Breaking News
Home / ਸੰਪਾਦਕੀ / ਭਾਰਤ ਦੀਆਂ ਲੋਕ ਸਭਾ ਚੋਣਾਂ : ਸਿਆਸੀ ਆਗੂਆਂ ਨੂੰ ਵੋਟਰ ਬਣਾ ਰਹੇ ਜਵਾਬਦੇਹ

ਭਾਰਤ ਦੀਆਂ ਲੋਕ ਸਭਾ ਚੋਣਾਂ : ਸਿਆਸੀ ਆਗੂਆਂ ਨੂੰ ਵੋਟਰ ਬਣਾ ਰਹੇ ਜਵਾਬਦੇਹ

ਭਾਰਤ ‘ਚ 7 ਗੇੜਾਂ ਵਿਚ ਹੋਣ ਵਾਲੀਆਂ 17ਵੀਆਂ ਲੋਕ ਸਭਾ ਚੋਣਾਂ ਦੇ 6 ਗੇੜ ਮੁਕੰਮਲ ਹੋ ਚੁੱਕੇ ਹਨ ਅਤੇ ਅਖੀਰਲੇ ਤੇ 7ਵੇਂ ਗੇੜ ਦੀਆਂ ਚੋਣਾਂ 19 ਮਈ ਨੂੰ ਹੋਣਗੀਆਂ।ઠਪਹਿਲੇ ਗੇੜ ‘ਚ 11 ਅਪ੍ਰੈਲ ਨੂੰ 91 ਲੋਕ ਸਭਾ ਸੀਟਾਂ ‘ਤੇ 20 ਸੂਬਿਆਂ ਵਿਚ ਵੋਟਾਂ ਪਈਆਂ। ਦੂਜੇ ਗੇੜ ‘ਚ 18 ਅਪ੍ਰੈਲ ਨੂੰ 97 ਸੀਟਾਂ ‘ਤੇ 13 ਸੂਬਿਆਂ ਵਿਚ, ਤੀਜੇ ਗੇੜ ਵਿਚ 23 ਅਪ੍ਰੈਲ ਨੂੰ 115 ਸੀਟਾਂ ‘ਤੇ 14 ਸੂਬਿਆਂ ਵਿਚ, ਚੌਥੇ ਗੇੜ ਵਿਚ 29 ਅਪ੍ਰੈਲ ਨੂੰ 71 ਸੀਟਾਂ ‘ਤੇ 9 ਸੂਬਿਆਂ ਵਿਚ, ਪੰਜਵੇਂ ਗੇੜ ਦਰਮਿਆਨ 6 ਮਈ ਨੂੰ 51 ਸੀਟਾਂ ‘ਤੇ 7 ਸੂਬਿਆਂ ਵਿਚ,ઠਛੇਵੇਂ ਗੇੜ ਵਿਚ 12 ਮਈ ਨੂੰ 59 ਸੀਟਾਂ ‘ਤੇ 7 ਸੂਬਿਆਂ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਸੱਤਵੇਂ ਗੇੜ ਦੌਰਾਨ 19 ਮਈ ਨੂੰ 59 ਸੀਟਾਂ ‘ਤੇ 8 ਸੂਬਿਆਂ ਵਿਚ ਚੋਣਾਂ ਹੋਣਗੀਆਂ। ਪੰਜਾਬ ਦੀਆਂ ਚੋਣਾਂ ਇਸ ਸੱਤਵੇਂ ਗੇੜ ਵਿਚ ਹੋਣਗੀਆਂ।
ਅਖੀਰਲੇ ਗੇੜ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਹੋਣ ਵਾਲੀਆਂ ਚੋਣਾਂ ਲਈ ਇਸ ਵੇਲੇ ਸਿਆਸੀ ਪਿੜ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਇਨ੍ਹਾਂ ਚੋਣਾਂ ‘ਚ ਬਹੁਤ ਸਾਰੇ ਅਜਿਹੇ ਰੁਝਾਨ ਸਾਹਮਣੇ ਆਏ ਹਨ, ਜੋ ਅਹਿਮ ਚੋਣ ਸੁਧਾਰਾਂ ਦੀ ਲੋੜ ਦਾ ਅਹਿਸਾਸ ਕਰਵਾ ਰਹੇ ਹਨ। ਇਸ ਦੇ ਬਾਵਜੂਦ ਭਾਰਤੀ ਜਮਹੂਰੀਅਤ ਦੇ ਚੰਗੇ ਭਵਿੱਖ ਦਾ ਇਕ ਸੰਕੇਤ ਸਾਹਮਣੇ ਆ ਰਿਹਾ ਹੈ ਕਿ ਪੜ੍ਹੇ-ਲਿਖੇ ਨੌਜਵਾਨ ਵੋਟਰ ਉਮੀਦਵਾਰਾਂ ਨੂੰ ਉਨ੍ਹਾਂ ਦੀ ਸਿਆਸੀ ਯੋਗਤਾ ਅਤੇ ਲੋਕ ਹਿਤਾਂ ਲਈ ਵਚਨਬੱਧਤਾ ਦੀ ਕਸਵੱਟੀ ‘ਤੇ ਪਰਖਣ ਲਈ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ।
ਇਕੱਲੇ ਪੰਜਾਬ ‘ਚ ਇਨ੍ਹਾਂ ਲੋਕ ਸਭਾ ਚੋਣਾਂ ‘ਚ ਭੁਗਤਣ ਵਾਲੀਆਂ ਵੋਟਾਂ ਵਿਚ 20 ਤੋਂ 29 ਸਾਲ ਦੇ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 45 ਲੱਖ 6 ਹਜ਼ਾਰ 226 ਹੈ। ਪੰਜਾਬ ‘ਚ ਇਸ ਵਾਰ ਕਰੀਬ 10 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਪਹਿਲੀ ਵਾਰੀ ਕਰਨੀ ਹੈ। ਉਂਜ ਪੰਜਾਬ ‘ਚ ਇਸ ਸਮੇਂ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 3 ਲੱਖ 74 ਹਜ਼ਾਰ 375 ਹੈ। ਇਸ ਤਰ੍ਹਾਂ ਨੌਜਵਾਨ ਵਰਗ ਵਧੇਰੇ ਸੁਚੇਤ ਹੋ ਕੇ ਜਿੱਥੇ ਸਿਆਸੀ ਉਮੀਦਵਾਰਾਂ ਨੂੰ ਜਵਾਬਦੇਹ ਬਣਾ ਰਿਹਾ ਹੈ, ਉੱਥੇ ਵੋਟਰਾਂ ਵਿਚ ਆਪਣੀ ਜਮਹੂਰੀ ਤਾਕਤ ਦਾ ਅਹਿਸਾਸ ਵੀ ਕਰਵਾ ਰਿਹਾ ਹੈ। ਇਸ ਵਾਰ ਸੋਸ਼ਲ ਮੀਡੀਆ ਵੀ ਲੋਕਾਂ ਨੂੰ ਆਪਣੀ ਗੱਲ ਰੱਖਣ ਅਤੇ ਨਿਰਪੱਖ ਤੌਰ ‘ਤੇ ਸਮੂਹਿਕ ਲੋਕ ਰਾਇ ਬਣਾਉਣ ‘ਚ ਵੱਡੀ ਪੱਧਰ ‘ਤੇ ਪ੍ਰਭਾਵਿਤ ਕਰ ਰਿਹਾ ਹੈ।
ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਧਨੰਤਰ ਸਿਆਸੀ ਆਗੂਆਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸੇ ਕਰਕੇ ਲੋਕ ਰੋਹ ਤੋਂ ਡਰਦਿਆਂ ਬਹੁਤ ਸਾਰੇ ਉਮੀਦਵਾਰਾਂ ਨੂੰ ਆਪਣੀ ਸੁਰੱਖਿਆ ਲਈ ਸਰਕਾਰੀ ਪੁਲਿਸ ਸੁਰੱਖਿਆ ਤੋਂ ਇਲਾਵਾ ਬਾਊਂਸਰ ਵੀ ਰੱਖਣੇ ਪੈ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਤੇ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ, ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਕਾਂਗਰਸ ਦੀ ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ, ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਅਤੇ ‘ਆਪ’ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਤੇ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ ਵੋਟਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕਈ ਵਾਰ ਤਾਂ ਉਮੀਦਵਾਰਾਂ ਨੂੰ ਰੈਲੀਆਂ ਵੀ ਅੱਧ-ਵਿਚਾਲੇ ਛੱਡਣੀਆਂ ਪਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਬਠਿੰਡਾ ਤੋਂ ਉਮੀਦਵਾਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਦਾ ਵੀ ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ‘ਚ ਡੇਰਾ ਪ੍ਰੇਮੀਆਂ ਨਾਲ ਤਿੱਖਾ ਬੋਲ ਬੁਲਾਰਾ ਹੋਇਆ। ਇਸ ਗੱਲ ‘ਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕਾ-ਕੈਨੇਡਾ ਵਾਂਗ ਹੁਣ ਭਾਰਤ ਤੇ ਖ਼ਾਸ ਕਰਕੇ ਪੰਜਾਬ ਦੇ ਵੋਟਰ ਪਹਿਲਾਂ ਨਾਲੋਂ ਜਾਗਰੂਕ ਹੋਏ ਹਨ ਤੇ ਉਹ ਉਮੀਦਵਾਰਾਂ ਨੂੰ ਚੋਣ ਜਲਸਿਆਂ ਮੌਕੇ ਸਿੱਧੇ ਸਵਾਲ-ਜਵਾਬ ਕਰਨ ਲੱਗੇ ਹਨ। ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਅਤੇ ਉਸ ਦੀ ਤਾਕਤ ਦਾ ਅਹਿਸਾਸ ਹੋਣ ਲੱਗਾ ਹੈ। ਲੋਕ ਵੋਟ ਦੇਣ ਤੋਂ ਪਹਿਲਾਂ ਸਿਆਸੀ ਆਗੂਆਂ ਦੀ ਭਰੋਸੇਯੋਗਤਾ ਨੂੰ ਪਰਖਣਾ ਸਿੱਖ ਰਹੇ ਹਨ। ਅਕਾਲੀ ਦਲ ਲਈ ਬਰਗਾੜੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਚੋਣਾਂ ‘ਚ ਗਲੇ ਦੀ ਹੱਡੀ ਬਣ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਅਜਿਹੇ ਵਿਰੋਧ ਨੂੰ ਠੱਲ੍ਹਣ ਲਈ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਦੌਰੇ ਮੌਕੇ ਚੋਣ ਕਾਨਫ਼ਰੰਸਾਂ ਨੂੰ ਸੰਬੋਧਨ ਕਰਦਿਆਂ ਜਜ਼ਬਾਤੀ ਹੋ ਕੇ ਇੱਥੋਂ ਤੱਕ ਕਹਿ ਦਿੱਤਾ ਕਿ ‘ਮੈਂ ਅਰਦਾਸ ਕਰਦਾ ਹਾਂ ਕਿ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ।’ ਜਿੱਥੋਂ ਤੱਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਵਾਲ ਹੈ, ਉਨ੍ਹਾਂ ਨੂੰ ਕੈਪਟਨ ਸਰਕਾਰ ਵਲੋਂ 2 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਵੋਟਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਤੇ ਬੇਰੁਜ਼ਗਾਰ ਨੌਜਵਾਨ ਕਾਂਗਰਸ ਉਮੀਦਵਾਰਾਂ ਨੂੰ ਸਵਾਲ ਪੁੱਛਣ ਲਈ ਮੋਹਰੀ ਹਨ। ‘ਆਪ’ ਨੂੰ ਸਿਧਾਂਤਕ ਪੈਂਤੜੇ ‘ਤੇ ਖਰਾ ਨਾ ਉੱਤਰਨ ਲਈ ਜਵਾਬਦੇਹ ਹੋਣਾ ਪੈ ਰਿਹਾ ਹੈ। ਹਾਲਾਂਕਿ ਰਾਜਨੀਤਕ ਚਿੰਤਕ ਲੋਕ ਕਚਹਿਰੀ ‘ਚ ਲੋਕਾਂ ਵਲੋਂ ਸਿਆਸੀ ਆਗੂਆਂ ਅੱਗੇ ਉਠਾਏ ਜਾ ਰਹੇ ਸਵਾਲਾਂ ਦੇ ਰੁਝਾਨ ਨੂੰ ਲੋਕਤੰਤਰ ਲਈ ਸ਼ੁੱਭ ਸ਼ਗਨ ਮੰਨਦੇ ਹਨ ਅਤੇ ਭਵਿੱਖ ਵਿਚ ਸਿਆਸੀ ਆਗੂਆਂ ਦੀ ਚੋਣਾਂ ‘ਚ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਜਵਾਬਦੇਹੀ ਤੈਅ ਹੋਣ ਦੇ ਆਸਾਰ ਦੱਸਦੇ ਹਨ ਪਰ ਉਹ ਸਿਆਸੀ ਆਗੂਆਂ ਅੱਗੇ ਸਵਾਲ ਕਰਨ ਦੀ ਆੜ ਹੇਠ ਕੁਝ ਲੋਕਾਂ ਵਲੋਂ ਇਕ ਨੀਤੀ ਤਹਿਤ ਗੈਂਗ ਬਣਾ ਕੇ ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਨੂੰ ਲੋਕਾਂ ‘ਚ ਜਾ ਕੇ ਆਪਣੀ ਗੱਲ ਰੱਖਣ ਤੋਂ ਰੋਕਣ ਨੂੰ ਲੋਕਤੰਤਰ ਲਈ ਬਹੁਤ ਖ਼ਤਰਨਾਕ ਰੁਝਾਨ ਮੰਨਦੇ ਹਨ।
ਜੇਕਰ ਰਾਜਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਜਵਾਬਦੇਹੀ ਤੋਂ ਭੱਜਦੇ ਰਹੇ, ਸ਼ਰਾਰਤੀ ਲੋਕਾਂ ਵਲੋਂ ਗੱਠਜੋੜ ਬਣਾ ਕੇ ਰਾਜਸੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦਾ ਰੁਝਾਨ ਜਾਰੀ ਰਿਹਾ ਅਤੇ ਲੋਕ ਮੁੱਦੇ ਅਣਗੌਲੇ ਰਹੇ ਤਾਂ ਇਸ ਨੂੰ ਆਜ਼ਾਦ ਤੇ ਨਿਰਪੱਖ ਲੋਕਤੰਤਰ ਲਈ ਕੋਈ ਚੰਗਾ ਰੁਝਾਨ ਨਹੀਂ ਕਿਹਾ ਜਾ ਸਕਦਾ। ਭਾਰਤ ‘ਚ ਸਿਆਸੀ ਨੁਮਾਇੰਦਿਆਂ ਦੀ ਜਵਾਬਦੇਹੀ ਵੋਟਰਾਂ ਅੱਗੇ ਹੋਣੀ ਚਾਹੀਦੀ ਹੈ ਅਤੇ ਵੋਟਰਾਂ ਨੂੰ ਆਪਣੀ ਵੋਟ ਦੇ ਜਮਹੂਰੀ ਅਧਿਕਾਰ ਦੀ ਤਾਕਤ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ ਪਰ ਇਸ ਦੇ ਨਾਲ ਸਿਆਸੀ ਨੁਮਾਇੰਦਿਆਂ ਨੂੰ ਸਵਾਲ ਕਰਨ ਅਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਦੀ ਮਰਯਾਦਾ ਅਤੇ ਇਕ ਸਾਜ਼ਗਾਰ ਮਾਹੌਲ ਵੀ ਤਿਆਰ ਹੋਣਾ ਚਾਹੀਦਾ ਹੈ। ਜਿਸ ਦੇ ਨਾਲ ਸਿਆਸੀ ਨੁਮਾਇੰਦਿਆਂ ਅਤੇ ਵੋਟਰਾਂ ਵਿਚ ਇਕ ਸੁਚੱਜਾ ਤਾਲਮੇਲ, ਭਰੋਸੇਯੋਗਤਾ ਅਤੇ ਅਧਿਕਾਰਾਂ ਅਤੇ ਫ਼ਰਜ਼ਾਂ ਪ੍ਰਤੀ ਜਾਗਰੂਕਤਾ ਵੀ ਪੈਦਾ ਹੋਵੇਗੀ, ਜੋ ਭਾਰਤ ‘ਚ ਜਮਹੂਰੀਅਤ ਨੂੰ ਵਧੇਰੇ ਮਜ਼ਬੂਤ ਬਣਾਵੇਗੀ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …