Breaking News
Home / ਫ਼ਿਲਮੀ ਦੁਨੀਆ / ਸੰਘਾ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫ਼ਿਲਮੀ ਮੇਲਿਆਂ ਵਿਚ ਵਿਖਾਈ ਜਾਏਗੀ

ਸੰਘਾ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਨੈਵਰ ਅਗੇਨ’ ਟੋਰਾਂਟੋ ਦੇ ‘ਇਫ਼ਸਾ’ ਤੇ ਹੋਰ ਅੰਤਰ-ਰਾਸ਼ਟਰੀ ਫ਼ਿਲਮੀ ਮੇਲਿਆਂ ਵਿਚ ਵਿਖਾਈ ਜਾਏਗੀ

ਟੋਰਾਂਟੋ/ਡਾ. ਝੰਡ : ਕੈਨੇਡਾ ਵਿਚ ਨਸ਼ਿਆਂ ਦੀ ਬੀਮਾਰੀ ਦੀ ਮਾਰ ਹੇਠ ਆਏ ਨੌਜੁਆਨਾਂ ਦੇ ਟੁੱਟੇ-ਭੱਜੇ ਪਰਿਵਾਰਾਂ ਬਾਰੇ ਇਕ ਛੋਟੀ ਕੈਨੇਡੀਅਨ ਫ਼ਿਲਮ ‘ਨੈਵਰ ਅਗੇਨ’ ਇੰਟਰਨੈਸ਼ਨਲ ਫ਼ਿਲਮ ਫੈੱਸਟੀਵਲ ਆਫ਼ ਸਾਊਥ ਈਸਟ ਏਸ਼ੀਆ (ਇਫ਼ਸਾ) ਦੇ ਮਈ 2019 ਦੇ ‘ਸ਼ੌਰਟਸ ਐਂਡ ਕੌਕਟੇਲ’ ਸੈਸ਼ਨ ਵਿਚ ਵਿਖਾਈ ਜਾ ਰਹੀ ਹੈ।
‘ਸੰਘਾ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਤਿਆਰ ਕੀਤੀ ਗਈ ਇਸ ਫ਼ਿਲਮ ‘ਨੈਵਰ ਅਗੇਨ’ ਵਿਚ ਇਕ ‘ਇਕੱਲੀ ਮਾਂ’ (ਸਿੰਗਲ ਮਦਰ) ਨੂੰ ਦਰਪੇਸ਼ ਦੁਸ਼ਵਾਰੀਆਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ ਜਿਸ ਦਾ ਨਾ-ਬਾਲਗ਼ ਪੁੱਤਰ ਹਮ-ਉਮਰ ਸਾਥੀਆਂ ਦੇ ਦਬਾਅ ਅਧੀਨ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ। ਫ਼ਿਲਮ ਮਾਂ ਤੇ ਉਸ ਦੇ ਪੁੱਤਰ ਦੇ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਪੁੱਤਰ ਨੂੰ ਜਦੋਂ ਬਚਪਨ ਵਿਚ ਬਾਪ ਵੱਲੋਂ ਆਪਣੀ ਮਾਂ ਲਈ ਵਰਤੀ ਗਈ ਗਾਲ਼ੀ-ਗਲ਼ੋਚ ਦੀ ਭਾਸ਼ਾ ਦੀ ਯਾਦ ਆਉਂਦੀ ਹੈ ਤਾਂ ਉਹ ਮਾਨਸਿਕ ਚਿੰਤਾਵਾਂ ਦੇ ਧਰਾਤਲ ‘ਚ ਧੱਸਦਾ ਜਾਂਦਾ ਹੈ। ਉਹ ਇਸ ਦਾ ਡਾਕਟਰੀ ਇਲਾਜ ਕਰਵਾਉਂਦਾ ਹੈ, ਪਰੰਤੂ ਆਪਣੇ ਆਪ ਨੂੰ ਓਦੋਂ ਬੇਹੱਦ ਅਸੁਰੱਖ਼ਿਅਤ ਮਹਿਸੂਸ ਕਰਦਾ ਹੈ ਜਦੋਂ ਉਹ ਆਪਣੀ ਮਾਂ ਦੀ ਡਾਕਟਰ ਨਾਲ ਅਣ-ਉਚਿਤ ‘ਨੇੜਤਾ’ ਵੇਖਦਾ ਹੈ। ਫ਼ਿਲਮ ਦਾ ਅੰਤ ਨੌਜੁਆਨ ਵਿਚ ਆਈ ਉਸਾਰੂ ਮਾਨਸਿਕ ਤੇ ਸਰੀਰਕ ਤਬਦੀਲੀ ਅਤੇ ਨਸ਼ਿਆਂ ਦਾ ਤਿਆਗ ਦੇ ਸੁਖਾਵੇਂ ਸੁਨੇਹੇ ਨਾਲ ਹੁੰਦਾ ਹੈ। ਫ਼ਿਲਮ ਦੀ ਕਹਾਣੀ ਦਾ ਕੇਂਦਰੀ-ਵਿਚਾਰ ਕੈਨੇਡਾ ਦੇ ਪੜ੍ਹੇ ਹੋਏ ਐਕਟਰ ਤੇ ਸਕਰੀਨ-ਪਲੇਅ ਲੇਖਕ ਕਰਨ ਸੰਘਾ ਦੇ ਮਨ ਵਿਚ ਆਇਆ। ਡਾ. ਜਗਮੋਹਨ ਸੰਘਾ ਜੋ ਕਿ ਇਕ ਜਾਣੇ-ਪਛਾਣੇ ਲੇਖਕ, ਕਵੀ, ਰੇਡੀਓ ਤੇ ਟੀ.ਵੀ. ਹੋਸਟ ਹਨ, ਆਪਣੇ ਇਸ ਪ੍ਰੋਜੈੱਕਟ ਬਾਰੇ ਪੂਰੇ ਜੋਸ਼ ਤੇ ਉਤਸ਼ਾਹ ਵਿਚ ਹਨ। ਫ਼ਿਲਮ ਦਾ ਨਿਰਦੇਸ਼ਂਨ ਮਸ਼ਹੂਰ ਬਾਲੀਵੁੱਡ ਡਾਇਰੈੱਕਟਰ ਮਜ਼ਾਹਿਰ ਰਹੀਮ ਵੱਲੋਂ ਦਿੱਤਾ ਗਿਆ ਹੈ। ਡਾ. ਜਗਮੋਹਨ ਸੰਘਾ ਜਿਨ੍ਹਾਂ ਨੇ ਇਸ ਫ਼ਿਲਮ ਵਿਚ ਡਾਕਟਰ ਦਾ ਮੁੱਖ ਕਿਰਦਾਰ ਬਾਖ਼ੂਬੀ ਨਿਭਾਇਆ ਹੈ, ਤੋਂ ਇਲਾਵਾ ਕੁਲਦੀਪ ਜਿਸ ਨੇ ਕਈ ਫ਼ਿਲਮਾਂ ਤੇ ਟੀ.ਵੀ. ਵਿਚ ਕੰਮ ਕੀਤਾ ਹੈ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾਂ ਦੀਆਂ ਵਰਕਸ਼ਾਪਾਂ ਵਿਚ ਵੀ ਭਾਗ ਲਿਆ ਹੈ, ਨੇ ਇਸ ਵਿਚ ਮਾਂ ਦੀ ਅਹਿਮ ਭੂਮਿਕਾ ਨਿਭਾਈ ਹੈ। ਅਸਲ ਜੀਵਨ ਵਿਚ ਕਲਾਸੀਕਲ-ਗਾਇਕ ਮਲਹਾਰ ਸਿੰਘ ਨੇ ਇਸ ਵਿਚ ਨੌਜੁਆਨ ਨਸ਼ੇੜੀ ਦਾ ਰੋਲ ਕੀਤਾ ਹੈ, ਜਦ ਕਿ ਪੰਜਾਬੀ ਨਾਟਕਾਂ ਦੇ ਨਿਰਦੇਸ਼ਕ ਹੀਰਾ ਰੰਧਾਵਾ, ਟੀ.ਵੀ. ਹੋਸਟ ਕਵਿਤਾ ਸਿੰਘ, ਪਾਰਸਜੀਤ ਆਹਲੂਵਾਲੀਆ ਅਤੇ ਕਈ ਹੋਰ ਕੈਨੇਡੀਅਨ ਤੇ ਭਾਰਤੀ ਕਲਾਕਾਰਾਂ ਨੇ ਇਸ ਵਿਚ ਆਪੋ-ਆਪਣੀਆਂ ਭੂਮਿਕਾਵਾਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ ਹਨ।

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …