਇਸ ਹਾਰ ਨੂੰ ਦਿਲ ‘ਤੇ ਨਾ ਲਾਓ। ਪ੍ਰਮਾਤਮਾ ਜੋ ਕਰਦੈ ਠੀਕ ਕਰਦੈ।”ਦੋਸਤਾਂ ਨੇ ਵੀ ਹਮਦਰਦੀ ਜਤਾਈ। ਬਾਅਦ ਵਿਚ ਪਤਾ ਲੱਗਾ ਕਿ ਮੇਰੀ ਸਿਫਾਰਿਸ਼ ਕਰਨ ਵਾਲ਼ਾ ਬਰਿਗੇਡੀਅਰ ਜੱਬਲਪੁਰ ਨਵਾਂ-ਨਵਾਂ ਹੀ ਗਿਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਬੋਰਡ ਦਾ ਪ੍ਰੈਜ਼ੀਡੈਂਟ ਸਿਫਾਰਿਸ਼ਾਂ ਦੇ ਖਿਲਾਫ ਹੈ।
ਮੱਛਰ ਸਿਲੈਕਟ ਹੋ ਗਿਆ ਸੀ। ਉਸਦੇ ਤੇ ਸੇਨਗੁਪਤਾ ਦੇ ਟਰੇਨਿੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਅਸੀਂ ਸਾਰੇ ਮਿੱਤਰਾਂ ਨੇ ਉਨ੍ਹਾਂ ਨੂੰ ਸਨੇਹ ਭਰੀ ਪਾਰਟੀ ਦਿੱਤੀ। ਮੱਛਰ ਨੇ ਕੈਡਿਟ ਬਣ ਕੇ ਆਪਣਾ ਨਾਂ ਮਨਜੀਤ ਸਿੰਘ ਰੱਖ ਲਿਆ।
ਅਕਾਦਮਿਕ ਪੜ੍ਹਾਈ ਦੀ ਸ਼ੁਰੂਆਤ
ਮਿੱਤਰਾਂ ਨੇ ਮੈਨੂੰ ਤੀਜੀ ਵਾਰ ਅਪਲਾਈ ਕਰਨ ਲਈ ਕਿਹਾ ਪਰ ਮੇਰਾ ਮਨ ਨਾ ਮੰਨਿਆਂ। ਏਅਰ ਫੋਰਸ ਦੀ ਸਾਧਾਰਨ ਰੈਂਕਾ ਵਾਲ਼ੀ ਨੌਕਰੀ ਬਿਹਤਰ ਭਵਿੱਖ ਵਾਲ਼ੀ ਨਹੀਂ ਸੀ, ਮੈਂ 15 ਸਾਲ ਪੂਰੇ ਕਰਕੇ ਇਸ ਨੂੰ ਛੱਡਣ ਦਾ ਪ੍ਰਣ ਕਰ ਲਿਆ। 8 ਕੁ ਸਾਲ ਬਾਕੀ ਸਨ। ਇਨ੍ਹਾਂ 8 ਸਾਲਾਂ ਵਿਚ ਆਪਣੀ ਵਿਦਿਅਕ ਯੋਗਤਾ ਵਧਾਉਣ ਦੀ ਸਕੀਮ ਬਣਾ ਕੇ ਪੰਜਾਬ ਯੂਨੀਵਰਸਿਟੀ ਤੋਂ ਬੀ.ਏ ਭਾਗ ਦੂਜਾ ਦੀ ਤਿਆਰੀ ਸ਼ੁਰੂ ਕਰ ਲਈ।
ਕੁਲਵੰਤ ਨੇ ਤਾਜ ਮਹੱਲ ਤੇ ਆਗਰਾ ਕਿਲਾ ਤਾਂ ਦੇਖ ਲਏ ਸਨ। ਫਤਿਹਪੁਰ ਸੀਕਰੀ ਤੇ ਸਿਕੰਦਰਾ ਰਹਿੰਦੇ ਸਨ। ਮੈਂ, ਮਨਜੀਤ ਅਤੇ ਗਵਾਂਢੀ ਰਾਜਿੰਦਰ ਸਿੰਘ ਬਾਲਾ ਨੇ ਫਤਿਹਪੁਰ ਸੀਕਰੀ ‘ਚ ਪਿਕਨਿਕ ਦਾ ਪ੍ਰੋਗਰਾਮ ਬਣਾ ਲਿਆ। ਇਹ ਸਥਾਨ ਆਗਰੇ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਹੈ। ਅਸੀਂ ਤਿੰਨੇ ਪਰਿਵਾਰ ਰੇਲ ਗੱਡੀ ਰਾਹੀਂ ਓਥੇ ਜਾ ਪਹੁੰਚੇ। ਇਹ ਸਥਾਨ 1571 ਤੋਂ 1585 ਤੱਕ ਅਕਬਰ ਦੀ ਰਾਜਧਾਨੀ ਸੀ।
ਤਿੰਨ ਕਿਲੋਮੀਟਰ ਦੀ ਲੰਬਾਈ ਤੇ ਇਕ ਕਿਲੋਮੀਟਰ ਦੀ ਚੌੜਾਈ ‘ਚ ਪਸਰੇ ਉਸਦੇ ਰਾਜ ਦਰਬਾਰ ਵਿਚ ਦੀਵਾਨੇ ਖਾਸ, ਦੀਵਾਨੇ ਆਮ, ਸਲੀਮ ਚਿਸਤੀ ਦਾ ਮਕਬਰਾ, ਪੰਚ ਮਹੱਲ, ਰਾਣੀਆਂ ਦੇ ਮਹੱਲ, ਇਬਾਦਤ ਖਾਨਾ, ਬੁਲੰਦ ਦਰਵਾਜ਼ਾ ਤੇ ਕੁਝ ਹੋਰ ਇਮਾਰਤਾਂ ਹਨ। ਸਾਰਾ ਸਮੂਹ ਲਾਲ ਪੱਥਰਾ ਦਾ ਬਣਿਆਂ ਹੋਇਆ ਹੈ। ਅਸੀਂ ਅੱਧੀਆਂ ਇਮਾਰਤਾਂ ਖਾਣ-ਪੀਣ ਤੋਂ ਪਹਿਲਾਂ ਤੇ ਅੱਧੀਆਂ ਬਾਅਦ ਵਿਚ ਦੇਖੀਆਂ।
ਦੋ ਕੁ ਮਹੀਨੇ ਬਾਅਦ ਅਸੀਂ ਤਿੰਨੇ, ਪਤਨੀਆਂ ਨੂੰ ਸਾਈਕਲਾਂ ‘ਤੇ ਬਿਠਾ, ਪਿਕਨਿਕ ਵਾਸਤੇ ਸਿੰਕਦਰਾ ਜਾ ਪਹੁੰਚੇ। ਆਗਰਾ ਸ਼ਹਿਰ ਤੋਂ 15 ਕਿਲੋਮੀਟਰ ਦੂਰ, ਦਿੱਲੀ-ਆਗਰਾ ਰੋਡ ‘ਤੇ ਸਥਿਤ ਸਿਕੰਦਰਾ ਅਕਬਰ ਦਾ ਮਕਬਰਾ ਹੈ। ਮਕਬਰਾ ਤਾਂ ਥੋੜ੍ਹੇਕੁ ਏਰੀਏ ‘ਚ ਹੈ ਪਰ ਇਸ ਦੇ ਸੁਹਣੇ ਦ੍ਰਖਤਾਂ ਅਤੇ ਰੰਗ-ਬਰੰਗੇ ਫੁੱਲਾਂ ਵਾਲ਼ੇ ਲਾਅਨ ਸੌ ਏਕੜ ਤੋਂ ਵੱਧ ਏਰੀਏ ‘ਚ ਪਸਰੇ ਹੋਏ ਹਨ। ਮਧਰੇ ਸਾਈਜ਼ ਦੀਆਂ ਚਾਰ ਮੰਜਲਾਂ ਲਾਲ ਪੱਥਰ ਦੀਆਂ ਹਨ ਤੇ ਪੰਜਵੀਂ ਸੰਗਮਰਮਰ ਦੀ। ਅਕਬਰ ਦੀ ਕਬਰ ਭੋਰੇ ਵਿਚ ਹੈ। ਇਸ ਕਬਰ ਦੇ ਚਿੰਨ੍ਹ-ਰੂਪ ਵਜੋਂ ਪੰਜਵੀਂ ਮੰਜਲ ਦੇ ਸਿਖ਼ਰ ‘ਤੇ ਸਮਾਧ ਵੀ ਬਣੀ ਹੋਈ ਹੈ। ਸੰਗਮਰਮਰ ਦੇ ਇਕੋ ਪੱਥਰ ‘ਚੋਂ ਘੜੀ ਇਸ ਵੱਡ ਆਕਾਰੀ ਸਮਾਧ ਦਾ ਭਾਰ ਕਈ ਟਨ ਦੱਸਿਆ ਜਾਂਦਾ ਹੈ।
ਸਿਕੰਦਰਾ ਨੂੰ ਮੈਂ ਆਪਣੀ ਕਹਾਣੀ ‘ਜੰਗ’ ਦਾ ਲੋਕੇਲ ਬਣਾਇਆ ਹੈ। ਕਹਾਣੀ ਵਿਚ ਦਿੱਲੀ ਯੂਨੀਵਰਸਿਟੀ ਦੇ ਚਾਰ ਵਿਦਿਆਰਥੀ ਆਪਣੇ ਪ੍ਰੋਫੈਸਰ ਨਾਲ਼ ਏਥੇ ਪਿਕਨਿਕ ਲਈ ਆਉਂਦੇ ਹਨ। ਉਨ੍ਹਾਂ ਸ਼ਾਮ ਨੂੰ ਦਿੱਲੀ ਪਰਤਣਾ ਹੈ। ਇਮਾਰਤ ਵੇਖਣ ਬਾਅਦ ਉਹ ਖਾਣਾ ਬਣਾ ਰਹੇ ਹਨ। ਸਿਕੰਦਰਾ ਦੇਖਣ ਆਈਆਂ ਦਿੱਲੀ ਦੇ ਕਿਸੇ ਕਾਲਜ ਦੀਆਂ ਦੋ ਖੂਬਸੂਰਤ ਮੁਟਿਆਰਾਂ ਉਨ੍ਹਾਂ ਦੇ ਸਟੋਵ ‘ਤੇ ਖਾਣਾ ਗਰਮ ਕਰਨ ਆਉਂਦੀਆਂ ਹਨ… ਮੁਟਿਆਰਾਂ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ ਵੱਧ ਹੁਸ਼ਿਆਰ ਤੇ ਅਕਲਮੰਦ ਸਾਬਤ ਕਰਨ ਲਈ ਚਾਰੇ ਜਣੇ ਇਕ ਦੂਜੇ ਨੂੰ ਛੁਟਿਆਉਣ ਲੱਗ ਜਾਂਦੇ ਹਨ… ਤੇ ਬਹਿਸ ਦਲੀਲਬਾਜ਼ੀ ਦੀ ਬਜਾਇ ਸ਼ਬਦਾਂ ਦੀ ਜੰਗ ਬਣ ਜਾਂਦੀ ਹੈ। 1978 ‘ਚ ਲਿਖੀ ਇਹ ਕਹਾਣੀ ਮੇਰੇ ਪਲੇਠੇ ਕਥਾ ਸੰਗ੍ਰਹਿ ‘ਮੈਨੂੰ ਕੀ’ ਵਿਚ ਸ਼ਾਮਲ ਹੈ।
ਆਗਰੇ ਦੇ ਸਮਾਰਕਾਂ ਨੂੰ ਦੇਖਣ ਲਈ ਦੇਸ਼ ਬਦੇਸ਼ ਤੋਂ ਅਨੇਕਾਂ ਯਾਤਰੀ ਆਉਂਦੇ ਸਨ। ਗੋਰੇ ਮਰਦ-ਔਰਤ ਯਾਤਰੀਆਂ ਦੀਆਂ ਪਿੱਠਾਂ ‘ਤੇ ਬੈਗ ਅਤੇ ਸਰੀਰਾਂ ‘ਤੇ ਸਾਧਾਰਨ ਜਿਹੇ ਕਪੜੇ ਹੁੰਦੇ ਸਨ। ਉਨ੍ਹਾਂ ਦਾ ਧਿਆਨ ਟੌਹਰ ਵੱਲ ਨਹੀਂ, ਸਮਾਰਕਾਂ ਦੀ ਭਵਨ-ਕਲਾ ਨੂੰ ਵੇਖਣ-ਸਮਝਣ ਵੱਲ ਹੁੰਦਾ ਸੀ। ਭਾਰਤੀ ਯਾਤਰੂ ਬਣ-ਸੰਵਰ ਕੇ ਆਉਂਦੇ ਸਨ।
ਅਸੀਂ ਦੋ ਤੋਂ ਤਿੰਨ ਹੋਣ ਵਾਲ਼ੇ ਸਾਂ। ਕੁਲਵੰਤ ਦੇ ਮਾਪੇ, ਉਸਦਾ ਪਹਿਲਾ ਜਣੇਪਾ ਆਪਣੇ ਘਰ ਕਰਵਾਉਣਾ ਚਾਹੁੰਦੇ ਸਨ। 31 ਜਨਵਰੀ 1969 ਨੂੰ ਬੇਟੇ ਹਰਪ੍ਰੀਤ ਦਾ ਜਨਮ ਹੋਇਆ। ਪੇਪਰਾਂ ਦੀ ਡੇਟਸ਼ੀਟ ਮਿਲਣ ‘ਤੇ ਮੈਂ ਛੁੱਟੀ ਚਲਾ ਗਿਆ। ਪੁੱਤਰ ਨੂੰ ਦੇਖ ਕੇ ਢੇਰ ਖੁਸ਼ੀ ਹੋਈ।
ਇਮਤਿਹਾਨ ਦਾ ਸੈਂਟਰ ਸਰਕਾਰੀ ਕਾਲਜ ਹੁਸ਼ਿਆਰਪੁਰ ਸੀ। ਛੁੱਟੀ ਦਾ ਇਕ ਮਹੀਨਾ ਤਾਂ ਪੇਪਰਾਂ ‘ਚ ਹੀ ਲੰਘ ਗਿਆ। ਦੂਜੇ ਮਹੀਨੇ ਰਿਸ਼ਤੇਦਾਰਾਂ ਨਾਲ਼ ਮੇਲ-ਮਿਲਾਪ ਕੀਤਾ ਅਤੇ ਵਾਪਸ ਆ ਗਏ।
(ਇਹ ਆਰਟੀਕਲ ਇਥੇ ਸਮਾਪਤ ਹੁੰਦਾ ਹੈ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …