Breaking News
Home / ਫ਼ਿਲਮੀ ਦੁਨੀਆ / ਪੰਜਾਬੀ ਗਾਇਕ ਵੀ ‘ਕਿਸਾਨੀ ਘੋਲ’ ਵਿਚ ਭਰਨ ਲੱਗੇ ਜੋਸ਼

ਪੰਜਾਬੀ ਗਾਇਕ ਵੀ ‘ਕਿਸਾਨੀ ਘੋਲ’ ਵਿਚ ਭਰਨ ਲੱਗੇ ਜੋਸ਼

ਗਾਇਕੀ ਨੂੰ ਹੁਣ ਪਿਆ ਇਨਕਲਾਬੀ ਮੋੜ
ਚੰਡੀਗੜ੍ਹ : ਪੰਜਾਬ ਦੇ ਗਾਇਕ ‘ਕਿਸਾਨੀ ਘੋਲ’ ਵਿਚ ਜੋਸ਼ ਤੇ ਜਜ਼ਬਾ ਭਰਨ ਲਈ ਦਿੱਲੀ ਨੂੰ ਵੰਗਾਰ ਰਹੇ ਹਨ। ਪੰਜਾਬੀ ਗਾਇਕੀ ਵਿਚ ਦਿੱਲੀ ਹੁਣ ਰੋਹ ਦਾ ਪ੍ਰਤੀਕ ਬਣ ਗਈ ਹੈ। ਦਰਜਨਾਂ ਗੀਤ ਇਨ੍ਹਾਂ ਦਿਨਾਂ ਵਿਚ ਦਿੱਲੀ ਨੂੰ ਲਲਕਾਰ ਪਾਉਣ ਵਾਲੇ ਗੂੰਜ ਰਹੇ ਹਨ। ਗਾਇਕੀ ਨੂੰ ਹੁਣ ਇਨਕਲਾਬੀ ਮੋੜਾ ਪਿਆ ਹੈ ਜਿਸ ਨੇ ਪੰਜਾਬੀ ਗਾਇਕਾਂ ‘ਤੇ ਲੱਗੇ ਕਈ ਦਾਗ ਵੀ ਧੋ ਸੁੱਟੇ ਹਨ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਗੀਤਾਂ ਦੀ ਧੂਮ ਪੈ ਰਹੀ ਹੈ। ਅੰਨਦਾਤੇ ਬਾਰੇ ਲਿਖੇ ਤੇ ਗਾਏ ਗੀਤਾਂ ਦੀ ਕੋਈ ਗਿਣਤੀ ਹੀ ਨਹੀਂ। ਕੰਵਰ ਗਰੇਵਾਲ ਦਾ ਗੀਤ ‘ਐਲਾਨ’ ਤਾਂ ਵਿਆਹਾਂ ਵਿਚ ਵੀ ਗੂੰਜਣ ਲੱਗਾ ਹੈ। ਗਾਇਕ ਹਰਭਜਨ ਮਾਨ ਦਾ ਗੀਤ ‘ਹੱਕ’ ਕਾਫੀ ਮਕਬੂਲ ਹੋ ਗਿਆ ਹੈ। ਹਰਵਿੰਦਰ ਤਤਲਾ ਦੇ ਲਿਖੇ ਇਸ ਗੀਤ ਦੇ ਬੋਲ ਹਨ, ‘ਕਾਫਲੇ ਤੂਫਾਨ ਵਾਂਗ ਚੜ੍ਹੇ ਆਉਂਦੇ ਨੇ, ਅੱਕੇ ਹੋਏ ਰੋਹ ਨਾਲ ਭਰੇ ਆਉਂਦੇ ਨੇ/ਮਹਿਲਾਂ ਵਿਚੋਂ ਨਿਕਲ ਕੇ ਤੱਕ ਦਿੱਲੀਏ, ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ। ਹਰਭਜਨ ਮਾਨ ਦਾ ਗੀਤ ‘ਅੰਨਦਾਤਾ’ ਵੀ ਕਿਸਾਨਾਂ ਦੀ ਬਾਤ ਪਾ ਰਿਹਾ ਹੈ। ਗਾਇਕ ਗੁਰਬਿੰਦਰ ਬਰਾੜ ਦਾ ਗੀਤ ‘ਦਿੱਲੀਏ’ ਵੀ ਨੌਜਵਾਨਾਂ ਵਿਚ ਜਨੂੰਨ ਭਰ ਰਿਹਾ ਹੈ, ਜਿਸ ਦੇ ਬੋਲ ਹਨ,’ਜਦੋਂ ਜਦੋਂ ਕਰੇਗੀ ਖਰਾਬ ਦਿੱਲੀਏ, ਤੇਰੀ ਹਿੱਕ ਉੱਤੇ ਨੱਚੇਗਾ ਪੰਜਾਬ ਬੱਲੀਏ।’ ਗਾਇਕ ਰਾਜਵੀਰ ਜਵੰਧਾ ਦਾ ਗੀਤ ‘ਸੁਣ ਦਿੱਲੀਏ’ ਦੇ ਬੋਲ ਧਮਕ ਪਾਉਂਦੇ ਹਨ, ‘ਤੇਰੇ ਮਨ ਵਿਚ ਨਾ ਰਹਿ ਜਾਏ, ਕੋਈ ਸ਼ੱਕ ਦਿੱਲੀਏ, ਲੈ ਕੇ ਮੁੜਾਂਗੇ, ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ।’ ਨਿੰਜਾ ਤੇ ਜੱਸੀ ਦਾ ਗਾਣਾ ‘ਜਾਂਦੇ ਫਾਰਦੇ ਫਰਾਟੇ,ਫੋਰਡ ਦਿੱਲੀ ਵੱਲ ਨੂੰ, ਕਾਫੀ ਚੱਲ ਰਿਹਾ ਹੈ। ਦਿੱਲੀ ਦੇ ਕਿਸਾਨ ਘੋਲ ਵਿਚ ਗੁਰਦਾਸ ਮਾਨ ਜ਼ਰੂਰ ਪੁੱਜੇ ਹਨ ਪ੍ਰੰਤੂ ਉਨ੍ਹਾਂ ਵੱਲੋਂ ਕਿਸਾਨੀ ਦੇ ਹੱਕ ਵਿਚ ਆਪਣੀ ਗਾਇਕੀ ਜ਼ਰੀਏ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ ਹੈ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …